ਕਿਸਾਨ ਲਹਿਰ ਦੇ ਪੰਜਾਂ ਸ਼ਹੀਦਾਂ ਨੂੰ ਬੀਕੇਯੂ (ਉਗਰਾਹਾਂ) ਦੇ ਸੱਦੇ ਤੇ ਪੰਜਾਬ ਭਰ ਤੋਂ ਪੁੱਜੇ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਨੇ ਕੋਠਾ ਗੁਰੂ ਵਿਖੇ ਦਿੱਤੀ ਸ਼ਰਧਾਂਜਲੀ
ਸ਼ਹੀਦਾਂ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਲਈ ਕੋਈ ਕਸਰ ਨਹੀਂ ਰਹਿਣ ਦਿਆਂਗੇ: ਉਗਰਾਹਾਂ
ਭਗਤਾ ਭਾਈ, 31 ਜਨਵਰੀ (ਰਾਜਿੰਦਰ ਸਿੰਘ ਮਰਾਹੜ)-ਕਿਸਾਨ ਮਹਾਂਪੰਚਾਇਤ ਟੋਹਾਣਾ ਜਾਂਦੇ ਸਮੇ ਸੜਕ ਹਾਦਸੇ ‘ਚ ਸ਼ਹੀਦ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਉੱਘੇ ਆਗੂ ਬਸੰਤ ਸਿੰਘ ਕੋਠਾ ਗੁਰੂ ਸਮੇਤ ਸਰਬਜੀਤ ਕੌਰ, ਬਲਵੀਰ ਕੌਰ, ਜਸਵੀਰ ਕੌਰ ਅਤੇ ਕਰਮ ਸਿੰਘ (ਪੰਜੇ ਕੋਠਾ ਗੁਰੂ ਵਾਸੀਆਂ) ਦੀ ਯਾਦ ਵਿੱਚ ਅੱਜ ਦਾਣਾ ਮੰਡੀ ਕੋਠਾ ਗੁਰੂ ਵਿਖੇ ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਸੰਗਰਾਮੀ ਸ਼ਰਧਾਂਜਲੀ ਭੇਂਟ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਸ਼ਹੀਦਾਂ ਦੀ ਯਾਦ ਵਿੱਚ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਧਾਰਨ ਮਗਰੋਂ ਆਕਾਸ਼ ਗੁੰਜਾਊ ਨਾਹਰਿਆਂ ਨਾਲ ਉਨ੍ਹਾਂ ਦੀਆਂ ਫੋਟੋਆਂ ਉੱਤੇ ਫੁੱਲ ਬਰਸਾਉਣ ਰਾਹੀਂ ਕੀਤੀ ਗਈ। ਇਸ ਮੌਕੇ ਸ਼ਹੀਦਾਂ ਦੀ ਕੁਰਬਾਨੀ ਦੀ ਜੈ ਜੈਕਾਰ ਕਰਦੇ ਅਤੇ ਉਨ੍ਹਾਂ ਦੇ ਅਧੂਰੇ ਕਾਰਜ ਪੂਰੇ ਕਰਨ ਬਾਰੇ ਨਾਹਰੇ ਬਾਰ ਬਾਰ ਸਟੇਜ ਤੋਂ ਪੂਰੇ ਪੰਡਾਲ ਵਿੱਚ ਗੂੰਜਦੇ ਰਹੇ। ਇਸ ਮੌਕੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਵਿਦਿਆਰਥੀਆਂ ਤੇ ਠੇਕਾ ਕਾਮਿਆਂ ਦੀਆਂ ਕਈ ਜਥੇਬੰਦੀਆਂ ਦੇ ਆਗੂ ਜੱਥੇ ਲੈ ਕੇ ਸ਼ਾਮਲ ਹੋਏ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਵੱਖ ਵੱਖ ਬੁਲਾਰਿਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੇ ਬੇਵਕਤ ਸਦੀਵੀ ਵਿਛੋੜੇ ਦਾ ਗਹਿਰਾ ਦੁੱਖ ਸਾਰੇ ਪ੍ਰਵਾਰਾਂ ਅਤੇ ਪਿੰਡ ਵਾਸੀਆਂ ਸਮੇਤ ਜਥੇਬੰਦਕ ਕਾਰਕੁਨਾਂ ਆਗੂਆਂ ਨਾਲ ਸਾਂਝਾ ਕੀਤਾ ਗਿਆ। ਸੜਕ ਹਾਦਸੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਜਿਸ ਵੱਲੋਂ ਕਿਸਾਨ ਮਾਰੂ ਕੌਮੀ ਖੇਤੀ ਮੰਡੀ ਨੀਤੀ ਚੌਖਟਾ ਮੜ੍ਹਨ ਦਾ ਐਲਾਨ ਕਰਕੇ ਮੁਲਕ ਪੱਧਰੇ ਸੰਘਰਸ਼ ਲਈ ਗਹਿਰੀ ਧੁੰਦ ਵਿੱਚ ਕਿਸਾਨਾਂ ਨੂੰ ਮਜਬੂਰ ਕੀਤਾ ਗਿਆ। ਉਨ੍ਹਾਂ ਵੱਖ ਵੱਖ ਸ਼ਬਦਾਂ ਰਾਹੀਂ ਐਲਾਨ ਕੀਤੇ ਕਿ ਦੇਸ਼ ਦੇ ਸਾਰੇ ਕਿਰਤੀ ਵਰਗਾਂ ‘ਤੇ ਨਿੱਜੀਕਰਨ ਸੰਸਾਰੀਕਰਨ ਵਪਾਰੀਕਰਨ ਦੀਆਂ ਸਾਮਰਾਜ ਪੱਖੀ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਜਾਨਹੂਲਵੇਂ ਜਨਤਕ ਸੰਘਰਸ਼ਾਂ ਨੂੰ ਹੋਰ ਵਿਸ਼ਾਲ ਅਤੇ ਤੇਜ਼ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਆਪਣੇ ਸੰਬੋਧਨ ਦੌਰਾਨ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਸ਼ਹੀਦਾਂ ਦੇ ਪ੍ਰਵਾਰਾਂ ਤੇ ਪਿੰਡ ਵਾਸੀਆਂ ਨਾਲ ਗਹਿਰਾ ਦੁੱਖ ਸਾਂਝਾ ਕਰਦਿਆਂ ਐਲਾਨ ਕੀਤਾ ਕਿ ਸ਼ਹੀਦਾਂ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਲਈ ਕੋਈ ਕਸਰ ਨਹੀਂ ਰਹਿਣ ਦੇਣਗੇ। ਉਨ੍ਹਾਂ ਐਲਾਨ ਕੀਤਾ ਸ਼ਹੀਦਾਂ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ 13 ਫਰਵਰੀ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਿਉਂਦ ਵਿਖੇ ਜ਼ਮੀਨੀ ਸੰਗਰਾਮ ਕਾਨਫਰੰਸ ਕੀਤੀ ਜਾਵੇਗੀ। ਇਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਖੇਤੀ ਮੰਡੀਕਰਨ ਨੀਤੀ ਚੌਖਟੇ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ 8 ਤੇ 9 ਫਰਵਰੀ ਨੂੰ ਦੇਸ਼ ਭਰ ਵਿੱਚ ਸੰਸਦ ਮੈਂਬਰਾਂ ਨੂੰ ਵੱਡੇ ਜਨਤਕ ਵਫਦਾਂ ਰਾਹੀਂ ਮੰਗ ਪੱਤਰ ਸੌਂਪਣ ਦੇ ਪ੍ਰੋਗਰਾਮ ਵੀ ਤਾਣ ਲਾ ਕੇ ਨੇਪਰੇ ਚਾੜ੍ਹਿਆ ਜਾਵੇਗਾ। ਜਸਪਾਲ ਸਿੰਘ ਕੋਠਾ ਗੁਰੂ ਬਲਾਕ ਪ੍ਰਧਾਨ ਬੀਕੇਯੂ ਉਗਰਾਹਾਂ ਵੱਲੋਂ ਸਮਾਗਮ ਵਿੱਚ ਸ਼ਾਮਲ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਗਿਆ। ਹੋਰ ਬੁਲਾਰਿਆਂ ਵਿੱਚ ਹਰਿੰਦਰ ਕੌਰ ਬਿੰਦੂ ਤੇ ਸ਼ਿੰਗਾਰਾ ਸਿੰਘ ਮਾਨ ਬੀ ਕੇ ਯੂ ਉਗਰਾਹਾਂ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਗੁਰਦੀਪ ਸਿੰਘ ਰਾਮਪੁਰਾ ਬੀਕੇਯੂ ਡਕੌਂਦਾ (ਧਨੇਰ), ਬਲਕਰਨ ਸਿੰਘ ਬਰਾੜ ਕੁੱਲ ਹਿੰਦ ਕਿਸਾਨ ਸਭਾ, ਕਮਲਜੀਤ ਸਿੰਘ ਬੀਕੇਯੂ ਉਗਰਾਹਾਂ ਹਰਿਆਣਾ, ਜਗਮੇਲ ਸਿੰਘ ਲੋਕ ਮੋਰਚਾ ਪੰਜਾਬ, ਅਮੋਲਕ ਸਿੰਘ ਪਲਸ ਮੰਚ, ਜੋਰਾ ਸਿੰਘ ਨਸਰਾਲੀ ਪੰਜਾਬ ਖੇਤ ਮਜ਼ਦੂਰ ਯੂਨੀਅਨ, ਲਛਮਣ ਸਿੰਘ ਸੇਵੇਵਾਲਾ ਸੂਬਾ ਜਨਰਲ ਸਕੱਤਰ, ਬਿੱਕਰ ਸਿੰਘ ਪੂਹਲਾ ਪੀ ਐਸ ਯੂ ਸ਼ਹੀਦ ਰੰਧਾਵਾ, ਪ੍ਰਸ਼ੋਤਮ ਸਿੰਘ ਮਹਿਰਾਜ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਸ਼ਾਮਲ ਸਨ। ਇਸ ਮੌਕੇ ਸੁਰਖ਼ ਲੀਹ ਅਤੇ ਰੰਗਕਰਮੀ ਸਾਹਿਬ ਸਿੰਘ ਵੱਲੋਂ ਭੇਜੇ ਸ਼ੋਕ ਸੰਦੇਸ਼ ਵੀ ਪੜ੍ਹੇ ਗਏ। ਅੱਜ ਦੇ ਸ਼ਰਧਾਂਜਲੀ ਸਮਾਗਮ ‘ਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ, ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ), ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ, ਮਨਰੇਗਾ ਇੰਪਲਾਈਜ ਯੂਨੀਅਨ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ, ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਤੇ ਬੀਕੇਯੂ ਲੱਖੋਵਾਲ ਦੇ ਆਗੂ ਤੇ ਵਰਕਰ ਵੀ ਮੌਜੂਦ ਸਨ । ਇਸ ਮੌਕੇ ਲੋਕ ਗਾਇਕ ਜਗਸੀਰ ਜੀਦਾ ਤੇ ਤਰਕਸ਼ੀਲ ਆਗੂ ਰਾਮ ਸਵਰਨ ਲੱਖੇਵਾਲੀ ਵੀ ਮੌਜੂਦ ਸਨ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ਿਗਾਰਾ ਸਿੰਘ ਮਾਨ ਨੇ ਚਲਾਈ।
ਕੈਪਸ਼ਨ: ਸ਼ਰਧਾਂਜਲੀ ਸਮਾਗਮ ਦੀਆਂ ਝਲਕਾਂ।