ਕਰਨ ਭੀਖੀ
ਭੀਖੀ, 30 ਜਨਵਰੀ
ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਰਹਿਨੁਮਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮਾਨਸਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟੜਾ ਕਲਾਂ ਵਿਖੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ ਜਿਸ ਵਿਚ ਸਕੂਲ ਦੇ ਕਰੀਬ ਚਾਲੀ ਵਿਦਿਆਰਥੀਆਂ ਨੇ ਭਾਗ ਲਿਆ। ਜਸ਼ਨਪ੍ਰੀਤ ਕੌਰ, ਗਿਆਰ੍ਹਵੀਂ, ਸੁਖਮਨੀ ਕੌਰ, ਨੌਵੀਂ ਅਤੇ ਖੁਸ਼ਪ੍ਰੀਤ ਕੌਰ ਗਿਆਰ੍ਹਵੀਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਵਿਭਾਗ ਦੀਆਂ ਕਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਭਾਸ਼ਾ ਐਕਟ ਦੀ ਜਾਣਕਾਰੀ ਦਿੱਤੀ ਅਤੇ ਪੰਜਾਬੀ ਭਾਸ਼ਾ ਦੇ ਮਹੱਤਵ ਨੂੰ ਦਰਸਾਇਆ। ਉਨ੍ਹਾਂ ਕਿਹਾ ਕਿ ਉਹ ਕੌਮਾਂ ਤਰੱਕੀ ਕਰਦੀਆਂ ਹਨ, ਜਿਹੜੀਆਂ ਆਪਣੀ ਭਾਸ਼ਾ ਵਿਚ ਕਾਰਜ ਕਰਦੀਆਂ ਹਨ।
ਵਿਭਾਗ ਦੇ ਖੋਜ ਅਫ਼ਸਰ ਕਵੀ ਗੁਰਪ੍ਰੀਤ ਨੇ ਪੰਜਾਬੀ ਬੋਲੀ ਦੇ ਮਹੱਤਵ ਬਾਰੇ ਗੱਲ ਕਰਦਿਆਂ ਕਿਹਾ ਕਿ ਬੋਲੀ ਸਿਰਫ ਸੰਚਾਰ ਦਾ ਸਾਧਨ ਹੀ ਨਹੀਂ ਹੁੰਦੀ, ਸਗੋਂ ਮਨੁੱਖ ਦੇ ਜੀਣ- ਥੀਣ ਦਾ ਵਸੀਲਾ ਹੁੰਦੀ ਹੈ। ਮਨੁੱਖ ਆਪਣੇ ਆਪ ਨੂੰ ਆਪਣੀ ਮਾਂ – ਬੋਲੀ ਵਿਚ ਹੀ ਸਭ ਤੋਂ ਵਧੀਆ ਤਰੀਕੇ ਨਾਲ ਪ੍ਰਗਟਾ ਸਕਦਾ ਹੈ। ਸੁੰਦਰ ਲਿਖਾਈ ਮਨੁੱਖ ਦੇ ਸੁਹਣੇ ਪਹਿਰਾਵੇ ਵਾਂਗ ਵਿਚਾਰਾਂ ਨੂੰ ਵੀ ਸੁਹਣਾ ਬਣਾ ਦਿੰਦੀ ਹੈ। ਮੁਕਾਬਲਿਆਂ ਦੇ ਇੰਚਾਰਜ ਅਧਿਆਪਕ ਚਰਨਜੀਤ ਕੌਰ ਅਤੇ ਸਕੂਲ ਇੰਚਾਰਜ ਜਸਵੀਰ ਸਿੰਘ ਖਾਲਸਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਭਾਸ਼ਾ ਵਿਭਾਗ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਹਿਤ ਚੰਗੇ ਕਾਰਜ ਕਰ ਰਿਹਾ ਹੈ।
ਫ਼ੋਟੋ ਕੈਪਸ਼ਨ: ਮੋਹਰੀ ਮੋਹਰੀ ਵਿਦਿਆਰਥਣਾਂ ਦਾ ਸਨਮਾਨ ਕਰਦੇ ਹੋਏ ਜ਼ਿਲ੍ਹਾ ਭਾਸ਼ਾ ਅਫ਼ਸਰ ਤੇ ਸਟਾਫ਼। ਫ਼ੋਟੋ ਕਰਨ ਭੀਖੀ