ਆਤੂ ਦੇ ਨਾਂਹ-ਨਾਂਹ ਕਰਦਿਆਂ ਵੀ ਮੈਂ ਦੂਜਾ ਪੈੱਗ ਉਸਦੀ ਗਲਾਸੀ ਵਿਚ ਪਾ ਦਿੱਤਾ। ਆੜ ‘ਚ ਵਗਦੇ ਪਾਣੀ ‘ਚੋਂ ਕੱਪ ਭਰਿਆ ਤੇ ਥੋੜਾ ਜਿਹਾ ਉਸਦੀ ਗਲਾਸੀ ਵਿਚ ਪਾਉਂਦਿਆ ਆਖਿਆ,
“ਚੱਕਦੇ… ਚੱਕਦੇ ਤਾਇਆ। ਕੁਛ ਨੀ ਕਹਿੰਦੀ ਤੈਨੂੰ । ਥੋਡੀਆਂ ਪੁਰਾਣੀਆਂ ਖੁਰਾਕਾਂ ਖਾਧੀਆਂ। ਥੋਨੂੰ ਏਹ ਕੁਛ ਨ੍ਹੀ ਕਰਦੀ। ਨਾਲੇ ਏਹਦੇ ਚ ਹੈ ਕੀ ? ਤੱਤੇ ਪਾਣੀ ਵਿਚ ਗੁੜ ਤੇ ਕਿੱਕਰ ਦਾ ਸੱਕ ਜਾਂ ਚਾਰ ਛਿਲੜ ਸੰਤਰੇ ਦੇ। ਹੋਰ ਕੀ ? ਨਾਲੇ ਪਰਖ ਕਰੀਂ… ਕੈਹੇ ਜੀ ਬਣੀ ਐ। ਤੂੰ ਤਾਂ ਫੇਰ ਵੀ ਖੋਜੀ ਬੰਦਾ।”
“ਚੀਜ ਤਾਂ ਮਛਟਰਾ ਠੀਕੈ। ਅੰਦਰ ਜ੍ਹਾ ਨੀ ਵੱਢਦੀ ਪਰ ਹੁਣ ਪਚਦੀ ਨੀ। ਬਥੇਰੀ ਪੀਤੀ ਜਵਾਨੀ ਵਾਰੇ। ਮੱਟਾਂ ਦੇ ਮੱਟ ਖਾਲੀ ਕਰਤੇ ਪਰ ਹੁਣ ਉਹ ਗੱਲ ਰਹੀ ਕਿੱਥੇ। ਊਂ ਮਛਟਰਾ, ਗੱਲ ਤੇਰੀ ਵੀ ਸੋਲਾਂ ਆਨ੍ਹੇ। ਸਾਡੀ ਹੱਡੀ ਚੀੜ੍ਹੀ ਹੁੰਦੀ ਐ। ਤੇਰੇ ਹਿਸਾਬ ਨਾਲ ਮੇਰੀ ਉਮਰ ਕੈ ਸਾਲ ਹੋਊ ?” ਆਤੂ ਨੇ ਇੱਕੋ ਸਾਹੇ ਗਿਲਾਸੀ ਖਾਲੀ ਕਰਕੇ ਪਾਸੇ ਰੱਖ ਦਿੱਤੀ। ਸਰੋਂ ਦੀ ਗੰਦਲ ਤੋੜ ਕੇ ਉਸ ਨੇ ਮੂੰਹ ’ਚ ਪਾ ਲਈ।
“ਹੋਊ ਕੋਈ ਪਚਵੰਜਾ-ਸੱਠ ਦੇ ਲਾਗੇ-ਚਾਗੇ।” ਮੈਂ ਐਵੇਂ ਅਟੇ-ਸਟੇ ਨਾਲ ਆਖ ਦਿੱਤਾ ਉਂਜ ਆਤੂ ਦੀ ਸੇਹਤ ਮੁਤਾਬਕ ਉਸਦੀ ਉਮਰ ਪੰਜਾਹਾਂ ਕੁ ਦੇ ਨੇੜੇ ਤੇੜੇ ਲੱਗਦੀ ਸੀ।
“ਖਾ ਗਿਆ ਕਨ੍ਹੀ ਟਪਲਾ। ਐਸ ਟੈਮ ਮੇਰੀ ਉਮਰ ਪੂਰੇ ਦੋ ਘੱਟ ਅੱਸੀ ਸਾਲ ਐ। ਜੇਹੜੇ ਸਾਲ ਕੱਤੇ ਦੀ ਬਿਮਾਰੀ ਪਈ ਸੀ, ਉਸ ਵਰ੍ਹੇ ਦਾ ਜਰਮ ਆਂ ਮੇਰਾ।”
“ਲਗਦਾ ਨੀ… ਕਮਾਲ ਐ।” ਸਚਮੁੱਚ ਮੇਰੇ ਲਈ ਇਹ ਹੈਰਾਨੀ ਦਾ ਸਬੱਬ ਸੀ।
“ਸਾਡੀ ਕੌਮ ‘ਚ ਆਹੀ ਖਾਸੀਅਤ ਐ । ਮਛਟਰਾ! ਸਾਡੀ ਕੌਮ ‘ਚ ਨਾ ਮਿਲੂ ਥੋਨੂੰ ਕੋਈ ਡਿੱਗਿਆ ਢੱਠਿਆ ਜਿਆ । ਜਮ੍ਹਾਂ ਨੌਂ ਬਰ ਨੌਂ ਮਿਲਣਗੇ। ਸਾਡਾ ਬੰਦਾ ਛੇਤੀ ਕੀਤਿਆਂ ਹੱਡ ਗੋਡੇ ਰਗੜ – ਰਗੜ ਕੇ ਨ੍ਹੀਂ ਮਰਦਾ। ਤੁਰਦਾ ਫਿਰਦਾ ਚੜ੍ਹਾਈ ਕਰਜੂ।”
“ਹੈਂ ?” ਮੈਂ ਆਤੂ ਦੀ ਬਿਰਾਦਰੀ ਨਾਲ ਸੰਬੰਧਿਤ ਪਿੰਡ ਦੇ ਲੋਕਾਂ ‘ਤੇ ਨਿਗਾਹ ਮਾਰੀ। ਸੱਚਮੁੱਚ ਕੋਈ ਬਜ਼ੁਰਗ ਮੰਜੇ ‘ਤੇ ਪੈ ਕੇ ਹੱਡ-ਗੋਡੇ ਨਹੀਂ ਸੀ ਰਗੜ ਰਿਹਾ ਜਦ ਕਿ ਬਾਕੀ ਪਿੰਡ ਵਿਚਲੇ ਸਰਦਾਰਾਂ ਦੇ ਕਈ ਬਜ਼ੁਰਗ ਮੰਜੇ ‘ਤੇ ਪਏ ਪਏ ਗਲ ਸੜ ਰਹੇ ਸਨ ਅਤੇ ਘਰਦਿਆਂ ਦੀਆਂ ਗਾਹਲਾਂ ਦੁੱਪੜਾਂ ਖਾਂਦੇ ਰੱਬ ਨੂੰ ਚੱਕ ਲੈਣ ਦੀਆਂ ਅਰਦਾਸਾਂ ਕਰਦੇ ਰਹਿੰਦੇ ਸਨ।
“ਮਛਟਰਾ ਸਾਡੀ ਕੌਮ ਅਣਖੀ ਐ । ਅਸੀਂ ਰਾਜਪੂਤਾਂ ਦੀ ਅਣਸ਼ ‘ਚੋਂ ਹੁੰਨੇ ਆ। ਚੌਹਾਨ ਰਾਜਪੂਤ । ਤੂੰ ਤਾਂ ਲਿਖਿਆ ਪੜ੍ਹਿਆਂ। ਮਹਾਰਾਣੇ ਪ੍ਰਤਾਪ ਅਤੇ ਪ੍ਰਿਥੀ ਚੌਹਾਨ ਰਾਜੇ ਬਾਰੇ ਸੁਣਿਆ ਈ ਹੋਊ। ਉਹ ਸਾਡੇ ਵੱਡ-ਵਡੇਰੇ ਆ। ਤੁਸੀਂ ਸਾਰੇ ਮੈਨੂੰ ਆਤੂ-ਆਤੂ ਕਹੀ ਜਾਨੇ ਓਂ। ਅਸਲੀ ਨਾਉਂ ਮੇਰਾ ਥੋਨੂੰ ਪਤਾ ਨੀ ਹੋਣਾ। ਮੇਰਾ ਸਿੱਧਾ ਨਾਉਂ ‘ਆਤਮਾ ਰਾਮ ਚੌਹਾਨ’ ਐ। ਕਿਸੇ ਟੈਮ ਦੂਰ-ਦੂਰ ਤੱਕ ਰਾਜ ਪਾਟ ਹੁੰਦਾ ਸੀ ਸਾਡਾ। ਫਿਰ ਜਦੋਂ ਮੁਗਲਾਂ ਹੱਥੋਂ ਹਾਰ ਹੋਗੀ, ਸਾਡੀ ਕੌਮ ਜੰਗਲਾਂ-ਪਹਾੜਾਂ ਅੱਲੀਂ ਚਲੇ ਗਈ। ਜੰਗਲਾਂ – ਬੇਲਿਆਂ ‘ਚ ਰਹਿ ਕੇ ਗੁਜ਼ਾਰਾ ਕਰ ਲਿਆ ਪਰ ਮੁਗਲਾਂ ਦੀ ਈਨ ਨੀ ਮੰਨੀ। ਜੈਮਲ ਫੱਤਾ ਸਾਡੀਓ ਕੌਮ ਦੇ ਯੋਧੇ ਆ ਜਿੰਨਾ ਨੇ ਅਕਬਰ ਬਾਦਸ਼ਾਹ ਦੀ ਗੁਲਾਮੀ ਕਬੂਲ ਨੀ ਸੀ ਕੀਤੀ। ਸਾਢੇ ਚਾਰ ਸੌ ਸਾਲ ਜੰਗਲਾਂ-ਪਹਾੜਾਂ ‘ਚ ਰਹੀ ਐ ਸਾਡੀ ਕੌਮ। ਚੋਰੀ ਕਰਨ ਦੀ ਵਾਦੀ ਵੀ ਪੈਗੀ। ਫੇਰ ਗਰੇਜ਼ ਆਗੇ। ਸਾਡੀ ਕੌਮ ਨੇ ਈਨ ਏਹਨਾਂ ਦੀ ਵੀ ਨੀ ਮੰਨੀ। ਮਛਟਰਾ! ਸਾਲੀ ‘ਗਰੇਜ਼ ਕੌਮ ਬੜੀ ਚਾਲੂ ਸੀ ਸਾਡੇ ਤੋਂ। ਗਰੇਜ਼ ਨੇ ਪਾਬੰਦੀ ਲਾਈ ਰੱਖੀ ਸਾਡੀ ਕੌਮ ਤੇ।” ਮੈਂ ਗਹੁ ਨਾਲ ਆਤੂ ਦੀਆਂ ਅੱਖਾਂ ਵਿਚ ਵੇਖਿਆ, ਉਸ ਵਿਚ ਸਵੈਮਾਣ ਤਾਰੀਆਂ ਲਾ ਰਿਹਾ ਸੀ। ਮੈਨੂੰ ਉਸਦੀ ਗੱਲ ਸੌ ਫੀਸਦੀ ਸੱਚ ਲੱਗੀ। ਅਜਿਹੇ ਲੋਕ ਕਿਸੇ ਦੀ ਈਨ ਮੰਨ ਈ ਕਿਵੇਂ ਸਕਦੇ ਸਨ? ਇਨ੍ਹਾਂ ਕਿਹੜਾ ਰਾਏਬਹਾਦਰੀਆਂ, ਸਰਦਾਰੀਆਂ, ਚੋਬਦਾਰੀਆਂ, ਸਫੈਦਪੋਸ਼ੀਆਂ, ਜਗੀਰਦਾਰੀਆਂ ਜਾਂ ਲੰਬੜਦਾਰੀਆਂ ਲੈਣੀਆਂ ਸਨ। ਮੈਂ ਪਿੰਡ ਅਤੇ ਆਲੇ ਦੁਆਲੇ ਦੇ ਲੋਕਾਂ ਬਾਰੇ ਸੋਚਿਆ। ਆਤੂ ਦੀ ਗੱਲ ਅਜੇ ਵੀ ਕਿੰਨੀ ਸੱਚ ਸੀ। ਮਜ਼ਬੀਆਂ, ਰਾਮਦਾਸੀਆਂ ਅਤੇ ਹੋਰ ਅਖੌਤੀ ਨੀਵੀਆਂ ਕਹੀਆਂ ਜਾਂਦੀਆਂ ਜਾਤਾਂ ਦੇ ਲੋਕ ਜਿੱਥੇ ਜੱਟਾਂ ਨਾਲ ਸੀਰੀ ਸਾਂਝੀ ਰਲੇ ਹੋਏ ਸਨ ਉਥੇ ਬੌਰੀਆਂ ਬਰਾਦਰੀ ਦੇ ਲੋਕ ਆਪਣੇ ਆਪਣੇ ਕੰਮਾਂ ਧੰਦਿਆਂ ਵਿਚ ਲੱਗੇ ਹੋਏ ਸਨ । ਕੋਈ ਸਬਜ਼ੀ ਵੇਚਦਾ ਸੀ, ਕੋਈ ਸਾਈਕਲ ‘ਤੇ ਫੇਰੀ ਲਾਉਂਦਾ ਸੀ, ਕਿਸੇ ਪਰਿਵਾਰ ਨੇ ਜੱਟਾਂ ਤੋਂ ਜ਼ਮੀਨ ਠੇਕੇ ‘ਤੇ ਲੈ ਕੇ ਸਬਜ਼ੀ ਭਾਜੀ, ਖੱਖੜੀਆਂ-ਖਰਬੂਜ਼ੇ, ਤਰਾਂ-ਮਤੀਰੇ ਆਦਿ ਬੀਜੇ ਹੋਏ ਸਨ। ਕਈ ਘਰ ਬੇਰੀਆਂ ਦੇ ਠੇਕੇ ਲੈਣ ਲਈ ਦੂਰ-ਦੂਰ ਗਏ ਹੋਏ ਸਨ। ਕਈ ਬੰਦੇ ਸ਼ਹਿਰ ਰਿਕਸ਼ਾ ਚਲਾਉਣ ਲੱਗੇ ਸਨ।
“ਸਾਲੀ ਅੰਗਰੇਜ਼ ਕੌਮ ਨੂੰ ਕੀ ਤਕਲੀਫ਼ ਸੀ ? ਮੰਨਿਆ ਕੋਈ ਇਕ-ਅੱਧ ਬੰਦਾ ਮਾੜਾ ਪਰ ਕੋਈ ਕੌਮ ਤਾਂ ਨੀ ਮਾੜੀ ਹੁੰਦੀ ਸਾਰੀ। ਇਹ ਤਾਂ ਜੱਗੋਂ ਤੇਰਵੀਂ ਗੱਲ ਸੀ ਅਖੇ ਕੌਮ ‘ਤੇ ਈ ਪਾਬੰਦੀ ਲਾਤੀ।” ਜਦੋਂ ਬਾਪ ਜਿਉਂਦਾ ਸੀ ਅਕਸਰ ਅਜਿਹੀਆਂ ਗੱਲਾਂ ਸੁਣਾਉਂਦਾ ਰਹਿੰਦਾ ਸੀ। ਬੌਰੀਆ ਬਿਰਾਦਰੀ ਨੂੰ ਜ਼ਰਾਇਮ ਪੇਸ਼ਾ ਕਰਾਰ ਦੇਣ ਅਤੇ ਅਠਾਰਾਂ ਸਾਲਾਂ ਤੋਂ ਵੱਧ ਉਮਰ ਵਾਲੇ ਬੌਰੀਆ ਬਿਰਾਦਰੀ ਦੇ ਹਰੇਕ ਨੌਜੁਆਨ ਅਤੇ ਬਜ਼ਰਗ ਲਈ ਥਾਣੇ ਹਾਜ਼ਰੀ ਲਵਾਉਣੀ ਜ਼ਰੂਰੀ ਰਹੀ ਹੋਣ ਬਾਰੇ ਬਾਪੂ ਨੇ ਹੀ ਜਾਣਕਾਰੀ ਦਿੱਤੀ ਸੀ।
“ਮਛਟਰਾ! ਹੁਣ ਕਿੱਥੇ ਰਹੀਆਂ ਉਹ ਗੱਲਾਂ… ਬੜੇ ਮਾੜੇ ਦਿਨ ਦੇਖੇ । ‘ਗਰੇਜ਼ ਕੌਮ ਬੜੀ ਚਾਲੂ ਸੀ ਸਾਡੇ ਤੋਂ। ਉਹ ਤਾਂ ਸਾਡੀ ਬੋਲੀ ਤੋਂ ਵੀ ਡਰਦੀ ਸੀ। ਕੁੱਲ ਦੁਨੀਆਂ ‘ਤੇ ਰਾਜ ਕੀਤਾ ਉਹਨੇ। ਘਾਟ-ਘਾਟ ਦਾ ਪਾਣੀ ਵੀ ਪੀਤਾ ਪਰ ਪਤੰਦਰ ਨੂੰ ਸਾਡੀ ਬੋਲੀ ਸਮਝ ਨੀ ਆਈ। ਬਥੇਰਾ ਮੱਥਾ ਮਾਰਿਆ। ਕੁੱਲ ਦੁਨੀਆਂ ਦੀਆਂ ਪੋਥੀਆਂ ਫਰੋਲ ਮਾਰੀਆਂ। ਪਰ ਏਹ ਨ੍ਹੀ ਪਤਾ ਲੱਗਾ ਵਈ ਏਹ ਬੋਲੀ ਹੈ ਕਿਹੜੀ। ਏਹਦਾ ਨਾਂ ਕੀ ਐ ? ਮਛਟਰਾ! ਤੂੰ ਤਾਂ ਲਿਖਿਆ ਪੜ੍ਹਿਆਂ। ਸਾਡੇ ਆਲੀ ਬੋਲੀ, ਕਿਤੇ ਲਿਖਣ-ਪੜ੍ਹਨ ਵਿਚ ਤਾਂ ਆਉਂਦੀ ਨੀ, ਪੱਲੇ ਕੀ ਪੈਣਾ ਸੀ ਛੁਣਛੁਣਾ ?”
“ਤਾਇਆ ਸਾਡੇ ਨਾਲ ਤਾਂ ਤੁਸੀਂ ਚੰਗੀ-ਭਲੀ ਪੰਜਾਬੀ ‘ਚ ਗੱਲਾਂ ਕਰਦੇ ਓਂ, ਜਦੋਂ ਕਦੇ ਆਪਸ ਵਿਚ ਬੈਠੇ ਹੋਵੋਂ, ਥੋਡੀ ਗਿੱਟ-ਮਿੱਟ, ਗਿੱਟ-ਮਿੱਟ ਕਿਸੇ ਦੇ ਪੱਲੇ ਨੀ ਪੈਂਦੀ।” ਮੈਨੂੰ ਅੱਠਵੀਂ ਤੱਕ ਨਾਲ ਪੜ੍ਹਦੇ ਰਹੇ ਸੁਖਦੇਵ ਅਤੇ ਖੁਸ਼ਹਾਲਾ ਚੇਤੇ ਆਏ। ਅਸੀਂ ਦੋ-ਤਿੰਨ ਮੁੰਡੇ ਉਨ੍ਹਾਂ ਤੋਂ ਬੋਲੀ ਸਿੱਖਣ ਦੀ ਕੋਸ਼ਿਸ਼ ਕਰਦੇ ਰਹੇ। ਬਹੁਤ ਮੱਥਾ ਮਾਰਨ ਤੋਂ ਬਾਅਦ ਵੀ ਸਾਡੇ ਪਿੜ ਪੱਲੇ ਕੁੱਝ ਨਹੀਂ ਸੀ ਪਿਆ।
“ਮਛਟਰਾ! ਬੱਸ ਏਸੇ ਗਿੱਟ-ਮਿੱਟ, ਗਿੱਟ-ਮਿੱਟ ਤੋਂ ਡਰਦੀ ਸੀ ਗਰੇਜ਼
ਕੌਮ।” ਆਤੂ ਹਿੜ-ਹਿੜ ਕਰਕੇ ਕਿੰਨਾ ਚਿਰ ਹੱਸਦਾ ਰਿਹਾ।
“ਮਛਟਰਾ! ਇਕ ਗੱਲ ਦਾ ਮੈਨੂੰ ਬੜਾ ਫ਼ਿਕਰ ਆ। ਸਾਡੇ ਹੁਣ ਆਲੇ ਛੋਹਰ, ਲੌਡੀ ਦੇਣੇ, ਆਵਦੀ ਬੋਲੀ ਭੁੱਲੀ ਜਾਂਦੇ। ਹੁਣ ਤੂੰ ਈ ਦੱਸ, ਜਦੋਂ ਬੰਦੇ ਦੀ ਬੋਲੀ ਈ ਨਾ ਰਹੀ, ਪਿਛੇ ਕੀ ਰਹਿਜੂ, ਛੁਣਛੁਣਾ ?” ਦਿਨੋ ਦਿਨ ਖਤਮ ਹੁੰਦੀਆਂ ਜਾਂਦੀਆਂ ਖੇਤਰੀ ਅਤੇ ਕਬੀਲਾਈ ਬੋਲੀਆਂ ਬਾਰੇ ਚਿੰਤਾ ਕਰਨ ਵਾਲੇ ਭਾਸ਼ਾ ਵਿਗਿਆਨੀਆਂ ਜਿਹੀ ਚਿੰਤਾ ਆਤੂ ਵਰਗੇ ਸਾਧਾਰਨ ਅਨਪੜ੍ਹ ਬੰਦੇ ਅੰਦਰ ਵੇਖ ਕੇ ਮੈਂ ਹੈਰਾਨ ਰਹਿ ਗਿਆ। ਮੈਨੂੰ ਆਤੂ ਕੋਈ ਚੇਤੰਨ ਭਾਸ਼ਾ ਵਿਗਿਆਨੀ ਜਾਪਿਆ।
“ਮਛਟਰਾ! ਗਰੇਜ਼ ਕੌਮ ਨੇ ਪਾਬੰਦੀ ਪਤਾ ਕਦੋਂ ਲਾਈ ?” ਆਤੂ ਨੇ ਮੈਨੂੰ
ਗੁਆਚਿਆ ਜਿਹਾ ਦੇਖਕੇ ਮੇਰਾ ਹੁੰਗਾਰਾ ਭਰਾਇਆ।
“ਕਦੋਂ?”
“ਫਰੀਦਕੋਟੀਏ ਰਾਜੇ ਦਾ ਮਹਿਲ ਸੀ ਬੜਾ ਉੱਚਾ। ਉਹਦੇ ਚਾਰ-ਚੁਫੇਰੇ ਸ਼ੀਸ਼ੇ ਅਰਗਾ ਪੱਥਰ ਲੱਗਾ, ਤਿਲਕਵਾਂ। ਮਹਿਲ ਉੱਤੇ ਬਣਾਇਆ ਗੁੰਬਦ। ਗੁੰਬਦ ਉੱਤੇ ਸੋਨੇ ਦਾ ਕਲਸ। ਮਹਿਲ ਐਸ ਹਸਾਬ ਨਾਲ ਬਣਾਇਆ ਵਈ ਬੰਦਾ ਤਾਂ ਕੀ, ਜਾਨਵਰ ਵੀ ਉੱਤੇ ਨਾ ਚੜ੍ਹ ਸਕੇ । ਚੜ੍ਹਨਾ ਕੀ ? ਚਾਰ-ਚੁਫੇਰੇ ਤਿਲਕਵਾਂ ਪੱਥਰ ਤੇ ਹੱਥ ਪਾਉਣ ਨੂੰ ਥਾਂ ਕੋਈ ਨਾ। ਉੱਤੋਂ ਰਾਜੇ ਨੇ ਰੱਖੇ ਸੀਗੇ ਵੱਡੇ-ਵੱਡੇ ਕੁੱਤੇ। ਬੰਦੇ ਨੂੰ ਪਾੜ ਕੇ ਖਾ ਜਾਣ ਵਾਲੇ। ਸਾਡੀ ਕੌਮ ਦੇ ਚੋਰ ਹੋਏ ਆ ਟੇਕੂ ਤੇ ਪੇਕੂ। ਸਾਦਕ ਕੰਨੀ ਦੇ ਸੀਗੇ। ਬੜੀ ਮਸ਼ਾਹੂਰੀ ਸੀਗੀ ਦੋਵਾਂ ਭਰਾਵਾਂ ਦੀ। ਰਾਜੇ ਨੇ ਲਾਨ ਕਰਤਾ ਵਈ ਜੇ ਟੇਕੂ ਤੇ ਪੇਕੂ ਏਡੇ ਈ ਸ਼ੇਰ ਨੇ, ਮੇਰੇ ਮਹਿਲਾਂ ‘ਚੋਂ ਚੋਰੀ ਕਰਕੇ ਵਿਖਾਉਣ। ਜਦੋਂ ਟੇਕੂ ਤੇ ਪੇਕੂ ਨੂੰ ਪਤਾ ਲੱਗਾ ਉਨ੍ਹਾਂ ਰਾਜੇ ਦੀ ਹਿੰਡ ਭੰਨਣ ਦੀ ਸਕੀਮ ਬਣਾਲੀ। ਉਨ੍ਹਾਂ ਪਾਲੀ ਹੋਈ ਸੀ ਗੋਹ। ਇਹ ਬੜਾ ਔਤਰਾ ਜੀਅ ਐ । ਸ਼ੈਂਤ ਤੂੰ ਕਿਤੇ ਦੇਖੀ ਹੋਵੇ। ਅੱਬਲ ਤਾਂ ਅੱਜਕੱਲ ਕਿਤੇ ਦਿਖਦੀ ਸੀ। ਨਿਉਲੇ ਵਰਗੀ ਹੁੰਦੀ ਐ, ਐਕਣ ਦੀਓ ਹੁੰਦੀਓ। ਜਿੱਥੇ ਚੁੰਬੜ ਜੇ ਲਹਿੰਦੀ ਨੀ। ਸੁਣਿਆ ਨੀ ਅਖੇ ਫਲਾਣੇ ਦਾ ਜੱਫ਼ਾ ਤਾਂ ਗੋਹ ਆਲਾ। ਉਨ੍ਹਾਂ ਰੱਬ ਦਿਆਂ ਬੰਦਿਆਂ ਗੋਹ ਦੀ ਪੂੰਛ ਨੂੰ ਪਾਇਆ ਲੰਮਾ ਰੱਸਾ ਤੇ ਵਗਾਹ ਮਾਰੀ ਬੰਗਲੇ ਦੇ ਗੁੰਬਦ ’ਤੇ। ਨਾਲ ਲੈਗੇ ਸੀਗੇ ਮਰੇ ਜਾਨਵਰ ਦੇ ਸਿੰਗ। ਸਿੰਗਾਂ ਦੇ ਪੋਪਲਿਆਂ ਵਿਚ ਕੁੱਟ-ਕੁੱਟ ਕੇ ਚੂਰੀ ਭਰੀ ਸੀਗੀ। ਸਿੰਗ ਹੌਲੀ ਜਏ ਕੁੱਤਿਆਂ ਵੱਲ ਨੂੰ ਚਲਾ ਮਾਰੇ। ਕੁੱਤੇ ਸਿੰਗਾਂ ‘ਚ ਮੂੰਹ ਫਸਾ ਕੇ ਲੱਗੇ ਚੂਰੀ ਕੱਢਣ। ਕੁੱਤਿਆਂ ਨੂੰ ਐਸਾ ਆਹਰ ਲਾਇਆ, ਉਹ ਤਾਂ ਕਿਸੇ ਪਾਸੇ ਝਾਕਣ ਈ ਨਾ। ਉਧਰ ਗੋਹ ਨੇ ਜੱਫਾ ਪਾ ਲਿਆ ਗੁੰਬਦ ਨੂੰ। ਦੋਵੇਂ ਭਾਈ ਚੜ੍ਹ ਗਏ ਉਤਾਂਹ ਮਿਲਟੀਂ-ਸਕਿਲਟੀਂ। ਸੋਨੇ ਦਾ ਕਲਸ਼ ਲਾਹਿਆ ਤੇ ਹੋਗੇ ਰਫ਼ੂ ਚੱਕਰ। ਦਿਨ ਚੜੇ ਰਾਜੇ ਦੇ ਨੌਕਰਾਂ ਨੇ ਰੌਲਾ ਪਾਤਾ ਅਖੇ ਕਲਸ ਹੈਨੀ। ਰਾਜਾ ਹੈਰਾਨ – ਪਰੇਸ਼ਾਨ, ਏਹ ਹੋ ਕੀ ਗਿਆ ? ਲੈ ਵੀ ਮਛਟਰਾ, ਉਹਨੇ ਮੁਨਿਆਦੀ ਕਰਵਾਤੀ ਵਈ ਜੀਹਨੇ ਚੋਰੀ ਕੀਤੀ ਐ, ਆਪ ਆ ਕੇ ਪੇਸ਼ ਹੋਜੇ। ਚੋਰ ਨੂੰ ਸਜ਼ਾ ਕੋਈ ਨ੍ਹੀ, ਸਗੋਂ ਅਨਾਮ ਦਿੱਤਾ ਜਾਊ। ਸਾਡੇ ਆਲੇ ਸੂਰਮੇਂ ਜਾ ਪੇਸ਼ ਹੋਏ। ਰਾਜਾ ਉਨ੍ਹਾਂ ਦੇ ਅੱਗੇ-ਪਿੱਛੇ, ਉੱਤੇ ਹੇਠਾਂ ਦੇਖੀ ਜਾਵੇ, ਨਾਲੇ ਸੋਚੀ ਜਾਵੇ ਵਈ ਆਹ ਚਿੱਬ – ਖੜਿੱਬੇ ਜਏ ਦੇਗੇ ਦੱਖੂ-ਦਾਣਾ। ਲੈ ਵਈ ਮਛਟਰਾ ਰਾਜਾ ਜ਼ਬਾਨ ਦਾ ਬੜਾ ਪੱਕਾ ਸੀਗਾ। ਉਨ੍ਹੇ ਭਲੇਮਾਨਸਾਂ ਨੂੰ ਆਖਿਆ ਵੀ ਕੁੱਛ ਨਾ, ਅਨਾਮ ਵੀ ਦਿੱਤਾ ਤੇ ਕਲਸ਼ ਵੀ ਉਨ੍ਹਾਂ ਕੋਲ ਈ ਰਹਿਣ ਦਿੱਤਾ। ਊਂ ਰਾਜੇ ਨੇ ਸਾਰੀ ਘਾਣੀ ਜਾ ਸੁਣਾਈ ਵੱਡੇ ਲਾਟ ਸਾਬ ਨੂੰ ਵਈ ਕੌਮ ਬੜੀ ਖ਼ਤਰਨਾਕ ਆ। ਲਾਟ ਸਾਬ ਨੇ ਉਸੇ ਟੈਮ ਕੌਮ ’ਤੇ ਪਾਬੰਦੀ ਲਾਤੀ। ਕਰਨੀ ਦੋ ਬੰਦਿਆਂ ਦੀ ਸਜ਼ਾ ਦੇਤੀ ਸਾਰੀ ਕੌਮ ਨੂੰ। ਬੱਸ ਜੀ ਉਦੋਂ ਲੱਗੀ ਫਿਰ ਕੌਮ ’ਤੇ ਪਾਬੰਦੀ।”
“ਤਾਇਆ ਸਿਆਂ! ਆਏਂ ਈ ਹੁੰਦਾ।” ਮੈਂ ਗੋਲ-ਮੋਲ ਜਿਹਾ ਜੁਆਬ ਦਿੱਤਾ। ਉਂਜ ਮੇਰਾ ਜੀਅ ਕੀਤਾ ਸੀ ਕਿ ਆਤੂ ਨੂੰ ਆਖਾਂ, ਬੀਬੀ ਮਾਰੀ ਤਾਂ ਦੋ ਬੰਦਿਆਂ ਨੇ ਸੀ, ਸਜ਼ਾ ਸਾਰੀ ਕੌਮ ਨੂੰ ਭੁਗਤਣੀ ਪਈ।” ਪਰ ਮੈਂ ਚੁੱਪ ਹੀ ਰਿਹਾ।
“ਪਰ ਏਹ ਨਸਾਫ਼ ਆਲੀ ਤਾਂ ਗੱਲ ਹੈਨੀ ਸੀ। ਹੋਰ ਦੇਖਲਾ ਗੋਰੇ ਦੀ ਲਾਈ ਪਾਬੰਦੀ ਆਜ਼ਾਦੀ ਮਿਲਣ ਤੋਂ ਬਾਅਦ ਵੀ ਪੰਜ ਸਾਲ ਲੱਗੀ ਰਈ।”
“ਹਾਂ ! ਆਹੋ…।” ਮੈਨੂੰ ਪਤਾ ਨਾ ਲੱਗਾ, ਮੈਂ ਆਪਣੀ ਹੀ ਗੱਲ ਦਾ ਜੁਆਬ ਦਿੱਤਾ ਸੀ ਕਿ ਆਤੂ ਦੀ ਗੱਲ ਦਾ।
“ਇਨਸਾਫ਼ ਹੈ ਕਿੱਥੇ ? ” ਮੇਰੇ ਅੰਦਰੋਂ ਆਪ ਮੁਹਾਰੇ ਠੰਡਾ ਹਾਉਂਕਾ ਨਿਕਲ ਗਿਆ। ਮੇਰੇ ਆਪਣੇ ਸਮੇਤ ਪੀਰਾਂ ਵਾਲੀ ਹਾਈ ਸਕੂਲ ਵਿਚ ਪੜ੍ਹਾਉਂਦੇ ਚਾਰ ਮਾਸਟਰਾਂ ਨਾਲ ਹੋਈ ਧੱਕੇਸ਼ਾਹੀ ਸਾਹਮਣੇ ਆ ਖਲੋਤੀ। ਅਸੀਂ ਨਵੇਂ – ਨਵੇਂ ਭਰਤੀ ਹੋਏ ਚਾਰੇ ਹੀ ਮਾਸਟਰਾਂ ਨੇ ਦਿਨ-ਰਾਤ ਮਿਹਨਤ ਕਰਕੇ ਸਕੂਲ ਨੂੰ ਨੰਬਰ ਇਕ ’ਤੇ ਲੈ ਆਂਦਾ ਸੀ। ਸਾਡੀ ਦੇਖਾ-ਦੇਖੀ ਕੁਝ ਹੋਰ ਅਧਿਆਪਕ ਵੀ ਮਿਹਨਤ ਕਰਨ ਲੱਗੇ ਸਨ। ਲੋਕਾਂ ਨੇ ਨੇੜੇ ਤੇੜੇ ਚਾਹ-ਗੁੜ ਦੀਆਂ ਦੁਕਾਨਾਂ ਵਾਂਗ ਖੁੱਲ੍ਹੇ ਪ੍ਰਾਈਵੇਟ ਸਕੂਲਾਂ ‘ਚੋਂ ਜੁਆਕ ਹਟਾ ਕੇ ਸਰਕਾਰੀ ਸਕੂਲ ਵਿਚ ਦਾਖਲ ਕਰਵਾ ਦਿੱਤੇ। ਸਾਡੇ ਈ ਸਕੂਲ ਪੜ੍ਹਾਉਂਦੇ ਗੁਲਵੰਤ ਸਿੰਘ ਉਰਫ਼ ਗਿੱਲ ਸਾਹਬ ਨੂੰ ਇਸ ਦੀ ਬੜੀ ਤਕਲੀਫ਼ ਸੀ। ਇਸ ਤਕਲੀਫ਼ ਦੇ ਛੋਟੇ ਛੋਟੇ ਕਾਰਨ ਤਾਂ ਹੋਰ ਵੀ ਸਨ ਪਰ ਵੱਡਾ ਕਾਰਨ ਇਹ ਸੀ ਕਿ ਉਸਦੀ ਬਾਰਾਂ ਜਮਾਤਾਂ ਪਾਸ ਘਰਵਾਲੀ ਵੱਲੋਂ ਪੰਜ-ਸੱਤ ਮੈਟ੍ਰਿਕ ਪਾਸ ਕਰੀ ਬੈਠੀਆਂ ਕੁੜੀਆਂ ਰੱਖ ਕੇ, ਸਾਡੇ ਸਕੂਲ ਦੇ ਨੇੜੇ ਹੀ ‘ਪਬਲਿਕ ਮਾਡਲ ਸਕੂਲ’ ਚਲਾਇਆ ਜਾ ਰਿਹਾ ਸੀ। ਸਾਡੀ ਮਿਹਨਤ ਸਦਕਾ ‘ਗਿੱਲ ਸਾਹਿਬਣੀ’ ਦੇ ਸਕੂਲ ਵਿਚ ਭਾਂਅ ਭਾਂਅ ਹੋਣ ਲੱਗੀ ਸੀ। ਸਾਨੂੰ ਆਪਣੀ ਮਿਹਨਤ ‘ਤੇ ਮਾਣ ਸੀ। ਅਸੀਂ ਸਾਰੀ ਛੁੱਟੀ ਤੋਂ ਬਾਅਦ ਚੌੜੇ ਹੋ ਹੋ ਕੇ ਸਾਈਕਲਾਂ ਸਕੂਟਰਾਂ ’ਤੇ ਘਰਾਂ ਨੂੰ ਜਾਂਦੇ। ਸਾਡਾ ਮਾਣ ਉਸ ਦਿਨ ਕੱਚ ਵਾਂਗ ਤਿੜਕ ਗਿਆ ਸੀ ਜਿਸ ਦਿਨ ਪ੍ਰਬੰਧਕੀ ਅਧਾਰ ‘ਤੇ ਹੋਈਆਂ ਬਦਲੀਆਂ ਦੇ ਆਰਡਰ ਹੈੱਡਮਾਸਟਰ ਨੇ ਸਾਡੇ ਹੱਥਾਂ ਵਿਚ ਫੜਾ ਦਿੱਤੇ ਸਨ। ਪਰਾਂਹ ਟਾਹਲੀ ਥੱਲੇ ਖੜੇ ਗਿੱਲ ਸਾਹਿਬ ਦੀਆਂ ਕਰੜ-ਬਰੜੀਆਂ ਚੂਹੇ ਦੀ ਪੂਛ ਵਰਗੀਆਂ ਮੁੱਛਾਂ ਖਚਰੀ ਹਾਸੀ ਹੱਸਦੀਆਂ ਸਨ। ਅਸੀਂ ਬਦਲੀ ਦਾ ਕਾਰਨ ਜਾਨਣ ਲਈ ਡੀ.ਈ.ਓ. ਦਫ਼ਤਰ ਜਾ ਵੱਜੇ। ਸਾਡੇ ਚਾਰਾਂ ‘ਤੇ ਸਕੂਲ ਵਿਚ ਸ਼ਰਾਬ ਪੀਣ, ਲੜਕੀਆਂ ਨੂੰ ਗੁੰਮਰਾਹ ਕਰਨ ਅਤੇ ਮਾਸਟਰਾਣੀਆਂ ਨੂੰ ਅਸ਼ਲੀਲ ਇਸ਼ਾਰੇ ਕਰਨ ਦਾ ਦੋਸ਼ ਲਾਇਆ ਗਿਆ ਸੀ। ਸਾਡੇ ਖਿਲਾਫ਼ ਦਰਖ਼ਾਸਤ ਵੀ ਪਿੰਡ ਦੀ ਪੰਚਾਇਤ ਵੱਲੋਂ ਸੀ। ਹਿਸਾਬ ਵਾਲਾ ਮਾਸਟਰ ਤਾਂ ਹੁਬਕੀਂ-ਹੁਬਕੀਂ ਰੋਣ ਲੱਗ ਪਿਆ। ਇਸ ਸ਼ਿਕਾਇਤ ‘ਤੇ ਉੱਚ ਅਧਿਕਾਰੀ ਵਲੋਂ ਸਕੂਲ ਵਿਚ ਜਾ ਕੇ ਕੀਤੀ ਇਨਕੁਆਰੀ ਦੀ ਰਿਪੋਰਟ ਵੀ ਦਰਜ ਸੀ। ਇਹ ਇਨਕੁਆਰੀ ਹੋਈ ਕਦੋਂ ? ਇਹ ਘਟਨਾ ਚੇਤੇ ਆਉਂਦਿਆਂ ਹੀ ਮੂੰਹ ਕੁੱੜਤਣ ਨਾਲ ਭਰ ਗਿਆ ਜਿਵੇਂ ਕਨੈਨ ਪੀਤੀ ਹੋਵੇ। ਮੈਂ ਬੋਤਲ ਚੁੱਕੀ ਮੂੰਹ ‘ਤੇ ਲੱਗਾ ਗੁੱਲ ਬਾਹਰ ਖਿੱਚਿਆ ਤੇ ਦੂਰ ਵਗਾਹ ਮਾਰਿਆ ਜਿਵੇਂ ਗਿੱਲ ਮਾਸਟਰ ਦੇ ਮੂੰਹ ‘ਤੇ ਮਾਰਿਆ ਹੋਵੇ।
“ਲੈ ਤਾਇਆ, ਨਬੇੜੀਏ ਕੰਮ !” ਮੈਂ ਬਾਕੀ ਬਚਦੀ ਸ਼ਰਾਬ ਦੋਵਾਂ ਗਿਲਾਸੀਆਂ ਵਿਚ ਪਾ ਕੇ ਬੋਤਲ ਟਿੱਬੇ ਵੱਲ ਵਗਾਹ ਮਾਰੀ। ਆਤੂ ਨੇ ਵੀ ਹੁਣ ਕੋਈ ਨਾਂਹ-ਨੁੱਕਰ ਨਹੀਂ ਸੀ ਕੀਤੀ ਸ਼ਾਇਦ ਪਹਿਲਾਂ ਪੀਤੀ ਦੇ ਸਰੂਰ ਵਿਚ ਹੀ। ਮੈਂ ਕੱਪੀ ਨਾਲ ਥੋੜ੍ਹਾ ਥੋੜ੍ਹਾ ਪਾਣੀ ਦੋਵਾਂ ਗਿਲਾਸੀਆਂ ਵਿਚ ਪਾਇਆ। ਆਤੂ ਨੇ ਅੱਧੀ ਗਿਲਾਸੀ ਚਾੜ ਕੇ ਬਾਕੀ ਵੱਟ ‘ਤੇ ਰੱਖ ਦਿੱਤੀ।
“ਤਾਇਆ ! ਬੰਦਾ ਕਾਹਨੂੰ ਬੁੱਢਾ ਹੁੰਦਾ, ਬੰਦੇ ਨੂੰ ਤਾਂ ਬੱਸ ਐਧਰ-ਉਧਰ ਦੀਆਂ ਸੱਟਾਂ ਬੁੱਢਾ ਕਰਦੀਆਂ।” ਮੈਂ ਆਵਦੇ ਵੱਲੋਂ ‘ਇਧਰ-ਉਧਰ ਦੀਆਂ ਬੇਇਨਸਾਫ਼ੀਆਂ ਬੁੱਢਾ ਕਰਦੀਆਂ’, ਕਹਿਣਾ ਸੀ ਪਰ ਪਤਾ ਨਹੀਂ ਕਿਉਂ ਮੈਥੋਂ ਇਧਰ-ਉਧਰ ਦੀਆਂ ਸੱਟਾਂ ਕਹਿ ਹੋ ਗਿਆ ਸੀ। ਮੈਨੂੰ ਆਪਣੇ ਨਾਲ ਹੋਈ ਬੇਇਨਸਾਫ਼ੀ ਅੰਦਰੋਂ-ਅੰਦਰੀਂ ਵੱਢਦੀ ਰਹਿੰਦੀ ਸੀ। ਅਸੀਂ ਇਸ ਬੇਇਨਸਾਫ਼ੀ ਦੇ ਖਿਲਾਫ਼ ਡੀ.ਪੀ.ਆਈ. ਦਫ਼ਤਰ, ਸੈਕਟਰੀਏਟ ਅਤੇ ਮੰਤਰੀਆਂ ਦੇ ਘਰਾਂ ਦੀਆਂ ਪੌੜੀਆਂ ਚੜ੍ਹਦੇ ਉਤਰਦੇ ਰਹੇ, ਪਰ ਇਨਸਾਫ਼ ਕਿਤੋਂ ਨਹੀਂ ਸੀ ਮਿਲਿਆ। ਵਾਹ ਨਾ ਚੱਲਦੀ ਵੇਖਕੇ ਅਸੀਂ ਚਾਰਾਂ ਨੇ ਹੀ ਨਵੇਂ ਸਕੂਲਾਂ ਵਿਚ ਜੁਆਇੰਨ ਕਰ ਲਿਆ ਸੀ।
“ਮਛਟਰਾ! ਤੀਹ ਸਾਲ ਨੀ ਸਾਂ ਮਰਦਾ ਹਜੇ ਮੈਂ। ਜਮਦੂਤ ਲੈਣ ਵੀ ਆਉਂਦੇ, ਸਾਲਿਆਂ ਨੂੰ ਡਾਂਗਾਂ ਮਾਰ-ਮਾਰ ਮੋੜ ਦੇਣਾ ਸੀ ਪਰ ਧੀਆਂ ਦਾ ਦੁੱਖ ਬੁਰਾ, ਏਹ ਲੈ ਬੈਠਾ। ਏਹਨੇ ਅੰਦਰੋਂ-ਅੰਦਰੀ ਖੋਰਤਾ ਲੂਣ ਦੀ ਡਲੀ ਵਾਂਗੂੰ। ਰੱਬ ਨੇ ਪੁੱਤ ਦਿੱਤਾ ਕੋਈ ਨਾ, ਸੋਚਿਆ ਜਵਾਈ ਪੁੱਤਾਂ ਵਰਗੇ ਈ ਹੁੰਦੇ। ਧੀ ਦੇ ਕੇ ਪੁੱਤ ਬਣਾਈਦੇ। ਰੱਬ ਦੀ ਕੈਸੀ ਮਰਜ਼ੀ… ਦੋ ਧੀਆਂ, ਔਖੇ ਹੋ ਕੇ ਵਿਆਹੀਆਂ, ਦੋਵੇਂ ਈ ਬਾਪ ਦੇ ਬੂਹੇ ਆ ਬੈਠੀਆਂ।” ਅੱਥਰੂ ਆਤੂ ਦੀਆਂ ਅੱਖਾਂ ਵਿੱਚੋਂ ਨਿਕਲਕੇ ਉਸਦੀ ਵਿਰਲੀ-ਵਿਰਲੀ ਤੇ ਖੋਦੀ ਜਿਹੀ ਦਾੜ੍ਹੀ ਵਿਚ ਗੁਆਚ ਗਏ।
“ਮਛਟਰਾ! ਪੂਰੇ ਪੱਚੀ ਸਾਲ ਐਨਾ ਬੁੱਢੇ ਹੱਡਾਂ ਨਾਲ ਮੇਹਨਤ ਕਰਕੇ ਦੋਵੇਂ ਧੀਆਂ ਦੇ ਜੀਅ-ਜੰਤ ਨੂੰ ਪਾਲਿਆ। ਜਿੰਨਾਂ ਚਿਰ ਵਿਧਵਾ ਧੀਆਂ ਦੀ ਕਬੀਲਦਾਰੀ ਨੀ ਕਿਉਂਟੀ ਗਈ, ਡੋਲਣ ਨੀ ਦਿੱਤਾ ਆਪਣੇ ਆਪ ਨੂੰ, ਪਰ ਹੁਣ ? ਬੱਸ ਹੋਗੀ। ਮਛਟਰਾ, ਕੀ ਦੱਸਾਂ ? ਧੀਆਂ ਦੇ ਦੁੱਖ ਬੁਰੇ।”
“ਤਾਇਆ… ਰੱਬ ਨੂੰ ਕੌਣ ਆਖੇ ਇਉਂ ਨੀ ਇਉਂ ਕਰ!” ਮੈਨੂੰ ਸਮਝ ਨਹੀਂ ਸੀ ਆਈ ਕਿ ਆਤੂ ਨਾਲ ਕਿਹੜੇ ਸ਼ਬਦਾਂ ਦੁਆਰਾ ਹਮਦਰਦੀ ਪ੍ਰਗਟਾਈ ਜਾਵੇ।
“ਮਛਟਰਾ! ਵੱਡੀ ਕੁੜੀ ਦੇ ਘਰ ਆਲਾ, ਮੋਟਰ ਲਾਰੀ ਦੇ ਐਕਸੀਡੰਟ ’ਚ ਪੂਰਾ ਹੋ ਗਿਆ। ਮੈਂ ਸਬਰ ਕਰ ਲਿਆ ਚਲੋ-ਕੁਜ਼ਰਤ ਦੀ ਮਰਜ਼ੀ। ਛੋਟੀ ਤਾਂ ਸਮਝ ਲੈ ਆਵਦੇ ਹੱਥੀਂ ਰੰਡੀ ਕੀਤੀ।” ਆਤੂ ਨੇ ਗਿਲਾਸੀ ਮੂੰਹ ਨੂੰ ਲਾ ਲਈ।
“ਆਵਦੇ ਹੱਥੀਂ…. ?”
“ਹਾਂਅ… ਆਵਦੇ ਹੱਥੀ।”
“ਆਵਦੇ ਹੱਥੀਂ ?”
“ਬਸ ਕਿਸਬ ਈ ਵੈਰੀ ਬਣ ਖਲੋਤਾ…।” ਆਤੂ ਖਿਲਾਅ ਵਿਚ ਦੇਖਣ ਲੱਗਾ ਜਿਵੇਂ ਬੀਤੀਆਂ ਘਟਨਾਵਾਂ ਦੀਆਂ ਤੰਦਾਂ ਫੜ੍ਹ ਰਿਹਾ ਹੈਵੇ।
“ਤਾਇਆ, ਪੂਰੀ ਗੱਲ ਦੱਸ… ਮਨ ਹੌਲਾ ਹੋਜੂ।” ਮੈਂ ਆਤੂ ਦੇ ਰਿਸਦੇ ਜ਼ਖ਼ਮ ‘ਚੋਂ ਪੱਸ ਕੱਢ ਦੇਣ ਦੀ ਨੀਅਤ ਨਾਲ ਪੁੱਛਿਆ। ਮੈਂ ਸੋਚਿਆ, ਇਸ ਨਾਲ ਆਤੂ ਨੂੰ ਆਰਾਮ ਮਿਲੇਗਾ।
ਆਤੂ ਨੇ ਦੋ ਤਿੰਨ ਲੰਮੇ ਲੰਮੇ ਹਾਉਂਕੇ ਭਰੇ।
“ਮਛਟਰਾ ! ਵਖਤ-ਵਖਤ ਦੀਆਂ ਗੱਲਾਂ। ਕੋਈ ਟੈਮ ਆ, ਆਤੂ ਤੇਰੇ ਸਾਹਮਣੇ ਰਿੱਗੀ ਢਾਹੀ ਬੈਠਾ, ਕੋਈ ਟੈਮ ਸੀ ਏਹੀ ਆਤੂ ਸੌ-ਸੌ ਕੋਹ ਤੱਕ ਮਸ਼ਾਹੂਰ ਸੀ। ਤੂੰ ਤਾਂ ਹਜੇ ਕੱਲ ਜੰਮਿਆਂ। ਤੇਰਾ ਪਿਉ ਵੀ ਮੈਂ ਹੱਥੀਂ ਖਿਡਾਇਆ। ਤੈਨੂੰ ਕੀ ਪਤਾ ਆਤੂ ਖੋਜੀ ਬਾਰੇ। ਬਾਹਰਲੇ ਪਿੰਡਾਂ ਆਲੇ ਆਪਣੇ ਪਿੰਡ ਨੂੰ ਆਤੂ ਖੋਜੀ ਆਲਾ ਬੁੱਟਰ ਆਂਹਦੇ ਸੀ। ਮਾਰ ਬਠਿੰਡੇ ਮਾਨਸੇ ਤੱਕ ਦੇ ਲੋਕ ਲਿਜਾਂਦੇ ਸੀ ਪੈੜ ਕਢਵਾਉਣ ਵਾਸਤੇ। ਆਤੂ ਉਠ ਕੇ ਗੰਦਲ ਤੋੜਨ ਚਲਾ ਗਿਆ। ਭਾਵੇਂ ਉਹ ਮੇਰੀ ਸੁਰਤ ਤੋਂ ਪਹਿਲਾਂ ਹੀ ਖੋਜ ਪੁਣੇ ਦਾ ਕੰਮ ਛੱਡ ਚੁੱਕਾ ਸੀ ਪਰ ਉਸਦੇ ਇਕ ਮੰਨਿਆ ਦੰਨਿਆ ਖੋਜੀ ਰਿਹਾ ਹੋਣ ਬਾਰੇ ਮੈਨੂੰ ਪਤਾ ਸੀ। ਆਤੂ ਨੂੰ ਪਿੰਡ ਦੇ ਲੋਕ ਅਜੇ ਵੀ ਆਤੂ ਖੋਜੀ ਹੀ ਆਖਦੇ ਸਨ | ਆਤੂ ਬਾਰੇ ਮਸ਼ਹੂਰ ਸੀ ਕਿ ਚੋਰੀ ਦੇ ਜਿਸ ਮਾਮਲੇ ਦੀ ਪੈੜ ਕੱਢਣ ਦਾ ਕੰਮ ਆਪਣੇ ਹੱਥ ਲੈ ਲੈਂਦਾ ਸੀ, ਚੋਰ ਫੜੇ ਜਾਣ ਦੇ ਡਰੋਂ ਰਾਤ-ਬਰਾਤੇ ਚੋਰੀ ਕੀਤਾ ਸਮਾਨ ਮਾਲਕਾਂ ਦੇ ਘਰ ਸੁੱਟ ਜਾਂਦਾ ਸੀ। ਕਈ ਤਾਂ ਗਿੜਗਿੜਾ ਕੇ ਘਰਵਾਲਿਆਂ ਤੋਂ ਜਾਨ ਬਖਸ਼ੀ ਕਰਵਾ ਲੈਂਦੇ ਸਨ। ਮੈਂ ਇਹ ਵੀ ਸੁਣਿਆ ਸੀ ਕਿ ਜਿਥੇ ਦੂਜੇ ਖੋਜੀ ਕਈ ਵਾਰ ਚੋਰਾਂ ਨਾਲ ਰਲ ਜਾਂਦੇ ਸਨ ਉਥੇ ਆਤੂ ਅਜਿਹਾ ਨਹੀਂ ਸੀ ਕਰਦਾ। ਬਾਪੂ ਦੱਸਦਾ ਹੁੰਦਾ ਸੀ ਕਿ ਆਤੂ ਖੋਜੀ ਦੇ ਨਾਂ ਤੋਂ ਹੀ ਚੋਰ-ਭੈਅ ਖਾਂਦੇ ਸਨ। ਇਲਾਕੇ ਦੇ ਪੱਕੇ ਚੋਰਾਂ ਪੈਸੇ ਦੇ ਕੇ ਆਤੂ ਨੂੰ ਆਪਣੇ ਨਾਲ ਗੰਢਣ ਦੀ ਕੋਸ਼ਿਸ਼ ਵੀ ਕੀਤੀ। ਫੇਰ ਵਾਹ ਨਾ ਚੱਲਦੀ ਵੇਖ ਕੇ ਆਤੂ ਨੂੰ ਮਾਰਨ ਦੀ ਚਾਲ ਵੀ ਚੱਲੀ ਪਰ ਚੰਗੀ ਕਿਸਮਤ ਨੂੰ ਆਤੂ ਬਚ ਗਿਆ ਸੀ।
“ਮਛਟਰਾ! ਆਪਣੇ ਕਿਸਬ ਨੂੰ ਇਮਾਨਦਾਰੀ ਨਾਲ ਕਰਨਾ ਈ ਬੰਦੇ ਦਾ ਧਰਮ ਹੁੰਦਾ। ਜਿਮੇਂ ਤੂੰ ਮਛਟਰੀ ਕਰਦੈ, ਪੜ੍ਹਾਉਣਾ ਤੇਰਾ ਧਰਮ ਐ । ਬਾਜੇ ਬਾਜੇ ਬੰਦੇ ਏਹ ਗੱਲ ਨੀਂ ਸਮਝਦੇ। ਆਹ ਸੂਰਜ ਮੱਥੇ ਲੱਗਦਾ, ਮੈਂ ਆਪਣੇ ਕਿਸਬ ਨੂੰ ਧਰਮ ਸਮਝਦਾ ਰਿਹਾਂ, ਏਸੇ ਕਰਕੇ ਛੋਟੀ ਕੁੜੀ ਬੂਹੇ ਬਹਾਈ।” ਆਪਣੀ ਗੱਲ ਦੇ ਹੁੰਗਾਰੇ ਲਈ ਆਤੂ ਗਹੁ ਨਾਲ ਮੇਰੀਆਂ ਅੱਖਾਂ ਵਿਚ ਝਾਕਿਆ। ਮੈਨੂੰ ਆਪਣੇ ਆਪ ‘ਤੇ ਸ਼ਰਮ ਆਈ। ਮੈਂ ਤਲਵੰਡੀ ਆਪਣੇ ਹੁਣ ਵਾਲੇ ਸਕੂਲ ਪਹੁੰਚ ਗਿਆ ਸਾਂ। ਕਲਾਸ ਅੰਦਰ ਕੁਰਸੀ ਵਿਚ ਘੁਸਿਆ ਅਤੇ ਮੂਹਰਲੇ ਟੇਬਲ ‘ਤੇ ਲੱਤਾਂ ਪਸਾਰੀ ਪਿਆ ਸਾਇੰਸ ਮਾਸਟਰ ਮੱਖਣ ਸਿੰਘ ਮਾਨ ਮੇਰੀਆਂ ਅੱਖਾਂ ਅੱਗੇ ਆ ਖੜੋਤਾ।
“ਸੰਧੂ ਸੈਬ੍ਹ… ਐਸ਼ ਕਰਿਆ ਕਰੋ ਐਸ਼। ਐਵੇਂ ਨਾ ਮੱਥਾ ਮਾਰਿਆ ਕਰੋ ਕੋਟੇ ਆਲਿਆਂ ਨਾਲ … ਇਨ੍ਹਾਂ ਪੜ੍ਹ ਕੇ ਆਪਣੇ ਹੈੱਡਮਾਸਟਰ ਵਾਂਗੂੰ ਆਪਣੇ ਜੁਆਕਾਂ ’ਤੇ ਈ ਅਫ਼ਸਰ ਆ ਲੱਗਣਾ। ਆਪਣੇ ਐਕਸ਼ਨ ਦਾ ਉਲਟਾ ਰੀਐਕਸ਼ਨ ਹੋਣਾ। ਸੁਣਿਆ ਨੀ, ‘ਐਕਸ਼ਨ ਐਂਡ ਰੀਐਕਸ਼ਨ ਆਰ ਈਕੁਅਲ ਐਂਡ ਆਪੋਜ਼ਿਟ। ਇਹ ਸਾਲਾ ਚੀਂਗਰਪੋਟ ਅਨਪੜ ਈ ਠੀਕ ਐ। ਨਾ ਪੜ੍ਹਨ ਨਾ ਕੁਰਸੀਆਂ ਸਾਂਭਣ। ਕੀ ਖਿਆਲ ?” ਮਾਸਟਰ ਮਾਨ ਹੱਥ ’ਤੇ ਹੱਥ ਮਾਰ ਕੇ ਹੱਸਿਆ, ਜਿਵੇਂ ਸਾਰੇ ਸਿੱਖਿਆ ਢਾਂਚੇ ਨੂੰ ਦੰਦੀਆਂ ਚਿੜਾ ਰਿਹਾ ਹੋਵੇ। ਮੈਂ ਉਸਦੀ ਗੱਲ ਅਣਸੁਣੀ ਕਰਕੇ ਤੁਰ ਪਿਆ ਸੀ।
“ਇਕ ਤਾਂ ਇਨ੍ਹਾਂ ਨੂੰ ਕਾਮਰੇਡੀ ਨੀ ਟਿਕਣ ਦਿੰਦੀ…!” ਆਵਦੇ ਵੱਲੋਂ ਉਸ ਨੇ ਮੈਨੂੰ ਭੱਦੀ ਗਾਲ਼ ਕੱਢੀ ਸੀ।
“ਸੁਣਦੈਂ ?” ਆਤੂ ਦੀ ਆਵਾਜ਼ ਨੇ ਮੈਨੂੰ ਨੀਂਦ ’ਚੋਂ ਕੱਢ ਲਿਆਂਦਾ।
“ਹਾਂਅ!”
“ਕੀ ਆਖਿਆ ਭਲਾ ?” ਆਤੂ ਨੂੰ ਲੱਗਾ ਸੀ ਜਿਵੇਂ ਮੈਂ ਉਸ ਦੀ ਗੱਲ ਧਿਆਨ ਨਾਲ ਨਹੀਂ ਸੀ ਸੁਣ ਰਿਹਾ।
“ਏਹੀ ਕਿ ਆਪਣੇ ਕਿਸਬ ਨੂੰ ਇਮਾਨਦਾਰੀ ਨਾਲ ਕਰਨਾ ਈ ਬੰਦੇ ਦਾ ਅਸਲੀ ਧਰਮ ਹੁੰਦਾ। ਏਸ ਧਰਮ ਨੂੰ ਨਿਭਾਉਣ ਲਈ ਕੁਰਬਾਨੀਆਂ ਵੀ ਕਰਨੀਆਂ ਪੈਂਦੀਆਂ।” ਮੇਰੇ ਜੁਆਬ ਨਾਲ ਆਤੂ ਸੰਤੁਸ਼ਟ ਹੋ ਗਿਆ ਸੀ।
“ਮਛਟਰਾ! ਮਾੜਾ ਜਿਹਾ ਧਰਮ ਛੱਡਣ ਦੀ ਲੋੜ ਸੀ, ਰੁਪਈਏ ਭਮੇ ਫਹੁੜੀ ਨਾਲ ਕੱਠੇ ਕਰ ਲੈਂਦਾ। ਨਹੀਂ ਛੱਡਿਆ। ਮਛਟਰਾ, ਧਰਮ ਨੀ ਛੱਡਿਆ ਮੈਂ। ਧੀ ਜ਼ਰੂਰ ਬੂਹੇ ਬਹਾਲੀ ਪਰ ਧਰਮ ਨੀ ਛੱਡਿਆ ਆਤੂ ਖੋਜੀ ਨੇ।'” ਨਸ਼ਾ ਆਤੂ ਦੇ ਸਿਰ ਉੱਤੋਂ ਦੀ ਹੋ ਗਿਆ ਸੀ ਜਾਂ ਫਿਰ ਯਾਦਾਂ ਨੇ ਹੀ ਆਤੂ ਨੂੰ ਬੌਰਾ ਕਰ ਦਿੱਤਾ ਸੀ।
“ਹੱਲੂ ਪੱਤੀ ਆਲੇ ਜੂੰ ਖਾਣੇ ਲੱਭੂ ਨੂੰ ਜਾਣਦੈਂ ?”
“ਜਾਣਦਾਂ!” .
“ਏਹਨਾਂ ਦਾ ਬੁੜਾ ਹੁੰਦਾ ਸੀ ਨੌਹਰੀਆਂ। ਬੜਾ ਔਂਤਰਾ ਬੁੜਾ ਸੀ। ਕੰਜ਼ਰ ਨੇ ਗਰੀਬ-ਗੁਰਬੇ ਨੂੰ ਦਾਸਾ-ਬੀਸਾ ਦੇ ਕੇ ਵਹੀ ‘ਤੇ ਅੰਗੂਠਾ ਲਵਾ ਲੈਣਾ। ਵਿਆਜ ’ਤੇ ਵਿਆਜ ਲਾ ਕੇ ਡੂਢਾ-ਸਵਾਇਆ ਕਰੀ ਜਾਣਾ। ਰੱਤ ਚੂਸ ਲੈਂਦਾ ਸੀ ਅਗਲੇ ਦੀ। ਏਨਾਂ ਦੇ ਸੀਰੀ ਹੁੰਦਾ ਸੀ ਗੁੱਦੜ ਮਜ਼੍ਹਬੀ। ਕੇਰਾਂ ਵਿਚਾਰੇ ਦੀ ਘਰਆਲੀ ਬਿਮਾਰ-ਮਾਰ ਹੋਗੀ। ਉਸਨੂੰ ਦਾਸਾ-ਬੀਸਾ ਫੜ੍ਹਨਾ ਪੈ ਗਿਆ ਜੂੰ ਖਾਣੀਏ ਤੋਂ। ਏਹਨੇ ਵਿਆਜ ’ਤੇ ਵਿਆਜ, ਵਿਆਜ ‘ਤੇ ਵਿਆਜ ਲਾ ਕੇ ਬਣਾ ਧਰੀ ਰਕਮ । ਗੁੱਦੜ ਵਿਚਾਰੋ ਤੋਂ ਦੇ ਕਿੱਥੋਂ ਹੋਣੀ ਸੀ। ਨੌਹਰੀਏ ਨੇ ਏਸੇ ਰਕਮ ਦੇ ਵੱਟੇ ਗੁੱਦੜ ਦੀ ਸੱਜਰ ਸੂਈ ਝੋਟੀ ਕਿੱਲੇ ਤੋਂ ਖੋਹਲ ਲੀ। ਵਿਚਾਰੇ ਗਰੀਬ ਦੇ ਢਿੱਡ ‘ਤੇ ਲੱਤ ਮਾਰੀ।”
“ਹੱਤ ਤੇਰੇ …।.” ਮੈਂ ਨੌਹਰੀਆਂ ਬੁੜਾ ਦੇਖਿਆ ਨਹੀਂ ਸੀ ਪਰ ਉਸਦੀ ਥਾਵੇਂ ਗਿੱਲ ਮਾਸਟਰ ਦਾ ਚਿਹਰਾ ਮੇਰੀਆਂ ਅੱਖਾਂ ਅੱਗੇ ਆ ਗਿਆ।
“ਮਛਟਰਾ! ਕਰਨੀ ਰੱਬ ਦੀ, ਜੂੰ ਖਾਣਿਆਂ ਦੇ ਕਿੱਲੇ ਤੋਂ ਚੋਰ ਰਾਤ-ਬਰਾਤੇ ਝੋਟੀ ਖੋਹਲਣ ਆ ਪਿਆ। ਨੌਹਰੀਏ ਕਾ ਬਿਮਾਰੀ ਖਾਧਾ ਬੁੜਾ ਪਿਆ ਸੀ ਪਸ਼ੂਆਂ ਦੀ ਰਾਖੀ। ਮਾੜੀ ਕਿਸਮਤ, ਉਹਨੂੰ ਕਿਤੇ ਜਾਗ ਆਗੀ। ਉਹਨੇ ਚੋਰ ਨੂੰ ਪਿੱਛੋਂ ਜੱਫ਼ਾ ਮਾਰ ਲਿਆ। ਅੱਗਿਉਂ ਚੋਰ ਸੀ ਮੁੰਡਾ-ਖੁੰਡਾ, ਉਹਨੇ ਬੁੜੇ ਨੂੰ ਭੁਆਂ ਕੇ ਅਹੁ ਮਾਰਿਆ। ਬੁੜਾ ਕਿਤੇ ਰੌਲਾ ਨਾ ਪਾ ਦੇਵੇ ਚੋਰ ਨੇ ਗੋਹਾ ਹਟਾਉਣ ਆਲਾ ਫਹੁੜਾ ਬੁੜੇ ਦੇ ਸਿਰ ‘ਚ ਟਿਕਾਤਾ। ਬੁੜਾ ਤਾਂ ਰੇਲ ਦੇ ਕੰਨ ਆਗੂ ਉਥੇ ਹੀ ਟੇਡਾ ਹੋ ਗਿਆ। ਚੋਰ ਲੈ ਗਿਆ ਸਣੇ ਕਟਰੂ ਝੋਟੀ ਖੋਹਲ ਕੇ ।”
“ਸੁਆਦ ਆ ਗਿਆ!” ਮੈਨੂੰ ਅਥਾਹ ਖੁਸ਼ੀ ਹੋਈ। ਬਿਲਕੁਲ ਉਸੇ ਤਰ੍ਹਾਂ ਦੀ ਖਸ਼ੀ ਜਿਹੋ ਜਿਹੀ ਮਾਸਟਰ ਮੱਖਣ ਸਿੰਘ ਮਾਨ ਦੇ ਫਰਜ਼ੰਦ ਦੇ ਪ੍ਰੈਪ ਵਿੱਚੋਂ ਲਗਾਤਾਰ ਦੂਜੀ ਵਾਰ ਫ਼ੇਲ੍ਹ ਹੋ ਜਾਣ ਬਾਰੇ ਪਤਾ ਲੱਗਣ ‘ਤੇ ਹੋਈ ਸੀ। ਮਾਨ ਮਾਸਟਰ ਆਪਣੇ ਇਸ ਫਰਜ਼ੰਦ ਨੂੰ ਡਾਕਟਰ ਬਣਾਉਣ ਦੇ ਸੁਪਨੇ ਲੈਂਦਾ ਰਹਿੰਦਾ ਸੀ।
“ਲਉਂ ਜੀ, ਦੁਪਹਿਰ ਨੂੰ ਥਾਣਾ ਚੜ੍ਹਕੇ ਆ ਗਿਆ। ਚੋਰੀ ਤੋਂ ਵਧ ਕੇ ਮਾਮਲਾ ਕਤਲ ਅਤੇ ਡਾਕੇ ਦਾ ਬਣ ਗਿਆ। ਸਪਾਟਿਆਂ ਨੇ ਖੋਜੀ ਕੁੱਤੇ ਲਿਆਂਦੇ। ਉਨਾਂ ਇਧਰ-ਉਧਰ ਨੱਕ ਮੂੰਹ ਮਾਰਿਆ। ਪੈੜਾਂ ਸੁੰਘਦੇ ਥੋੜ੍ਹੀ ਦੂਰ ਗਏ ਤੇ ਪਿੰਡ ਆਲੇ ਟਿੱਬਿਆਂ ‘ਚ ਜਾ ਕੇ ਬਹਿਗੇ। ਅਗਾਂਹ ਤੁਰਨ ਈ ਨਾ। ਥਾਣੇਦਾਰ ਤੇ ਸਪਾਟੇ ਸਿਰ ਫੇਰ ਗਏ। ਜਾਣ ਤਾਂ ਕਿਧਰ ਜਾਣ ? ਫੇਰ, ਜੂੰ ਖਾਣਿਆ ਸਪਾਟਿਆਂ ਨੂੰ ਹੱਥ ਪੱਲਾ ਝਾੜਿਆ ਕੋਈ ਨਾ। ਉਹਨਾਂ ਕਾਗਤੀਂ ਪੱਤਰੀਂ, ਤਿੰਨ ਪੰਜ ਕੀਤੀ ਤੇ ਤੁਰਗੇ। ਪਿੰਡ ਦੇ ਸਿਆਣੇ ਬੰਦਿਆਂ ਜੂੰ ਖਾਣਿਆਂ ਨੂੰ ਰੈਅ ਦਿੱਤੀ ਅਖੇ ਆਤੂ ਨੂੰ ਲਿਆਉ। ਉਹ ਕੱਢੂ ਖੁਰਾ ਖੋਜ। ਬੰਦੇ ਕੱਠੇ ਹੋ ਕੇ ਮੇਰੇ ਕੋਲ ਆਗੇ। ਮੈਂ ਅੱਗੋਂ ਸਤਿ ਬਚਨ ਆਖ ਦਿੱਤਾ। ਤੈਨੂੰ ਪਤਾ ਸਾਡੀ ਕੌਮ ਗੁਰੂ ਗੁਸਾਈਂ ਨੂੰ ਬੜਾ ਮੰਨਦੀ ਆ। ਮੈਂ ਗੁਰੂ ਗੁਸਾਈਂ ਨੂੰ ਧਿਆਇਆ, ਮੱਥਾ ਟੇਕਿਆ ਤੇ ਜਾ ਪੈੜ ਨੱਪੀ।”
“ਖੋਜੀ ਨੂੰ ਪੈੜ ਦੀ ਪਛਾਣ ਕਿਵੇਂ ਆ ਜਾਂਦੀ ?” ਮੈਂ ਪੁੱਛਿਆ।
“ਮਛਟਰਾ! ਜਿਵੇਂ ਤੁਸੀਂ ਜੁਆਕਾਂ ਦੀ ਲਿਖਾਈ ਪਛਾਣ ਲੈਨੇ ਓਂ, ਉਮੇ- ਜਿਵੇਂ ਸਾਨੂੰ ਪੈੜ ਦੀ ਸਿਆਣ ਆ ਜਾਂਦੀ। ਕੁਜ਼ਰਤ ਵਲੋਂ ਕਿਸੇ ਬੰਦੇ ਦਾ ਪੈਰ ਦੂਜੇ ਬੰਦੇ ਦੇ ਪੈਰ ਨਾਲ ਨੀ ਰਲਦਾ। ਇਕ ਦੀ ਤੋਰ ਵੀ ਨਹੀਂ ਰਲਦੀ ਦੂਜੇ ਨਾਲ। ਕਿਸੇ ਦਾ ਪੈਰ ਲੰਮਾ ਹੁੰਦਾ ਕਿਸੇ ਦਾ ਮਧਰਾ । ਕੋਈ ਚਪਟਾ ਹੁੰਦਾ, ਕੋਈ ਡੂੰਘ ਆਲਾ। ਕਿਸੇ ਦੀਆਂ ਉਂਗਲਾਂ ਲੰਮੀਆਂ ਹੁੰਦੀਆਂ ਕਿਸੇ ਦੀਆਂ ਛੋਟੀਆਂ। ਕਿਸੇ ਦੇ ਪੈਰ ਦਾ ਅਗੂੰਠਾ ਮੋਟਾ ਹੁੰਦਾ ਕਿਸੇ ਦਾ ਪਤਲਾ। ਕਿਸੇ ਦੀ ਅੱਡੀ ਚੌੜੀ ਹੁੰਦੀ, ਚਾਪੜ ਅਰਗੀ। ਇਵੇਂ ਤੋਰ ਦਾ ਹੁੰਦਾ। ਤੁਰਨ ਲੱਗੇ ਕਿਸੇ ਦਾ ਪੱਬ ਧਰਤੀ ‘ਤੇ ਪੂਰਾ ਲੱਗਦਾ ਕਿਸੇ ਦਾ ਅੱਧਾ। ਕੋਈ ਉਂਗਲਾਂ ਦਬਾ ਕੇ ਤੁਰਦਾ ਏ ਤਾਂ ਕੋਈ ਅੱਡੀ ’ਤੇ ਜ਼ੋਰ ਦੇ ਕੇ। ਕਈਆਂ ਦੇ ਤੁਰਦਿਆਂ ਅੱਡੀ ਭੁੰਜੇ ਲੱਗਦੀ ਈ ਨ੍ਹੀ। ਕਈ ਟੇਡੇ ਰੋਕ ਪੈਰ ਚੱਕਦੇ। ਕਈ…।”
“ਤਾਇਆ ਸਿਆ! ਤੂੰ ਪੈੜ ਜਾ ਨੱਪੀ, ਫੇਰ ਕੀ ਹੋਇਆ ?” ਮੈਂ ਵਿਚਾਲਿਉਂ ਟੋਕ ਦਿੱਤਾ। ਮੈਨੂੰ ਲੱਗਾ ਪੈੜਾਂ ਦੀ ਤਫ਼ਸੀਲ ਦੱਸਦਾ ਆਤੂ ਕਿਤੇ ਸ਼ੁਰੂ ਕੀਤੀ ਤਵਾਰੀਖ਼ ਹੀ ਨਾ ਭੁੱਲ ਜਾਵੇ।
“ਭਤੀਜ! ਮੈਂ ਪੈੜ ਫੜ੍ਹੀ ਤੇ ਹੋ ਲਿਆ ਪੈੜ ਦੇ ਮਗਰ। ਪਿੰਡ ਦੀ ਖ਼ਲਕਤ ਮੇਰੇ ਮਗਰ-ਮਗਰ। ਤੈਨੂੰ ਪਤਾ ਈਆ, ਤਮਾਸ਼ਾ ਦੇਖਣ ਆਲੇ ਭੂੰਡਾਂ ਦੀ ਖੱਖਰ ਆਗੂ ਆ ਜੁੜਦੇ। ਹੋ-ਹੋਅ ਕਰਦੀ ਮੁੰਡੀਹਰ ਮਗਰੇ ਤੁਰੀ ਆਵੇ। ਮੈਂ ਪੈੜ ਸਿਆਣਦਾ-ਸਿਆਣਦਾ ਲੈ ਆਇਆ ਗੱਜੂਪੁਰੇ। ਬੁੱਟਰਾਂ ਤੋਂ ਪੰਜਵੇਂ ਪਿੰਡ। ਗੱਜੂਪੁਰੇ ਪਿੰਡ ‘ਚ ਆ ਕੇ ਪੈੜ ਔਟਲਗੀ। ਮੈਂ ਜੂੰ ਖਾਣੀਏ ਨੌਹਰੀਏ ਨੂੰ ਆਖਿਆ ਥੋਡਾ ਚੋਰ ਐਸੇ ਪਿੰਡ ਐ। ਥੋਡੀ ਮੱਝ ਐਦੂੰ ਗਾਂਹ ਨੀ ਗਈ। ਚੋਰ ਵੀ ਐਸ ਪਿੰਡ ਤੋਂ ਗਾਂਹ ਨਹੀਂ ਗਿਆ।”
“ਗੱਜੂਪੁਰੇ ਆ ਕੇ ਪੈੜ੍ਹ ਕਿਵੇਂ ਗੁਆਚਗੀ ?” ਗੱਲ ਮੇਰੀ ਸਮਝੋ ਬਾਹਰ ਹੋ ਚੱਲੀ ਸੀ।
“ਮਛਟਰਾ! ਚੋਰੀ ਆਲੀ ਗੱਲ ਨੂੰ ਤੀਆ ਦਿਨ ਹੋ ਗਿਆ ਸੀ। ਪਿੰਡ ‘ਚ ਸੁਆਣੀਆਂ ਬਹੁਕਰ-ਬਹਾਰੀ ਕਰ ਦਿੰਦੀਆਂ। ਮਿਟ ਜਾਂਦੀਆਂ ਪੈੜਾਂ। ਬਾਕੀ ਪਿੰਡ ‘ਚ ਆਵਾਜਾਈ ਵੀ ਹੁੰਦੀ ਰਹਿੰਦੀ ਆ। ਪੈੜਾਂ ‘ਤੇ ਪੈੜਾਂ ਚੜ੍ਹ ਜਾਂਦੀਆਂ। ਆਏਂ ਪੈੜ ਦਾ ਪੂਰਾ ਲੱਖਣ ਨੀ ਲੱਗਦਾ। ਡਰ ਰਹਿੰਦਾ ਐ ਕਿਤੇ ਨਜ਼ੈਜ਼ ਬੰਦੇ ਘਰ ਨਾ ਚਲੇ ਜਾਈਏ। ਐਮੇ ਖਾਹ-ਮਖਾਹ ਕੋਈ ਔਬੜ ਬੰਦਾ ਫਸਜੇ। ਕਈ ਬਾਜੇ-ਬਾਜੇ ਖੋਜੀ ਫਸਾ ਵੀ ਦਿੰਦੇ ਸੀਗੇ ਮਾਤੜ-ਤੁਮਾਤੜ ਨੂੰ।”
“ਰਹਿਗੀ ਫਿਰ ਵਿੱਚੇ ਕੀਤੀ ਕੱਤਰੀ ?”
“ਕਾਹਨੂੰ ? ਆਤੂ ਦੇ ਹੁੰਦਿਆਂ-ਸੁੰਦਿਆਂ ਕਿੱਥੇ ਰਹਿਣੀ ਸੀ। ਮੈਂ ਆਖਿਆ ਮੈਨੂੰ ਪਿੰਡ ਦੇ ਕੱਲੇ-ਕੱਲੇ ਬੰਦੇ ਦੀ ਪੈੜ ਦਿਖਾ ਦਿਉ, ਮੈਂ ਚੋਰ ਦੀ ਪੈੜ ਸਿਆਣ ਦੂੰ। ਨਾਲ ਗਏ ਬੰਦਿਆਂ ਗੁੱਜੂਪੁਰੀਏ ਸਰਪੈਂਚ ਨਾਲ ਗੱਲ ਕੀਤੀ। ਸਰਪੈਂਚ ਮੇਰਾ ਵੀ ਵਾਕਫ਼ ਸੀ। ਛੋਟੀ ਕੁੜੀ ਉਥੇ ਈ ਤਾਂ ਵਿਆਹੀ ਸੀ। ਕੁੜੀ ਕੋਲ ਆਉਣ-ਜਾਣ ਤਾਂ ਬਣਿਆ ਈ ਰਹਿੰਦਾ ਸੀ। ਨਾਲੇ ਇਲਾਕੇ ‘ਚ ਐਹੇ ਜਾ ਕਿਹੜਾ ਬੰਦਾ ਸੀ ਜਿਹੜਾ ਆਤੂ ਨੂੰ ਭੁੱਲਿਆ ਹੋਵੇ। ਸਰਪੈਂਚ ਨੇ ਆਵਦੇ ਪੰਚੈਤੀ ਬੰਦਿਆਂ ਨਾਲ ਗੱਲ ਕੀਤੀ। ਫੈਸਲਾ ਹੋਇਆ ਵਈ ਪਿੰਡ ਦੇ ਅਠਾਰਾਂ ਸਾਲ ਤੋਂ ਉੱਤੇ ਆਲੇ ਬੰਦਿਆਂ ਦੀ ਪੈੜ ਵੇਖੀ ਜਾਵੇ। ਸਪੀਕਰ ‘ਚ ਲੋਸਮੈਂਟ ਕਰਤੀ ਵਈ ਜਿਹੜਾ ਘਰੇ ਰਿਹਾ, ਸਮਝ ਲੋਂ ਉਹੀ ਚੋਰ ਆ ਬੁੱਟਰ ਆਲਿਆਂ ਦਾ। ਚੋਰੀ ਉਹਦੇ ਨਾਉਂ ਲੱਗੂ । ਘਰੇ ਫਿਰ ਕੀਹਨੇ ਰਹਿਣਾ ਸੀ ? ਸਾਰਾ ਪਿੰਡ ਆ ਕੱਠਾ ਹੋਇਆ ਸ਼ਾਮਲਾਟ ‘ਚ।”
“ਲੈ …।” ਆਤੂ ਦੀ ਸਿਖਰ ਵੱਲ ਜਾਂਦੀ ਕਹਾਣੀ ਨੇ ਮੇਰੀ ਉਤਸੁਕਤਾ ਵਧਾ ਦਿੱਤੀ।
“ਮੇਲਾ ਲੱਗ ਗਿਆ ਉਥੇ ਤਾਂ। ਦੋ ਪਿੰਡ ਤਾਂ ਜੁੜੇ ਵੇ ਸੀ। ਮੈਂ ਕਹੀ ਮੰਗਾ ਕੇ ਥੋੜ੍ਹੀ ਜਿਹੀ ਥਾਂ ਪੁੱਟ ਕੇ ਮਿੱਟੀ ਪੋਲੀ ਕਰਾ ਲਈ। ਵਾਰੋ-ਵਾਰੀ ਕੱਲਾ-ਕੱਲਾ ਬੰਦਾ ਮਿੱਟੀ ’ਤੋਂ ਦੀ ਲੰਘਣ ਲੱਗਾ। ਆਪਣੀ ਕੁੜੀ ਦੇ ਪ੍ਰਾਹੁਣੇ ਹੱਥੀਂ ਝਾੜੂ ਫੜਿਆ ਵਿਐ ਸੀ। ਜਦੋਂ ਕੋਈ ਬੰਦਾ ਲੰਘਜੇ, ਮੈਂ ਪੈੜ ਧਿਆਨ ਨਾਲ ਦੇਖਾਂ। ਮੇਰੇ ਨਾਂਹ ਵਿਚ ਸਿਰ ਫੇਰਦਿਆਂ ਹੀ ਪ੍ਰਾਹੁਣਾ ਪੈੜ੍ਹ ਸਾਫ਼ ਕਰ ਦੇਵੇ। ਲਉ ਜੀ, ਇਕ-ਇਕ ਕਰਕੇ ਸਾਰਾ ਪਿੰਡ ਲੰਘ ਗਿਆ। ਕੱਠ `ਚੋਂ ਆਵਾਜਾਂ ਵੀ ਆਈ ਜਾਣ ਅਖੇ ਆਤੂਆ, ਕਿਉਂ ਭਕਾਈ ਕਰਾਉਨਾ ਪਿੰਡ ਆਲਿਆਂ ਦੀ, ਐਂਤਕੀ ਨੀ ਚੱਲਣੀ ਤੇਰੀ ਕਾਰਾਗਰੀ। ਪਰੇਸ਼ਾਨ ਮੈਂ ਵੀ ਸੀਗਾ। ਪਿਛੇ ਰਹਿ ਗਿਆ ਕੱਲ੍ਹਾ ਜੁਆਈ। ਉਹਦੇ ਬਾਰੇ ਕਿਸੇ ਪਿੰਡ ਆਲੇ ਨੂੰ ਚਿੱਤ ਚੇਤਾ ਈ ਨਾ। ਮੈਂ ਪ੍ਰਾਹੁਣੇ ਨੂੰ ਆਖਿਆ, “ਲਿਆ ਵਈ ਜੁਆਨਾ, ਝਾੜੂ ਫੜਾ ਮੈਨੂੰ ਤੇ ਲੰਘ ਤੂੰ ਵੀ ਭਉਜਲ। ਲਉ ਜੀ ਪ੍ਰਾਹੁਣਾ ਪੋਲੇ ਪੋਲੇ ਪੈਰੀਂ ਲੰਘ ਗਿਆ। ਮੈਂ ਧਿਆਨ ਨਾਲ ਪੈੜ ਦੇਖੀ ਗਿਆ। ਮੇਰਾ ਸਿਰ ਚਕਰਾਉਣ ਲੱਗ ਪਿਆ। ਸਿਰ ਵਿਚ ਜਿਵੇਂ ਬੰਬ ਫਟਣ ਲੱਗੇ। ਮੈਂ ਸਿਰ ਫੜ ਕੇ ਬੈਠ ਗਿਆ। ਲੋਕ ਹੈਰਾਨ।”
“ਹੱਛਾ!” ਆਪ ਮੁਹਾਰੇ ਮੇਰੇ ਮੂੰਹੋਂ ਨਿਕਲ ਗਿਆ।
“ਡਮਾਕ ਕੁਛ ਦਾ ਕੁਛ ਸੋਚ ਗਿਆ। ਸੋਚਿਆ ਜੂੰ ਖਾਣੀਏਂ ਦੀ ਕਿਹੜਾ ਦਸਾਂ ਨੂੰਹਾਂ ਦੀ ਕਿਰਤ ਐ। ਇਹਨੇ ਵਿਚਾਰੇ ਗਰੀਬ ਗੁੱਦੜ ਨਾਲ ਗਰੀਬ ਮਾਰ ਕੀਤੀ ਐ। ਜੇ ਚੋਰੀ ਨਾ ਵੀ ਫੜੀ ਗਈ ਕਿਹੜਾ ਸਾਲੇ ਜੂੰ ਖਾਣੇ ਨੌਹਰੀਏ ਦੀ ਕੋਈ ਗੁੱਠ ਲਿਸੀ ਪੈਜੂ। ਮਛਟਰਾ! ਵਿਧਵਾ ਹੋ ਕੇ ਘਰੇ ਬੈਠੀ ਧੀ ਮੇਰੀਆਂ ਅੱਖਾਂ ਅੱਗੇ ਆ ਖੜੋਤੀ। ਵਾਰ-ਵਾਰ ਡਮਾਕ ‘ਚ ਏਹੀ ਆਈ ਜਾਵੇ ਵਈ ਇਕ ਤਾਂ ਵਿਧਵਾ ਹੋ ਕੇ ਆਈ ਆ, ਦੂਜੀ ਨੂੰ ਕਿਉਂ ਬਹਾਵਾਂ। ਕਤਲ ਡਾਕੇ ਦੇ ਕੇਸ ’ਚ ਪ੍ਰਾਹੁਣਾ ਫਾਹੇ ਲੱਗੂ, ਨਹੀਂ ਵੀਹ ਸਾਲੀ ਤਾਂ ਬੱਝੂ ਈ ਬੱਝੂ । ਮੈਂ ਨਾਂਹ ਵਿਚ ਸਿਰ ਮਾਰਨ ਦਾ ਫ਼ੈਸਲਾ ਕੀਤਾ ਪਰ ਸਿਰ ਤਾਂ ਸੱਜੇ-ਖੱਬੇ ਹਿੱਲੇ ਈ ਨਾ। ਫੇਰ ਜਾਣੀਦਾ ਅੰਦਰੋਂ ਵਾਜ਼ ਆਈ, “ਆਤੂਆ ਏਹ ਕੋਈ ਧਰਮ ਨ੍ਹੀਂ। ਨਸਾਫ਼ ਨ੍ਹੀ। ਤੇਰੇ ਆਵਦੇ ਨਾਲ ਵੀ ਨਸਾਫ਼ ਨੀ, ਰੱਬ ਨਾਲ ਵੀ ਨਸਾਫ਼ ਨ੍ਹੀ। ਕੁਜ਼ਰਤ ਨੇ ਤੇਰੇ ਹੱਥ ਨਸਾਫ਼ ਦੀ ਤੱਕੜੀ ਦਿੱਤੀ… ਸੱਚੋ-ਸੱਚ ਤੋਲ।’ ਫੇਰ ਮਛਟਰਾ…!” ਆਤੂ ਦੀ ਆਵਾਜ਼ ਭਾਰੀ ਹੋਣ ਲੱਗੀ। ਉਹਦਾ ਗੱਚ ਭਰ ਆਇਆ ਸੀ। ਉਹਨੇ ਨੱਕ ’ਚ ਵਗ ਆਏ ਪਾਣੀ ਨੂੰ ਸਾਫ਼ ਕੀਤਾ ਤੇ ਬੋਲਿਆ, “ਲਉ ਫੜ੍ਹੋ ਐਹ ਜੇ ਥੋਡਾ ਚੋਰ।” ਮਛਟਰਾ! ਮੈਂ ਪ੍ਰਾਹੁਣੇ ਨੂੰ ਗਲ੍ਹਮਿਓਂ ਫੜ੍ਹ ਕੇ ਨੌਹਰੀਏ ਵੱਲ ਧੱਕ ਦਿੱਤਾ ਤੇ ਵਾਹੋ-ਦਾਹੀ ਪਿੰਡ ਵੱਲ ਨੂੰ ਭੱਜ ਪਿਆ।
ਮੈਂ ਆਤੂ ਦੀ ਗੱਲ ਦਾ ਕੋਈ ਹੁੰਗਾਰਾ ਨਾ ਭਰ ਸਕਿਆ। ਮੇਰੇ ਤਾਂ ਦੰਦ ਹੀ ਜੁੜ ਗਏ ਸਨ। ਮੈਨੂੰ ਮਹਿਸੂਸ ਹੋਇਆ ਜਿਵੇਂ ਹਵਾ ਵੀ ਆਤੂ ਦੇ ਨਾਲ ਨਾਲ ਹੀ ਹੁਬਕੀਂ-ਹੁਬਕੀਂ ਰੋਣ ਲੱਗੀ ਸੀ। ਕਿੰਨਾ ਚਿਰ ਚੁੱਪ ਛਾਈ ਰਹੀ।
“ਮਛਟਰਾ! ਪ੍ਰਾਹੁਣੇ ਕੋਲੋਂ ਚੋਰੀ ਬਰਾਮਦ ਹੋਗੀ। ਕਤਲ ਪੈ ਗਿਆ। ਮੈਂ ‘ਦਾਲਤਾਂ ਦੇ ਚੱਕਰ ਕੱਟੇ। ਪੈਰਵਾਈ ਕੀਤੀ। ਏਹ ਵੀ ਮੇਰਾ ਧਰਮ ਸੀ। ਜੁਆਈ ਸੀ, ਕਰਨੀਓਂ ਸੀ। ਪਰ … ਹੋਣੀਹਾਰ। ਦੂਜੀ ਕੁੜੀ ਵੀ ਸਿਰੋਂ ਨੰਗੀ ਹੋ ਕੇ ਪਿਉ ਦੇ ਬੂਹੇ ਆ ਬੈਠੀ। ਮੇਰਾ ਬੁਢਾਪਾ ਰੁਲ ਗਿਆ।” ਆਤੂ ਨੇ ਲੰਬਾ ਸਾਹ ਲਿਆ।
ਮੈਂ ਆਤੂ ਨਾਲ ਅੱਖਾਂ ਨਾ ਮਿਲਾ ਸਕਿਆ। ਉਸ ਕੋਲੋਂ ਦੂਰ ਜਾ ਕੇ ਅੱਖਾਂ ‘ਚ ਸਿੰਮ ਆਇਆ ਪਾਣੀ ਸਾਫ਼ ਕੀਤਾ। ਵਗਦੀ ਆੜ ‘ਚੋਂ ਪਾਣੀ ਦੇ ਛਿੱਟੇ ਅੱਖਾਂ ’ਤੇ ਮਾਰੇ। ਕਿੰਨਾ ਚਿਰ ਆਵਾਗੌਣ ਹੀ ਵੱਟਾਂ ’ਤੇ ਫਿਰਦਾ ਰਿਹਾ। ਇਕ ਹਲਚਲ ਜਿਹੀ ਮੇਰੇ ਦਿਮਾਗ ਵਿੱਚ ਮੱਚ ਗਈ ਸੀ। ਮਾਸਟਰ ਮੱਖਣ ਸਿੰਘ ਮਾਨ ਮੇਰਾ ਜ਼ਿਹਨ ਮੱਲ ਖੜ੍ਹੋਤਾ ਸੀ। ਇਸ ਸਾਲ ਅਧਿਆਪਕ ਦਿਵਸ ’ਤੇ ਸਿੱਖਿਆ ਮੰਤਰੀ ਨੇ ਉਸ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਸੀ। ਅੱਜਕੱਲ੍ਹ ਉਹ ਆਪਣੇ ਨਾਂ ਨਾਲ ਸਟੇਟ ਐਵਾਰਡੀ ਲਿਖਣ ਲੱਗਿਆ ਸੀ। ਉਸਦੇ ਬਾਰੇ ਲੇਖ ਵੀ ਅਖ਼ਬਾਰਾਂ ਵਿਚ ਛਪੇ ਸਨ।
“ਤਾਇਆ! ਤੂੰ ਪ੍ਰਾਹੁਣੇ ਨੂੰ ਬਚਾਅ ਸਕਦਾ ਸੀ ਨਾ ? ਕੀ ਲੋੜ ਸੀ ਤੈਨੂੰ ਚੋਰੀ ਫੜਾਉਣ ਦੀ ? ਠੀਕ ਕੀਤੈ ਸੀ ਤੂੰ ?”
“ਮਛਟਰਾ! ਆਵਦੇ ਜਾਣੀ ਤਾਂ ਠੀਕ ਕੀਤਾ ਸੀ। ਬਾਕੀ ਤੂੰ ਜ਼ਿਆਦਾ ਸਿਆਣੈ। ਤੂੰ ਦ