Mansa_04 Jan_Nanak singh khurmi
20 ਪੰਜਾਬ ਬਟਾਲੀਅਨ ਦੀ ਤਰਫੋਂ ਐਨ.ਸੀ.ਸੀ. ਦੇ ਏ.ਟੀ.ਸੀ.ਕੈਂਪ 100 ਅਧੀਨ 10 ਰੋਜ਼ਾ ਸਿਖਲਾਈ ਕੈਂਪ 25 ਦਸੰਬਰ 2024 ਤੋਂ 3 ਜਨਵਰੀ 2025 ਤੱਕ ਜਵਾਹਰ ਨਵੋਦਿਆ ਸਕੂਲ ਬੜਿੰਗ ਖੇੜਾ ਵਿਖੇ ਲਗਾਇਆ ਗਿਆ ਜਿਸ ਵਿੱਚ ਡੀ.ਏ.ਵੀ ਸਕੂਲ ਮਾਨਸਾ ਦੇ 22 ਕੈਡਿਟਾਂ ਨੇ ਭਾਗ ਲਿਆ। ਇਨ੍ਹਾਂ 22 ਕੈਡਿਟਾਂ ਵਿੱਚ 15 ਮੁੰਡੇ ਅਤੇ 7 ਕੁੜੀਆਂ ਸ਼ਾਮਲ ਸਨ। ਇਸ ਕੈਂਪ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਡਰਿੱਲ, ਲਾਈਨ ਏਰੀਆ, ਵਾਲੀਬਾਲ, ਖੋ-ਖੋ, ਟੈਗੋ ਵਾਰ, ਸਵੇਰ ਦੀ ਸਰੀਰਕ ਗਤੀਵਿਧੀਆਂ ਅਤੇ ਕੁਇਜ਼ ਮੁਕਾਬਲਿਆਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਸਿਖਲਾਈ ਕੈਂਪ ਵਿੱਚ 23 ਵੱਖ-ਵੱਖ ਸਕੂਲਾਂ ਅਤੇ 7 ਕਾਲਜਾਂ ਨੇ ਭਾਗ ਲਿਆ, ਜਿਸ ਵਿੱਚ ਡੀ.ਏ.ਵੀ ਸਕੂਲ, ਮਾਨਸਾ ਦੀਆਂ ਵਿਦਿਆਰਥਣਾਂ ਨੇ ਕਈ ਤਰ੍ਹਾਂ ਦੀਆਂ ਸੱਭਿਆਚਾਰਕ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪਹਿਲੇ ਸਥਾਨ ’ਤੇ ਰਹੀਆਂ, ਜਿਸ ਲਈ ਉਨ੍ਹਾਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਸ਼ਾਨਦਾਰ ਪ੍ਰਾਪਤੀ ‘ਤੇ ਸਕੂਲ ਦੇ ਸੀ.ਟੀ.ਓ ਹਰਮਨਦੀਪ ਸਿੰਘ, ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਪਿ੍ੰਸੀਪਲ ਸ੍ਰੀ ਵਿਨੋਦ ਰਾਣਾ ਨੇ ਕਿਹਾ ਕਿ ਇਸ 10 ਰੋਜ਼ਾ ਸਿਖਲਾਈ ਕੈਂਪ ਦਾ ਮੁੱਖ ਮੰਤਵ ਚਰਿੱਤਰ ਨਿਰਮਾਣ, ਅਨੁਸ਼ਾਸਨ, ਧਰਮ ਨਿਰਪੱਖ ਨਜ਼ਰੀਆ, ਹਿੰਮਤ ਦੀ ਭਾਵਨਾ, ਵਿਕਾਸ ਕਰਨਾ ਹੈ। ਉਦੇਸ਼ ਜੀਵਨ ਦੇ ਸਾਰੇ ਖੇਤਰਾਂ ਵਿੱਚ ਅਗਵਾਈ ਗੁਣਾਂ ਵਾਲੇ ਸੰਗਠਿਤ, ਸਿਖਿਅਤ ਅਤੇ ਪ੍ਰੇਰਿਤ ਵਿਦਿਆਰਥੀਆਂ ਦਾ ਇੱਕ ਪੂਲ ਬਣਾਉਣਾ ਹੈ, ਜੋ ਕਿ ਨਿਰਸਵਾਰਥ ਸੇਵਾ ਦੇ ਆਦਰਸ਼ਾਂ ਨੂੰ ਵਿਕਸਤ ਕਰਨ ਦੇ ਨਾਲ-ਨਾਲ ਦੇਸ਼ ਦੀ ਸੇਵਾ ਕਰਨਗੇ, ਭਾਵੇਂ ਉਹ ਕੋਈ ਵੀ ਕਰੀਅਰ ਚੁਣਦੇ ਹਨ।