ਚੰਡੀਗੜ੍ਹ 28 ਦਸੰਬਰ (ਨਾਨਕ ਸਿੰਘ ਖੁਰਮੀ)
ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬੀ ਲੇਖਕ ਸਭਾ, ਚੰਡੀਗੜ੍ਹ, ਸਾਹਿਤ ਵਿਗਿਆਨ ਕੇਂਦਰ, ਚੰਡੀਗ੍ਹੜ, ਬੇਗਮ ਇਕਬਾਲ ਬਾਨੋ, ਫਾਊਂਡੇਸ਼ਨ, ਚੰਡੀਗੜ੍ਹ ਦੇ ਸਹਿਯੋਗ ਨਾਲ “ਕਵਿਤਾ” ਦੇ ਤਹਿਤ “ਕਵਿਤਾ ਵਰਕਸ਼ਾਪ ” ਵਿਚ ਅੱਜ ਦੂਜੇ ਦਿਨ ਸਭ ਤੋਂ ਪਹਿਲਾਂ ਕਵੀਆਂ; ਦੀਪਇੰਦਰ, ਗੁਰਿੰਦਰ ਕਲਸੀ, ਹਰਵਿੰਦਰ ਸਿੰਘ, ਧਰਮਿੰਦਰ ਸੇਖੋਂ, ਪਾਲ ਅਜਨਬੀ, ਦੀਪਕ ਚਨਾਰਥਲ, ਰੇਖਾ ਮਿੱਤਲ, ਸੁਭਾਸ਼ ਭਾਸਕਰ, ਹਰਿੰਦਰ ਫਰਾਕ,ਕੇਵਲਜੀਤ ਸਿੰਘ,ਪਲਵੀ ਰਾਮਪਾਲ, ਸੰਦੀਪ ਸਿੰਘ ਨੇ ਆਪਣੀਆਂ ਕਵਿਤਾਵਾਂ ਪੜ੍ਹੀਆਂ। ਇਸ ਤੋਂ ਬਾਅਦ ਅੱਜ ਦਾ ਮੁੱਖ ਸੁਰ ਭਾਸ਼ਨ ਦਿੰਦੇ ਹੋਏ ਉੱਘੇ ਕਵੀ, ਨਾਵਲਕਾਰ ਡਾ. ਮਨਮੋਹਨ ਨੇ ਕਿਹਾ ਕਿ ਕਵਿਤਾ ਵਿਚ ਸ਼ਾਊਰ, ਭਾਸ਼ਾ, ਅਨੁਭਵ ਦਾ ਸੁਮੇਲ ਹੋਣਾ ਚਾਹੀਦਾ; ਕਵਿਤਾ ਵਿਚ ਸਾਨੂੰ ਸਾਡੀਆਂ ਭਾਵਨਾਵਾਂ ਸ਼ੁੱਧ ਰੂਪ ਵਿਚ ਮਿਲਦੀਆਂ ਨੇ। ਉਹਨਾਂ ਅੱਗੇ ਜੋੜਿਆ ਕਿ ਸਿਰਜਣ ਪ੍ਰਕ੍ਰਿਆ ਇਕੱਲੇਪਣ ਤੋਂ ਸ਼ੁਰੂ ਹੁੰਦੀ ਤੇ ਇਕੱਲੇਪਣ ‘ਤੇ ਹੀ ਖ਼ਤਮ ਹੁੰਦੀ ਹੈ। ਇਸ ਤੋਂ ਬਾਅਦ ਖੋਜਾਰਥੀ ਡਾ. ਗੁਰਦੇਵ ਨੇ ਕਵਿਤਾ, ਕਵੀ ਤੇ ਭਾਸ਼ਾ ‘ਤੇ ਕਈ ਸ਼ੰਕੇ ਖੜ੍ਹੇ ਕੀਤੇ। ਇਸ ਉਪਰੰਤ ਸ਼ਾਇਰਾ ਤੇ ਖੋਜਾਰਥੀ ਜਸ਼ਨਪ੍ਰੀਤ ਨੇ ਕਵੀ ਤੇ ਸਾਧਾਰਨ ਲੋਕਾਂ ਦੇ ਕਾਰ ਵਿਹਾਰ ‘ਤੇ ਸੁਆਲ ਖੜ੍ਹ ਕਰਦੇ ਹੋਏ ਕਿਹਾ ਕਿ ਵਰਕਸ਼ਾਪ ਵਿਚ ਆਜਿਹੇ ਮਸਲਿਆਂ ‘ਤੇ ਵੀ ਗੱਲ ਹੋਣੀ ਚਾਹੀਦੀ ਹੈ; ਉਹਨਾਂ ਨੇ ਆਪਣੀ ਕਵਿਤਾ ਵੀ ਸਾਂਝੀ ਕੀਤੀ। ਸਮਾਗਮ ਦੇ ਅਗਲੇ ਤੇ ਆਖ਼ਰੀ ਦੌਰ ਵਿਚ ਅੱਜ ਦੇ ਸਮਾਗਮ ਦੇ ਵਿਸ਼ੇਸ਼ ਸ਼ਾਇਰ ਗੁਰਪ੍ਰੀਤ ਨੇ ਕਿਹਾ ਕਿ ਉਹ ਲਿਖਣ ਲਈ ਪੰਜ-ਸੱਤ ਡਾਇਰੀਆਂ ਲਗਾ ਕੇ ਰੱਖਦੇ ਨੇ ਜਿਨ੍ਹਾਂ ਵਿਚ ਕਦੇ ਕਦੇ ਲੈਣ-ਦੇਣ ਦਾ ਹਿਸਾਬ ਵੀ ਸਾਹਮਣੇ ਆ ਜਾਂਦਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਕਵਿਤਾ ਸਾਰਾ ਤੇਹ ਦਾ ਮਸਲਾ ਹੈ, ਇਹਦੇ ਨਾਲ ਹੀ ਸਾਰਾ ਕੁਝ ਬਣਦਾ ਢਹਿੰਦਾ ਹੈ। ਉਹਨਾਂ ਨੇ,ਬਚਪਨ ਦੇ ਚਾਅ, ਭੂਮਿਕਾ, ਗਾਲ੍ਹ ਕਵਿਤਾਵਾਂ ਵੀ ਸੁਣਾਈਆਂ, ਜੋ ਸਰੋਤਿਆਂ ਵੱਲੋਂ ਸਲਾਹੀਆਂ ਗਈਆਂ। ਡਾ. ਅਮਰਜੀਤ ਸਿੰਘ, ਸਕੱਤਰ ਸਾਹਿਤ ਅਕਾਦਮੀ ਨੇ ਸਾਰੇ ਆਏ ਮਹਿਮਾਨਾਂ ਦ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਸ਼ਾਇਰ ਤੇ ਵਰਕਸ਼ਾਪ ਕੌਆਰਡੀਨੇਟਰ ਜਗਦੀਪ ਸਿੱਧੂ ਨੇ ਨਿਭਾਈ। ਇਸ ਸਮਾਗਮ ਵਿਚ ਡਾ. ਸੁਰਿੰਦਰ ਗਿੱਲ, ਸਿਮਰਨਜੀਤ ਗਰੇਵਾਲ, ਪ੍ਰੀਤਮ ਰੁਪਾਲ, ਪ੍ਰੋ ਦਿਲਬਾਗ, ਧਿਆਨ ਸਿੰਘ ਕਾਹਲੋਂ, ਵਰਿੰਦਰ ਸਿੰਘ, ਸੰਤੰਸ਼,ਪਰਮਜੀਤ ਮਾਨ ਸ਼ਾਇਰ ਭੱਟੀ, ਬਲਕਾਰ ਸਿੱਧੂ, ਭੁਪਿੰਦਰ ਮਲਿਕ, ਗੁਰਮਿੰਦਰ ਸਿੱਧੂ, ਡਾ. ਬਲਦੇਵ ਖਹਿਰਾ, ਬਲਵਿੰਦਰ ਢਿੱਲੋਂ, ਦਰਸ਼ਨ ਸਿੱਧੂ, ਲਾਭ ਸਿੰਘ ਲਹਿਲੀ,ਪਵਨਦੀਪ ਚੌਹਾਨ,ਆਦਿ ਨੇ ਸ਼ਮੂਲੀਅਤ ਕੀਤੀ।