ਮਾਨਸਾ 28ਦਸੰਬਰ (ਨਾਨਕ ਸਿੰਘ ਖੁਰਮੀ ) ਮੈਡੀਕਲ ਪ੍ਰੈਕਟੀਸ਼ਨਰਜ਼ ਅਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਦੀ ਅਗਵਾਈ ਹੇਠ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਕਾਫ਼ਲਾ ਖਨੌਰੀ ਬਾਰਡਰ ‘ਤੇ ਕਿਸਾਨੀ ਮੰਗਾਂ ਨੂੰ ਲੈ ਕੇ ਪਿਛਲੇ 29 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਬਜ਼ੁਰਗ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਿਆ ਅਤੇ ਉਨ੍ਹਾਂ ਦੀ ਲੰਬੀ ਉਮਰ ਅਤੇ ਸਿਹਤਯਾਬੀ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਸਭ ਤੋਂ ਵੱਡੇ
ਜਮਹੂਰੀਅਤ ਪਸੰਦ ਦੇਸ਼ ‘ਚ ਅੰਨਦਾਤਾ ਕਹਾਉਣ ਵਾਲੇ ਕਿਸਾਨਾਂ ਨੂੰ ਆਪਣੀਆਂ ਜਾਇਜ਼ ਮੰਗਾਂ ਲਈ ਮਰਨ ਵਰਤ ਤੇ ਬੈਠਣਾ ਅਤੇ ਭਾਰਤ ਸਰਕਾਰ ਵੱਲੋਂ ਲਗਾਤਾਰ 10ਮਹੀਨਿਆਂ ਤੋਂ ਮੰਗਾਂ ਨੂੰ ਅੱਖੋ ਪਰੋਖੇ ਕਰਨਾ ਅਤੇ ਇਸ ਦੇ ਉਲਟ ਸੰਘਰਸ਼ ਕਰ ਰਹੇ ਕਿਸਾਨਾਂ ਉੱਪਰ ਅੱਥਰੂ ਗੈਸ ਦੇ ਗੋਲੇ ਸੁੱਟਣਾ ਅਤੇ ਲਾਠੀਚਾਰਜ ਕਰਕੇ ਕਿਸਾਨ ਮੋਰਚੇ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਦੇਸ਼ ਦੀ ਜਮਹੂਰੀਅਤ ‘ਤੇ ਕਾਲ਼ਾ ਧੱਬਾ ਹਨ । ਹਾਜ਼ਰੀਨ ਨੂੰ ਸੰਬੋਧਨ ਕਰਦਿਆ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਦੀ ਸਖ਼ਤ ਸਬਦਾਂ ਵਿੱਚ ਨਿੰਦਾ ਕੀਤੀ ਅਤੇ ਕਿਹਾ ਕਿ ਇੱਕ ਪਾਸੇ ਕੇਂਦਰ ਦੀ ਮੋਦੀ ਸਰਕਾਰ 2020/21ਵਿੱਚ ਕਿਸਾਨ ਅੰਦੋਲਨ ਦੀ ਸਮਾਪਤੀ ਸਮੇਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਲਿਖਤੀ ਵਾਅਦਾ ਕਰਕੇ, ਰਹਿੰਦੀਆਂ ਮੰਗਾਂ ਨੂੰ ਲਾਗੂ ਕਰਨ ਲਈ ਐਲਾਨ ਕਰ ਚੁੱਕੀ ਹੈ। ਪਰ ਦੂਜੇ ਪਾਸੇ ਚੋਰ ਮੇਰੀਆਂ ਰਾਹੀਂ ਲੋਕ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਨੂੰ ਮੁੜ ਲਾਗੂ ਕਰਨ ਲਈ ਤਰਲੋਮੱਛੀ ਹੋ ਰਹੀ ਹੈ ਅਤੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ। ਜਿਸਨੂੰ ਪੰਜਾਬ ਦੇ ਇਨਸਾਫ਼ ਪਸੰਦ ਲੋਕ ਕਦਾਚਿੱਤ ਬਰਦਾਸ਼ਤ ਨਹੀਂ ਕਰਨਗੇ। ਗੋਇਲ ਨੇ ਕਿਹਾ ਕਿ ਐਸੋਸੀਏਸ਼ਨ ਪਿਛਲੇ ਲੰਮੇ ਸਮੇਂ ਤੋਂ ਵੱਖ ਵੱਖ ਜਥੇਬੰਦੀਆਂ ਵੱਲੋਂ ਵਿੱਢੇ ਲੋਕ ਪੱਖੀ ਸੰਘਰਸ਼ਾਂ ‘ਚ ਸਮੂਲੀਅਤ ਕਰਦੀ ਆ ਰਹੀ ਹੈ। ਦਿੱਲੀ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿੱਢੇ ਸੰਘਰਸ਼ ਵਿੱਚ ਲਗਾਤਾਰ ਮੁਫ਼ਤ ਮੁੱਢਲੀਆਂ ਸਿਹਤ ਸੇਵਾਵਾਂ ਪੰਜਾਬ ਤੋਂ ਲੈਕੇ ਦਿੱਲੀ ਦੀਆਂ ਬਰੂਹਾਂ ਤੱਕ ਚੱਲੇ ਸੰਘਰਸ਼ ਵਿੱਚ ਆਪਣੇ ਵਿੱਤ ਮੁਤਾਬਿਕ ਯੋਗਦਾਨ ਪਾਇਆ ਹੈ। ਸੰਭੂ ਬਾਰਡਰ ਅਤੇ ਖਨੌਰੀ ਬਾਰਡਰ ‘ਤੇ ਚੱਲ ਰਹੇ ਲਗਾਤਾਰ ਕਿਸਾਨ ਸੰਘਰਸ਼ ਦਰਮਿਆਨ ਵੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸ਼ੀਏਸ਼ਨ ਵੱਲੋਂ ਮੁੱਢਲੀਆਂ ਸਿਹਤ ਸੇਵਾਵਾਂ ਬਾਦਸਤੂਰ ਜਾਰੀ ਹਨ ਅਤੇ ਰਹਿਣਗੀਆ। ਉਨ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਦੇ ਪੰਜਾਬ ਬੰਦ ਦੀ ਹਮਾਇਤ ਦੇ ਸਮਰਥਨ ਦਾ ਐਲਾਨ ਵੀ ਕੀਤਾ। ਇਸ ਸਮੇਂ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਡਾ ਸੱਤ ਪਾਲ ਰਿਸ਼ੀ , ਬਠਿੰਡਾ ਬਲਾਕ 2 ਦੇ ਪ੍ਰਧਾਨ ਡਾ ਰੇਸ਼ਮ ਸਿੰਘ ਸੰਧੂ, ਬਲਾਕ ਲਹਿਰਾਗਾਗਾ ਦੇ ਪ੍ਰਧਾਨ ਡਾ ਦਰਸ਼ਨ ਸਿੰਘ ਬੁਰਜ਼ ਜਵਾਹਰ ਵਾਲਾ, ਕੈਸ਼ੀਅਰ ਡਾ ਰਾਜ ਕੁਮਾਰ, ਡਾ ਦਲੇਲ ਸਿੰਘ, ਡਾ ਸਤਵੰਤ ਸਿੰਘ, ਡਾ ਪਾਲ ਸਿੰਘ ਧਲੇਵਾਂ ਅਤੇ ਡਾ ਕਲੇਰ ਸਮੇਤ ਵੱਡੀ ਗਿਣਤੀ ਵਿਚ ਸਾਥੀ ਹਾਜ਼ਰ ਸਨ ।
ਮੈਡੀਕਲ ਪ੍ਰੈਕਟੀਸ਼ਨਰਾਂ ਦਾ ਕਾਫ਼ਲਾ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ ਦੀ ਅਗਵਾਈ ‘ਚ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਿਆ

Leave a comment