ਵਿਧਾਇਕ ਬਲਕਾਰ ਸਿੱਧੂ ਵੱਲੋਂ ਸਕੂਲ ਪ੍ਰਬੰਧਕਾਂ ਦੀ ਸ਼ਲਾਘਾ
ਭਗਤਾ ਭਾਈ, 18 ਦਸੰਬਰ (ਰਾਜਿੰਦਰ ਸਿੰਘ ਮਰਾਹੜ)-ਦਿ ਆਕਸਫੋਰਡ ਸਕੂਲ ਆਫ਼ ਐਜ਼ੁਕੇਸ਼ਨ ਭਗਤਾ ਭਾਈ ਵਿਖੇ ਸਲਾਨਾ ਇਨਾਮ ਵੰਡ ਅਤੇ ਦੋ ਰੋਜਾ ਸੱਭਿਆਚਾਰਕ ਪ੍ਰੋਗਰਾਮ ‘ਸਕੰਲਪ’ ਦਾ ਪਹਿਲਾ ਦਿਨ ਯਾਦਗਾਰੀ ਹੋ ਨਿੱਬੜਿਆ। ਸਮਾਗਮ ਦੇ ਪਹਿਲੇ ਦਿਨ ਦੇ ਮੁੱਖ ਮਹਿਮਾਨ ਬਲਕਾਰ ਸਿੰਘ ਸਿੱਧੂ ਵਿਧਾਇਕ ਹਲਕਾ ਰਾਮਪੁਰਾ ਫੂਲ ਸਨ।
ਸਕੂਲ ਦੇ ਵਿਦਿਆਰਥੀਆਂ ਨੇ ਸਵਾਗਤਮ ਗੀਤ ਰਾਹੀਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਰੋਹ ਦਾ ਆਰੰਭ ਰਸਭਿੰਨੇ ਸ਼ਬਦ ‘ਮੋਹੈ ਨਾ ਬਿਸਾਰੋ ਮੈਂ ਜਨ ਤੇਰਾ’ ਨਾਲ ਹੋਇਆ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਮਾਪਿਆਂ ਦਾ ਸਵਾਗਤ ਕਰਦੇ ਹੋਏ ਸਕੂਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਸਮੁੱਚੀਆਂ ਸਫ਼ਲਤਾਵਾਂ ਨੂੰ ਇੱਕ ਸਲਾਈਡ ਸ਼ੋਅ ਰਾਹੀਂ ਪੇਸ਼ ਕੀਤਾ। ਗਨੇਸ਼ ਵੰਦਨਾ ਨਾਲ ਗੈ੍ਰਂਡ ੳਪਨਿੰਗ ਕਰਦੇ ਹੋਏ ਕਮੇਡੀ ਡਾਂਸ, ਜਿੰਨ ਐਂਡ ਜੈਨੀ, ਡਿਜ਼ੀਟਲ ਇਡੈਕਸ਼ਨ, ਬਾਲੀਵੁੱਡ ਬੈਟਲ, ਜੈ ਜਵਾਨ-ਜੈ ਕਿਸਾਨ ਆਦਿ ਮੰਨੋਰੰਜਨ ਭਰਪੂਰ ਆਈਟਮਾਂ ਪੇਸ਼ ਕੀਤੀਆਂ ਗਈਆਂ। ਚੰਦਰਯਾਨ ਅਤੇ ‘ਟ੍ਰਿਬਿਊਟ ਆਫ਼ ਪੰਜਾਬ’ ਵੀ ਵਿਸ਼ੇਸ਼ ਖਿੱਚ ਦਾ ਕਾਰਨ ਬਣੇ।ਆਕਸਫੋਰਡ ਸਕੂਲ ਦੇ ਨੰਨੇ ਭੁਝੰਗੀਆਂ ਨੇ ਗਤਕੇ ਵਿੱਚ ਅਜਿਹੇ ਜ਼ੌਹਰ ਦਿਖਾਏ ਕਿ ਸਾਰਾ ਪੰਡਾਲ ਅਸ਼-ਅਸ਼ ਕਰ ਉੱਠਿਆ। ਨੰਨ੍ਹੇ ਬੱਚਿਆਂ ਦੀ ‘ਸਪੋਰਟਸ ਥੀਮ’ ਵੀ ਕਾਬਿਲੇ-ਤਾਰੀਫ਼ ਸੀ।ਭਾਰਤ ਦੀ ਵਿਲੱਖਣਤਾ ਨੂੰ ਪੇਸ਼ ਕਰਦੀ ਆਈਟਮ ‘ਸੰਸਕ੍ਰਿਤੀ ਕਾ ਸੰਗਮ’ ਬੇਹੱਦ ਸਲਾਹੁਣਯੋਗ ਸਨ।ਪਹਿਲੇ ਦਿਨ ਦੇ ਇਸ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਸਾਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ ਜਦੋਂ ਮਲਵਈ ਗਿੱਧੇ ਵਾਲੇ ਗੱਭਰੂ ਪਿੜ ਵਿੱਚ ਉੱਤਰੇ। ਇਹ ਸੱਭਿਆਚਾਰਕ ਪ੍ਰੋਗਰਾਮ ਉਦੋਂ ਸਿਖਰ ਤੇ ਪਹੁੰਚ ਗਿਆ ਜਦੋਂ ਆਕਸਫੋਰਡ ਦੀਆਂ ਮੁਟਿਆਰਾਂ ਨੇ ਪੰਜਾਬ ਦੇ ਲੋਕ ਨਾਚਾਂ ਨੂੰ ਦਿਲ ਖਿੱਚਵੇਂ ਅੰਦਾਜ਼ ਵਿੱਚ ਪੇਸ਼ ਕੀਤਾ, ਇਸ ਵਿੱਚ ਨੰਨ੍ਹੇ-ਮੁੰਨੇ ਬੱਚਿਆਂ ਨੇ ਵੀ ਆਪਣਾ ਲੋਹਾ ਮਨਵਾਇਆ। ਰਾਸ਼ਟਰੀ ਗੀਤ ਨਾਲ ਪਹਿਲੇ ਦਿਨ ਦਾ ਇਹ ਰੰਗਾ-ਰੰਗ ਪ੍ਰੋਗਰਾਮ ਆਪਣੇ ਅੰਤਿਮ ਪੜਾਅ ਵਿੱਚ ਦਾਖਲ ਹੋਇਆ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਆਕਸਫ਼ੋਰਡ ਸਕੂਲ ਵੱਲੋਂ ਪੇਂਡੂ ਖੇਤਰ ‘ਚ ਵਿਦਿਆ ਦੇ ਪਸਾਰ ਲਈ ਕੀਤੇ ਜਾ ਵੱਡੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸਕੂਲ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਡਰਾਈਵਰਾਂ, ਕੰਡਕਟਰਾਂ ਤੇ ਬੀਬੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ), ਸਿਕੰਦਰ ਸਿੰਘ ਬਰਾੜ ਭਗਤਾ ਭਾਈ, ਸਾਬਕਾ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਸਕੂਲ ਸਟਾਫ, ਬੱਚਿਆਂ ਦੇ ਮਾਪੇ ਹਾਜ਼ਰ ਸਨ।
ਕੈਪਸ਼ਨ: ਆਕਸਫੋਰਡ ਸਕੂਲ ਵਿੱਚ ਹੋਏ ਸਮਾਗਮ ਦੀਆਂ ਝਲਕਾਂ।