ਨੰਬਰਦਾਰ ਦਰਸ਼ਨ ਸਿੰਘ ਤੇ ਯਾਦਵਿੰਦਰ ਸਿੰਘ ਖੋਖਰ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ
ਭਗਤਾ ਭਾਈ, 18 ਦਸੰਬਰ (ਰਾਜਿੰਦਰ ਸਿੰਘ ਮਰਾਹੜ)-ਸੰਨ 1971 ਦੀ ਭਾਰਤ-ਪਾਕਿ ਜੰਗ ਦੇ ਸ਼ਹੀਦ ਲੈਫ਼ਟੀਨੈਂਟ ਜਸਮੇਲ ਸਿੰਘ ਖੋਖਰ ਦੀ 53ਵੀਂ ਬਰਸੀ ਖੋਖਰ ਪਰਿਵਾਰ ਵੱਲੋਂ ਪਿੰਡ ਸਿਰੀਏਵਾਲਾ ਵਿਖੇ ਉਨ੍ਹਾਂ ਦੀ ਸ਼ਹੀਦੀ ਯਾਦਗਾਰ ‘ਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਸ੍ਰੀ ਸਾਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ। ਸ਼ਹੀਦ ਦੇ ਪੁਰਾਣੇ ਸਾਥੀਆਂ, ਪਿੰਡ ਦੇ ਪਤਵੰਤਿਆਂ ਤੇ ਇਕੱਤਰ ਸੰਗਤ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਨੰਬਰਦਾਰ ਦਰਸ਼ਨ ਸਿੰਘ ਸਿਰੀਏਵਾਲਾ ਨੇ ਸ਼ਹੀਦ ਖੋਖਰ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1971 ਦੀ ਜੰਗ ਦੌਰਾਨ ਉਹ ਬਹਾਦਰੀ ਦੇ ਜੌਹਰ ਦਿਖਾਉਂਦੇ ਹੋਏ ਖੁਲਨਾ ਸੈਕਟਰ (ਬੰਗਲਾ ਦੇਸ਼) ‘ਚ ਸ਼ਹੀਦ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਜਸਮੇਲ ਸਿੰਘ ਪਹਿਲੇ ਕੈਡਿਟ ਸਨ, ਜਿਨ੍ਹਾਂ ਨੇ ਕੈਡਿਟ ਸਾਰਜੈਂਟ ਐੱਨਸੀਸੀ (ਹਵਾਈ ਵਿੰਗ) ਤੇ ਪੁਸ਼ਪਕ ਜਹਾਜ਼ ਦੀ ਸੋਲੋ ਉਡਾਨ ਪੂਰੀ ਕੀਤੀ। ਇਸ ਯੋਗਤਾ ਦੇ ਆਧਾਰ ’ਤੇ ਹੀ ਉਨ੍ਹਾਂ ਨੂੰ ਪ੍ਰਾਈਵੇਟ ਪਾਇਲਟ ਲਾਇਸੈਂਸ ਮਿਲਿਆ। ਇਸ ਉਪਰੰਤ ਉਹ ਸੰਨ 1969 ਵਿਚ ਫ਼ੌਜ ’ਚ ਭਰਤੀ ਹੋ ਗਏ ਤੇ ਸੰਨ 1970 ਵਿਚ ਹੀ ਉਨ੍ਹਾਂ ਨੇ ਕਮਿਸਨਡ ਆਫ਼ੀਸਰ (ਸੈਕਿੰਡ ਲੈਫਟੀਨੈਂਟ) ਦਾ ਅਹੁਦਾ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਸਹੀਦ ਦੇ ਭਰਾਤਾ ਸੇਵਾ ਮੁਕਤ ਵਿੰਗ ਕਮਾਂਡਰ ਜਸਵੰਤ ਸਿੰਘ ਖੋਖਰ ਤੇ ਭਤੀਜੇ ਯਾਦਵਿੰਦਰ ਸਿੰਘ ਖੋਖਰ (ਏਸ਼ੀਆ ਰਿਕਾਰਡ ਹੋਲਡਰ) ਨੇ ਪਿੰਡ ਦੇ ਸਰਕਾਰੀ ਹਾਈ ਸਕੂਲ ‘ਚ ਕੈਂਪ ਲਗਾ ਕੇ ਫ਼ੌਜ ਦੀ ਭਰਤੀ ਤੇ ਯੂ.ਏ.ਵੀ. ਪਾਇਲਟ ਬਣਨ ਸਬੰਧੀ ਬੱਚਿਆਂ ਨੂੰ ਜਾਣਕਾਰੀ ਦਿੱਤੀ । ਸੁਖਚਰਨ ਸਿੰਘ ਨਿੱਕਾ ਬਰਾੜ ਨੇ ਪੈਰਾਗਲੈਡਰ ਰਾਹੀਂ ਸਮਾਗਮ ‘ਤੇ ਫੁੱਲਾਂ ਦੀ ਵਰਖਾ ਕੀਤੀ। ਪ੍ਰਬੰਧਕਾਂ ਵੱਲੋਂ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਏਸ਼ੀਆ ਰਿਕਾਰਡ ਹੋਲਡਰ ਯਾਦਵਿੰਦਰ ਸਿੰਘ ਖੋਖਰ ਸਿਰੀਏਵਾਲਾ ਨੇ ਸਕੂਲੀ ਬੱਚਿਆਂ ਨੂੰ ਆਪਣੇ ਹੱਥੀ ਬਣਾਏ ਹੋਏ ਏਅਰ ਮਾਡਲਿੰਗ ਤੇ ਡਰੋਨਾਂ ਦਾ ਸ਼ੋਅ ਵੀ ਦਿਖਾਇਆ। ਨੰਬਰਦਾਰ ਦਰਸ਼ਨ ਸਿੰਘ ਖੋਖਰ ਨੇ ਸਮਾਗਮ ਵਿੱਚ ਪਹੁੰਚੀਆਂ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਰਨਲ ਸਵਿੰਦਰ ਸਿੰਘ, ਜਗਤਾਰ ਸਿੰਘ ਖੋਖਰ, ਜਸ਼ਨਪ੍ਰੀਤ ਸਿੰਘ, ਨਵਦੀਪ ਸਿੰਘ, ਪ੍ਰਿੰਸੀਪਲ ਵਿਜੇ ਕੁਮਾਰ ਤੇ ਸਕੂਲ ਕਮੇਟੀ ਦੇ ਪ੍ਰਧਾਨ ਲਛਮਣ ਸਿੰਘ ਹਾਜ਼ਰ ਸਨ।
ਕੈਪਸ਼ਨ: ਬਰਸੀ ਸਮਾਗਮ ਦੀਆਂ ਝਲਕਾਂ।