ਬਰੇਟਾ , 2 ਦਸੰਬਰ
ਸਰਪੰਚਾਂ ਲਈ ਗ੍ਰਾਮ ਸਭਾਵਾਂ ਹਊਆ ਬਣਨ ਦੀ ਬਜਾਏ ਸਭ ਤੋਂ ਵੱਡੀ ਸਕਤੀ ਬਣ ਸਕਦੀਆਂ ਹਨ,ਲੋੜ ਕੇਵਲ ਸਹੀ ਗਿਆਨ ਪ੍ਰਾਪਤ ਕਰਕੇ ਆਪਣੇ ਹੱਕ ਅਤੇ ਫਰਜ਼ ਪਛਾਣਨ ਦੀ ਹੈ। ਜੇ ਸਰਪੰਚ ਆਪਣੇ ਆਪ ਨੂੰ ਕਿਸੇ ਧੜੇ ਜਾਂ ਪਾਰਟੀ ਦਾ ਸਰਪੰਚ ਸਮਝਣ ਦੀ ਬਜਾਏ,ਆਪਣੇ ਕੰਮ ਅਤੇ ਵਿਵਹਾਰ ਨਾਲ ਸਾਰੇ ਪਿੰਡ ਦਾ ਸਰਪੰਚ ਬਣਾ ਲਵੇ ਤਾਂ ਉਹ ਪਿੰਡ ਦੀ ਤਰੱਕੀ ਯਕੀਨੀ ਬਣਾ ਲਵੇਗਾ ।ਇਹ ਵਿਚਾਰ ਅੱਜ ਇਥੋਂ ਨੇੜਲੇ ਪਿੰਡ ਬਹਾਦਰਪੁਰ ਵਿਖੇ ਇਲਾਕਾ ਵਿਕਾਸ ਕਮੇਟੀ ਬਰੇਟਾ ਵੱਲੋਂ ਕਰਵਾਏ ਗਏ ਪੰਚਾਇਤ ਮਿਲਣੀ ਅਤੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਸੀਨੀਅਰ ਪੱਤਰਕਾਰ ਅਤੇ ਚਿੰਤਕ ਸ.ਹਮੀਰ ਸਿੰਘ ਨੇ ਪ੍ਰਗਟ ਕੀਤੇ । ਉਹਨਾਂ ਨਵੇਂ ਚੁਣੇ ਪੰਚਾਂ ਅਤੇ ਸਰਪੰਚਾਂ ਨੂੰ ਜੋਰ ਦੇ ਕੇ ਕਿਹਾ ਕਿ ਉਹ ਪੰਚਾਇਤੀ ਰਾਜ ਐਕਟ ਜਰੂਰ ਪੜ੍ਹਨ।ਗ੍ਰਾਮ ਸਭਾ ਦੀ ਮੀਟਿੰਗ ਹਕੀਕੀ ਰੂਪ ਵਿੱਚ ਬੁਲਾਉਣ ਅਤੇ ਮਨਰੇਗਾ ਦਾ ਇਜਲਾਸ ਅਗਸਤ ਮਹੀਨੇ ਬੁਲਾ ਕੇ ਪ੍ਰੋਜੈਕਟ ਰਿਪੋਰਟ ਤਿਆਰ ਕਰਕੇ ਸਾਰੇ ਜੌਬ ਕਾਰਡ ਧਾਰਕਾਂ ਲਈ 100 ਦਿਨ ਦਾ ਕੰਮ ਯਕੀਨੀ ਬਣਾਉਣ। ਰਨਸ਼ਿੰਹ ਕਲਾਂ ਜਿਲ੍ਹਾ ਮੋਗਾ ਦੇ ਨੈਸ਼ਨਲ ਐਵਾਰਡ ਪ੍ਰਾਪਤ ਸਰਪੰਚ ਪ੍ਰੀਤ ਇੰਦਰ ਪਾਲ ਸਿੰਘ ਮਿੰਟੂ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਸਿਰਫ਼ ਗਲੀਆਂ ਨਾਲੀਆਂ ਬਣਾਉਣ ਨਾਲ ਪਿੰਡ ਵਿਕਸਤ ਨਹੀਂ ਹੋ ਸਕਦਾ ਸਗੋਂ ਇਮਾਨਦਾਰੀ ਨਾਲ ਨਿਰਪੱਖ ਵਿਵਹਾਰ ਕਰਦੇ ਹੋਏ ਗ੍ਰਾਮ ਸਭਾ ਦੀ ਤਾਕਤ ਨਾਲ਼ ਸਰਵਪੱਖੀ ਵਿਕਾਸ ਕਰਨ ਦੀ ਲੋੜ ਹੈ ।ਉਹਨਾਂ ਕਿਹਾ ਕਿ ਉਹਨਾਂ ਦੇ ਪਿੰਡ ਦਾ ਕੋਈ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ।ਸੀਵਰੇਜ ਦਾ ਪਾਣੀ ਟ੍ਰੀਟ ਕਰਕੇ ਸਿੰਜਾਈ ਲਈ ਵਰਤਿਆ ਜਾਂਦਾ ਹੈ । ਪ੍ਰੋਗਰਾਮ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਅਰਪਿੱਤ ਕੀਤੀ ਗਈ।ਹੋਰਨਾਂ ਤੋਂ ਇਲਾਵਾ ਦਸੌਂਧਾ ਸਿੰਘ ਬਹਾਦਰਪੁਰ,ਪ੍ਰਿੰਸ਼ੀਪਲ ਦਰਸ਼ਨ ਸਿੰਘ ਬਰੇਟਾ ,ਅੰਮ੍ਰਿਤਪਾਲ ਸਿੰਘ, ਬਲੌਰ ਸਿੰਘ,ਗੁਰਚਰਨ ਸਿੰਘ ਜੇ ਈ,ਸਹਿਜਪਾਲ ਸਿੰਘ, ਬਲੌਰ ਸਿੰਘ,ਸਰਦੁਲ ਚਹਿਲ, ਜਗਜੀਤ ਸਿੰਘ, ਸੰਜੀਵ ਗੋਇਲ,ਬਹਾਲ ਸਿੰਘ,ਚਰਨਜੀਤ ਸਿੰਘ ਪ੍ਰਧਾਨ, ਜੁਗਰਾਜ ਸਿੰਘ,ਐਡਵੋਕੇਟ ਗੁਰਵਿੰਦਰ ਖਤਰੀਵਾਲਾ, ਸਰਪੰਚ ਰਾਜਿੰਦਰ ਗੋਬਿੰਦਪੁਰਾ ਆਦਿ ਆਗੂਆਂ ਨੇ ਸੰਬੋਧਨ ਕੀਤਾ।ਇਸ ਮੌਕੇ ਸਰਵਸੰਮਤੀ ਨਾਲ ਚੁਣੇ ਪੰਚਾਂ ਸਰਪੰਚਾਂ ਨੂੰ ਸਨਮਾਨਿਤ ਕੀਤਾ ਗਿਆ।ਸਰਵਸੰਮਤੀ ਵਾਲੀਆਂ ਪੰਚਾਇਤਾਂ ਨੂੰ ਗੁਰਜੰਟ ਸਿੰਘ ਸਾਬਕਾ ਸਕਤੱਰ ਵੱਲੋਂ ਪੰਚਾਇਤ ਪ੍ਰਕਾਸ਼ ਪੁਸਤਕ ਤੋਹਫ਼ੇ ਵਜੋਂ ਦਿੱਤੀ ਗਈ ।ਗੁਰੂਦਵਾਰਾ ਸ਼੍ਰੀ ਜੰਡਸਰ ਸਾਹਿਬ ਬਹਾਦਰਪੁਰ ਵੱਲੋਂ ਲੰਗਰ ਅਤੇ ਹਾਲ ਦੀ ਸੇਵਾ ਕਰਕੇ ਯੋਗਦਾਨ ਪਾਇਆ।ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਇਲਾਕੇ ਦੇ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ।ਇਹਨਾਂ ਵਿੱਚ ਜਸਪ੍ਰੀਤ ਕੌਰ ਧਰਮਪੁਰਾ(ਕਿਕ ਬਾਕਸਿੰਗ),ਦਿਸ਼ਾ ਰਾਣੀ(ਤੀਰ ਅੰਦਾਜ਼),ਹਰਮਨਜੀਤ ਕੌਰ ਕੁਲਰੀਆਂ (MBBS), ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਜਗਦੀਸ਼ ਕੁਲਰੀਆਂ (ਸਾਹਿਤਕਾਰ) ਅਤੇ ਸ ਹ ਸ ਬਹਾਦਰਪੁਰ(ਗਰੀਨ ਸਕੂਲ)ਆਦਿ ਸ਼ਾਮਿਲ ਸਨ।ਸਟੇਜ ਸਕਤੱਰ ਦੀ ਜਿੰਮੇਵਾਰੀ ਦਰਸ਼ਨ ਬਰੇਟਾ ਅਤੇ ਕ੍ਰਿਸ਼ਨ ਰੰਘੜਿਆਲ ਨੇ ਨਿਭਾਈ ।ਅੰਤ ਵਿੱਚ ਸੰਜੀਵ ਗੋਇਲ ਨੇ ਸਭ ਦਾ ਧੰਨਵਾਦ ਕੀਤਾ ।