*18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੰਮ ਕਰਵਾਉਣਾ ਕਾਨੂੰਨੀ ਅਪਰਾਧ-ਕਿਰਤ ਇੰਸਪੈਕਟਰ
ਮਾਨਸਾ, 21 ਨਵੰਬਰ:
ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਾਲ ਮਜ਼ਦੂਰੀ ਨੂੰ ਰੋਕਣ ਅਤੇ ਬੱਚਿਆਂ ਦੇ ਮੁੜ ਵਸੇਬੇ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਮਾਨਸਾ ਵਿਖੇ ਚੱਲ ਰਹੀ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਵੱਖ ਵੱਖ ਥਾਵਾਂ ’ਤੇ ਚੈਕਿੰਗ ਕੀਤੀ ਗਈ।
ਕਿਰਤ ਇਨਸਪੈਕਟਰ ਸ੍ਰੀ ਪਰਦੀਪ ਗੁਲਾਟੀ ਨੇ ਦੱਸਿਆ ਬਾਲ ਮਜ਼ਦੂਰੀ ਰੋਕਣ ਲਈ ਚਲਾਈ ਇਸ ਮੁਹਿੰਮ ਦੇ ਅਸਰਦਾਰ ਪ੍ਰਭਾਵ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਸਾਰੇ ਛੋਟੇ ਤੇ ਵੱਡੇ ਵਪਾਰਕ ਅਦਾਰਿਆਂ ਜਿਵੇਂ ਫੈਕਟਰੀਆਂ, ਢਾਬਿਆਂ, ਉਦਯੋਗਾਂ, ਹੋਟਲਾਂ, ਦੁਕਾਨਾਂ, ਭੱਠਿਆਂ, ਉਸਾਰੀ ਸਥਾਨਾਂ ਆਦਿ ਵਿਖੇ ਅਚਨਚੇਤ ਛਾਪਾਮਾਰੀ ਕਰਕੇ ਇਸ ਬਾਲ ਮਜ਼ਦੂਰੀ ਨੂੰ ਰੋਕਣ ਲਈ ਟੀਮਾਂ ਸਰਗਰਮ ਹਨ।
ਉਨ੍ਹਾਂ ਕਿਹਾ ਕਿ ਬਾਲ ਮਜ਼ਦੂਰੀ ਕਰਵਾਉਣਾ ਕਾਨੂੰਨੀ ਅਪਰਾਧ ਹੈ। ਜੇਕਰ ਕੋਈ ਵੀ ਵਪਾਰੀ ਜਾਂ ਦੁਕਾਨਦਾਰ 18 ਸਾਲ ਤੋਂ ਘੱਟ ਦੇ ਬੱਚੇ ਤੋਂ ਕੰਮ (ਬਾਲ ਮਜ਼ਦੂਰੀ) ਕਰਵਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ‘ਦੀ ਚਾਈਲਡ ਐਂਡ ਅਡੋਲਸੈਂਟ ਲੇਬਰ (ਪ੍ਰੋਹੀਬਿਸ਼ਨ ਐਂਡ ਰੈਗੂਲੇਸ਼ਨ) ਐਕਟ 1986’ ਅਤੇ ‘ਜੁਵੇਨਾਈਲ ਜਸਟਿਸ ਐਕਟ 2015’ ਤਹਿਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਤੋਂ ਕਾਊਂਸਲਰ ਸ੍ਰੀ ਰਜਿੰਦਰ ਵਰਮਾ ਨੇ ਦੱਸਿਆ ਕਿ ਚੌਕਸੀ ਟੀਮ ਵੱਲੋਂ ਸ਼ਹਿਰ ਮਾਨਸਾ ਦੇ ਵੱਖ ਵੱਖ ਬਜ਼ਾਰਾਂ ਵਿੱਚ ਅਤੇ ਵੱਖ ਵੱਖ ਦੁਕਾਨਾਂ ’ਤੇ ਕੀਤੀ ਚੈਕਿੰਗ ਦੌਰਾਨ ਦੁਕਾਨਾਂ ’ਤੇ ਕੰਮ ਕਰਨ ਵਾਲਿਆਂ ਦੇ ਆਧਾਰ ਕਾਰਡ ਵਾਚਦਿਆਂ ਉਮਰ ਦੀ ਪੜਤਾਲ ਕੀਤੀ ਗਈ। ਇਸ ਤੋਂ ਇਲਾਵਾ ਸ਼ਹਿਰ ਤੋਂ ਬਾਹਰ ਵੱਖ ਵੱਖ ਹੋਟਲਾਂ, ਰੈਸਟੋਰੈਂਟਾਂ ਦੀ ਵੀ ਜਾਂਚ ਕੀਤੀ ਗਈ।
ਇਸ ਮੌਕੇ ਗਗਨਦੀਪ ਸਿੰਘ, ਮਨਦੀਪ ਕੁਮਾਰ, ਹਰਪੀਰਤ ਕੌਰ ਹਾਜ਼ਰ ਸਨ।
ਬਾਲ ਮਜ਼ਦੂਰੀ ਰੋਕਣ ਲਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਵੱਖ ਵੱਖ ਥਾਵਾਂ ’ਤੇ ਚੈਕਿੰਗ
Leave a comment