ਰੰਗੀਆਂ ਰੰਗਾਈਆਂ ਰਹਿ ਗਈਆਂ
ਵੇ ਤੇਰੀ ਪੱਗ ਦੇ ਨਾਲ਼ ਦੀਆਂ ਚੁੰਨੀਆਂ…!
ਇਸ ਸਮੇਂ ਹਾਲਤ ਕੁੱਝ ਇਸ ਤਰ੍ਹਾਂ ਦੀ ਹੀ ਬਣੀ ਹੋਈ ਐ। ਕਦੇ ਕਦੇ ਤਾਂ ਇਉਂ ਵੀ ਲਗਦੈ ਜਿਵੇਂ ਕੋਈ ਹਾੜੇ ਕੱਢ ਰਿਹਾ ਹੋਵੇ…।”ਨੀ ਮੈਂ ਹਾਰ ਕੇ ਜੇਠ ਨਾਲ਼ ਲਾਈਆਂ ਤੇ ਮਰਦੀ ਨੇ ਅੱਕ ਚੱਬਿਆ।”
ਹੁਣ ਚੱਬਣ ਨੂੰ ਮੂੰਗਫ਼ਲੀ ਤੇ ਛੋਲੇ ਵੀ ਹੁੰਦੇ ਨੇ। ਪਰ ਉਹ ਗੱਲ ਨਹੀਂ ਬਣਦੀ ਜੋ ਅੱਕ ਚੱਬਣ ਨਾਲ਼ ਬਣਦੀ ਹੈ । ਛੋਲਿਆਂ ਦੀ ਸੰਘਣੀ ਦਾਲ਼ ਵੀ ਹੁਣ ਲੰਗਰ ਵਿੱਚ ਈ ਮਿਲਦੀ ਐ।
ਕੀ ਫਾਇਦਾ ਹੋਇਆ ਵੋਟਾਂ ਬਣਾਈਆਂ ਦਾ। ਸਾਹਿਤ ਦੇ ਮੱਠ ਦੀ ਚੌਧਰ ਲੈਣੀ ਕਿਹੜਾ ਹੁਣ ਸੌਖੀ ਐ। ਸਿੱਧ ਪੱਧਰੇ ਬੰਦੇ ਦੀਆਂ ਅਗਲੇ ਗੋਡਣੀਆਂ ਲਵਾ ਦੇਂਦੇ ਆ। ਇਸ ਵਾਰ ਸਾਡੀਆਂ ਵੀ ਗੋਡਣੀਆਂ ਹੀ ਲੱਗੀਆਂ ਨੇ । ਅਸਾਂ ਸੋਚਿਆ ਕਿ ਸਾਹਿਤ ਪੜ੍ਹੇ ਲੋਕ ਸਿਆਣੇ ਹੋਗੇ ਹੋਣੇ। ਪਰ ਕੰਮ ਉਲ਼ਟ ਹੋ ਗਿਆ। ਲੋਕ ਤਾਂ ਸਿਆਣੇ ਹੋ ਗਏ ਪਰ ਅਸੀਂ ਚੌਧਰ ਲਈ ਸਭ ਹੱਦਾਂ ਬੰਨ੍ਹੇ ਪਾਰ ਕਰ ਗਏ। ਸਾਡੇ ਤੇ ਸਿਆਸੀ ਬੰਦਿਆਂ ਵਿੱਚ ਕੋਈ ਫਰਕ ਹੀ ਨਾ ਰਿਹਾ । ਓਹੀ ਹੇਰਾਫੇਰੀ, ਜੋੜ ਤੋੜ ਤੇ ਲੈਣ ਦੇਣ ਕਰਨਾ ਪਿਆ ।
ਪੰਜਾਬ ਅੱਜਕਲ੍ਹ ਕਈ ਤਰ੍ਹਾਂ ਦੇ ਮਾਫ਼ੀਆ ਤੇ ਗਿਰੋਹਾਂ ਦੇ ਸ਼ਿਕੰਜੇ ਵਿਚ ਜਕੜਿਆ ਹੋਇਆ ਹੈ। ਇਹ ਮਾਫ਼ੀਏ ਕਿੱਧਰੇ ਨਜ਼ਰ ਤਾਂ ਨਹੀਂ ਆਉਂਦੇ ਪਰ ਜਦੋਂ ਕਿੱਧਰੇ ਘਟਨਾ ਵਾਪਰਦੀ ਹੈ, ਉਦੋਂ ਹੀ ਪਤਾ ਲਗਦਾ ਹੈ। ਇਹ ਭਾਂਤ ਸੁਭਾਂਤ ਦਾ ਮਾਫ਼ੀਆ ਏਨਾ ਸਰਗਰਮ ਕਿਉਂ ਹੋਇਆ ਹੈ ? ਇਹ ਰੱਬ ਜਾਣਦਾ ਹੈ ਜਾਂ ਸਮੇਂ ਦੀ ਸਰਕਾਰ !
ਕਹਿੰਦੇ ਹਨ ਕਿ ਭ੍ਰਿਸ਼ਟਾਚਾਰ ਦੀ ਬੀਮਾਰੀ ਤਾਂ ਦੇਵਤਿਆਂ ਤੇ ਰਾਖਸ਼ਾਂ ਦੇ ਸੁਮੰਦਰ ਮੰਥਨ ਸਮੇਂ ਅੰਮ੍ਰਿਤ ਦੀ ਵੰਡ ਵੇਲ਼ੇ ਹੀ ਸ਼ੁਰੂ ਹੋ ਗਈ ਸੀ। ਹੁਣ ਇਹ ਕਿਸੇ ਖ਼ਾਨਦਾਨੀ ਬੀਮਾਰੀ ਵਾਂਗੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਵਧ੍ਹ ਰਹੀ ਹੈ। ਇਸ ਬੀਮਾਰੀ ਤੋਂ ਹੁਣ ਨਾ ਕੋਈ ਚੋਰ ਬਚਿਆ ਹੈ ਤੇ ਨਾ ਹੀ ਸਾਧ। ਹੁਣ ਚੋਰ ਤੇ ਸਾਧ ਵਿਚ ਵੀ ਕੋਈ ਫ਼ਰਕ ਨਹੀਂ, ਕਿਉਂਕਿ ਇਹਨਾਂ ਦੋਹਾਂ ਦਾ ਕੰਮ ਹੈ ‘ਲੁੱਟਣਾ’ ਤੇ ਮੌਕਾ ਮਿਲ਼ਦਿਆਂ ਹੀ ਇਹ ਦੋਵੇਂ ਹੱਥੀਂ ਲੁੱਟਦੇ ਹਨ। ਚੋਰ ਹਨ੍ਹੇਰੇ ‘ਚ ਤੇ ਸਾਧ ਦਿਨ ਦਿਹਾੜੇ ਲੁੱਟਦਾ ਹੈ।
ਲੁੱਟਮਾਰ ਤਾਂ ਲੋਕਾਂ ਦੀਆਂ ਭਾਵਨਾਵਾਂ ਦੀ ਸਾਹਿਤਕਾਰ ਵੀ ਕਰਦੇ ਹਨ ਪਰ ਇਹਨਾਂ ਦੀਆਂ ਚਾਲਾਂ ਦਾ ਪਤਾ ਨਹੀਂ ਲਗਦਾ । ਸਾਹਿਤਕਾਰ ਵੀ ਕਈ ਭਾਂਤ ਦੇ ਹੁੰਦੇ ਹਨ । ਇਹ ਸਾਹਿਤਕਾਰ ਸਮਾਜ ਨੂੰ ਸੇਧ ਦੇਣ ਦੇ ਨਾਂ ਹੇਠ ਪੁਸਤਕਾਂ ਲਿਖਦੇ ਹਨ। ਇਹ ਮਾਂ ਬੋਲੀ ਦੇ ਸੇਵਾਦਾਰ ਅਖਵਾਉਣ ਵਿਚ ਫਖ਼ਰ ਮਹਿਸੂਸ ਕਰਦੇ ਹਨ। ਇਹ ਮਾਂ ਬੋਲੀ ਦੀ ਸੇਵਾ ਘੱਟ ‘ਅਪਣੀ ਤੇ ਅਪਣੇ ਚਹੇਤੇ ਤੇ ਚਹੇਤੀਆਂ’ ਦੀ ਸੇਵਾ ਵੱਧ ਕਰਦੇ ਹਨ। ਹਰ ਸ਼ਹਿਰ ਤੇ ਕਸਬੇ ਵਿਚ ਸਾਹਿਤ ਦੇ ਮੱਠ ਹੁੰਦੇ ਹਨ। ਇਹਨਾਂ ਮੱਠਾਂ ਦਾ ਇੱਕ ਕੇਂਦਰੀ ਮੱਠ ਵੀ ਹੈ। ਕੇਂਦਰੀ ਮੱਠ ਦੀ ਜਦੋਂ ਚੋਣ ਹੁੰਦੀ ਹੈ ਤਾਂ ਮੌਕੇ ਦੇ ਪੁਜਾਰੀ ਪੱਬਾਂ ਭਾਰ ਹੋ ਜਾਂਦੇ ਹਨ। ਚੋਣਾਂ ਮੌਕੇ ਟਰੱਕਾਂ, ਬੱਸਾਂ ਉਪਰ ਲੱਦ ਕੇ ‘ਵੋਟਰਾਂ’ ਨੂੰ ਲਿਆਉਂਦੇ ਹਨ ਤੇ ਆਪੋ ਅਪਣੀ ਪਾਰਟੀ ਦੇ ਹੱਕ ਵਿਚ ਭੁਗਤਾਉਂਦੇ ਹਨ। ਉਹ ਵੋਟਾਂ ਫਿਰ ਅਗਲੀਆਂ ਚੋਣਾਂ ਤੱਕ ਰੂਪੋਸ਼ ਹੋ ਜਾਂਦੀਆਂ ਹਨ।
ਹਰ ਮੱਠ ਕੋਈ ਨਾ ਕੋਈ ਸਾਹਿਤਕ ਸਮਾਗਮ ਕਰਵਾ ਕੇ ਅਪਣੇ ਮੁਰਦੇ ਸਰੀਰ ਵਿਚ ਆਕਸੀਜਨ ਭਰਦਾ ਰਹਿੰਦਾ ਹੈ। ਕਈ ਮੱਠ ਤਾਂ ਬੜੇ ਚਰਚਿਤ ਹਨ ਜਿਹੜੇ ਹਰ ਮਹੀਨੇ ਕੋਈ ਨ ਕੋਈ ਅਜਿਹਾ ‘ਲੱਕਾ ਕਬੂਤਰ’ ਭਾਲ਼ ਲੈਂਦੇ ਹਨ ਜਿਹੜਾ ਇਹਨਾਂ ਦੇ ਇਸ਼ਾਰੇ ‘ਤੇ ਕਲਾਬਾਜ਼ੀਆਂ ਲਾਉਂਦਾ ਹੈ। ਇਹ ਉਸ ਨੂੰ ਚੋਗਾ ਵੀ ਪਾਉਂਦੇ ਹਨ ਪਰ ਨਾਲ਼ ਹੀ ਉਸ ਦਾ ਮਾਸ ਚੂੰਢਣ ਦੇ ਮੌਕੇ ਵੀ ਭਾਲ਼ਦੇ ਰਹਿੰਦੇ ਹਨ। ਜੇ ਕਿਤੇ ਕੋਈ ‘ਕਬੂਤਰੀ’ ਹੋਵੇ ਫਿਰ ਤਾਂ ਇਹ ਸਿਰ ਪਰਨੇ ਡੰਡੋਤ ਵੀ ਕਰਦੇ ਹਨ। ਸਪੇਰੇ ਵਾਂਗੂੰ ਬੀਨ ਵਜਾਉਂਦੇ ਤੇ ਉਸ ਦੇ ਸੋਹਿਲੇ ਗਾਉਂਦੇ ਨੇ। ਮੀਡੀਆ ਵਿੱਚ ਚਰਚਾ ਕਰਵਾਉਂਦੇ ਨੇ ।
ਹਰ ਮੱਠ ਦਾ ਆਪੋ ਅਪਣਾ ਦਾਇਰਾ ਹੈ। ਜਿਹੜੇ ਮੱਠ ਹਰ ਸਾਲ ਇਨਾਮ-ਸ਼ਨਾਮ ਵੰਡਦੇ ਹਨ, ਉਨ੍ਹਾਂ ਮੱਠਾਂ ਦੇ ਪੁਜਾਰੀਆਂ ਦੀ ਬੜੀ ਕਦਰ ਹੁੰਦੀ ਹੈ। ਹਰ ਸਾਲ ਇਹ ਮੱਠ ਵਾਲ਼ੇ ਆਪੋ ਆਪਣੇ ਇਨਾਮ ਜੇਤੂ ਚਹੇਤੇ ਚਹੇਤੀਆਂ ਨੂੰ ਵਿਦੇਸ਼ਾਂ ਦਾ ਟੂਰ ਲਵਾਉਂਦੇ ਹਨ ਤੇ ਉਹਨਾਂ ਦੇ ਪੱਜ ਮੋਟੀ ਗਜਾ ਕਰਕੇ ਮੁੜਦੇ ਹਨ। ਪਿਛਲੀ ਵਾਰੀ ਇੱਕ ਮੱਠ ਦੇ ਪੁਜਾਰੀ ਨੇ ਤਾਂ ਗਜਾ ਕਰਨ ਵਾਲ਼ੇ ਅਗਲੇ ਪਿਛਲੇ ਸਾਰੇ ਹੀ ਰਿਕਾਰਡ ਤੋੜ ਦਿੱਤੇ। ਜਦੋਂ ਮੱਠ-ਅਧੀਸ਼ ਵਾਪਸ ਆਇਆ ਤਾਂ ਬੀਮਾਰ ਹੋ ਕੇ ਹਸਪਤਾਲ ਦਾਖਿਲ ਹੋ ਗਿਆ। ਹੁਣ ਜਦੋਂ ਕੋਈ ਹਸਪਤਾਲ ਦੇ ਮੰਜੇ ਤੇ ਬੀਮਾਰ ਪਿਆ ਹੋਵੇ ਤਾਂ ਫਿਰ ਹਿਸਾਬ ਕਿਤਾਬ ਕਿਸ ਨੇ ਪੁੱਛਣਾ ਸੀ ।
ਖ਼ੈਰ, ਇਨਾਮ ਲੈਣ ਦੀ ਦੌੜ ਵਿੱਚ ਕਈ ਤਾਂ ਇਸਤੋਂ ਮਿਲਣ ਵਾਲੀ ਰਕਮ ਤੋਂ ਵੀ ਵਧੇਰੇ ਖ਼ਰਚਾ ਪੱਲਿਓਂ ਕਰ ਬੈਠਦੇ ਹਨ। ਉਹ ਇਨਾਮ ਲੈਣ ਲਈ ਹਰ ਤਰ੍ਹਾਂ ਦਾ ਹਰਬਾ ਵਰਤਦੇ ਹਨ। ਉਹ ਅਪਣੇ ਅੰਦਰਲੇ ਮਨੁੱਖ ਨੂੰ ਮਾਰ ਲੈਂਦੇ ਹਨ। ਇਨਾਮ ਲੈਣ ਲਈ ਉਹ ਕੀ ਕੀ ਪਾਪੜ ਵੇਲਦੇ ਹਨ, ਇਹ ਤਾਂ ਓਹੀ ਜਾਣਦੇ ਹੋਣਗੇ ਜਿਹੜੇ ਪੁਰਸਕਾਰ ਲਈ ਖ਼ਾਕ ਛਾਣਦੇ ਹਨ। ਜਦੋਂ ਕੋਈ ਮੱਠ ਇਨਾਮ ਦੇਣ ਲਈ ਨਾਵਾਂ ਦੀ ਭਾਲ਼ ਕਰਨ ਨਿਕਲ਼ਦਾ ਹੈ ਤਾਂ ਇਸਨੂੰ ਹਥਿਆਉਣ ਵਾਲ਼ੇ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਨ। ਕੋਈ ਝੋਲ਼ੀ ਅੱਡਦਾ ਹੈ, ਕੋਈ ਡੰਡੌਤ ਕਰਦਾ ਹੈ ਤੇ ਕੋਈ ਹੋਰ ਢੰਗ ਤਰੀਕਾ ਵਰਤਦਾ ਹੈ। ਪਹਿਲਾਂ ਅਗਲਾ ਤਰਲੇ ਮਿੰਨਤਾਂ ਕਰਦਾ ਹੈ। ਜੇ ਲਿਸਟ ‘ਚ ਉਸ ਦਾ ਨਾਂਅ ਨਾ ਦਿਖੇ ਤਾਂ ਉਹ ਕੱਟੇ ਵਾਂਗੂੰ ਅੜਾਟ ਪਾਉੁਣ ਲਗਦਾ ਹੈ। ਉਸ ਦਾ ਇਹ ਅੜਾਟ ਜਦੋਂ ਕੋਈ ਨਹੀਂ ਸੁਣਦਾ ਤਾਂ ਉਹ ਆਪਣੀ ਹਉਮੈਂ ਨੂੰ ਲੱਗੇ ਫੱਟਾਂ ਨੂੰ ਕੁੱਤੇ ਵਾਕਰਾਂ ਆਪਣੀ ਹੀ ਜੀਭ ਨਾਲ਼ ਚੱਟਣ ਲਗਦਾ ਹੈ ਤੇ ਫੇਰ ਜੁਆਕਾਂ ਵਾਂਗੂੰ ਰੀਂ ਰੀਂ ਕਰਨ ਲਗਦਾ ਹੈ। ਇਹ ਆਪਣੀ ਹੀ ਕਿਸਮ ਦਾ ਇੱਕ ਜਜ਼ਬਾਤੀ ਸੋਸ਼ਣ ਹੈ। ਇਸ ਭ੍ਰਿਸ਼ਟਾਚਾਰ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਕੋਈ ਤਨ, ਕੋਈ ਮਨ ਤੇ ਕੋਈ ਧਨ ਅਰਪਣ ਕਰਕੇ ਅਤੇ ਕੋਈ ਜਜ਼ਬਾਤਾਂ ਦੇ ਵਲੂੰਦਰੇ ਜਾਣ ਦੇ ਬਹਾਨੇ ਲਾਹਾ ਲੈਣ ਦਾ ਢੰਗ ਤਰੀਕਾ ਵਰਤਦਾ ਹੈ। ਕਈ ਤਾਂ ਸ਼ਬਦਾਂ ਦੀਆਂ ਉਲਟੀਆਂ ਕਰ ਕਰ ਕੇ ਆਲ਼ੇ ਦੁਆਲ਼ੇ ਬਦਬੂ ਫ਼ੈਲਾ ਦੇਂਦੇ ਹਨ। ਜਦੋਂ ਉਹਨਾਂ ਨੂੰ ਹੀ ਉਹ ਬੋਅ ਚੜ੍ਹਦੀ ਹੈ ਤਾਂ ਫਿਰ ਉਹ ਖਾਮੋਸ਼ ਹੋ ਜਾਂਦੇ । ਫਿਰ ਉਨ੍ਹਾਂ ਦੀ ਖਾਮੋਸ਼ੀ ਉਦਾਸੀ ਵਿਚ ਬਦਲ ਜਾਂਦੀ ਹੈ।
ਕਈ ਮੱਠਾਂ ਦਾ ਮਨੋਰਥ ਹੀ ਪੁਸਤਕਾਂ ਰਿਲੀਜ਼ ਕਰਨੀਆਂ, ਗੋਸ਼ਟੀਆਂ ਕਰਵਾਉਂਣੀਆਂ ਬਣ ਗਿਆ ਹੈ। ਉਹ ਪੁਸਤਕ ਰਿਲੀਜ਼ ਮੌਕੇ ਲਿਖਾਰੀ ਤੇ ਲਿਖਾਰਨ ਦੀ ਗੁੱਡੀ ਅਸਮਾਨੇ ਚਾੜ੍ਹਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ । ਅਖ਼ਬਾਰਾਂ ਵਿਚ ਖ਼ਬਰਾਂ ਤੇ ਫੋਟੋਆਂ ਲਵਾ ਕੇ ਬੱਲੇ ਬੱਲੇ ਕਰਵਾਉਂਦੇ ਹਨ। ਇਹ ਮੱਠ ਵਾਲ਼ੇ ਦੇਸੌਰੀ ਲੇਖਕਾਂ ਤੇ ਖਾਸਕਰ ‘ਬੀਬੀਆਂ ‘ ਦਾ ਬਹੁਤਾ ਖਿਆਲ ਰੱਖਦੇ ਹਨ। ਇਹ ਸਦਾ ਛਤਰੀ ਤਾਣੀ ਰੱਖਦੇ ਹਨ। ਹਰ ਮਹੀਨੇ ਕੋਈ ਨਾ ਕੋਈ ‘ਕਬੂਤਰ ਜਾਂ ਕਬੂਤਰੀ’ ਆਪਣੀ ਛਤਰੀ ਉਤੇ ਉਤਾਰ ਹੀ ਲੈਂਦੇ ਹਨ। ਜੇ ਕਿਸੇ ਕੋਲ਼ ਆਪਣੀ ਲਿਖੀ ਪੁਸਤਕ ਨਾ ਵੀ ਹੋਵੇ ਤਾਂ ਇਹ ਕੁਝ ਹੀ ਦਿਨਾਂ ਵਿਚ ਲਿਖੀ ਲਿਖਾਈ ਪੁਸਤਕ ਦਾ ਪ੍ਰਬੰਧ ਕਰ ਦੇਂਦੇ ਹਨ। ਝਟਪੱਟ ਛਪਵਾ ਕੇ ਰਿਲੀਜ਼ ਕਰ ਦੇਂਦੇ ਹਨ। ਇਹਨਾਂ ਮੱਠਾਂ ਵਾਲ਼ਿਆਂ ਨੇ ਕਈ ‘ਬੀਬੀਆਂ’ ਨੂੰ ਸਾਹਿਤਕ ਅਖਾੜੇ ਵਿਚ ਲਾਂਚ ਵੀ ਕੀਤਾ ਹੈ। ਉਨ੍ਹਾਂ ਨੂੰ ‘ਪੰਜਾਬ ਦੀ ਧੀ’ ਪੁਰਸਕਾਰ ਵੀ ਦਿੱਤਾ ਹੈ।
ਇਨ੍ਹਾਂ ਮੱਠ ਵਾਲ਼ਿਆਂ ਦਾ ਕਿਤਾਬਾਂ ਛਾਪਣ ਵਾਲ਼ਿਆਂ ਨਾਲ਼ ਸਿੱਧਾ ਰਾਬਤਾ ਹੁੰਦਾ ਹੈ, ਜਿਹੜੇ ਹਰ ਕਿਸੇ ਤੋਂ ਦੁੱਗਣੇ ਪੈਸੇ ਲੈ ਕੇ ਕਿਤਾਬ ਛਾਪਦੇ ਹਨ। ਸੌ ਡੇਢ ਲੇਖਕ ਦੇ ਹੱਥ ਫੜਾ ਬਾਕੀ ਫੇਰ ਦੇਣ ਦਾ ਲਾਰਾ ਲਾਕੇ ‘ਕੱਲੇ ਈ ਗੱਫੇ ਛਕਦੇ ਹਨ। ਇਹਨਾਂ ਛਾਪੇਖਾਨਿਆਂ ਦਾ ਅੱਗੇ ਲਾਇਬ੍ਰੇਰੀਆਂ ਤੇ ਯੂਨੀਵਰਸਿਟੀ ਦੀਆਂ ਸਿਲੇਬਸ ਕਮੇਟੀਆਂ ਨਾਲ਼ ਰਾਬਤਾ ਹੁੰਦਾ ਹੈ। ਇਹ ਕਮੇਟੀ ਵਾਲ਼ੇ ਉਸ ਦੀ ਕੋਈ ਨਾ ਕੋਈ ਕਿਤਾਬ ਸਿਲੇਬਸ ਵਿਚ ਲਾ ਦਿੰਦੇ ਹਨ ਤੇ ਫਿਰ ਇਹਨਾਂ ਵਰ੍ਹਿਆਂ ਬੱਧੀ ਤੋਰੀ ਫੁਲਕਾ ਚਲਦਾ ਰਹਿੰਦਾ ਹੈ। ਇਹ ‘ਮਾਂ ਬੋਲੀ ਦੇ ਸੇਵਾਦਾਰ’ ਹਰ ਸਾਲ ਆਪਣੀ ਝੋਲ਼ੀ ਭਰਦੇ ਰਹਿੰਦੇ ਹਨ। ਇਹਨਾਂ ਦਾ ਆਪਣਾ ਹੀ ਤਾਣਾ ਬਾਣਾ ਹੁੰਦਾ ਹੈ। ਕਈ ਤਾਂ ਜੁਗਾੜ ਲਾ ਕੇ ‘ਸਰਬੋਤਮ ਪ੍ਰਕਾਸ਼ਕ’ ਦਾ ਇਨਾਮ ਵੀ ਬੋਚ ਲੈਂਦੇ ਹਨ।
ਹਰ ਮੱਠ ਦਾ ਆਪੋ ਆਪਣਾ ਘੇਰਾ ਹੁੰਦਾ ਹੈ। ਇਹ ਆਪਣੇ ਘੇਰੇ ਵਿਚ ਕਿਸੇ ਗ਼ੈਰ ਨੂੰ ਦਖ਼ਲ ਨਹੀਂ ਹੋਣ ਦੇਂਦੇ। ਛੇਤੀ ਕੀਤਿਆਂ ਮੱਠ ‘ਤੇ ਕਿਸੇ ਗੈਰ ਦਾ ਕਬਜ਼ਾ ਵੀ ਨਹੀਂ ਹੋਣ ਦੇਂਦੇ। ਜੇ ਕਦੇ ਕਿਸੇ ਚੋਣ ਵਿਚ ਹਾਰਨ ਦੀ ਨੌਬਤ ਆ ਵੀ ਜਾਵੇ ਤਾਂ ਇਹ ਪਾਲ਼ਾ ਬਦਲਣ ਲੱਗਿਆਂ ਦੇਰ ਨਹੀਂ ਲਾਉਂਦੇ। ਇਹ ਵੀ ਸਿਆਸੀ ਆਗੂਆਂ ਵਾਂਗੂੰ ਰਾਤੋ ਰਾਤ ਪੱਗ ਦਾ ਰੰਗ ਬਦਲਕੇ ਦੂਜੇ ਖੇਮੇ ਵਿੱਚ ਜਾ ਹੱਥ ਮਿਲ਼ਾਉੁਂਦੇ ਹਨ ਤਾਂ ਕਿ ਮੱਠ ‘ਤੇ ਕੋਈ ਹੋਰ ਕਬਜ਼ਾ ਨਾ ਕਰ ਲਵੇ। ਵੈਸੇ ਵੀ ਇਹ ਮੱਠ-ਅਧੀਸ਼ ਹਰ ਸਾਲ ਆਪੋ ਆਪਣੇ ਚਹੇਤਿਆਂ ਦੀਆਂ ਵੋਟਾਂ ਬਣਾਉੁਂਦੇ ਹੀ ਰਹਿੰਦੇ ਹਨ ਤਾਂ ਕਿ ਮੱਠ ਵਿਚ ਇਹਨਾਂ ਦਾ ਧੜਾ ਭਾਰੂ ਰਹੇ।
”ਮਾਂ ਬੋਲੀ” ਦੀ ਸੇਵਾ ਦੇ ਬਹਾਨੇ ਮੱਠ ਦੇ ਪੁਜਾਰੀ ਉਗਰਾਹੀ ਕਰਨ ਲਈ ਹਰ ਸਾਲ ਠੰਢੇ ਮੁਲਕਾਂ ਨੂੰ ਤੁਰੇ ਰਹਿੰਦੇ ਹਨ। ਮਾਂ ਬੋਲੀ ਦੇ ਨਾਂ ਉਤੇ ਮੋਟੀ ਮਾਰ ਮਾਰ ਕੇ ਮੁੜਦੇ ਹਨ। ਉਧਰ ਬੈਠੇ ਪੰਜਾਬੀਆਂ ਅੱਗੇ ਇਹ ‘ਮਾਂ ਬੋਲੀ’ ਦੇ ਪੁਜਾਰੀ “ਮਾਂ ਬੋਲੀ ਮਰ ਰਹੀ ਹੈ” ਦਾ ਵਾਸਤਾ ਪਾਉਦੇ ਤੇ ਉਨ੍ਹਾਂ ਦੀਆਂ ਜੇਬਾਂ ਖਾਲੀ ਕਰਕੇ ਮੁੜਦੇ ਹਨ । ਫਿਰ ਏਧਰ ਆ ਕੇ ਮਾਂ ਬੋਲੀ ਦੇ ਨਾਂ ‘ਤੇ ਕੋਈ ਛੋਟਾ ਮੋਟਾ ਸੈਮੀਨਾਰ ਕਰਵਾਉਂਦੇ ਹਨ। ਬਾਕੀ ਬਚਿਆ ਮਾਲ ਆਪਣੀ ਜੇਬ੍ਹ ‘ਚ ਪਾਉਂਦੇ ਹਨ ਤੇ ਪੰਜਾਬ ਦੇ ਲੋਕਾਂ ਕੋਲ਼ੋਂ ਮਾਂ ਬੋਲੀ ਦੇ ਸੇਵਕ ਵੀ ਅਖਵਾਉਂਦੇ ਹਨ। ਇਹ ਮਾਂ ਬੋਲੀ ਦੇ ਸੇਵਕ ਹੋਰ ਕੀ ਕੀ ਕਰਦੇ ਹਨ ? ਇਹ ਕਦੇ ਫੇਰ ਦੱਸਾਂਗੇ ਅਜੇ ਤੁਸੀਂ ਬਸ ਏਹੀ ਆਖੋ,
‘ਮਾਂ ਬੋਲੀ’ ਦੇ ਨਿਸ਼ਕਾਮ ਸੇਵਕਾਂ’ ਦੀ ਜੈ,
ਸਾਹਿਤਕ ਭ੍ਰਿਸ਼ਟਾਚਾਰ ਜ਼ਿੰਦਾਬਾਦ- ਜ਼ਿੰਦਾਬਾਦ ।
ਸਮਾਜ ਵਿਚ ਹੁਣ ਰੱਖਿਆ ਵੀ ਕੀ ਐ ? ਆਪਾਂ ਸਮਾਜ ਤੋਂ ਲੈਣਾ ਵੀ ਕੀ ਐ ? ਇਹ ਪਵੇ ਢੱਠੇ ਖੂਹ ‘ਚ । ਹੁਣ ਤਾਂ ਵੈਸੇ ਵੀ ਸਮਾਜ ਦਾ ਸਾਰਾ ਤਾਣਾ ਬਾਣਾ ਵੈਂਟੀਲੇਟਰ ਉਤੇ ਹੋ ਗਿਆ। ਕੁਦਰਤ ਨੇ ਗਧੇ ਘੋੜੇ, ਇੱਕ ਬਰਾਬਰ ਕਰ ਦਿੱਤੇ ਹਨ ਪਰ ਘੋੜਿਆਂ ਤੇ ਉਹਨਾਂ ਦੇ ਮਾਲਕਾਂ ਨੂੰ ਕਦੇ ਅਕਲ ਨਹੀਂ ਆਉਣੀ।
ਹੁਣ ਤੁਸੀਂ ਦੱਸੋ ਕਿ ਇਹ ਭ੍ਰਿਸ਼ਟਾਚਾਰ ਦੀ ਲਹੂ ਪੀਣੀ ਜੋਕ ਕਿਵੇਂ ਲੱਥੂ?
—-
ਬੁੱਧ ਸਿੰਘ ਨੀਲੋਂ,
94643-70823
ਪੰਜਾਬੀ ਸਾਹਿਤ ਦਾ ਮਾਫ਼ੀਆ/ਬੁੱਧ ਚਿੰਤਨ/ਬੁੱਧ ਸਿੰਘ ਨੀਲੋਂ,
Leave a comment