18 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ: ਝੋਨੇ ਦੀ ਖਰੀਦ ਤਸੱਲੀਬਖਸ਼ ਕਰਵਾਉਂਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਮੋਰਚੇ ਖੋਲ ਦਿੱਤੇ ਹਨ। ਆਮ ਆਦਮੀ ਪਾਰਟੀ ਮਾਨਸਾ ਜਿਲ੍ਹੇ ਨਾਲ ਸਬੰਧਤ ਤਿੰਨੋ ਵਿਧਾਇਕਾਂ ਦੇ ਘਰਾਂ ਅੱਗੇ ਅਣਮਿੱਥੇ ਸਮੇਂ ਲਈ ਧਰਨੇ ਸ਼ੁਰੂ ਕਰ ਦਿੱਤੇ ਹਨ। ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਮਾਨਸਾ ਸ਼ਹਿਰ ਵਿੱਚ ਵਿਜੈ ਸਿੰਗਲਾ ਹਲਕਾ ਵਿਧਾਇਕ ਮਾਨਸਾ, ਗੁਰਪ੍ਰੀਤ ਸਿੰਘ ਬਣਾਂਵਾਲੀ ਵਿਧਾਇਕ ਸਰਦੂਲਗੜ੍ਹ ਅਤੇ ਬੁੱਧ ਰਾਮ ਐਮHਐਲHਏH ਬੁਢਲਾਡਾ ਦੇ ਘਰਾਂ ਅੱਗੇ ਦਰੀਆਂ ਵਿਛਾ ਲਈਆਂ ਹਨ। ਉਹਨਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਦੀ ਪੁੱਤਾਂ ਵਾਂਗੂ ਵਾਲੀ ਝੋਨੇ ਦੀ ਫਸਲ ਮੰਡੀਆਂ ਵਿੱਚ ਰੋਲਣ ਦੀ ਤਿਆਰੀ ਕਰੀ ਬੈਠੀਆਂ ਹਨ। ਇਹ ਸਾਰਾ ਕੁਝ ਨਵੀਆਂ ਆਰਥਿਕ ਨੀਤੀਆ ਦੇ ਤਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਆਉਂਣ ਵਾਲੇ ਸਮੇਂ ਵਿੱਚ ਫਸਲਾਂ ਦੀ ਖਰੀਦ ਬੰਦ ਕੀਤੀ ਜਾ ਸਕੇ ਅਤੇ ਕਿਸਾਨਾਂ ਨੂੰ ਪ੍ਰਾਈਵੇਟ ਵਪਾਰੀਆਂ ਦੇ ਰਹਿਮੋ ਕਰਮ ਤੇ ਛੱਡਿਆ ਜਾ ਸਕੇ। ਉਹਨਾਂ ਕਿਹਾ ਮੰਡੀਆਂ ਵਿੱਚ ਬਹੁਤ ਸਾਰੀ ਝੋਨੇ ਦੀ ਫਸਲ ਆ ਰਹੀ ਹੈ ਪਰ ਅਜੇ ਤੱਕ ਕੋਈ ਖਰੀਦ ਅਧਿਕਾਰੀ ਮੰਡੀਆਂ ਵਿੱਚ ਨਹੀਂ ਪਹੁੰਚਿਆਂ ਅਤੇ ਨਾ ਹੀ ਕਿਸੇ ਮੰਡੀ ਨੂੰ ਕੋਈ ਸੈਲਰ ਅਲਾਟ ਹੋਇਆ ਹੈ। ਕੁਝ ਮੰਡੀਆਂ ਵਿੱਚ ਪ੍ਰਾਈਵੇਟ ਵਪਾਰੀ 125 ਰੁਪਏ ਪ੍ਰਤੀ ਕੁਇੰਟਲ ਘੱਟ ਭਾਅ ਦੇ ਕੇ ਕਿਸਾਨਾਂ ਦੀ ਲੁੱਟ ਕਰਨ ਦੇ ਰਾਹ ਪੈ ਗਏ ਹਨ ਜਿਸ ਨੂੰ ਜਥੇਬੰਦੀ ਬਰਦਾਸਤ ਨਹੀਂ ਕਰੇਗੀ। ਉਹਨਾਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਫਸਲ ਖਰੀਦਣ ਤੋਂ ਹੱਥ ਪਿੱਛੇ ਖਿੱਚ ਰਹੀ ਹੈ ਉਥੇ ਪੰਜਾਬ ਸਰਕਾਰ ਵੀ ਆਪਣੀ ਜਿੰਮੇਵਾਰੀ ਨਿਭਾਉਂਣ ਵਿੱਚ ਅਸਫਲ ਰਹੀ ਹੈ। ਇਸ ਲਈ ਜਥੇਬੰਦੀ ਦੋਵੇਂ ਸਰਕਾਰਾਂ ਨੂੰ ਕਸੂਰਵਾਰ ਮੰਨਦੀ ਹੈ। ਉਹਨਾਂ ਮੰਗ ਕੀਤੀ ਕਿ ਮੰਡੀਆਂ ਵਿੱਚੋਂ ਝੋਨੇ ਦੀ ਖਰੀਦ ਤੁਰੰਤ ਸ਼ੁਰੂ ਕੀਤੀ ਜਾਵੇ ਤੇ ਨਾਲ ਹੀ ਨਾਲ ਲਿਫਟਿੰਗ ਦਾ ਕੰਮ ਵੀ ਨਿਰਵਿਘਨ ਕੀਤਾ ਜਾਵੇ। ਇਸ ਮੌਕੇ ਵੱਖ ਵੱਖ ਥਾਵਾਂ ਤੇ ਉੱਤਮ ਸਿੰਘ, ਜਗਸੀਰ ਸਿੰਘ ਜਵਾਹਰਕੇ, ਭੋਲਾ ਸਿੰਘ ਮਾਖਾ, ਸਾਧੂ ਸਿੰਘ ਅਕਲੀਆ, ਕੁਲਦੀਪ ਸਿੰਘ ਚਚੋਹਰ, ਹਰਪਾਲ ਸਿੰਘ ਪਾਲੀ ਮੀਰਪੁਰ, ਜੋਗਿੰਦਰ ਸਿੰਘ ਦਿਆਲਪੁਰਾ, ਮੇਜਰ ਸਿੰਘ ਗੋਬਿੰਦਪੁਰਾ ਨੇ ਸੰਬੋਧਨ ਕੀਤਾ।