18 ਅਕਤੂਬਰ (ਨਾਨਕ ਸਿੰਘ ਖੁਰਮੀ) ਮਾਨਸਾ: ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਪ੍ਰਾਇਮਰੀ ਭੁਪਿੰਦਰ ਕੌਰ ਵੱਲ੍ਹੋਂ ਪਰਖ ਰਾਸ਼ਟਰੀ ਸਰਵੇਖਣ 2024 (CEP) ਦੀ ਰੱਖੀ ਮੀਟਿੰਗ ਦਾ ਮਾਨਸਾ ਜ਼ਿਲ੍ਹੇ ਦੇ ਸੈਂਟਰ ਹੈੱਡ ਟੀਚਰ ਅਤੇ ਹੈੱਡ ਟੀਚਰਾਂ ਨੇ ਬਾਈਕਾਟ ਕਰਦਿਆਂ ਪੰਜਾਬ ਸਰਕਾਰ ਅਤੇ ਸਿੱਖਿਆ ਅਧਿਕਾਰੀਆਂ ਵਿਰੁੱਧ ਭਾਰੀ ਨਾਅਰੇਬਾਜ਼ੀ ਕੀਤੀ। ਜਿਸ ਤੋਂ ਬਾਅਦ ਸਿੱਖਿਆ ਅਧਿਕਾਰੀਆਂ ਵੱਲ੍ਹੋਂ ਮਿਨਤਾਂ ਤਰਲੇ ਕਰਦਿਆਂ ਅਧਿਆਪਕ ਆਗੂਆਂ ਨੂੰ ਮੀਟਿੰਗ ਕਰਨ ਲਈ ਕਿਹਾ ਗਿਆ,ਪਰ ਅਧਿਆਪਕ ਆਗੂ ਸਹਿਮਤ ਨਾ ਹੋਏ,ਜਿਸ ਕਾਰਨ ਸਿੱਖਿਆ ਅਧਿਕਾਰੀਆਂ ਨੂੰ ਵਾਪਸ ਪਰਤਣਾ ਪਿਆ। ਮਾਨਸਾ ਜ਼ਿਲ੍ਹੇ ਦੇ ਇਕ ਪਾਸੇ ਇਕ ਪ੍ਰਾਈਵੇਟ ਸਕੂਲ ਸਰਬ ਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਰੱਖੀ ਗਈ ਮੀਟਿੰਗ ਚ ਪਹੁੰਚਣ ਸਾਰ ਹੀ ਜਿਲੇ ਦੇ ਸਮੂਹ ਸੈਂਟਰ ਹੈੱਡ ਟੀਚਰ ਅਤੇ ਹੈੱਡ ਟੀਚਰ ਨੇ ਅਧਿਆਪਕ ਆਗੂਆਂ ਕੋਲ ਰੋਸ ਜ਼ਾਹਿਰ ਕੀਤਾ ਕਿ ਇਕ ਪਾਸੇ ਨਿੱਤ ਦਿਨ ਪਰਖ ਰਾਸ਼ਟਰੀ ਸਰਵੇਖਣ ਨੂੰ ਲੈ ਕੇ ਅਧਿਆਪਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਨਿੱਤ ਦਿਨ ਦੀਆਂ ਮੀਟਿੰਗਾਂ ਤੋਂ ਉਹ ਅੱਕੇ ਪਏ ਨੇ , ਹੁਣ ਜਦੋਂ ਸਕੂਲ ਮੁਖੀਆਂ ਨੇ ਪੰਚਾਇਤੀ ਚੌਣਾਂ ਦੀਆਂ ਰਿਹਰਸਲਾਂ ਅਤੇ ਵੋਟਾਂ ਤੋਂ ਕਈ ਦਿਨ ਬਾਅਦ ਸਕੂਲ ਜਾਣਾ ਸੀ , ਤਾਂ ਉਨ੍ਹਾਂ ਨੂੰ ਮੀਟਿੰਗ ਲਈ ਬੁਲਾ ਲਿਆ ਗਿਆ। ਮੀਟਿੰਗ ਵੀ ਜ਼ਿਲ੍ਹੇ ਦੇ ਇਕ ਪਾਸੇ ਇਕ ਪ੍ਰਾਈਵੇਟ ਸਕੂਲ ਵਿਖੇ ਸੱਦੀ ਗਈ। ਅਧਿਆਪਕ ਆਗੂਆਂ ਅਮੋਲਕ ਡੇਲੂਆਣਾ,ਰਾਜਦੀਪ ਸਿੰਘ ਬਰੇਟਾ,ਦਰਸ਼ਨ ਅਲੀਸ਼ੇਰ, ਵਿਨੋਦ ਕੁਮਾਰ ਬਰੇਟਾ,ਕਾਲਾ ਸਿੰਘ ਸਹਾਰਨਾ, ਅਮਨਦੀਪ ਸ਼ਰਮਾ, ਗੁਰਲਾਲ ਗੁਰਨੇ, ਜਸਵੀਰ ਭੰਮੇ ਨੇ ਕਿਹਾ ਕਿ ਸਾਰੇ ਜਿਲੇ ਚੋਂ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਇਕੱਠੇ ਕਰਨਾ ਪ੍ਰਾਈਵੇਟ ਸਕੂਲ ਦੀ ਮਸ਼ਹੂਰੀ ਕਰਨ ਹੋ ਸਕਦਾ ਹੈ। ਜਿਸ ਕਰਕੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਕਿ ਮਾਨਸਾ ਜ਼ਿਲ੍ਹੇ ਵਿੱਚ ਹੀ ਕਿਉ ਇਹ ਮੀਟਿੰਗ ਇਕ ਪ੍ਰਾਈਵੇਟ ਸਕੂਲ ਵਿਖੇ ਰੱਖੀ ਗਈ ਹੈ। ਉਨ੍ਹਾਂ ਹੈਰਾਨਗੀ ਜ਼ਾਹਿਰ ਕੀਤੀ ਕਿ ਸਿੱਖਿਆ ਅਧਿਕਾਰੀਆਂ ਨੇ ਇਕ ਵਾਰ ਵੀ ਇਹ ਨਹੀਂ ਸੋਚਿਆ ਕਿ ਸਰਦੂਲਗੜ ਤੋਂ ਦੂਰ ਦੁਰੇਡੇ ਸਕੂਲਾਂ ਤੋਂ ਕਿਵੇਂ ਸਕੂਲ ਮੁਖੀ ਮੀਟਿੰਗ ਦੌਰਾਨ ਪਹੁੰਚਣਗੇ, ਉਨ੍ਹਾਂ ਦਾ ਕਿੰਨਾ ਸਮਾਂ ਪੜ੍ਹਾਈ ਦੇ ਦਿਨਾਂ ਦੌਰਾਨ ਖਰਾਬ ਕੀਤਾ ਜਾ ਰਿਹਾ ਹੈ, ਅਧਿਆਪਕ ਪਹਿਲਾ ਹੀ ਪੰਚਾਇਤੀ ਚੋਣਾਂ ਚ ਇਕ ਹਫ਼ਤੇ ਤੋਂ ਉਲਝੇ ਪਏ ਸਨ , ਹੁਣ ਜਦੋਂ ਸਕੂਲ ਜਾਣਾ ਸੀ, ਤਾਂ ਪਰਖ ਰਾਸ਼ਟਰੀ ਸਰਵੇਖਣ ਚ ਉਲਝਾਇਆ ਜਾ ਰਿਹਾ ਹੈ। ਅਧਿਆਪਕਾਂ ਨੇ ਇਹ ਵੀ ਰੋਸ ਜ਼ਾਹਿਰ ਕੀਤਾ ਕਿ ਜਿਸ ਪ੍ਰਾਈਵੇਟ ਸਕੂਲ ਵਿੱਚ ਇਹ ਮੀਟਿੰਗ ਰੱਖੀ ਉੱਥੇ ਕੋਈ ਵੀ ਪਬਲਿਕ ਟਰਾਂਸਪੋਰਟ ਨਹੀਂ ਜਾਂਦੀ, ਸਰਦੂਲਗੜ੍ਹ ਤੋਂ ਭੀਖੀ ਪਹੁੰਚਣ ਵਾਲੇ ਅਧਿਆਪਕਾਂ ਨੂੰ 80 ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਆਗੂਆਂ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ਦੌਰਾਨ ਇਕ ਅਧਿਆਪਕਾਂ ਨਾਲ ਵਾਪਰੇ ਹਾਦਸਾ ਕਾਰਨ ਜ਼ਿਲ੍ਹੇ ਦੇ ਅਧਿਆਪਕ ਪਹਿਲਾਂ ਹੀ ਸਹਿਮੇ ਹੋਏ ਸਨ,ਅਧਿਆਪਕਾਂ ਨੇ ਮਹਿਸੂਸ ਕੀਤਾ ਕਿ ਇੰਨੀ ਦੂਰ ਮੀਟਿੰਗ ਰੱਖਣਾ ਅਧਿਆਪਕਾ ਨੂੰ ਖੱਜਲ ਖੁਆਰ ਕਰਨਾ ਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਹੀ ਸਿਲੇਬਸ ਦੀਆਂ ਕਿਤਾਬਾਂ ਬੱਚਿਆਂ ਕੋਲ ਹਨ ਜੋ ਕਿ ਨਹੀਂ ਪੜ੍ਹਾਈਆਂ ਜਾ ਰਹੀਆਂ । ਪੰਜਾਬ ਸਰਕਾਰ ਆਪਣੀ ਪਿੱਠ ਥਾਪਣ ਦੇ ਲਈ ਇੱਕ ਨਵਾਂ ਪ੍ਰੋਜੈਕਟ ਪਰਖ ਰਾਸ਼ਟਰੀ ਸਰਵੇਖਣ ਲੈ ਕੇ ਆਈ ਹੈ ਜਿਸ ਦਾ ਕਿ ਅਧਿਆਪਕਾਂ ਤੇ ਬੱਚਿਆਂ ਤੇ ਬਹੁਤ ਜ਼ਿਆਦਾ ਬੋਝ ਹੈ, ਮਹੀਨੇ ਵਿੱਚ ਕਈ ਪ੍ਰੈਕਟਿਸ ਸੀਟਾਂ ਆਉਂਦੀਆਂ ਹਨ ਜਿਸ ਦਾ ਅਭਿਆਸ ਕਰਵਾਉਣਾ ਹੁੰਦਾ ਹੈ। ਇਸ ਤੋਂ ਇਲਾਵਾ ਮਹੀਨੇ ਵਿੱਚ ਦੋ ਵਾਰ ਬੱਚਿਆਂ ਦੇ ਪੇਪਰ ਲੈਣੇ ਹਨ ਉਹ ਚੈੱਕ ਕਰਨੇ ਹਨ ਉਸ ਦਾ ਡਾਟਾ ਆਨਲਾਈਨ ਕਰਨਾ ਹੈ ਇਸ ਸਾਰੀ ਪ੍ਰਕਿਰਿਆ ਵਿੱਚ ਅਧਿਆਪਕ ਬੱਚਿਆਂ ਨੂੰ ਪੜਾਉਣ ਤੋਂ ਅਸਮਰਥ ਹੋ ਜਾਂਦਾ ਹੈ। ਬੱਚਿਆਂ ਦੇ ਮਾਪੇ ਵੀ ਇਸ ਪ੍ਰਕਿਰਿਆ ਤੋਂ ਬਹੁਤ ਔਖੇ ਹਨ। ਅਧਿਆਪਕਾਂ ਦੇ ਵਿਰੋਧ ਤੋਂ ਬਾਅਦ ਡਿਪਟੀ ਡੀਈਓ ਮਦਨ ਲਾਲ ਕਟਾਰੀਆ ਨੇ ਰੋਸ ਜ਼ਾਹਿਰ ਕਰ ਰਹੇ ਸਕੂਲ ਮੁਖੀਆਂ ਨੂੰ ਦੱਸਿਆ ਕਿ ਅੱਜ ਦੀ ਮੀਟਿੰਗ ਕੈਂਸਲ ਕੀਤੀ ਜਾਂਦੀ ਹੈ, ਭਵਿੱਖ ਚ ਸਕੂਲ ਮੁਖੀਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਦੂਰ ਕੀਤਾ ਜਾਵੇਗਾ।
ਅਧਿਆਪਕ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਅਧਿਆਪਕਾ ਨੂੰ ਇਸ ਤਰਾਂ ਹੀ ਖੱਜਲ ਖੁਆਰ ਕੀਤਾ ਜਾਂਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਪ੍ਰੋਜੈਕਟ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ।