ਬਲਾਕ ਦੇ ਤੇਤੀ ਪਿੰਡਾਂ ’ਚੋਂ ਇੱਕ ਪਿੰਡ ਹੀ ਹੋ ਸਕੀ ਸਰਬਸੰਮਤੀ
ਕਰਨ ਭੀਖੀ
ਭੀਖੀ, 13 ਅਕਤੂਬਰਸਥਾਨਕ ਬਲਾਕ ਦੇ ਤੇਤੀ ਪਿੰਡਾਂ ਵਿੱਚ ਪੰਚਾਂ ਤੇ ਸਰਪੰਚਾਂ ਦੀ ਅੜੀ-ਚੜ੍ਹੀ ਬਰਕਰਾਰ ਹੈ, ਵੱਖ-ਵੱਖ ਪਿੰਡਾਂ ’ਚ ਆਪਣੇ ਸਮਰਥਕਾਂ ਸਮੇਤ ਸਰਪੰਚਾਂ ਤੇ ਪੰਚਾਂ ਵੱਲੋਂ ਵੋਟਰਾਂ ਦੇ ਦਰਾਂ ’ਤੇ ਪਹੁੰਚ ਕੇ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਲੋਕ ਨਾਇਕ ਸੁੱਚਾ ਸਿੰਘ ਸੂਰਮਾ ਦੇ ਪਿੰਡ ਸਮਾਉਂ ਵਿਖੇ ਸਰਪੰਚ ਉਮੀਦਵਾਰ ਡਾ. ਜਤਿੰਦਰ ਸਿੰਘ ਤੇ ਬਲਜਿੰਦਰ ਸਿੰਘ ਆਪਣੇ ਪੰਚਾਂ ਦੇ ਧੜਿਆਂ ਨਾਲ ਆਹਮਣੋ-ਸਾਹਮਣੇ ਹਨ, ਅੱਜ ਦੋਵਾਂ ਵੱਲੋਂ ਭਰਵੇਂ ਇਕੱਠ ਨਾਲ ਪਿੰਡ ਦਾ ਗੇੜਾ ਦਿੱਤਾ ਗਿਆ ਹੈ। ਪਿੰਡ ਦੀ ਸਾਬਕਾ ਪੰਚਾਇਤ ਜਤਿੰਦਰ ਸਿੰਘ ਦੀ ਹਮਾਇਤ ਕਰ ਰਹੀ ਹੈ। ਇਸ ਮੌਕੇ ਜਤਿੰਦਰ ਸਿੰਘ ਨੇ ਕਿਹਾ ਕਿ ਹਰ ਪੱਖ ਤੋਂ ਪਿੰਡ ਦੇ ਵਿਕਾਸ ਲਈ ਪੂਰਾ ਯਤਨ ਕੀਤਾ ਜਾਵੇਗਾ ਅਤੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨਗੇ। ਪਿੰਡ ਮੋਹਰ ਸਿੰਘ ਵਾਲਾ ਵਿਖੇ ਬਹਾਦਰ ਖਾਨ ਦੇ ਮੁਕਾਬਲੇ ਛੇ ਸਰਪੰਚ ਉਮੀਦਵਾਰ ਮੈਦਾਨ ਵਿੱਚ ਹਨ, ਪਿੰਡ ਧਲੇਵਾਂ ਵਿਖੇ ਸੁਖਵਿੰਦਰ ਸਿੰਘ ਤੇ ਤਿੰਨ ਹੋਰ ਉਮੀਦਵਾਰ ਸਰਪੰਚੀ ਲਈ ਆਪਣੀ ਕਿਸਮਤ ਅਜਮਾ ਰਹੇ ਹਨ। ਪਿੰਡ ਕੋਟੜਾ ਕਲਾਂ ਵਿਖੇ ਸਰਪੰਚ ਉਮੀਦਵਾਰ ਕਿਰਨਦੀਪ ਕੌਰ ਤੇ ਹਰਜੀਤ ਕੌਰ ਚੋਣ ਮੈਦਾਨ ਵਿੱਚ ਹਨ। ਪਿੰਡ ਢੈਪਈ ’ਚ ਸਰਪੰਚ ਉਮੀਦਵਾਰ ਮਹਿੰਦਰ ਕੌਰ ਤੋਂ ਇਲਾਵਾ ਦੋ ਹੋਰ ਔਰਤਾਂ ਆਪਣੀ ਦਾਅਵੇਦਾਰੀ ਲਈ ਸੰਘਰਸ਼ ਕਰ ਰਹੀਆਂ ਹਨ। ਮੱਤੀ ਤੋਂ ਡਾ. ਹਰਕੰਵਲਪ੍ਰੀਤ ਸਿੰਘ ਦੇ ਮੁਕਾਬਲੇ ਦੋ ਹੋਰ ਸਰਪੰਚ ਉਮੀਦਵਾਰ ਚੋਣ ਮੈਦਾਨ ਵਿੱਚ ਖੜ੍ਹੇ ਹਨ। ਰਿਟਰਨਿੰਗ ਸਹਾਇਕ ਅਫ਼ਸਰ ਅਨੁਸਾਰ ਸਮੁੱਚੇ ਬਲਾਕ ਅੰਦਰ ਪਿੰਡ ਅਲੀਸ਼ੇਰ ਖੁਰਦ ਇੱਕ ਹੀ ਪੰਚਾਇਤ ਦੀ ਸਰਬਸੰਮਤੀ ਹੋ ਸਕੀ ਹੈ, ਬਾਕੀ ਸਾਰੇ ਪਿੰਡਾਂ ਅੰਦਰ ਚੋਣਾਂ ਕਰਵਾਈਆਂ ਜਾਣਗੀਆਂ।ਫੋਟੋ ਕੈਪਸ਼ਨ: ਪਿੰਡ ਸਮਾਉਂ ਵਿਖੇ ਆਪਣੇ ਸਮਰਥਕਾਂ ਸਮੇਤ ਜਤਿੰਦਰ ਸਿੰਘ ਪਿੰਡ ਦਾ ਗੇੜਾ ਲਾਉਂਦੇ ਹੋਏ।