ਰਾਤ ਦਾ ਸਮਾਂ ਸੀ , ਮੈਂ ਘਰ ਦੀ ਛੱਤ ਤੇ ਬੈਠਾ ਚੰਨ ਨਾਲ ਪਤਾ ਨਹੀਂ ਕਿਹੜੀਆਂ ਗੱਲਾਂ ਵਿੱਚ ਗੁਆਚਿਆ ਹੋਇਆ ਸੀ ਮੈਨੂੰ ਆਪ ਨੂੰ ਵੀ ਨਹੀਂ ਪਤਾ ।
ਲੱਗਭਗ ਰਾਤ ਦੇ ਦਸ ਕੁ ਵਜੇ ਮੇਰਾ ਇਕ ਦੋਸਤ ਮੇਰੇ ਕੋਲ਼ ਆਇਆ , ਮੇਰੇ ਅਤੇ ਚੰਨ ਦੇ ਵਿੱਚਕਾਰ ਕੰਧ ਬਨ ਕੇ ਖੜ੍ਹ ਗਿਆ ਅਤੇ ਕਹਿਣ ਲੱਗਾ ਵਾਹ ਜੀ ਵਾਹ ਸਾਡਾ ਸਾਰਾ ਜ਼ੋਰ ਲੱਗਿਆ ਪਿਆ ਤੇ ਸਰਦਾਰ ਸਾਹਿਬ ਪਤਾ ਨਹੀਂ ਚੰਨ ਨਾਲ ਕਿਹੜੀਆਂ ਪਿਆਰ ਮੁਹੱਬਤ ਦੀਆਂ ਗੱਲਾਂ ਵਿੱਚ ਗੁਆਚੇ ਹੋਏ ਨੇ, ਮੈਂ ਉਸਦੀ ਗੱਲ ਕੱਟਦੇ ਹੋਏ ਨੇ ਇੱਕ ਦਮ ਪੁੱਛਿਆ ਕਿ ਤੇਰਾ ਕਿੱਥੇ ਜ਼ੋਰ ਲੱਗ ਗਿਆ, ਜਰਾ ਖੁੱਲ ਕੇ ਤਾਂ ਦੱਸ।
ਲੈ ਤੈਨੂੰ ਨੀ ਪਤਾ ਬਾਈ ਆਪਣੇ ਪਿੰਡ ਵਿੱਚ ਸਰਪੰਚੀ ਦੀਆਂ ਵੋਟਾਂ ਵਾਸਤੇ ਥਾਂ ਥਾਂ ਤੇ ਪਿੰਡ ਦਾ ਇਕੱਠ ਹੋ ਰਿਹਾ ਕਿ ਇਸ ਵਾਰ ਸਰਪੰਚ ਕੋਣ ਤੇ ਕਿਵੇਂ ਬਣ ਰਿਹਾ, ਇਸ ਤਰਾਂ ਉਹ ਇੱਕ ਹੀ ਸਾਹ ਵਿੱਚ ਪਤਾ ਨਹੀਂ ਕੀ ਕੁੱਝ ਬੋਲ਼ ਗਿਆ ਓਹਨੂੰ ਆਪ ਵੀ ਪਤਾ ਨਹੀਂ ਲੱਗ ਰਿਹਾ ਸੀ। ਇਸ ਵਾਰ ਸਰਪੰਚ ਆਪਾਂ ਤੈਨੂੰ ਬਨਾਉਣਾ, ਆਪਣੀ ਤਿਆਰੀ ਖਿੱਚ ਕੇ ਰੱਖ।
ਥੋੜ੍ਹੀਆਂ ਬਹੁਤ ਗੱਲਾਂ ਕਰਨ ਤੋਂ ਬਾਅਦ ਉਹ ਮੇਰੇ ਕੋਲੋਂ ਚਲਾ ਗਿਆ , ਕੁੱਝ ਸਮੇਂ ਲਈ ਮੈਨੂੰ ਵੀ ਹੈਰਾਨ ਤੇ ਪ੍ਰੇਸ਼ਾਨ ਕਰ ਗਿਆ। ਮੈਂ ਸੋਚ ਰਿਹਾ ਸੀ ਕਿ ਇਹ ਮੈਨੂੰ ਕੀ ਕਹਿ ਗਿਆ।
ਮੈਂ ਸਰਪੰਚੀ ਦੀਆਂ ਵੋਟਾਂ ਅਤੇ ਸਰਪੰਚ ਦੇ ਕੰਮਾਂ ਬਾਰੇ ਸੋਚ ਲੱਗ ਪਿਆ। ਮੇਰੇ ਲੱਖ ਵਾਰ ਨਾਂਹ ਨੁੱਕਰ ਜੀ ਕਰਨ ਦੇ ਬਾਵਜੂਦ ਮੇਰੇ ਵਿਹੜੇ ਵਾਲਿਆਂ ਨੇ ਮੇਰੇ ਸਰਪੰਚੀ ਦੇ ਕਾਗਜ ਭਰਵਾਂ ਦਿੱਤੇ ਤੇ ਆਪ ਮੈਨੂੰ ਨਾਲ ਲੈ ਪਿੰਡ ਵਿੱਚ ਸਰਪੰਚੀ ਦੀਆਂ ਵੋਟਾਂ ਪਾਉਣ ਲਈ ਘਰ ਘਰ ਬੇਨਤੀ ਕਰਨ ਜਾਣ ਲੱਗੇ।
ਵੋਟਾਂ ਤੋਂ ਕੁੱਝ ਦਿਨ ਪਹਿਲਾਂ ਮੇਰੇ ਕਹਿਣ ਤੇ ਮੇਰੇ ਦੋਸਤਾਂ ਮਿੱਤਰਾਂ ਅਤੇ ਘਰ ਦਿਆਂ ਨੇ ਮੰਡੀ ਵਿੱਚ ਇੱਕ ਟੈਂਟ ਲਾਂ ਦਿੱਤਾ ਅਤੇ ਬਾਅਦ ਵਿੱਚ ਮੇਰੇ ਕੋਲ਼ ਆ ਕਿ ਟੈਂਟ ਲਗਾਉਣ ਦਾ ਕਾਰਨ ਪੁੱਛਿਆ।
ਕੋਈ ਗੱਲ ਨਹੀਂ ਸਭ ਪਤਾ ਲੱਗ ਜਾਊ ਮੈਂ ਇਹ ਕਹਿ ਉਹਨਾਂ ਤੋਂ ਕਿਨਾਰਾ ਕੀਤਾ ਅਤੇ ਆਪਣੇ ਇੱਕ ਮੰਤਰੀ ਦੋਸਤ ਨੂੰ ਫ਼ੋਨ ਲਾ ਲਿਆ ਅਤੇ ਓਹਦੇ ਨਾਲ ਵੋਟਾਂ ਬਾਰੇ ਗੱਲ ਕਰਨ ਲੱਗਾ ਅਤੇ ਮੰਡੀ ਵਿੱਚ ਟੈਂਟ ਲਗਾਉਣ ਦਾ ਕੰਮ ਪੂਰਾ ਹੋਣ ਦਾ ਜ਼ਿਕਰ ਕੀਤਾ।
ਅਗਲੇ ਦਿਨ ਸਵੇਰੇ ਹੀ ਪਿੰਡ ਦੇ ਬਾਹਰਲੇ ਗੁਰੂ ਘਰ ਵਿੱਚੋਂ ਇਕ ਸਪੀਕਰ ਰਾਹੀ ਇੱਕ ਅਵਾਜ਼ ਲਗਵਾਈ ਕਿ ਲੱਗਭਗ ਦੋ ਕੂ ਵਜੇ ਆਪਣੀ ਮੰਡੀ ਵਿੱਚ ਸਰਪੰਚੀ ਨੂੰ ਲੈ ਕਿ ਪਿੰਡ ਦਾ ਇੱਕ ਵੱਡਾ ਇਕੱਠ ਰੱਖਿਆ ਜਾ ਰਿਹਾ ਹੈ, ਬੇਨਤੀ ਹੈ ਇਸ ਇਕੱਠ ਵਿੱਚ ਸਾਰਿਆਂ ਨੇ ਪਹੁੰਚਣਾ ਅਤੇ ਆਪਣੇ ਆਪਣੇ ਵਿਚਾਰ ਸਾਂਝੇ ਕਰਨੇ , ਇਹ ਹੀ ਬੇਨਤੀ ਬਾਬਾ ਜੀ ਨੇ ਦੁਆਰਾ ਫ਼ਿਰ ਦੋ ਵਜੇ ਕੀਤੀ। ਕੁੱਝ ਹੀ ਸਮੇਂ ਵਿੱਚ ਲੱਗਭਗ ਸਾਰਾ ਹੀ ਪਿੰਡ ਪਹੁੰਚ ਗਿਆ।
ਥੋੜ੍ਹੇ ਸਮੇਂ ਬਾਅਦ ਮੈਂ ਅਤੇ ਮੇਰੇ ਨਾਲ ਮੇਰੇ ਸੰਗੀ ਸਾਥੀ ਵੀ ਮੰਡੀ ਵਿੱਚ ਲੱਗੇ ਟੈਂਟ ਵਿੱਚ ਪਹੁੰਚ ਗਏ ਅਤੇ ਸਰਪੰਚੀ ਦੀਆਂ ਵੋਟਾਂ ਨੂੰ ਲੈ ਪਿੰਡ ਵਾਲੇ ਆਪਸ ਵਿੱਚ ਹੀ ਗੱਲ ਕਰਨ ਲੱਗ ਪਏ।
ਥੋੜ੍ਹੇ ਸਮੇਂ ਬਾਅਦ ਹੀ ਮੇਰੇ ਵੱਲੋਂ ਬੁਲਾਏ ਗਏ ਮੇਰੇ ਦੋਸਤ ਵੀ ਆ ਗਏ ਜੋ ਮੌਜੂਦਾ ਸਮੇਂ ਦੀ ਸਰਕਾਰ ਵਿਚ ਇੱਕ ਚੰਗਾ ਰੁੱਤਬਾ ਸੀ ਉਹਨਾਂ ਵਿੱਚੋ ਇੱਕ ਸਿੱਖਿਆ ਮੰਤਰੀ ਵੀ ਸੀ।
ਮੰਚ ਤੇ ਖੜ੍ਹੇ ਇੱਕ ਬੁਲਾਰੇ ਨੇ ਸਾਰੇ ਦੋਸਤ ਮਿੱਤਰ ਅਤੇ ਪਿੰਡ ਵਾਸੀਆਂ ਦਾ ਇਕੱਠ ਵਿੱਚ ਆਉਣ ਤੇ ਧੰਨਵਾਦ ਕਰਦੇ ਨੇ ਮੇਰੇ ਬਾਰੇ ਪਿੰਡ ਵਾਸੀਆਂ ਨੂੰ ਦੱਸਿਆ ਅਤੇ ਪਿੰਡ ਵਿੱਚ ਹੋਣ ਵਾਲੇ ਕੰਮਾਂ ਬਾਰੇ ਦੱਸਣ ਲਈ ਮੈਂਨੂੰ ਮੰਚ ਤੇ ਬੁਲਾਇਆ ਅਤੇ ਆਪ ਧੰਨਵਾਦ ਕਰਦਾ ਹੋਇਆ ਨਿਮਰਤਾ ਸਹਿਤ ਨਾਲ ਇਕ ਪਾਸੇ ਖੜ੍ਹਾ ਹੋ ਗਿਆ।
ਮੈਂ ਪਿੰਡ ਵਾਸੀਆਂ ਨਾਲ਼ ਪਿੰਡ ਵਿੱਚ ਲੋੜੀਂਦੇ ਕੰਮਾਂ ਬਾਰੇ ਕੁੱਝ ਇਸ ਪ੍ਰਕਾਰ ਗੱਲ ਕੀਤੀ ।
ਪਿਆਰੇ ਦੋਸਤੋ ਮਿੱਤਰੋ ਅਤੇ ਪਿੰਡ ਵਾਸੀਓ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਨਾਲ਼ ਸਤਿ ਸ੍ਰੀ ਆਕਾਲ ਜੀ ਅਤੇ ਤੁਹਾਡਾ ਸਾਰਿਆਂ ਦਾ ਇਸ ਇਕੱਠ ਵਿੱਚ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਉੱਮੀਦ ਕਰਦਾ ਹਾਂ ਕਿ ਅੱਗੇ ਤੋਂ ਵੀ ਪਿੰਡ ਵਿੱਚ ਹੋਣ ਵਾਲੇ ਸਾਂਝੇ ਇਕੱਠਾ ਵਿਚ ਇਸੇ ਤਰ੍ਹਾਂ ਹੁਮ-ਹੁਮਾ ਕੇ ਆਉਗੇ।
ਅੱਜ ਆਪਾਂ ਕੋਈ ਗਲੀਆਂ ਨਾਲੀਆਂ ਦੀ ਗੱਲ ਨੀ ਕਰਨੀ ਅਤੇ ਨਾ ਹੀ ਕਿਸੇ ਹੋਰ ਬਿਨ੍ਹਾਂ ਮਤਲਬ ਦੇ ਕੰਮਾਂ ਦੀ ਗੱਲ ਕਰਨੀ ਹੈ, ਅੱਜ ਆਪਾਂ ਵਰਤਮਾਨ ਅਤੇ ਭਵਿੱਖ ਬਾਰੇ ਹੀ ਚਰਚਾ ਕਰਾਂਗੇ, ਪਹਿਲਾਂ ਜੋਂ ਕੁੱਝ ਵੀ ਹੋਇਆ ਆਪਾਂ ਉਸ ਬਾਰੇ ਕੋਈ ਗੱਲ ਨਹੀਂ ਕਰਾਗੇ, ਗੱਲ ਕਰਾਂਗੇ ਤਾਂ ਅੱਜ ਅਤੇ ਸਿਰਫ਼ ਆਉਣ ਕੱਲ ਦੀ।
ਜਿਵੇਂ ਆਪਾਂ ਸਾਰੇ ਭਲੀ ਭਾਤ ਜਾਣਦੇ ਹੀ ਹਾਂ ਕਿ ਆਪਣਾ ਆਉਣ ਵਾਲਾ ਭਵਿੱਖ ਆਪਣੇ ਬੱਚੇ ਹਨ, ਉਹਨਾਂ ਦੇ ਚੰਗੇ ਭਵਿੱਖ ਦੀ ਉੱਮੀਦ ਆਪਾਂ ਤਾਂ ਕਰ ਸਕਦੇ ਹਾਂ ਜੇਕਰ ਆਪਾਂ ਸਾਰੇ ਰਲ ਮਿਲ ਕੇ ਆਪਣਾ ਅੱਜ, ਭਾਵ ਵਰਤਮਾਨ ਨੂੰ ਸੁਧਾਰਨ ਦੀ ਕੋਸ਼ਿਸ ਕਰਾਂਗੇ।
ਸੋ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਗੱਲ ਕਰਾਂਗੇ ਪਿੰਡ ਦੇ ਸਰਕਾਰੀ ਸਕੂਲ ਦੀ , ਜਿਸਨੂੰ ਕਿ ਪਿੱਛਲੇ ਕਈ ਸਾਲਾਂ ਤੋਂ ਅਪਗ੍ਰੇਡ ਦੇ ਨਾਂਅ ਤੇ ਸਿਰਫ਼ ਲਾਰੇ ਹੀ ਮਿਲੇ ਹਨ, ਆਪਣਾ ਸਭ ਤੋਂ ਪਹਿਲਾਂ ਕੰਮ ਹੈ ਸਕੂਲ ਨੂੰ ਅਪਗ੍ਰੇਡ ਕਰਵਾਉਣਾ, ਪਿੰਡ ਵਿੱਚ ਵੱਡਾ ਸਕੂਲ ਨਾਲ ਹੋਣ ਕਰਕੇ ਬੱਚਿਆਂ ਦੀ ਪੜਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ, ਇਸ ਬਾਰੇ ਆਪਾਂ ਆਪਣੇ ਨਾਲ ਮੰਚ ਤੇ ਬੈਠੇ ਮੰਤਰੀ ਸਾਹਿਬ ਤੋਂ ਸਕੂਲ ਦੇ ਅਪਗ੍ਰੇਡ ਦੀ ਮੰਗ ਕਰਦੇ ਹਾਂ,
ਮੈ ਕਿਹਾ ਕਿਓ ਮੰਤਰੀ ਜੀ ?
ਤੁਸੀਂ ਸਕੂਲ ਲਈ ਲੋੜੀਂਦੇ ਬੱਚੇ ( ਵਿਦਿਆਰਥੀ) ਪੂਰੇ ਕਰ ਦਿਓ, ਸਕੂਲ ਅਪਗ੍ਰੇਡ ਕਰਵਾਉਣ ਦੀ ਜਿੰਮੇਵਾਰੀ ਮੇਰੀ, ਮੰਤਰੀ ਸਾਹਿਬ ਨੇ ਕਿਹਾ।
ਅਸੀ ਬੱਚੇ ਪੂਰੇ ਕਰ ਦੇਵਾਂਗੇ ਤੁਸੀਂ ਅਧਿਆਪਕ ਪੂਰੇ ਕਰ ਦਿਓ ।
ਇਹ ਸੁਣ ਕੇ ਸਾਰੇ ਹੀ ਪਿੰਡ ਵਾਸੀ ਹੱਸਣ ਲੱਗ ਪਏ।
ਦੂਜੀ ਗੱਲ ਕਰਦੇ ਹਾਂ , ਸਿਹਤ ਸੰਭਾਲ ਦੀ, ਆਪਾਂ ਨੂੰ ਆਪਣੇ ਪਿੰਡ ਵਿਚ ਇਕ ਛੋਟੇ ਸਰਕਾਰੀ ਹਸਪਤਾਲ ਦੀ ਬਹੁਤ ਜਰੂਰਤ ਹੈ, ਪਿੰਡ ਵਾਸੀਓ ਤੁਹਾਡੇ ਸਹਿਜੋਗ ਨਾਲ ਆਪਾਂ ਇਕ ਸਰਕਾਰੀ ਹਸਪਤਾਲ ਲਿਆਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜਿਸ ਵਿਚ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਬਿਲਕੁੱਲ ਮੁਫ਼ਤ ਕੀਤਾ ਜਾਵੇਗਾ। ਇਸ ਹਸਪਤਾਲ ਵਿਚ ਇਕ ਨਸ਼ਾ ਮੁਕਤੀ ਕੇਂਦਰ ਵੀ ਖੋਲ੍ਹਿਆ ਜਾਵੇਗਾ ਅਤੇ ਬਹੁਤ ਸਾਰੇ ਜਿਹੜੇ ਨੌਜਵਾਨ ਨਸ਼ਿਆਂ ਦੀ ਦਲ ਦਲ ਵਿਚ ਫ਼ਸਦੇ ਜਾ ਰਹੇ ਨੇ, ਉਹਨਾਂ ਦੇ ਨਸ਼ੇ ਛੱਡਵਾ ਕੇ ਮੁੜ੍ਹ ਇਕ ਨਵੀਂ ਜਿੰਦਗੀ ਦਿੱਤੀ ਜਾਊਗੀ, ਜਿਸ ਨਾਲ ਨਸ਼ਿਆਂ ਦਾ ਇਹ ਕੌੜ ਜੜ੍ਹ ਤੋਂ ਖਤਮ ਹੋ ਸਕਦਾ ਹੈ।
ਤੀਜੀ ਗੱਲ ਕਰਦੇ ਹਾਂ, ਅੱਜ ਕੱਲ੍ਹ ਆਪਾਂ ਵੇਖਦੇ ਹਾ ਕਿ ਹਰ ਘਰ ਵਿੱਚ ਪੜ੍ਹੇ ਲਿਖੇ ਬੇ-ਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਆਪਾਂ ਕੋਸ਼ਿਸ ਕਰਾਂਗੇ ਆਪਣੇ ਪਿੰਡ ਵਿੱਚ ਇੱਕ ਸਰਕਾਰੀ ਸਿੱਖਿਆ ਕੇਂਦਰ ਖੋਲਿਆ ਜਾਵੇਗਾ, ਜਿਸ ਵਿਚ ਹਰ ਤਰ੍ਹਾਂ ਦੇ ਸਰਕਾਰੀ ਨੌਕਰੀ ਦੇ ਪੇਪਰ ਦੀ ਤਿਆਰੀ ਕਾਰਵਾਈ ਜਾਊਗੀ ਅਤੇ ਨਾਲ ਹੀ ਹਰ ਇਕ ਤਰ੍ਹਾਂ ਦੇ ਫਿਜ਼ੀਕਲ ਦੀ ਵੀ ਤਿਆਰੀ ਕਰਵਾਈ ਜਾਊਗੀ। ਜਿਸਦੀ ਫ਼ੀਸ ਬੱਚੇ ਤੋਂ ਨੌਕਰੀ ਲੱਗਣ ਤੋਂ ਬਾਅਦ ਲਈ ਜਾਵੇਗੀ। ਜਿਸ ਨਾਲ ਪਿੰਡ ਦੀ ਤਰੱਕੀ ਵੀ ਹੋਵੇਗੀ ਤੇ ਬੇ- ਰੁਜ਼ਗਾਰੀ ਦੀ ਸਮੱਸਿਆ ਦਾ ਵੀ ਹੱਲ ਹੋਵੇਗਾ।
ਜਿਸ ਕਿਸੇ ਵਿਅਕਤੀ ਨੂੰ ਨੌਕਰੀ ਦੀ ਜਿਆਦਾ ਜਰੂਰਤ ਹੈ ਉਹ ਮੈਂਨੂੰ ਕਿਸੇ ਵੀ ਸਮੇਂ ਮਿਲ ਸਕਦਾ ਹੈ, ਮੈਂ ਉਸ ਲਈ ਕਿਸੇ ਅਰਧ ਸਰਕਾਰੀ ਬੈਂਕ ਜਾ ਕਿਸੇ ਹੋਰ ਥਾਂ ਤੇ ਨੌਕਰੀ ਦਾ ਪ੍ਰਬੰਧ ਕਰ ਦੇਵੇਗਾ।
ਚੋਥੀ ਗੱਲ ਕਰਦੇ ਹਾਂ, ਇੱਕ ਆਪਣੇ ਪਿੰਡ ਵਿੱਚ ਇੱਕ ਪੜ੍ਹਿਆ ਲਿਖਿਆ ਇੱਕ ਸਾਂਝਾ ਅਧਿਆਪਕ ਰੱਖਣਾ ਹੈ ਜਿਸਨੂੰ ਹਰ ਇਕ ਧਰਮ, ਸਮਾਜ ਅਤੇ ਕਈ ਤਰ੍ਹਾਂ ਦੀਆਂ ਭਾਸ਼ਾਵਾਂ ਦਾ ਗਿਆਨ ਹੋਵੇ, ਉਸ ਦਾ ਕੰਮ ਹੋਵੇਗਾ ਹਰ ਇੱਕ ਤਿਉਹਾਰ, ਜਨਮ ਦਿਵਸ, ਸ਼ਹੀਦੀ ਦਿਵਸ ਅਤੇ ਹੋਰ ਵੀ ਕਈ ਤਰ੍ਹਾਂ ਸਮੇਂ ਸਮੇਂ ਦੇ ਅਨੁਸਾਰ ਪਿੰਡ ਵਾਸੀਆਂ ਦੇ ਗਿਆਨ ਵਿਚ ਵਾਧਾ ਹੋ ਸਕੇ। ਤਾਂ ਜੋਂ ਹਰ ਇਕ ਵਿਅਕਤੀ ਇਕ ਦੂਜੇ ਦੇ ਧਰਮ, ਭਾਸ਼ਾ, ਗੁਰੂਆਂ ਪੀਰਾਂ ਅਤੇ ਸ਼ਹੀਦਾਂ ਨੂੰ ਸਤਿਕਾਰ ਦੇ ਸਕੇ। ਇਸ ਨਾਲ ਆਪਸੀ ਭਾਈ ਚਾਰਕ ਸਾਂਝ ਵੀ ਵਧੇਗੀ ਅਤੇ ਇਕ ਦੂਜੇ ਦੇ ਧਰਮ ਦਾ ਵੀ ਗਿਆਨ ਹੋਵੇ ਗਾ।
ਪੰਜਵੀਂ ਗੱਲ ਕਰਦੇ ਹਾਂ, ਆਪਣੇ ਪਿੰਡ ਵਿੱਚ ਆਪਣੇ ਸਾਰਿਆਂ ਦੇ ਸਹਿਜੋਗ ਨਾਲ ਪਿੰਡ ਵਿੱਚ ਇੱਕ ਸੰਗਠਨ ਦਾ ਨਿਰਮਾਨ ਕੀਤਾ ਜਾਵੇਗਾ, ਜਿਸਦਾ ਕੰਮ ਹੋਵੇਗਾ ਹਫ਼ਤੇ ਵਿਚ ਇਕ ਦਿਨ ਪਿੰਡ ਦੀ ਸਾਰੀ ਫ਼ਿਰਨੀ ਦੀ ਸਫ਼ਾਈ ਕਰਨ ਦਾ ਹੋਵੇਗਾ , ਜਿਸ ਨਾਲ ਆਪਣਾ ਪਿੰਡ ਸਾਫ਼ ਸੁਥਰਾ ਹੋ ਜਾਵੇਗਾ , ਗੰਦਗੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਹੋਵੇਗਾਂ,
ਦੋਸਤੋ ਇਸ ਤਰ੍ਹਾਂ ਦੇ ਕਈ ਹੋਰ ਕੰਮ ਜਿਵੇਂ, ਸਾਫ਼ ਪਾਣੀ ਦਾ ਪ੍ਰਬੰਧ, ਪਿੰਡ ਦੇ ਮਸਲੇ ਪਿੰਡ ਵਿੱਚ ਹੀ ਹੱਲ ਕਰਨੇ, ਸਰਕਾਰੀ ਕੰਮਾਂ ਵਿੱਚ ਆਉਣ ਵਾਲੀਆਂ ਰੁਕਾਵਟਾਂ ਦਾ ਜਲਦੀ ਜਲਦੀ ਹੱਲ ਕਰਨ, ਸ਼ਹਿਰ ਆਉਣ ਜਾਣ ਲਈ ਸਰਕਾਰੀ ਬੱਸਾਂ ਦਾ ਪ੍ਰਬੰਧ, ਪਿੰਡ ਵਿੱਚ ਚੋਰਾ ਤੋਂ ਬਚਾਅ ਲਈ ਚੌਕੀਦਾਰ ਦਾ ਪ੍ਰਬੰਧ। ਹਰ ਛੇ ਮਹੀਨਿਆ ਵਿਚ ਖ਼ੂਨ ਦਾਨ ਅਤੇ ਅੱਖਾਂ ਦਾ ਮੁਫ਼ਤ ਕੈਂਪ, ਨਵੇਂ ਰੁੱਖ ਲਗਾਉਣਾ, ਪਿੰਡ ਵਿੱਚ ਜਿਮ ਦਾ ਪ੍ਰਬੰਧ, ਵਧੀਆ ਖੇਡਣ ਲਈ ਮੈਦਾਨ, ਘੁੰਮਣ ਲਈ ਸਾਂਝਾ ਪਾਰਕ।
ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਕੰਮ ਹਨ ਜੋਂ ਕਿ ਆਉਣ ਵਾਲੇ ਸਮੇਂ ਵਿਚ ਕੀਤੇ ਜਾਣਗੇ, ਇਹ ਮੇਰਾ ਆਪਣੇ ਆਪ ਨਾਲ ਇੱਕ ਬਚਨ ਹੈ।
ਸਾਰੇ ਲੋਕਾਂ ਨੇ ਮੇਰੀ ਬਹੁਤ ਪ੍ਰਸੰਸਾ ਕੀਤੀ ਅਤੇ ਹਰ ਇਕ ਨੇ ਮੈਂਨੂੰ ਵੋਟ ਪਾਉਣ ਦਾ ਬਚਨ ਦਿੱਤਾ ਅਤੇ ਆਪਣੇ ਆਪਣੇ ਘਰਾਂ ਵੱਲ ਚਲੇ ਗਏ।
ਦੋ ਦਿਨਾਂ ਬਾਅਦ ਵੋਟਾਂ ਸਨ ਮੈਂ ਜਿਵੇਂ ਹੀ ਆਪਣੇ ਆਪ ਨੂੰ ਵੋਟ ਪਾਉਣ ਲਈ ਬਟਨ ਦਵਾਉਣ ਲੱਗਿਆ , ਓਸੇ ਸਮੇਂ ਮੇਰੀ ਅੱਖ ਖੁੱਲ ਗਈ ਅਤੇ ਮੇਰੀ ਧਰਮ ਪਤਨੀ ਮੈਂਨੂੰ ਨੀਦ ਚੋ ਜਗਾਉਣ ਦਾ ਉਪਰਾਲਾ ਕਰਦੀ ਮੈਂਨੂੰ ਨਜ਼ਰ ਆਈ, ਇਹ ਸਭ ਵੇਖਣ ਤੋਂ ਬਾਅਦ ਮੈਂਨੂੰ ਇਹ ਸਮਝਣ ਚੋ ਜ਼ਿਆਦਾ ਸਮਾਂ ਨਹੀਂ ਲੱਗਾ ਕਿ ਇਹ ਸਭ ਇਕ ਸੁਫ਼ਨਾ ਸੀ। ਮੈਂ ਆਪਣੇ ਬਿਸਤਰ ਤੋ ਜਲਦੀ ਨਾਲ ਉਠਿਆ ਅਤੇ ਦਫ਼ਤਰ ਜਾਣ ਲਈ ਤਿਆਰ ਹੋਣ ਲੱਗ ਗਿਆ।
ਦੋਸਤੋ! ਵੇ ਸ਼ੱਕ ਇਹ ਇਕ ਸੁਪਨਾ ਸੀ, ਪਰ ਇਹ ਇਕ ਅਸਲੀਅਤ ਵੀ ਹੈ, ਜੇਕਰ ਵੇਖਿਆ ਜਾਵੇ ਤਾਂ ਇਹ ਸਾਰੀਆਂ ਸਮੱਸਿਆਵਾਂ ਹਰ ਇਕ ਪਿੰਡ ਦੀਆਂ ਹਨ, ਸੋ ਇਸ ਵਾਰ ਆਪਣੇ ਆਪ ਨਾਲ ਇਕ ਵਚਨ ਕਰੋ ਕਿ ਇਸ ਵਾਰ ਵੋਟ ਅਸੀਂ ਬਿਨਾਂ ਕਿਸੇ ਲਾਲਚ, ਬਿਨ੍ਹਾਂ ਕਿਸੇ ਨਸ਼ੇ ਦੇ, ਅਤੇ ਨਾ ਹੀ ਕੋਈ ਹੋਰ ਵਸਤੂ ਦੇ ਲਾਲਚ ਨਾਲ ਵੋਟ ਪਾਵਾਗੇ , ਵੋਟ ਇਕ ਪੜ੍ਹੇ ਲਿਖੇ, ਇਮਾਨਦਾਰ, ਸੂਝਵਾਨ , ਮਿਹਨਤੀ ਅਤੇ ਸੁਲਝੇ ਹੋਏ ਵਿਅਕਤੀ ਨੂੰ ਵੋਟ ਪਾਵਾਗੇ ਅਤੇ ਇਕ ਚੰਗਾ ਸਮਾਜ ਸਿਰਜਣ ਲਈ ਸਰਪੰਚ ਬਣਾਵਾਂਗੇ।
ਲੇਖਕ:- ਗੁਰਸੇਵ ਸਿੰਘ ਢੀਂਡਸਾ
98723-65987