18 ਸਤੰਬਰ (ਸੁਖਪਾਲ ਸਿੰਘ ਬੀਰ) ਬੁਢਲਾਡਾ : ਮਾਨਵ ਸੇਵਾ ਮਿਸ਼ਨ ਸੰਸਥਾ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਦਾਅਵਾ ਕੀਤਾ ਗਿਆ ਹੈ ਕਿ ‘ਚੰਡੀਗੜ੍ਹ ਝੀਲਾਂ ਦਾ ਸ਼ਹਿਰ ਮੰਨਿਆ ਜਾਂਦਾ ਹੈ, ਹੁਣ ਬੁਢਲਾਡਾ ਵੀ ਝੀਲਾਂ ਦਾ ਸ਼ਹਿਰ ਬਣ ਗਿਆ ਹੈ ਇਸ ਵੱਲ ਤਵੱਜ਼ੋ ਦੇਣ ਦੀ ਫੌਰੀ ਜ਼ਰੂਰਤ ਹੈ ਕਿਉਂਕਿ ਇਹ ਆਮ ਝੀਲਾਂ ਨਹੀਂ ਸੀਵਰੇਜੀ਼ ਝੀਲਾਂ ਹਨ ਜਿਨਾਂ ਵੱਲ ਜਾਣ ਤੋਂ ਵੀ ਲੋਕ ਘਬਰਾਉਂਦੇ ਹਨ। ਪਰ ਦਿਨਚਰਿਆ ਤੇ ਹੋਰ ਕੰਮਾਂ ਕਾਰਾਂ ਲਈ ਸਾਰੀ ਆਮ ਤੇ ਖਾਸ ਰਿਆਇਆ ਨੂੰ ਇਹ ਸੀਵਰੇਜੀ ਝੀਲਾਂ ਨਾ ਚਾਹੁਦਿਆਂ ਵੀ ਪਾਰ ਕਰਨੀਆਂ ਹੀ ਪੈਂਦੀਆਂ ਹਨ।’ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਨਵ ਸੇਵਾ ਸੰਸਥਾ ਦੇ ਸਰਪ੍ਰਸਤ ਐਸ.ਪੀ.ਸਿੰਘ ਨੇ ਵਿਅੰਗਮਈ ਲਹਿਜੇ ਵਿੱਚ ਪੇਸ਼ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਉਨ੍ਹਾਂ ਨੂੰ ਵਿਆਹ ਜਿੰਨਾਂ ਚਾਅ ਚੜਿਆ ਸੀ ਪਰ ਵਿਕਾਸ ਰੂਪੀ ਮੀਂਹ ਦੀ ਪਹਿਲੀ ਬਾਛੜ ਨਾਲ ਹੀ ਲਹਿ ਗਿਆ ਜਿਹੜਾ ਪ੍ਰਸ਼ਾਸ਼ਨ, ਅਧਿਕਾਰੀ, ਸਰਕਾਰ ਤੇ ਜ਼ਿੰਮੇਵਾਰ ਲੀਡਰ ਮੰਡੀ ਜਾਂ ਸ਼ਹਿਰ ਵਿਚਲੇ ਸ਼ੀਵਰੇਜ ਦਾ ਮਸਲਾ ਹੀ ਹੱਲ ਨਹੀਂ ਕਰਵਾ ਸਕਦਾ ਉਸਤੋਂ ਹੋਰ ਉਮੀਦ ਹੀ ਕੀ ਰੱਖੀ ਜਾ ਸਕਦੀ ਹੈ। ਇਸ ਸਮੇਂ ਸੰਸਥਾ ਦੇ ਜ਼ੋਨ ਕਨਵੀਨਰ ਅਸ਼ੋਕ ਕੁਮਾਰ ਕਾਠ ਨੇ ਸਮੇਂ ਦੀ ਸਰਕਾਰ ਦੇ ਮੌਜੂਦਾ ਸਿਸਟਮ ਉੱਪਰ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰੀ ਤੰਤਰ ਦੀ ਬਦਹਾਲੀ ਦਾ ਇਸਤੋਂ ਮਾੜਾ ਹਾਲ ਕੀ ਹੋਵੇਗਾ ਕਿ ਬੁਢਲਾਡਾ ਦੇ ਵਿਕਾਸ ਕਾਰਜਾਂ ਅਤੇ ਉਸਾਰੀ ਵਿੱਚ ਥਾਂ ਥਾਂ ਧਾਂਦਲੀ ਦਿਖਾਈ ਦੇ ਰਹੀ ਹੈ। ਡੱਗੀਆਂ(ਵਾਟਰ ਵਰਕਸ) ਵਾਲੇ ਪਾਰਕ ਨੇ ਇਲਾਕੇ ਦਾ ਧਿਆਨ ਖਿੱਚਣਾ ਸੀ ਪਰ ਉਸਦੀ ਖਾਨਾ ਪੂਰਤੀ ਹੀ ਕੀਤੀ ਗਈ ਹੈ। ਸ਼ਹਿਰ ਵਿਚਲੀਆਂ ਸੜਕਾਂ ਬਣਨ ਤੋਂ ਪਹਿਲਾਂ ਕੰਡਮ ਹੋ ਗਈਆਂ ਹਨ। ਟਿੱਲੇ ਵਾਲੇ ਟੋਭੇ ਵੱਲ ਦਾ ਸ਼ਾਰਟ ਕੱਟ ਰਾਹ ਜਾਂ ਸੜਕ ਬਣਨ ਦੀ ਕੋਈ ਬਾਈ-ਧਾਈ ਹੀ ਨਹੀਂ ਹੈ।ਅਪਣੀ ਪ੍ਰੈਸ ਵਾਰਤਾ ਦੀ ਸਮਾਪਤੀ ਮੌਕੇ ਸੰਸਥਾ ਦੇ ਸਰਪ੍ਰਸਤ ਐਸ.ਪੀ.ਸਿੰਘ ਨੇ ਕੁੱਝ ਸਮਾਂ ਐਸ.ਡੀ.ਐਮ ਰਹਿ ਕੇ ਚਰਚਾ ਦਾ ਵਿਸ਼ਾ ਰਹੇ ਸਾਗਰ ਸੇਤੀਆ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਜਹੇ ਮਾਈ ਦੇ ਲਾਲ ਹੀ ਕਿਸੇ ਥਾਂ ਜਾਂ ਸ਼ਹਿਰ ਨੂੰ ਸਹੀ ਅਰਥਾਂ ਵਿੱਚ ਵਿਕਸਤ ਕਰ ਸਕਦੇ ਹਨ। ਜਾਂਦੇ ਜਾਂਦੇ ਉਨ੍ਹਾਂ ਵਰਤਮਾਨ ਸਰਕਾਰੀ ਤੰਤਰ ਦਾ ਮਰਸ਼ੀਆ ਪੜ੍ਹਦਿਆਂ ਸ਼ਾਇਰਾਨਾ ਅੰਦਾਜ਼ ਵਿੱਚ ਕਿਹਾ ਕਿਸ਼ੋਰ ਬਹੁਤ ਹੈ ਮਗਰ ਸੁਨਾਈ ਨਹੀਂ ਦੇਗਾ ਦਰਦ ਦਿਲ ਕਾ ਚੇਹਰੇ ਪਰ ਦਿਖਾਈ ਨਹੀਂ ਦੇਗਾ ਏਕ ਤੁਝ ਸੇ ਬਨਾਨੇ ਕੇ ਲੀਏ ਮੈਂਨੇ ਬਿਗਾੜ ਲੀ ਸਬਸੇਸੋ ਮੇਰੇ ਹੱਕ ਮੇਂ ਭੀ ਕੋਈ ਗਵਾਹੀ ਨਹੀਂ ਦੇਗਾ।