ਪੰਜਾਬ- ਚੰਡੀਗੜ੍ਹ ਜਰਨਲਿਸਟ ਯੂਨੀਅਨ ਪੱਤਰਕਾਰਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਵਚਨਬੱਧ- ਜੰਡੂ
09 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ ਪੱਤਰਕਾਰਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਵਚਨਬੱਧ ਹੈ। ਇਸ ਕਾਰਜ ਲਈ ਹਰ ਮੋੜ ‘ਤੇ ਲੜਾਈ ਲੜੀ ਜਾਵੇਗੀ। ਇਹ ਪ੍ਰਗਟਾਵਾ ਯੂਨੀਅਨ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਜੰਡੂ ਤੇ ਮਾਲਵਾ ਇੰਚਾਰਜ ਸੰਤੋਖ ਸਿੰਘ ਗਿੱਲ ਨੇ ਇੱਥੇ ਜ਼ਿਲ੍ਹਾ ਇਕਾਈ ਦੇ ਅਹੁਦੇਦਾਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਜਥੇਬੰਦੀ ਪਿਛਲੇ ਦਹਾਕਿਆਂ ਤੋਂ ਪੱਤਰਕਾਰਤਾ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਨਾਲ ਹੀ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਯਤਨ ਜੁਟਾ ਰਹੀ ਹੈ। ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਤੇ ਪ੍ਰੈੱਸ ਕੈਂਸਲ ਆਫ਼ ਇੰਡੀਆ ਦੇ ਮੈਂਬਰ ਬਲਵਿੰਦਰ ਜੰਮੂ ਨੇ ਕਿਹਾ ਕਿ ਜਥੇਬੰਦੀ ਦੋਸ਼ ਭਰ ‘ਚ ਪੱਤਰਕਾਰਾਂ ਦਾ ਸੰਗਠਨ ਹੋਰ ਮਜ਼ਬੂਤ ਕਰਨ ਲਈ ਉਪਰਾਲੇ ਕਰ ਰਹੀ ਹੈ। ਬੁਲਾਰਿਆਂ ਨੇ ਆਖਿਆ ਕਿ ਮੀਡੀਆ ਕਰਮੀਆਂ ‘ਤੇ ਲਗਾਤਾਰ ਹੋ ਰਹੇ ਸਿਆਸੀ ਹਮਲੇ ਪ੍ਰੈੱਸ ਲਈ ਵੱਡੀ ਚੁਣੌਤੀ ਹਨ ਅਤੇ ਇਨ੍ਹਾਂ ਨੂੰ ਭਵਿੱਖ ‘ਚ ਰੋਕਣ ਲਈ ਲਾਮਬੰਦ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਰਾਜ ਹਰਿਆਣਾ ‘ਚ ਪੱਤਰਕਾਰਾਂ ਨੂੰ 20 ਹਜ਼ਾਰ ਰੁਪਏ ਪੈਨਸ਼ਨ ਦੇਣ ਦੇ ਨਾਲ ਹੀ ਹੋਰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਪੰਜਾਬ ‘ਚ ਸਰਕਾਰ ਨੇ ਹੱਥ ਘੁੱਟਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਪੱਤਰਕਾਰਾਂ ਲਈ ਰੇਲਵੇ ਤੇ ਬੱਸ ਸਫ਼ਰ ਮੁੜ ਮੁਫ਼ਤ ਕਰਨ, ਪੈਨਸ਼ਨ ਸਕੀਮ, ਮੈਡੀਕਲ ਸਹੂਲਤ ਦੇਣ ਦੇ ਨਾਲ ਹੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰੇ ਦਰਬਾਰੇ ਪਹੁੰਚ ਕੀਤੀ ਜਾ ਰਹੀ ਹੈ। ਜਥੇਬੰਦੀ ਨੇ ਅਹਿਦ ਲਿਆ ਕਿ ਪੰਜਾਬ ਤੇ ਕੇਂਦਰ ਸਰਕਾਰ ‘ਤੇ ਪੱਤਰਕਾਰਾਂ ਦੀਆਂ ਮੰਗਾਂ ਦੇ ਮਾਮਲੇ ‘ਚ ਪਹੁੰਚ ਕਰਨ ਦੇ ਨਾਲ ਹੀ ਹਰ ਪੱਧਰ ‘ਤੇ ਦਬਾਅ ਪਾਇਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ, ਸਟੇਟ ਕਮੇਟੀ ਮੈਂਬਰ ਜੋਗਿੰਦਰ ਸਿੰਘ ਮਾਨ, ਸਰਪ੍ਰਸਤ ਦਰਸ਼ਨ ਸਿੰਘ ਕੋਚ, ਗੁਰਚੇਤ ਸਿੰਘ ਫੱਤੇਵਾਲੀਆ, ਹਰਕ੍ਰਿਸ਼ਨ ਸ਼ਰਮਾ, ਮਿੱਤਰ ਸੈਨ ਸ਼ਰਮਾ, ਸਤਵੰਤ ਸਿੰਘ ਸੱਤਾ, ਨਾਨਕ ਸਿੰਘ ਖੁਰਮੀ, ਪਰਵਿੰਦਰ ਸਿੰਘ ਬਰਾੜ, ਤਰਸੇਮ ਚੰਦ ਸੇਮੀ, ਸੁਰੇਸ਼ ਮਾਨਸਾ, ਸਵਰਨ ਸਿੰਘ ਰਾਹੀ, ਰਵਿੰਦਰ ਰਵੀ, ਇੰਦਰਜੀਤ ਸਿੰਘ ਟੋਨੀ ਆਦਿ ਹਾਜ਼ਰ ਸਨ।