05 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਪੰਜਾਬ ਸਰਕਾਰ ਵੱਲੋਂ ਹਰ ਸਾਲ ਪੰਜਾਬ ਦੇ ਵੱਖ-ਵੱਖ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਹਿੱਤ ਅਧਿਆਪਕ ਰਾਜ ਪੁਰਸਕਾਰ ਪ੍ਰਦਾਨ ਕੀਤੇ ਜਾਂਦੇ ਹਨ। ਇਹ ਪੁਰਸਕਾਰ ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਸ਼ਲਾਘਾਯੋਗ ਕਾਰਜਾਂ ਲਈ ਦਿੱਤੇ ਜਾਂਦੇ ਹਨ। ਇਸ ਵਾਰ ਇਹ ਪੁਰਸਕਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ ) ਮਾਨਸਾ ਦੇ ਪੰਜਾਬੀ ਅਧਿਆਪਕ ਡਾ. ਵਿਨੋਦ ਮਿੱਤਲ ਨੂੰ ਮਿਲਿਆ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਹੁਸ਼ਿਆਰਪੁਰ ਵਿਖੇ ਹੋਏ ਰਾਜ ਪੱਧਰੀ ਸਨਮਾਨ ਸਮਾਗਮ ਦੌਰਾਨ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਵੱਲੋਂ ਦਿੱਤਾ ਜਾਵੇਗਾ। ਡਾ. ਵਿਨੋਦ ਮਿੱਤਲ ਨੂੰ ਇਹ ਵੱਕਾਰੀ ਸਨਮਾਨ ਮਿਲਣਾ ਨਾ ਸਿਰਫ਼ ਸਕੂਲ ਲਈ ਬਲਕਿ ਪੂਰੇ ਮਾਨਸਾ ਜ਼ਿਲ੍ਹੇ ਲਈ ਬੜੀ ਮਾਣ ਵਾਲੀ ਗੱਲ ਹੈ। ਇਸ ਮੌਕੇ ਬੋਲਦਿਆਂ ਸਕੂਲ ਦੇ ਇੰਚਾਰਜ਼ ਪਿ੍ੰਸੀਪਲ ਸ਼੍ਰੀਮਤੀ ਗੁਰਸਿਮਰ ਕੌਰ ਨੇ ਕਿਹਾ ਡਾ. ਵਿਨੋਦ ਮਿੱਤਲ ਸ਼ੁਰੂ ਤੋਂ ਹੀ ਮਿਹਨਤੀ ਅਧਿਆਪਕ ਹਨ। ਉਹ ਪੂਰੀ ਲਗਨ ਤੇ ਜ਼ਜਬੇ ਦੇ ਨਾਲ ਵਿਦਿਆਰਥੀਆਂ ਨੂੰ ਪੜਾਉੰਦੇ ਹਨ। ਉਨ੍ਹਾਂ ਵੱਲੋਂ ਕੀਤੇ ਜਾਂਦੇ ਕਾਰਜਾਂ ਦੀ ਸਾਰਾ ਸਟਾਫ਼ ਪ੍ਰਸੰਸਾ ਕਰਦਾ ਹੈ। ਕਿੰਨੇ ਹੀ ਵੱਖ-ਵੱਖ ਮੁਕਾਬਲਿਆਂ ਵਿੱਚ ਉਨ੍ਹਾਂ ਨੇ ਨਾ ਸਿਰਫ਼ ਵਿਦਿਆਰਥੀਆਂ ਨੂੰ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਭਾਗ ਦਵਾਇਆ ਬਲਕਿ ਉਨ੍ਹਾਂ ਦੇ ਸਿਖਾਏ ਬੱਚੇ ਬਹੁਤ ਸਾਰੀਆਂ ਪੁਜ਼ੀਸ਼ਨਾਂ ਪ੍ਰਾਪਤ ਕਰ ਚੁੱਕੇ ਹਨ । ਇਸ ਮੌਕੇ ਬੋਲਦਿਆਂ ਡਾ. ਵਿਨੋਦ ਮਿੱਤਲ ਨੇ ਕਿਹਾ ਕਿ ਇਹ ਸਨਮਾਨ ਸਿਰਫ਼ ਮੇਰਾ ਨਹੀ ਬਲਕਿ ਮੇਰੇ ਸਾਥੀ ਅਧਿਆਪਕਾਂ, ਮੇਰੇ ਵਿਦਿਆਰਥੀਆਂ ਅਤੇ ਮੇਰੀ ਕਰਮ ਭੂਮੀ ਮੇਰੇ ਸਕੂਲ ਦਾ ਸਨਮਾਨ ਹੈ। ਉਨ੍ਹਾਂ ਕਿਹਾ ਕਿ ਇਸ ਸਨਮਾਨ ਦੇ ਮਿਲਣ ਨਾਲ ਮੇਰੀ ਆਪਣੇ ਕਿੱਤੇ ਪ੍ਰਤੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ। ਹੁਣ ਮੈਂ ਹੋਰ ਵਧੇਰੇ ਮਿਹਨਤ ਨਾਲ ਆਪਣਾ ਕਾਰਜ ਕਰਾਂਗਾ ਤਾਂ ਜੋ ਸਿੱਖਿਆ ਵਿਭਾਗ ਨੇ ਜੋ ਮੈਨੂੰ ਇਨਾਂ ਵੱਡਾ ਸਨਮਾਨ ਦਿੱਤਾ ਹੈ, ਉਸ ਨਾਲ ਨਿਆਂ ਹੋ ਸਕੇ। ਸਾਲ 2006 ਤੋਂ 2021 ਤੱਕ ਬਤੌਰ ਪੰਜਾਬੀ ਅਧਿਆਪਕ ਸਰਕਾਰੀ ਮਿਡਲ ਸਕੂਲ ਅਤਲਾ ਖੁਰਦ ਵਿਖੇ ਨੋਕਰੀ ਸ਼ੁਰੂ ਕੀਤੀ। ਉਪਰੰਤ 2021 ਤੋਂ ਹੁਣ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਮਾਨਸਾ ਵਿਖੇ ਸੇਵਾ ਨਿਭਾ ਰਿਹਾ ਹਾਂ। ਸਰਵਿਸ ਦੌਰਾਨ ਪੀ-ਐੱਚ. ਡੀ. (ਸਿੱਖਿਆ)ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਸਿੱਖਿਆ ਵਿਭਾਗ, ਭਾਸ਼ਾ ਵਿਭਾਗ, ਨਹਿਰੂ ਯੁਵਾ ਕੇਂਦਰ ਅਤੇ ਹੋਰ ਸੰਸਥਾਵਾਂ ਵੱਲੋਂ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੂੰ ਭਾਗ ਦਵਾਇਆ ਅਤੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ। ਨਿਯੁਕਤੀ ਤੋਂ ਹੁਣ ਤੱਕ 100% ਨਤੀਜੇ ਪ੍ਰਾਪਤ ਕੀਤੇ। ਰਾਸ਼ਟਰੀ ਖੋਜ ਪੱਤਿ੍ਕਾ ਵਿੱਚ ਕਿੰਨੇ ਹੀ ਖੋਜ ਪੇਪਰ ਪ੍ਰਕਾਸ਼ਿਤ ਹੋਏ। ਅਨੇਕਾਂ ਸਮਾਜ ਸੇਵਾ ਦੇ ਕਾਰਜ ਕੀਤੇ ਅਤੇ ਹੁਣ ਵੀ ਜਾਰੀ ਹਨ। ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਸਾਹਿਤ ਨਾਲ ਜੋੜਿਆ। ਵੱਖ-ਵੱਖ ਅਖਬਾਰਾਂ ਅਤੇ ਮੈਗਜ਼ੀਨਾਂ ਵਿੱਚ ਨੈਤਿਕ ਸਿੱਖਿਆ ਅਤੇ ਪੰਜਾਬੀ ਨਾਲ ਸੰਬੰਧਤ ਕਿੰਨੇ ਹੀ ਆਰਟੀਕਲ ਪ੍ਰਕਾਸ਼ਿਤ ਹੋਏ। ਵਿਦਿਆਰਥੀਆਂ ਨੂੰ ਮੁਕਾਬਲੇ ਦੇ ਟੈਸਟਾ ਦੀ ਤਿਆਰੀ ਕਰਵਾਈ। ਵਿਦਿਆਰਥੀਆਂ ਲਈ ਸਪੈਸ਼ਲ ਦੋ ਸ਼ਾਰਟ ਮੂਵੀ ਤਿਆਰ ਕੀਤੀਆਂ। ਆਪਣਾ ਖੁਦ ਦਾ ਯੂ ਟਿਊਬ ਚੈਨਲ “ਮਾਂ ਬੋਲੀ ਪੰਜਾਬੀ ” ਰਾਹੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਫੁੱਲਤਾ ਲਈ ਯਤਨ ਜਾਰੀ ਹਨ। ਪੰਜਾਬੀ ਨਾਲ ਸੰਬੰਧਤ ਈ-ਕੰਟੈੰਟ ਤਿਆਰ ਕੀਤਾ……………ਆਦਿ