ਬਠਿੰਡਾ, 01 ਸਤੰਬਰ (ਗਗਨਦੀਪ ਸਿੰਘ) ਫੂਲ ਟਾਊਨ: ਬਾਬਾ ਫੂਲ ਯਾਦਗਾਰੀ ਸਾਹਿਤ ਸਭਾ ਫੂਲ ਟਾਊਨ ਜ਼ਿਲ੍ਹਾ ਬਠਿੰਡਾ ਨੇ 5 ਸਤੰਬਰ 2024 ਨੂੰ ਅਧਿਆਪਕ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ। ਜਿਸ ਵਿੱਚ ਬਹੁਤ ਹੀ ਸਨਮਾਨਯੋਗ ਅਧਿਆਪਕ ਜਿਨ੍ਹਾਂ ਦੀ ਆਪਣੇ ਪੇਸ਼ੇ ਵਿੱਚ ਵਧੀਆ ਕਾਰਗੁਜਾਰੀ ਹੈ ਅਤੇ ਨਾਲ ਨਾਲ ਸਮਾਜ ਨੂੰ ਵੀ ਕਿਸੇ ਨਾ ਕਿਸੇ ਪੱਖ ਤੋਂ ਕੋਈ ਦੇਣ ਹੈ ਭਾਵ ਸਮਾਜ ਸੇਵਾ ਵਿੱਚ ਯੋਗਦਾਨ ਹੈ, ਉਹਨਾਂ ਅਧਿਆਪਕਾਂ ਨੂੰ ਸਨਮਾਨਿਤ ਕਰਨ ਤੇ ਉਹਨਾਂ ਦਾ ਹੌਸਲਾ ਵਧਾਉਣ ਲਈ ਫੂਲ ਟਾਊਨ ਸਾਹਿਤ ਸਭਾ ਨੇ ਬੜਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਇਸ ਅਧਿਆਪਕ ਦਿਵਸ ਸਨਮਾਨ ਸਮਾਰੋਹ ਮੌਕੇ ਸ. ਇੰਦਰਜੀਤ ਸਿੰਘ ਮਾਨ (ਚੇਅਰਮੈਨ ਖਾਦੀ ਗ੍ਰਾਮ ਉਦਯੋਗ ਪੰਜਾਬ), ਸ. ਜਤਿੰਦਰ ਸਿੰਘ ਭੱਲਾ (ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ) ਜੀ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚ ਰਹੇ ਹਨ। ਨਾਲ ਹੀ ਸ. ਸੁਰਜੀਤ ਸਿੰਘ ਜੀ ਚੇਲਾ ਭਾਈਰੂਪਾ (ਮੁਖੀ ਵਿਰਾਸਤੀ ਬਾਗ਼ ਅਤੇ ਸਨਰਾਈਜ਼ ਪਬਲਿਕ ਸਕੂਲ) ਅਤੇ ਪ੍ਰਿੰਸੀਪਲ ਬਲਵੀਰ ਸਿੰਘ ਸਨੇਹੀ (ਚੇਅਰਮੈਨ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿ. ਪੰਜਾਬ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਹਨ। ਸਮਾਗਮ ਦੌਰਾਨ ਹੋਰ ਵੀ ਬਹੁਤ ਸਾਰੀਆਂ ਸਤਿਕਾਰਿਤ ਸਖਸ਼ੀਅਤਾਂ ਪਹੁੰਚ ਰਹੀਆਂ ਹਨ, ਜਿਨ੍ਹਾਂ ਵਿੱਚ ਲੋਕ ਗਾਇਕੀ, ਕਮੇਡੀ, ਕਵਿਤਾ ਅਤੇ ਗ਼ਜ਼ਲ ਦਾ ਅਨੰਦ ਮਾਨਣ ਨੂੰ ਮਿਲੇਗਾ। ਸਭਾ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਮੱਲ੍ਹੀ ਅਤੇ ਜਨਰਲ ਸਕੱਤਰ ਗਗਨ ਫੂਲ ਜੀ ਨੇ ਜਾਣਕਾਰੀ ਦਿੰਦਿਆਂ ਉਹਨਾਂ ਸਖਸ਼ੀਅਤਾਂ ਦੇ ਨਾਮ ਜਨਤਕ ਕੀਤੇ ਹਨ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਜੋ ਕਿ ਇਸ ਪ੍ਰਕਾਰ ਹਨ: ਰਾਜਬੀਰ ਕੌਰ ਗਰੇਵਾਲ, ਦੀਪਾਲੀ ਮਿੱਤਲ, ਜਗਤਾਰ ਸਿੰਘ ਸੋਖੀ, ਸੰਦੀਪ ਕੁਮਾਰ, ਗੁਰਪਿਆਰ ਸਿੰਘ, ਸੁਖਪਾਲ ਸਿੰਘ ਸਿੱਧੂ, ਯਸ਼ਪਾਲ, ਜਸਵਿੰਦਰ ਸਿੰਘ ਅਤੇ ਬਲਕੌਰ ਸਿੰਘ ਆਦਿ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਅੰਤ ਵਿੱਚ ਕਿਹਾ ਕਿ ਇਹ ਸਮਾਗਮ ਮੰਦਰ ਸਿੱਧ ਬੀਬੀ ਪਾਰੋ, ਨੇੜੇ ਸਰਕਾਰੀ ਸਕੂਲ ਲੜਕੇ, ਫੂਲ ਟਾਊਨ ਵਿਖੇ ਮਿਤੀ 5 ਸਤੰਬਰ 2024 ਨੂੰ ਸਵੇਰੇ 9 ਵਜੇ ਤੋਂ 12 ਵਜੇ ਤੱਕ ਹੋਵੇਗਾ।