ਗਗਨ ਫੂਲ
ਮੁਹਾਲੀ, 21 ਅਗਸਤ
ਐੱਸ ਸੀ/ਬੀ ਸੀ ਅਧਿਆਪਕ ਯੂਨੀਅਨ ਪੰਜਾਬ ਨੇ ਬੀਤੇ 9 ਅਗੱਸਤ 2024 ਨੂੰ ਕੋਲਕਾਤਾ ਦੇ ਆਰਜ਼ੀਕਾਰ ਮੈਡੀਕਲ ਕਾਲਜ ਵਿਖੇ ਡਾਕਟਰ ਮੋਮਿਤਾ ਦੇਬਨਾਥ ਦੇ ਜਬਰ ਜਿਨਾਹ ਉਪਰੰਤ ਕੀਤੇ ਕਤਲ ਨੂੰ ਬੇਹੱਦ ਸ਼ਰਮਨਾਕ ਤੇ ਮੰਦਭਾਗੀ ਘਟਨਾ ਕਰਾਰ ਦਿੱਤਾ ਹੈ। ਐੱਸ ਸੀ /ਬੀ ਸੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਜੀਤ ਸਿੰਘ ਸਲਾਣਾ, ਕਾਰਜ਼ਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗ਼ਾਂ ,ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ , ਮੀਤ ਪ੍ਰਧਾਨ ਗੁਰਸੇਵਕ ਕਲੇਰ ਤੇ ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ ਨੇ ਇੱਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਭਾਰਤ ਦੀ ਧਰਤੀ ਤੇ ਔਰਤਾਂ ਕੰਮਕਾਜੀ ਥਾਵਾਂ ਤੇ ਵੀ ਸੁਰੱਖਿਅਤ ਨਹੀਂ, ਕਿਉਂ ਜੋ ਇਸ ਘਟਨਾ ਨੇ ਕੰਮ ਕਾਜੀ ਸਥਾਨ ਤੇ ਵੀ ਔਰਤਾਂ ਦੀ ਸੁਰੱਖਿਆ ਦੇ ਪ੍ਰਬੰਧਾਂ ਨੂੰ ਕਟਿਹਰੇ ‘ਚ ਖੜ੍ਹਾ ਕੀਤਾ ਹੈ ।ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਬੇਟੀ ਪੜ੍ਹਾਓ, ਬੇਟੀ ਬਚਾਓ ਦਾ ਨਾਅਰਾ ਤਾਂ ਦਿੰਦੀ ਹੈ,ਪਰ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ ਤੇ ਕੋਈ ਵੀ ਕੰਮ ਨਹੀਂ ਕਰਦੀ। ਪਿੱਛਲੇ ਸਮੇਂ ਮਨੀਪੁਰ ਰਾਜ ਵਿੱਚ ਹੋਈਆਂ ਸਮੂਹਿਕ ਬਲਾਤਕਾਰ ਤੇ ਹੱਤਿਆ ਦੀਆਂ ਘਟਨਾਵਾਂ ਸਮਾਜ ਅਤੇ ਸਰਕਾਰਾਂ ਦਾ ਮੂੰਹ ਚਿੜਾ ਰਹੀਆਂ ਹਨ।ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਫੋਕੇ ਨਾਅਰੇ ਦੇਣ ਦੀ ਬਜਾਏ ਹਕੀਕਤ ਵਿੱਚ ਔਰਤਾਂ ਦੀ ਸੁਰੱਖਿਆ ਦਾ ਪੁਖਤਾ ਪ੍ਰਬੰਧ ਕਰਨਾ ਚਾਹੀਦਾ ਹੈ। ਭਾਰਤ ਵਿੱਚ ਅਜਿਹੀਆਂ ਘਟਨਾਵਾਂ ਦੀ ਗਿਣਤੀ ਦਿਨ-ਪ੍ਰਤੀ-ਦਿਨ ਵਧ ਰਹੀ ਹੈ।ਜਦੋਂ ਸਮਾਜ ਦਾ ਅਹਿਮ ਅਤੇ ਸਨਮਾਨਯੋਗ ਅੰਗ ਡਾਕਟਰ ਹੀ ਹਸਪਤਾਲਾਂ ‘ਚ ਸੁਰੱਖਿਅਤ ਨਹੀਂ ਤਾਂ ਅਜਿਹੇ ਅ-ਸੁਰੱਖਿਅਤ ਵਾਤਾਵਰਨ ਵਿੱਚ ਲੋਕਾਂ ਦੇ ਇਲਾਜ ਲਈ ਤੱਤਪਰ ਇਹ ਵਰਗ ਮਰੀਜ਼ਾਂ ਦਾ ਬਣਦਾ ਇਲਾਜ਼ ਕਿਵੇਂ ਕਰੇਗਾ। ਐੱਸ ਸੀ/ ਬੀ ਸੀ ਅਧਿਆਪਕ ਯੂਨੀਅਨ ਪੰਜਾਬ ਦੇ ਆਗੂਆਂ ਨੇ ਭਾਰਤ ਸਰਕਾਰ ਤੇ ਰਾਜ ਸਰਕਾਰਾਂ ਨੂੰ ਅਜਿਹੀਆਂ ਦਰਦਨਾਕ ਤੇ ਵਹਿਸ਼ੀ ਘਟਨਾਵਾਂ ਦੀ ਜਾਂਚ ਸੀਬੀਆਈ ਤੋਂ ਕਰਵਾ ਕੇ ਤੇ ਫਾਸਟ ਟਰੈਕ ਅਦਾਲਤਾਂ ਰਾਹੀਂ ਦੋਸ਼ੀਆਂ ਨੂੰ ਸਖ਼ਤ ਤੋਂ ਸਜ਼ਾਵਾਂ ਦੇਣ, ਇਥੋਂ ਤੱਕ ਕਿ ਫਾਂਸੀ ਦੀਆਂ ਸਜ਼ਾਵਾਂ ਦੇਣ ਦਾ ਪ੍ਰਬੰਧ ਕਰਕੇ ਪੀੜਤ ਪਰਿਵਾਰਾਂ ਨੂੰ ਬਣਦਾ ਇਨਸਾਫ ਦੇਣ ਦੀ ਮੰਗ ਕੀਤੀ।