*ਮਹਿਲ ਕਲਾਂ ਵਿਖੇ ਬੀਬੀ ਕਿਰਨਜੀਤ ਕੌਰ ਦਾ 27ਵਾਂ ਬਰਸੀ ਸਮਾਗਮ*
*ਔਰਤਾਂ, ਦਲਿਤ ਅਤੇ ਘੱਟ ਗਿਣਤੀਆ ਜੁਲਮਾਂ ਦੀ ਮਾਰ ਹੇਠ ਸਭ ਤੋਂ ਵੱਧ – ਸ਼ਰੈਆ ਘੋਸ਼*
ਮਹਿਲਕਲਾਂ 12 ਅਗਸਤ (ਡਾਕਟਰ ਮਿੱਠੂ ਮੁਹੰਮਦ) ਕਿਰਨਜੀਤ ਕੌਰ ਕਤਲ ਕਾਂਡ ਐਕਸ਼ਨ ਕਮੇਟੀ ਵੱਲੋਂ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਬੀਬੀ ਕਿਰਨਜੀਤ ਕੌਰ ਦਾ 27ਵਾਂ ਯਾਦਗਾਰੀ ਸਮਾਗਮ ਮਹਿਲ ਕਲਾਂ ਵਿਖੇ ਕਰਵਾਇਆ ਗਿਆ।ਸ਼ੁਰੂਆਤ ਲਖਵਿੰਦਰ ਠੀਕਰੀਵਾਲ ਦੇ ਸ਼ਰਧਾਂਜਲੀ ਗੀਤ ‘ਚੜ੍ਹਨ ਵਾਲਿਓ ਹੱਕਾਂ ਦੀ ਭੇਂਟ ਉੱਤੇ…’ ਨਾਲ ਹੋਈ। ਇਸ ਮੌਕੇ ਸੀਨੀਅਰ ਪੱਤਰਕਾਰ ਭਾਸ਼ਾ ਸਿੰਘ ਨੇ ਕਿਹਾ ਕਿ ਮੋਦੀ ਹਕੂਮਤ ਨੇ ਜਾਬਰ ਫਿਰਕੂ ਫਾਸ਼ੀ ਅਜੰਡੇ ਤਹਿਤ ਹਰ ਤਬਕੇ ਨੂੰ ਆਪਣੀ ਮਾਰ ਹੇਠ ਲਿਆਂਦਾ ਹੋਇਆ ਹੈ। ਇਸ ਹਮਲੇ ਦੀ ਮਾਰ ਹੇਠ ਆਏ ਸਮਾਜਿਕ ਕਾਰਕੁਨ, ਬੁੱਧੀਜੀਵੀ, ਪੱਤਰਕਾਰ ਅਤੇ ਵਕੀਲ, ਸਾਲਾਂ ਤੋਂ ਜੇਲ੍ਹ ਵਿੱਚ ਕੈਦ ਹਨ। ਮਜ਼ਦੂਰ ਆਗੂ ਸ਼ਰੈਆ ਘੋਸ਼ ਨੇ ਕਿਹਾ ਕਿ ਦਲਿਤ ਮਜ਼ਦੂਰ ਅਤੇ ਘੱਟ ਗਿਣਤੀ ਔਰਤਾਂ ਨੂੰ ਸਭ ਤੋਂ ਵੱਧ ਜੁਲਮ ਸਹਿਣਾ ਪੈ ਰਿਹਾ ਹੈ। ਇਨਕਲਾਬੀ ਕੇਂਦਰ,ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ,ਭਾਰਤੀ ਮਾਰਕਸਵਾਦੀ ਇਨਕਲਾਬੀ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ,ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਅੰਮ੍ਰਤਿਪਾਲ ਕੌਰ,ਪ੍ਰੇਮਪਾਲ ਕੌਰ,ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਰਾਜੀਵ ਕੁਮਾਰ,ਟੀਐਸਯੂ ਦੇ ਆਗੂ ਦਰਸ਼ਨ ਸਿੰਘ ਦਸੌਦਾ ਸਿੰਘ ਵਾਲਾ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਆਗੂ ਡਾਕਟਰ ਜਸਵਿੰਦਰ ਸਿੰਘ ਕਾਲਖ, ਇਨਕਲਾਬੀ ਮਜ਼ਦੂਰ ਕੇਂਦਰ ਦੇ ਆਗੂ ਕਾ: ਸੁਰਿੰਦਰ ਨੇ ਵਿਚਾਰ ਪੇਸ਼ ਕਰਦਿਆਂ ਜਾਬਰਾਂ ਖ਼ਿਲਾਫ਼ ਨਾਬਰੀ ਦਾ ਇਤਿਹਾਸ ਰਚਣ ਵਾਲੇ ਜੁਝਾਰੂ ਕਾਫ਼ਲਿਆਂ ਨੂੰ ਇਸ ਲੋਕ ਸੰਗਰਾਮ ਦੀ ਗਾਥਾ ਜਾਰੀ ਰੱਖਣ ਦੀ ਲੋੜ’ਤੇ ਜੋਰ ਦਿੱਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਭਾਸ਼ਾ ਸਿੰਘ ਅਤੇ ਸ਼੍ਰੈਆ ਘੋਸ਼ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜਗਰਾਜ ਸਿੰਘ ਹਰਦਾਸਪੁਰਾ,ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ,ਬਾਬੂ ਸਿੰਘ ਖੁੱਡੀਕਲਾਂ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਕੁਲਵੀਰ ਅੋਲਖ, ਦੀ ਅਗਵਾਈ ਵਿੱਚ ਟੀ.ਐੱਸ.ਯੂ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਸਾਥੀਆਂ ਨੇ ਬਾਖੂਬੀ ਸੇਵਾ ਨਿਭਾਈ। ਸਟੇਜ ਦੀ ਜਿੰਮੇਵਾਰੀ ਮਨਜੀਤ ਸਿੰਘ ਧਨੇਰ,ਨਰੈਣ ਦੱਤ, ਮਲਕੀਤ ਸਿੰਘ ਵਜੀਦਕੇ ਅਤੇ ਪ੍ਰੇਮ ਕੁਮਾਰ ਨੇ ਬਾਖੂਬੀ ਨਿਭਾਏ। ਇਸ ਸਮੇਂ ਅਮਰਜੀਤ ਕੌਰ, ਕੁਲਵੰਤ ਭਦੌੜ, ਗੁਰਮੇਲ ਠੁੱਲੀਵਾਲ,ਯਾਦਵਿੰਦਰ ਠੀਕਰੀਵਾਲ ,ਪਰਮਜੀਤ ਕੌਰ ਮਹਿਲਕਲਾਂ, ਜੱਗਾ ਸਿੰਘ, ਸਮਸ਼ੇਰ ਸਿੰਘ ਮਹਿਲਕਲਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ। ਇਸ ਸਮੇਂ ਪਾਸ ਕੀਤੇ ਮਤਿਆਂ ਅਨੁਸਾਰ
ਔਰਤਾਂ ਉੱਤੇ ਵਧ ਰਹੇ ਜ਼ਬਰ ਨੂੰ ਗੰਭੀਰਤਾ ਨਾਲ ਲੈਂਦਿਆਂ, ਇਸ ਜ਼ਬਰ ਤੋਂ ਮੁਕੰਮਲ ਮੁਕਤੀ ਲਈ ਨਵਾਂ ਸਮਾਜ ਸਿਰਜਣ ਲਈ ਸੰਘਰਸ਼ ਜਾਰੀ ਰੱਖਣ, ਆਰ.ਐੱਸ.ਐੱਸ ਦੀ ਅਗਵਾਈ ਵਾਲੀ ਮੋਦੀ ਹਕੂਮਤ ਵੱਲੋਂ ਬੋਲੇ ਫਿਰਕੂ ਫਾਸ਼ੀ ਹੱਲੇ, ਭਗਵਾਧਾਰੀ ਆਰ.ਐੱਸ.ਐੱਸ ਵੱਲੋਂ ਘੱਟ ਗਿਣਤੀਆਂ (ਮੁਸਲਿਮ, ਸਿੱਖ, ਇਸਾਈ ਅਤੇ ਹੋਰ)ਅਤੇ ਦਲਿਤਾਂ ਨੂੰ ਦਬਾਉਣ ਕੁਚਲਣ, ਬੁਲਡੋਜਰੀ ਮੁਹਿੰਮ ਰਾਹੀਂ ਘਰ ਘਾਟ ਢਾਹ ਢਾਹੁਣ, ਕੌਮਾਂਤਰੀ ਮੁਕਾਬਲਿਆਂ ਵਿੱਚ ਅੱਵਲ ਨੰਬਰ ਦੀ ਖਿਡਾਰਨ ਅਤੇ ਪਹਿਲਵਾਨ ਖਿਡਾਰਨਾਂ ਦੇ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਵਿਨੇਸ਼ ਫੋਗਾਟ ਨੂੰ ਓਲੰਪਿਕ ਮੁਕਾਬਲੇ ਵਿੱਚੋਂ ਸਾਜਿਸ਼ ਤਹਿਤ ਬਾਹਰ ਕਰਨ, ਮੋਦੀ ਹਕੂਮਤ ਵੱਲੋਂ ਆਰਥਿਕ ਸੁਧਾਰਾਂ ਦੇ ਨਾਂ ਹੇਠ ਜਨਤਕ ਖੇਤਰ ਦੇ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੱਡੇ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਵੇਚਣ, ਨਿੱਜੀਕਰਨ, ਉਦਾਰੀਕਰਨ, ਸੰਸਾਰੀਨ ਦੀ ਲੋਕ ਵਿਰੋਧੀ ਨੀਤੀ ਵਾਪਸ ਲੈਣ, ਮੋਦੀ ਹਕੂਮਤ ਵੱਲੋਂ ਫਿਰਕੂ ਫਾਸ਼ੀ ਹੱਲਾ ਤੇਜ਼ ਕਰਦਿਆਂ ਸਰਕਾਰ ਵਿਰੁੱਧ ਲਿਖਣ ਬੋਲਣ ਵਾਲੇ ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ, ਵਕੀਲ਼ਾਂ, ਲੇਖਕਾਂ, ਕਲਾਕਾਰਾਂ, ਪੱਤਰਕਾਰਾਂ ਨੂੰ ਸਾਲਾਂ ਬੱਧੀ ਸਮੇਂ ਦੇਸ਼ ਧ੍ਰੋਹ ਜਿਹੇ ਸੰਗੀਨ ਮੁਕੱਦਮਿਆਂ ਵਿੱਚ ਜੇਲ੍ਹੀਂ ਡੱਕਣ ਦੀ ਸਖ਼ਤ ਨਿਖੇਧੀ, ਸਜ਼ਾ ਪੂਰੀ ਕਰ ਚੁੱਕੇ ਸਾਰੇ ਸਿੱਖ ਕੈਦੀਆਂ ਅਤੇ ਸਿਆਸੀ ਕੈਦੀਆਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਨ, ਵਧ ਰਹੀ ਮਹਿੰਗਾਈ ਨੂੰ ਨੱਥ ਪਾਉਣ, ਕੇਂਦਰੀ ਅਤੇ ਸੂਬਾਈ ਸਰਕਾਰਾਂ ਦੀਆਂ ਰੁਜਗਾਰ ਰਹਿਤ ਸਨਅਤੀਕਰਨ ਕਰਕੇ 45 ਸਾਲਾਂ ਦੇ ਸਭ ਤੋਂ ਉੱਚੀ ਦਰ ਰਾਹੀਂ ਬੇਰੁਜਗਾਰੀ ਦੀ ਚੱਕੀ ਵਿੱਚ ਪਿਸ ਰਹੇ ਬੇਰੁਜਗਾਰਾਂ ਨੂੰ ਰੁਜਗਾਰ ਦੇਣ, ਦਸ-ਦਸ ਸਾਲ ਤੋਂ ਵੀ ਵੱਧ ਸਮੇਂ ਤੋਂ ਵੱਖ-ਵੱਖ ਅਦਾਰਿਆਂ ਵਿੱਚ ਨਿਗੂਣੀਆਂ ਉਜਰਤਾਂ ਉੱਤੇ ਕੰਮ ਕਰਦੇ ਠੇਕੇਦਾਰੀ/ਆਊਟਸੋਰਸ ਕਾਮਿਆਂ ਨੂੰ ਬਿਨ੍ਹਾਂ ਸ਼ਰਤ ਤੁਰੰਤ ਰੈਗੂਲਰ ਕਰਨ, ਕੇਂਦਰੀ ਅਤੇ ਸੂਬਾਈ ਸਰਕਾ੍ਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਵਾਪਿਸ ਲੈਣ, ਪਿੰਡ ਕੁੱਲਰੀਆਂ(ਮਾਨਸਾ) ਦੇ 60 ਸਾਲ ਤੋਂ ਵੀ ਵੱਧ ਸਮੇਂ ਤੋਂ ਕਾਬਜ ਅਬਾਦਕਾਰ ਕਿਸਾਨਾਂ ਦੇ ਮਾਲਕੀ ਹੱਕ ਬਹਾਲ ਕਰਨ ਲਈ ਚੱਲ ਰਹੇ ਅਬਾਦਕਾਰ ਕਿਸਾਨਾਂ ਦੇ ਸੰਘਰਸ਼ ਨਾਲ ਇੱਕਮੁੱਠਤਾ, ਫਸਲਾਂ ਤੋਂ ਬਾਅਦ ਨਸਲਾਂ ਬਚਾਉਣ ਲਈ ਨਸ਼ਿਆਂ ਖਿਲ਼ਾਫ ਲੜ੍ਹਾਈ ਜਾਰੀ ਰੱਖਣ ਦਾ ਐਲਾਨ ਕਰਨ , ਨਵਾਂ ਜੰਗਲ ਕਾਨੂੰਨ ਰੱਦ ਕਰਨ, ਪੰਜਾਬ ਵਿੱਚ ਕਿਸਾਨ, ਕੁਦਰਤ, ਸਮਾਜ ਪੱਖੀ ਖੇਤੀ ਨੀਤੀ ਜਲਦ ਤਿਆਰ ਆਦਿ ਮਤੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਪਾਸ ਕੀਤੇ ਗਏ।