-ਕਾਰਗਿਲ ਵਿਜੈ ਦਿਵਸ ਦੀ 25ਵੀਂ ਵਰ੍ਹੇਗੰਢ ਮੌਕੇ ਡੀ.ਏ.ਵੀ. ਸਕੂਲ ਮਾਨਸਾ ਵਿਖੇ ਸ਼ਰਧਾਂਜਲੀ ਅਤੇ ਸਨਮਾਨ ਸਮਾਗਮ ਦਾ ਆਯੋਜਨ
-ਵੱਡੀ ਗਿਣਤੀ ਵਿੱਚ ਫੌਜ ਦੇ ਅਧਿਕਾਰੀਆਂ ਅਤੇ ਸਕੂਲ ਸਟਾਫ਼ ਨੇ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ
-ਸਕੂਲ ਦੇ ਵਿਦਿਆਰਥੀਆਂ ਨੇ ਸ਼ਹੀਦਾਂ ਨੂੰ ਸਮਰਪਿਤ ਗਾਣਿਆਂ ਉਤੇ ਕੀਤੀ ਕੋਰਿਓਗ੍ਰਾਫ਼ੀ ਅਤੇ ਕਵਿਤਾਵਾਂ ਪੇਸ਼
27 ਜੁਲਾਈ (ਨਾਨਕ ਸਿੰਘ ਖੁਰਮੀ) ਮਾਨਸਾ: ਓਪਰੇਸ਼ਨ ਵਿਜੈ (ਕਾਰਗਿਲ ਯੁੱਧ) ਦੀ 25ਵੀਂ ਵਰ੍ਹੇਗੰਢ ਮੌਕੇ ਸਥਾਨਕ ਐਸ.ਡੀ.ਕੇ.ਐਲ. ਡੀ.ਏ.ਵੀ. ਪਬਲਿਕ ਸਕੂਲ ਮਾਨਸਾ ਵਿਖੇ ਐਕਸ ਸਰਵਿਸਮੈਨ ਯੁਨੀਅਨ ਮਾਨਸਾ ਦੇ ਸਹਿਯੋਗ ਨਾਲ ਸਰਧਾਂਜਲੀ ਅਤੇ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਨਿਰਮਲ ਓਸੇਪਚਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਵਿਖੇ ਵੱਡੀ ਗਿਣਤੀ ਵਿੱਚ ਫੌਜ ਦੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਵੱਲੋਂ ਸ਼ਮੂਲੀਅਤ ਕਰਕੇ ਕਾਰਗਿਲ ਦੇ ਮਹਾਨ ਸ਼ਹੀਦਾਂ ਨੂੰ ਨਮਨ ਕੀਤਾ।
ਆਪਣੇ ਸੰਬੋਧਨ ਦੌਰਾਨ ਏ.ਡੀ.ਸੀ. ਸ਼੍ਰੀ ਨਿਰਮਲ ਓਸੇਪਚਨ ਨੇ ਕਿਹਾ ਕਿ ਅਸੀਂ ਦੇਸ਼ ਦੀ ਰੱਖਿਆ ਕਰਨ ਵਾਲੇ ਸੈਨਿਕਾਂ ਦਾ ਦੇਣ ਨਹੀਂ ਦੇ ਸਕਦੇ ਅਤੇ ਇਨ੍ਹਾਂ ਦੀ ਲਾਸਾਨੀ ਸ਼ਹਾਦਤ ਅੱਗੇ ਅਸੀਂ ਨਤਮਸਤਕ ਹੁੰਦੇ ਹਾਂ। ਇਨ੍ਹਾਂ ਸੈਨਿਕਾਂ ਦੀ ਬਦੌਲਤ ਹੀ ਅਸੀਂ ਆਜ਼ਾਦ ਫਿਜ਼ਾ ਵਿੱਚ ਸਾਂਹ ਲੈ ਪਾ ਰਹੇ ਹਾਂ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਇਨ੍ਹਾਂ ਸੈਨਿਕਾਂ ਅਤੇ ਇਨ੍ਹਾਂ ਦੇ ਪਰਿਵਾਰਾਂ ਦੀਆਂ ਸਮੱਸਿਆਵਾਂ ਦੇ ਹਰ ਸੰਭਵ ਹੱਲ ਲਈ ਵਚਨਬੱਧ ਹੈ।
ਇਸ ਮੌਕੇ ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਨਮਨ ਕਰਦਿਆਂ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਜੀ ਨੇ ਕਿਹਾ ਕਿ ਹਾਲਾਂਕਿ ਇਸ ਯੁੱਧ ਨੂੰ ਕਈ ਸਾਲ ਬੀਤ ਚੁੱਕੇ ਹਨ ਪਰ ਇਸ ਯੁੱਧ ਦੇ ਸ਼ਹੀਦਾਂ ਦਾ ਸਨਮਾਨ ਅਤੇ ਉਨ੍ਹਾਂ ਦੀ ਸ਼ਹਾਦਤ ਦੀਆਂ ਯਾਦਾਂ ਅੱਜ ਵੀ ਸਾਡੇ ਦਿਲਾਂ ਵਿੱਚ ਤਾਜ਼ਾ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਦੇਸ਼ ਦੀ ਪੂੰਜੀ ਹਨ ਅਤੇ ਸਾਨੂੰ ਸਾਡੇ ਦੇਸ਼ ਦੇ ਵੀਰ ਸੈਨਿਕਾਂ ਤੇ ਹਮੇਸ਼ਾਂ ਗਰਵ ਅਤੇ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਬਲਿਦਾਨ ਉਹ ਆਧਾਰਸ਼ਿਲਾ ਹੈ ਜਿਸ ਉਪਰ ਸਾਡੇ ਦੇਸ਼ ਦੀ ਸ਼ਾਂਤੀ ਅਤੇ ਸੁਰੱਖਿਆ ਟਿਕੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਰਗਿਲ ਵਿਜੇ ਦਿਵਸ ਸੁਤੰਤਰ ਭਾਰਤ ਦੇ ਸਮੂਹ ਨਾਗਰਿਕਾਂ ਲਈ ਬਹੁਤ ਹੀ ਮਹੱਤਵਪੂਰਨ ਦਿਨ ਹੈ। ਇਸ ਦਿਨ 1999 ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵਿਚਕਾਰ ਕਾਰਗਿਲ ਯੁੱਧ ਲੜਿਆ ਗਿਆ ਸੀ, ਜਿਸ ਵਿੱਚ ਭਾਰਤ ਦੀ ਜਿੱਤ ਹੋਈ ਸੀ।
ਸਮਾਗਮ ਦੌਰਾਨ ਬਟਾਲਿਅਨ 322 ਏ.ਡੀ. ਰੈਜੀਮੈਂਟ ਬਠਿੰਡਾ ਦੇ ਕੈਪਟਨ ਮੰਗੇਸ਼ਵਰ ਐਮ ਨੇ ਕਾਰਗਿਲ ਯੁੱਧ ਬਾਰੇ ਜਾਂਣਕਾਰੀ ਸਾਂਝਾ ਕੀਤੀ। ਉਹਨਾਂ ਦੱਸਿਆ ਕਿ ਕਾਰਗਿਲ ਯੁੱਧ 03 ਮਈ ਤੋਂ 26 ਜੁਲਾਈ 1999 ਤੱਕ ਜੰਮੂ ਅਤੇ ਕਸ਼ਮੀਰ ਦੇ ਕਾਰਗਿਲ ਸੈਕਟਰ ਵਿੱਚ 18 ਹਜ਼ਾਰ ਫੁੱਟ ਦੀ ਉਚਾਈ ਤੇ ਲੜਿਆ ਗਿਆ ਸੀ, ਜਿਸ ਵਿੱਚ ਭਾਰਤ ਦੇ 527 ਜਵਾਨ ਸ਼ਹੀਦ ਹੋਏ ਸਨ। ਇਸ ਤੋਂ ਇਲਾਵਾ ਯੁੱਧ ਦੌਰਾਨ 1300 ਤੋਂ ਵੱਧ ਜਵਾਨ ਜ਼ਖਮੀ ਹੋ ਗਏ ਸਨ। ਇਸ ਯੁੱਧ ਵਿੱਚ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਦੇ ਬਹਾਦਰ ਸੈਨਿਕਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਕਰਦੇ ਹੋਏ ਦੇਸ਼ ਦੀਆਂ ਸਰਹੱਦਾਂ ਦੇ ਅੰਦਰੋਂ ਦੁਸ਼ਮਣ ਦੇ ਸੈਨਿਕਾਂ ਨੂੰ ਬਾਹਰ ਕੱਢ ਕੇ ਇਹ ਜੰਗ ਜਿੱਤੀ ਸੀ।
ਕਰਵਾਏ ਗਏ ਸਰਧਾਂਜਲੀ ਸਮਾਗਮ ਦੌਰਾਨ ਡੀ.ਏ.ਵੀ. ਸਕੂਲ ਦੇ ਵਿਦਿਆਰਥੀਆਂ ਨੇ ਦੇਸ਼-ਭਗਤੀ ਨਾਲ ਸਬੰਧਤ ਕੋਰਿਓਗ੍ਰਾਫ਼ੀਆਂ ਰਾਹੀਂ ਮੌਜੂਦਾ ਨੂੰ ਭਾਵੁਕ ਕਰ ਦਿੱਤਾ। ਜਿਸ ਵਿੱਚ ਇੱਕ ਫੌਜੀ ਦੇ ਪਰਿਵਾਰਿਕ ਜੀਵਨ ਅਤੇ ਦੇਸ਼ ਪ੍ਰਤੀ ਉਸਦੇ ਬਲਿਦਾਨ ਨੂੰ ਦਰਸ਼ਾਇਆ ਗਿਆ ਕਿ ਕਿਵੇਂ ਇੱਕ ਫੌਜੀ ਆਪਣੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਆਪਣੇ ਜਾਨ ਦੀ ਬਾਜ਼ੀ ਲਗਾ ਦਿੰਦਾ ਹੈ।
ਸਮਾਗਮ ਦੌਰਾਨ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਕਾਰਗਿਲ ਯੁੱਧ ਵਿੱਚ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਅਤੇ ਯੁੱਧ ਦਾ ਹਿੱਸਾ ਰਹੇ ਸੈਨਿਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਨ ਦੀ ਭੁਮਿਕਾ ਸ਼੍ਰੀ ਅਰੁਣ ਅਰੋੜਾ ਵੱਲੋਂ ਬਾਖ਼ੂਬੀ ਨਿਭਾਈ ਗਈ।
ਇਸ ਮੌਕੇ ਸ਼੍ਰੀ ਸੂਰਜ ਪ੍ਰਕਾਸ਼ ਗੋਇਲ, ਸ਼੍ਰੀ ਅਸ਼ੋਕ ਗਰਗ, ਸ਼੍ਰੀ ਆਰ.ਸੀ.ਗੋਇਲ, ਪ੍ਰਧਾਨ ਆਈ.ਐਮ.ਏ. ਅਤੇ ਵਾਇਸ ਆਫ਼ ਮਾਨਸਾ ਸ਼੍ਰੀ ਜਨਕ ਰਾਜ ਸਿੰਗਲਾ, ਰਿਟਾ. ਸੂਬੇਦਾਰ ਮੇਜਰ ਸ਼੍ਰੀ ਦਰਸ਼ਨ ਸਿੰਘ ਪ੍ਰਧਾਨ ਐਕਸ ਸਰਵਿਸਮੈਨ ਯੁਨਿਅਨ, ਰਿਟਾ. ਸੂਬੇਦਾਰ ਮੇਜਰ ਨਿਰੰਜਨ ਸਿੰਘ, ਰਿਟਾ. ਸੂਬੇਦਾਰ ਮੇਜਰ ਸੇਵਕ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ।