‘ਲੋਕਤੰਤਰਿਕ’ ਪਰਜਾ ਨੇ
ਇੱਕ ਵਾਰ ਸੋਚਿਆ
ਕਿ
ਬਹੁਤ ਅਜ਼ਮਾ ਲਏ
ਸਿਆਸਤਦਾਨ
ਬੁੱਧੀਜੀਵੀ
ਅਰਥਸ਼ਾਸਤਰੀ
ਡਿਗਰੀਧਾਰੀ
ਇਸ ਵਾਰ
ਰਾਜਾ ਬਣਾਉਂਦੇ ਹਾਂ
ਕਿਸੇ ਅਨਪੜ੍ਹ ਨੂੰ
ਅਨਪੜ੍ਹ ਦੇ ਮਨ ‘ਚ
ਨਾ ਹੁੰਦੀ ਹੈ
ਵਿਦਿਆ ਦੀ ਮੈਲ
ਨਾ ਬੁੱਧੀ ਦਾ ਹੰਕਾਰ
ਨਾ ਗਿਆਨ ਦਾ ਘੁਮੰਡ
ਉਹ ਹੁੰਦਾ ਹੈ
ਨਿਰਛੱਲ
ਨਿਰਮਲ
ਪਵਿੱਤਰ
ਤੇ ਸਾਦ-ਮੁਰਾਦ
ਤੇ
ਪਰਜਾ ਦੇ ਸੁਭਾਗ ਨਾਲ
ਅਨਪੜ੍ਹ
ਰਾਜਾ ਬਣ ਗਿਆ
ਰਾਜਾ ਬਣਦੇ ਹੀ
ਉਹ
ਪੜ੍ਹੇ-ਲਿਖਿਆਂ ਵੱਲ
ਹੋ ਗਿਆ ਘੇਸਲ-ਕੰਨਾ
ਸਭ ਤੋਂ ਪਹਿਲਾਂ
ਉਸਨੇ
‘ਕੀਰਤਨ-ਸੋਹਲਾ’ ਪੜ੍ਹਣਾ
ਸ਼ੁਰੂ ਕੀਤਾ
ਉਸ ਸਾਰੀ ਪੜ੍ਹਾਈ ਦਾ
ਜਿਸ ਤੱਕ ਉਹ
ਅੱਪੜ ਨਹੀਂ ਸੀ ਸਕਿਆ
ਪੜ੍ਹਾਈ
ਤੇ ਪੜ੍ਹੇ-ਲਿਖਿਆਂ ਤੋਂ
ਇਸ ਕ਼ਦਰ ਚਿੜਿਆ
ਕਿ
ਤਮਾਮ ਪੜ੍ਹੇ-ਲਿਖੇ
ਦਰਬਾਰੀਆਂ ਅੰਦਰ
ਹੋੜ ਲੱਗ ਗਈ
ਜਹਾਲਤ ਦੀ
ਤਮਾਮ
ਜਗੀਰਦਾਰਾਂ
ਸੂਬੇਦਾਰਾਂ
ਸਰਮਾਏਦਾਰਾਂ ਨੇ
ਪੇਸ਼ ਕੀਤੇ
ਚੜ੍ਹਦੇ ਤੋਂ ਚੜ੍ਹਦੇ ਨਮੂਨੇ
ਮੂਰਖਤਾ ਤੇ ਜਹਾਲਤ ਦੇ
ਪਹਿਲਾਂ ਪਹਿਲਾਂ
ਖ਼ੂਬ ਖ਼ੁਸ਼ ਹੋਈ
ਪਰਜਾ, ਲੋਕਤੰਤਰ ਦੀ
ਪਲ-ਪਲ
ਕੱਪੜੇ
ਵਾਅਦੇ
ਇਰਾਦੇ
ਬਦਲਣ ਵਾਲਾ ਰਾਜਾ
ਆਨੰਦ ਦੇਣ ਲੱਗਿਆ
ਮਸਖਰਿਆਂ ਵਰਗਾ
ਪਰ ਜਿੰਦਗੀ
ਮਸਖਰੀ ਤਾਂ ਨਹੀਂ
ਨਾ ਹੀ ਮੁਲਕ
ਭੰਡਾਂ ਦਾ ਅਖਾੜਾ
ਇਸ ਤੋਂ ਪਹਿਲਾਂ
ਕਿ
ਪਰਜਾ ਰਾਜਾ ਬਦਲਦੀ
ਅਨਪੜ੍ਹ
ਪਰ ਧੱਕੜ ਰਾਜੇ ਨੇ
ਆਪਣੇ ਤੇ
ਪਰਜਾ ਵਿਚਕਾਰ
ਲਿਆ ਖੜ੍ਹਾ ਕੀਤਾ
ਇੱਕ ਈਸ਼ਵਰ
ਇੰਨੇ ਸਾਲਾਂ ‘ਚ
ਬਾਵਜੂਦ ਅਨਪੜ੍ਹ ਹੋਣ ਦੇ
ਰਾਜਾ ਸਮਝ ਗਿਆ ਸੀ
ਕਿ ਪਰਜਾ ਨੂੰ
ਕਿਵੇਂ ਪੜ੍ਹਾਇਆ ਜਾਂਦਾ ਹੈ
ਇੰਨਾ ਕਹਿਕੇ
ਗੁਰੂ ਰੁਕੇ
ਚੇਲਿਆਂ ਨੂੰ ਕੀਤਾ ਸਵਾਲ
ਕੀ ਸਿੱਖਿਆ ਮਿਲਦੀ ਹੈ
ਕਥਾ ਤੋਂ?
ਜਵਾਬ ਦਿੱਤਾ
ਰਾਜ-ਪੁੱਤਰ ਨੇ
ਪਰਜਾ ਲਈ ਨਸੀਹਤ ਹੈ
ਕਿ
ਉਹ ਘੱਟ ਨਾ ਅੰਗੇ
ਕਿਸੇ ਅਨਪੜ੍ਹ ਨੂੰ
ਮੂਲ ਲੇਖਕ:ਹੂਬ ਨਾਥ
ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(98145 35005)