14 ਜੁਲਾਈ (ਸੁਖਪਾਲ ਸਿੰਘ ਬੀਰ) ਬੁਢਲਾਡਾ: ਅੱਜ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਵੱਲੋਂ ਸਥਾਨਕ ਬੱਸ ਸਟੈਂਡ ਬੁਢਲਾਡਾ ਨੇੜੇ ਮੀਟਿੰਗ ਕੀਤੀ ਗਈ। ਜਿਸ ਵਿੱਚ ਮੋਰਚੇ ਦੇ ਸੂਬਾ ਆਗੂ ਹਰਜਿੰਦਰ ਸਿੰਘ ਬੁਢਲਾਡਾ ਅਤੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਮੋਫ਼ਰ ਨੇ ਬੇਰੁਜ਼ਗਾਰਾਂ ਨੂੰ ਮੋਜ਼ੂਦਾ ਪੰਜਾਬ ਸਰਕਾਰ ਦੀ ਬੇਰੁਖੀ ਅਤੇ ਬੇਰੁਜ਼ਗਾਰਾਂ ਦੀਆਂ ਭਖਦੀਆਂ ਮੰਗਾਂ ਦੇ ਸਟੇਟਸ ਬਾਰੇ ਜਾਣੂ ਕਰਵਾਇਆ ਗਿਆ। ਪੱਤਰਰਕਾਰਾਂ ਨਾਲ ਗੁਫ਼ਤਗੂ ਕਰਦਿਆਂ ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਲੰਘੀ 7 ਜੁਲਾਈ ਨੂੰ ਜਲੰਧਰ ਵਿਖੇ ਜ਼ਿਮਣੀ ਚੋਣ ਦੇ ਚਲਦਿਆਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਜਿਸਤੋਂ ਬਾਅਦ ਸਥਾਨਕ ਪ੍ਰਸ਼ਾਸ਼ਨ ਵੱਲੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾਈ ਗਈ ਸੀ। ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਮੋਰਚੇ ਵਿੱਚ ਸ਼ਾਮਿਲ ਸਾਰੀਆਂ ਜਥੇਬੰਦੀਆਂ ਦੀਆਂ ਮੰਗਾਂ ਵਿਚਾਰਣ ਲਈ ਬਾਅਦ ਵਿੱਚ ਸਪੈਸ਼ਲੀ ਮੁੱਖ ਮੰਤਰੀ ਦਫ਼ਤਰ ਵਿਖੇ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਹਾਲੀਂ ਤੱਕ ਮੁੱਖ ਮੰਤਰੀ ਅਤੇ ਪੈਨਲ ਨਾਲ ਮੀਟਿੰਗ ਸਬੰਧੀ ਕੋਈ ਵੀ ਪੱਤਰ ਜਾਰੀ ਨਹੀਂ ਕੀਤਾ ਗਿਆ ਤੇ ਨਾ ਹੀ ਮੀਟਿੰਗ ਸਬੰਧੀ ਕੋਈ ਜ਼ੁਬਾਨੀ ਸੱਦਾ ਹੀ ਆਇਆ ਹੈ। ਪੰਜਾਬ ਸਰਕਾਰ ਵੋਟਾਂ ਲੈ ਕੇ ਹੁਣ ਆਮ ਲੋਕਾਂ ਦੇ ਮੰਗਾਂ ਮਸਲਿਆਂ ਤੋਂ ਮੁਨਕਰ ਹੋਈ ਜਾਪਦੀ ਹੈ। ਇਸ ਲਈ ਆਉਣ ਵਾਲੀ 28 ਜੁਲਾਈ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ ਅਤੇ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਆਸ਼ੀਸ਼ ਅਸ਼ੀਜਾ, ਹਿਮਾਂਸ਼ੂ ਗਰਗ, ਸੁਖਵਿੰਦਰ ਸਿੰਘ, ਛਿੰਦਰਪਾਲ ਕੌਰ, ਚਰਨਜੀਤ ਕੌਰ, ਪਰੀਤ ਕੌਰ, ਰੇਖਾ ਰਾਣੀ, ਮਮਨਦੀਪ ਸਿੰਘ ਦੋਦੜਾ, ਸਤਨਾਮ ਸਿੰਘ, ਬਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਆਦਿ ਹਾਜ਼ਿਰ ਸਨ। ਉਨ੍ਹਾਂ ਬੇਰੁਜ਼ਗਾਰਾਂ ਦੀਆਂ ਲਟਕ ਰਹੀਆਂ ਮੰਗਾਂ ਦਾ ਬਿਓਰਾ ਪੇਸ਼ ਕਰਦਿਆਂ ਕਿਹਾ ਕਿ
- ਮਾਸਟਰ ਕਾਡਰ ਦੇ ਸਾਰੇ ਵਿਸ਼ਿਆਂ ਦੀ 10,000 ਨਵੀਂ ਭਰਤੀ ਕੀਤੀ ਜਾਵੇ।
- ਲੈਕਚਰਾਰ ਦੇ ਸਾਰੇ ਵਿਸ਼ਿਆਂ ਦੀ ਭਰਤੀ ਕੀਤੀ ਜਾਵੇ।
- 250 ਆਰਟ ਐਂਡ ਕਰਾਫ਼ਟ ਟੈੱਟ ਪਾਸ ਅਧਿਆਪਕਾਂ ਦਾ ਲਿਖ਼ਤੀ ਪੇਪਰ ਲਿਆ ਜਾਵੇ।
- ਮਲਟੀਪਰਪਜ਼ ਹੈਲਥ ਵਰਕਰ ਦੀਆਂ 700 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।
- ਮਾਸਟਰ ਕਾਡਰ ਭਰਤੀ ਲਈ ਗ੍ਰੇਜ਼ੂਏਸ਼ਨ ਵਿੱਚੋਂ 55 •/• ਦੀ ਸ਼ਰਤ ਰੱਦ ਕੀਤੀ ਜਾਵੇ।
- ਲੈਕਚਰਾਰ ਭਰਤੀ ਵਿੱਚ ਟੀਚਿੰਗ ਆਫ਼ ਸੋਸ਼ਿਲ ਸਾਇੰਸ ਵਿਸ਼ੇ ਨੂੰ ਸ਼ਾਮਿਲ ਕੀਤਾ ਜਾਵੇ।
- ਸਿੱਖਿਆ ਅਤੇ ਸਿਹਤ ਵਿਭਾਗ ਦੀਆਂ ਵੱਖ-ਵੱਖ ਪੋਸਟਾਂ ਅਪਲਾਈ ਕਰਨ ਲਈ ਉਮਰ ਹੱਦ ਛੋਟ ਦਿੱਤੀ ਜਾਵੇ।
- ਪੰਜਾਬ ਰਾਜ ਦੇ ਵਸਨੀਕਾਂ ਨੂੰ ਪਹਿਲ ਦੇ ਅਧਾਰ ਤੇ ਨੌਕਰੀ ਦੇਣਾ ਅਤੇ ਬਾਹਰੀ ਰਾਜਾਂ ਦੇ ਉਮੀਦਵਾਰਾਂ ਲਈ ਕੋਟਾ ਨਿਰਧਾਰਿਤ ਕੀਤਾ ਜਾਵੇ।
ਉਕਤ ਮੰਗਾਂ ਦੀ ਚਰਚਾ ਕਰਦਿਆਂ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਹਾਜ਼ਰੀਨ ਨੌਜਵਾਨਾਂ ਵੱਲੋਂ ਉਮੀਦ ਜਤਾਈ ਗਈ ਹੈ ਕਿ ਜੇਕਰ ਪੰਜਾਬ ਸਰਕਾਰ ਘਿਰਾਓ ਦੀ ਦਿੱਤੀ ਗਈ ਤਾਰੀਕ ਤੋਂ ਪਹਿਲਾਂ ਹੀ ਉਨ੍ਹਾਂ ਨਾਲ ਮੀਟਿੰਗ ਕਰਕੇ ਮੰਗੀਆਂ ਗਈਆਂ ਮੰਗਾਂ ਅਤੇ ਮਸਲੇ ਦੇ ਹੱਲ ਲਈ ਸੁਹਿਰਦ ਹੋ ਜਾਂਦੀ ਹੈ ਤਾਂ ਚੰਗਾ ਰਹੇਗਾ।