*ਐਂਟੀ- ਡੇਂਗੂ ਕੰਪੇਨ ‘ਹਰ ਸ਼ੁਕਰਵਾਰ ਡੇਂਗੂ ’ਤੇ ਵਾਰ’ ਤਹਿਤ ਜਾਗਰੂਕਤਾ ਗਤੀਵਿਧੀਆਂ ਜਾਰੀ
13 ਜੁਲਾਈ (ਕਰਨ ਭੀਖੀ) ਮਾਨਸਾ: ਸਿਹਤ ਵਿਭਾਗ ਐਂਟੀ ਡੇਂਗੂ ਕੰਪੇਨ ਤਹਿਤ ਡੇਂਗੂ ਦੀ ਰੋਕਥਾਮ ਲਈ ਜਾਗਰੂਕਤਾ ਫੈਲਾਉਣ ਲਈ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਜ਼ਿਲ੍ਹੇ ’ਚ ਸਿਵਲ ਸਰਜਨ ਡਾ. ਹਰਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਸੰਤੋਸ਼ ਭਾਰਤੀ ਜ਼ਿਲ੍ਹਾ ਐਪੀਡੀਮੋਲੋਜਿਸਟ ਦੀ ਅਗਵਾਈ ਵਿੱਚ ਸਿਹਤ ਟੀਮਾਂ ਆਪਣੇ ਆਪਣੇ ਏਰੀਏ ਵਿੱਚ ਜਾਗਰੂਕਤਾ ਸਰਵੇ ਕਰ ਰਹੀਆਂ ਹਨ।
ਸਿਹਤ ਬਲਾਕ ਖਿਆਲਾ ਕਲਾਂ ਵਿਖੇ ਐਸ.ਐਮ.ਓ. ਡਾ. ਇੰਦੂ ਬਾਂਸਲ ਦੀ ਰਹਿਨੁਮਾਈ ਹੇਠ ਸਿਹਤ ਕਰਮਚਾਰੀਆਂ ਨੇ ਨੰਗਲ ਕਲਾਂ, ਭੁਪਾਲ ਕਲਾਂ, ਜੋਗਾ, ਬੱਪੀਆਣਾ, ਭੀਖੀ, ਮੱਤੀ, ਖੀਵਾ ਕਲਾਂ, ਬਰਨਾਲਾ, ਫਫੜੇ ਭਾਈਕੇ, ਘਰਾਂਗਣਾ, ਦਲੇਲ ਸਿੰਘ ਵਾਲਾ ਪਿੰਡਾਂ ਵਿੱਚ ਸਿਹਤ ਕਰਮਚਾਰੀਆਂ ਨੇ ਫੀਵਰ ਸਰਵੇ ਕੀਤਾ, ਪਾਣੀ ਦੇ ਸਰੋਤਾਂ ਵਿੱਚ ਲਾਰਵਾ ਚੈੱਕ ਕੀਤਾ, ਲੋਕਾਂ ਨੂੰ ਡੇਂਗੂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਅਤੇ ਜਾਗਰੂਕਤਾ ਪੈਂਫਲਿਟ ਵੰਡੇ।
ਸਿਹਤ ਸੁਪਰਵਾਈਜ਼ਰ ਸਰਬਜੀਤ ਸਿੰਘ ਨੇ ਡੇਂਗੂ ਬੁਖਾਰ ਦੇ ਲੱਛਣਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਚ ਤੇਜ਼ ਬੁਖ਼ਾਰ ਤੇ ਸਿਰ ਦਰਦ, ਮਾਸਪੇਸ਼ੀਆਂ ’ਚ ਦਰਦ, ਚਮੜੀ ਤੋਂ ਦਾਣੇ, ਅੱਖਾਂ ਦੇ ਪਿਛਲੇ ਪਾਸੇ ਦਰਦ, ਮਸੂੜਿਆਂ ਤੇ ਨੱਕ ਵਿੱਚੋਂ ਖੂਨ ਵਗਣਾ ਆਦਿ ਇਸ ਦੇ ਲੱਛਣ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਦਿਨਾਂ ਵਿੱਚ ਕੋਈ ਵੀ ਬੁਖਾਰ ਹੋਵੇ ਤਾਂ ਟੈਸਟ ਕਰਵਾ ਕੇ ਹੀ ਦਵਾਈ ਲਈ ਜਾਵੇ, ਘਰੇਲੂ ਨੁਸਖਿਆਂ ਤੋਂ ਪਰਹੇਜ਼ ਕੀਤਾ ਜਾਵੇ। ਇਸ ਬਿਮਾਰੀ ਦੇ ਟੈਸਟ, ਇਲਾਜ਼ ਅਤੇ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲਬਧ ਹਨ।
ਖੁਸ਼ਵਿੰਦਰ ਸਿੰਘ ਸਿਹਤ ਸੁਪਰਵਾਈਜ਼ਰ ਨੇ ਕਿਹਾ ਕਿ ਡੇਂਗੂ ਤੋਂ ਬੱਚਣ ਲਈ ਹਫ਼ਤੇ ਵਿੱਚ ਇਕ ਵਾਰ ਕੂਲਰਾਂ ਦਾ ਪਾਣੀ ਪੂਰੀ ਤਰਾਂ ਕੱਢ ਕੇ, ਸਾਫ ਕਰਕੇ ਫਿਰ ਪਾਣੀ ਭਰਿਆ ਜਾਵੇ ਅਤੇ ਵਾਧੂ ਪਏ ਬਰਤਨਾਂ, ਟਾਇਰਾਂ, ਗਮਲਿਆਂ, ਡਰੰਮਾਂ ਆਦਿ ਵਿੱਚ ਪਾਣੀ ਇੱਕਠਾ ਨਾ ਹੋਣ ਦਿੱਤਾ ਜਾਵੇ। ਛੱਤਾਂ ’ਤੇ ਲੱਗੀਆਂ ਪਾਣੀ ਦੀ ਟੈਂਕੀਆਂ ਦੇ ਢੱਕਣ ਚੰਗੀ ਤਰ੍ਹਾਂ ਨਾਲ ਲੱਗੇ ਹੋਣ। ਘਰਾਂ, ਦਫ਼ਤਰਾ ਦੇ ਆਲੇ- ਦੁਆਲੇ ਤੇ ਛੱਤਾਂ ’ਤੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਮੱਛਰਾਂ ਤੋਂ ਬਚਣ ਲਈ ਮੱਛਰਦਾਨੀਆਂ ਅਤੇ ਪੂਰੀਆਂ ਬਾਹਵਾਂ ਦੇ ਕੱਪੜਿਆ ਦਾ ਪ੍ਰਯੋਗ ਕੀਤਾ ਜਾਵੇ। ਲੋਕਾਂ ਵੱਲੋਂ ਘਰਾਂ ਵਿੱਚ ਮੱਛਰਾਂ ਤੋਂ ਬਚਣ ਲਈ ਆਲ-ਆਊਟ, ਆਦਿ ਦਾ ਪ੍ਰਯੋਗ ਕੀਤਾ ਜਾਵੇ।
ਇਸ ਮੌਕੇ ਸਿਹਤ ਸੁਪਰਵਾਈਜ਼ਰ ਸੁਖਪਾਲ ਸਿੰਘ, ਗੁਰਦੀਪ ਸਿੰਘ, ਲੀਲਾ ਰਾਮ, ਸਿਹਤ ਕਰਮਚਾਰੀ ਸਵਰਨ ਸਿੰਘ, ਪ੍ਰਦੀਪ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਜਰਨੈਲ ਸਿੰਘ, ਕੁਲਵਿੰਦਰ ਸਿੰਘ, ਰਵਿੰਦਰ ਕੁਮਾਰ, ਮਨੋਜ਼ ਕੁਮਾਰ, ਸਿਮਰਨਜੀਤ ਸਿੰਘ, ਗੁਰਦੀਪ ਸਿੰਘ ਹਾਜ਼ਰ ਸਨ।