ਕੌਣ ਯਕੀਨ ਕਰੇਗਾ ਕਿ ਮੈਂ ਖੂਹਾਂ ਨੂੰ ਮੌਣਾਂ ਤੱਕ ਨੱਕੋ-ਨੱਕ ਭਰੇ ਹੋਏ ਵੇਖਿਆ ਏ। ਫਿਰ ਖੂਹ ਵਗਣੋਂ ਹੱਟ ਗਏ! ਟਿਊਵੈਲ ਆ ਗਏ! ਪਤਾ ਨਹੀਂ ਟਿਊਵੈਲ ਆ ਗਏ ਤੇ ਖੂਹ ਵਗਣੋ ਹੱਟ ਗਏ। ਪਾਣੀ ਡੂੰਘੇ ਤੇ ਹੋਰ ਡੂੰਘੇ ਹੁੰਦੇ ਗਏ! ਫਿਰ ਬੋਰ ਵੀ ਡੂੰਘੇ ਤੇ ਹੋਰ ਡੂੰਘੇ ਹੁੰਦੇ ਗਏ!
ਮਨੁੱਖ ਜਦੋਂ ਜਿਉਣ ਦਾ ਸਲੀਕਾ ਬਦਲ ਲੈਂਦਾ ਏ ਤਾਂ ਕੁਦਰਤ ਵੀ ਅੱਖਾਂ ਫੇਰ ਲੈਂਦੀ ਏ। ਦਰਿਆ ਵੀ ਆਪਣਾ ਰਾਹ ਬਦਲ ਲੈਂਦੇ ਨੇ। ਮਿੱਟੀ, ਹਵਾ, ਰੁੱਖ, ਪਾਣੀ; ਉਸ ਨਾਲ਼ ਸਭ ਕੁਝ ਹੀ ਰੁੱਸ ਜਾਂਦੈ।
ਮੇਰੇ ਪਿੰਡ ਦੀ ਦੱਖਣੀ ਗੁੱਠੇ, ਰੇਲ-ਪਟੜੀ ਤੋਂ ਪਾਰ ਦੇ ਰੇਤਲੇ ਇਲਾਕੇ ਨੂੰ ਅੱਜ ਵੀ ਬੇਲਾ ਕਿਹਾ ਜਾਂਦਾ! ਸੁਣਿਆ ਕਦੇ ਇਹ ਸਤਲੁਜ ਦਾ ਰਾਹ ਹੁੰਦਾ ਸੀ।
ਹਰਨਾਮ ਨਾਲ਼ ਮੇਰੀ ਮੁਲਾਕਾਤ ਉਦੋਂ ਹੋਈ ਜਦੋਂ ਉਹ ਸਾਡੇ ਬੇਲੇ ਵਾਲ਼ੇ ਖੇਤਾਂ ਵਿਚ ਮਸ਼ੀਨੀ ਬੋਰ ਕਰਨ ਆਇਆ। ਉਹਦਾ ਪਿੰਡ ਤਲਵੰਡੀ ਅਰਾਂਈਆਂ ਸੀ। ਉਸ ਦਾ ਬਾਪ ਸਾਰੀ ਉਮਰ ਖੇਤ-ਮਜ਼ਦੂਰ ਰਿਹਾ ਸੀ। ਬਜ਼ੁਰਗ ਦੱਸਦੇ ਨੇ ਕਿ ਸੰਤਾਲੀ ਤੋਂ ਪਹਿਲਾਂ ਇਸ ਪਿੰਡ ‘ਚ ਅਰਾਈਂ ਵੱਸਦੇ ਸਨ। ਇਸ ਪਿੰਡ ਦਾ ਗੁੜ-ਸ਼ੱਕਰ ਪੂਰੇ ਦੁਆਬੇ ’ਚ ਮਸ਼ਹੂਰ ਸੀ। ਘਰ-ਘਰ ਗੰਨੇ ਪੀੜਨ ਲਈ ਵੇਲਣੇ ਤੇ ਗੁੜ ਬਣਾਉਣ ਲਈ ਚੁੱਭੇ ਹੁੰਦੇ ਸਨ। ਕੁਝ ਗੁੜ- ਸ਼ੱਕਰ ਤਾਂ ਨੇੜਲੇ ਕਸਬੇ ਸ਼ਾਮ-ਚੁਰਾਸੀ ਦੇ ਬਾਜ਼ਾਰਾਂ ਵਿਚ ਹੀ ਵਿਕ ਜਾਂਦਾ ਤੇ ਬਾਕੀ ਉਹ ਗੱਡੇ ਭਰ-ਭਰ ਜਲੰਧਰ ਤੇ ਹੁਸ਼ਿਆਰਪੁਰ ਨੂੰ ਤੁਰੇ ਰਹਿੰਦੇ।
ਉਜਾੜਿਆਂ ਵੇਲੇ ਇਹ ਪਿੰਡ ਤੀਸਰੇ ਹਮਲੇ ‘ਤੇ ਉੱਠਿਆ ਸੀ।
ਗੱਲਾਂ-ਗੱਲਾਂ ਵਿਚ ਹਰਨਾਮ ਨੇ ਇਹ ਵੀ ਦੱਸਿਆ ਸੀ ਕਿ ਸੰਤਾਲੀ ਵੇਲੇ ਉਸ ਦੀ ਦਾਦੀ ‘ਓਧਰ ਰਹਿ ਗਈ ਸੀ! ਪਾਕਿਸਤਾਨ ਵਿੱਚ।
“ਉਹ ਕਿੱਦਾਂ?” ਇਹ ਸਵਾਲ ਜਿਉਂ ਚਾਣਚਕ ਮੇਰੇ ਮੂੰਹੋਂ ਡਿੱਗ ਹੀ ਪਿਆ ਸੀ! “ਬਾਪੂ ਕੋਲ਼ੋਂ ਪੁੱਛਿਓ ਜੀ, ਪੂਰੀ ਕਹਾਣੀ!” ਉਸ ਦੇ ਭਾਰੇ ਬੋਲਾਂ ਨੇ ਰੁਮਕਦੀ ਪੌਣ ਨੂੰ ਕੁਸੈਲਾ ਜਿਹਾ ਕਰ ਦਿੱਤਾ ਸੀ। ਇੰਨ੍ਹਾਂ ਕੁਸੈਲ਼ਾ ਕਿ ਗੱਲਬਾਤ ਦਾ ਗਲ਼ ਘੁੱਟਿਆ ਗਿਆ ਸੀ!
ਹਰਨਾਮ ਦੇ ਪਿੰਡ ਨੂੰ ਜਾਣ ਲਈ ਮੈਨੂੰ ਲਹਿੰਦੇ ਪਾਸੇ ਵੱਲ ਭੰਗੀ ਚੋਅ ਵਾਲ਼ਾ ਪੁਲ਼ ਪਾਰ ਕਰਨਾ ਪੈਣਾ ਸੀ। ਸਾਉਣ ਦੇ ਮਹੀਨੇ ‘ਚ ਵੀ ਚੋਅ ਦਾ ਰੇਤਾ ਚਮਕ ਰਿਹਾ ਸੀ। ਬਚਪਨ ਯਾਦ ਆ ਗਿਆ। ਕਿੰਨੇ ਮੀਂਹ ਪੈਂਦੇ ਹੁੰਦੇ ਸਨ! ਚੋਅ ਨੱਕੋ-ਨੱਕ ਭਰ ਕੇ ਵਗਦਾ। ਕਦੇ-ਕਦੇ ਕਿਨਾਰੇ ਖੋਰ ਕੇ ਨੇੜਲੇ ਪਿੰਡਾਂ ਵੱਲ ਵੀ ਤੁਰ ਪੈਂਦਾ। ਉਨ੍ਹਾਂ ਪਿੰਡਾਂ ਦੀਆਂ ਗਲ਼ੀਆਂ ‘ਚ ਪਾਣੀ ਇਉਂ ਫਿਰਦਾ, ਜਿਉਂ ਸੌ ਮੂੰਹੀ ਸਰਾਲ਼ ਨੇ ਪੂਰੇ ਪਿੰਡ ਦਾ ਵਲੇਟਾ ਮਾਰ ਲਿਆ ਹੋਵੇ।
ਹੁਣ ਤਾਂ ਸ਼ਿਵਾਲਿਕ ਦੀਆਂ ਪਹਾੜੀਆਂ ‘ਚ ਡੈਮ ਬੱਝ ਗਏ ਨੇ।
ਅੰਬਰ ਤਾਂ ਉਂਝ ਵੀ ਧਰਤੀ ਨਾਲੋਂ ਰੁੱਸਿਆ ਪਿਐ। ਸੂਰਜ ਵੀ ਸਾਡੇ ਹਿੱਸੇ ਦੀ ਧਰਤੀ ਦਾ ਸੁਨੇਹਾ ਧੁੱਪ ਹੱਥ ਸਮੁੰਦਰ ਨੂੰ ਭੇਜਦਾ ਤਾਂ ਜ਼ਰੂਰ ਹੋਏਗਾ। ਸਮੁੰਦਰ ਵੀ ਸੂਰਜ ਦਾ ਮਾਣ ਰੱਖਦਿਆਂ ਭਾਫ਼ ਬਣ ਕੇ ਉੱਪਰ ਵੱਲ ਉੱਠਦਾ ਵੀ ਹੋਵੇਗਾ। ਹਵਾਵਾ ਵੀ ਨਿਰੰਤਰ ਵੱਗਦੀਆਂ ਰਹਿੰਦੀਆਂ ਨੇ। ਫਿਰ ਬੱਦਲ ਪਾਣੀ ਵਿਹੂਣੇ ਕਿਉਂ ਹੋ ਗਏ ਨੇ?
ਇਹ ਬੱਦਲ ਨਾ ਤਾਂ ਪਹਿਲਾਂ ਵਾਂਗ ਲਿਸ਼ਕਦੇ ਨੇ, ਨਾ ਪਹਿਲਾਂ ਵਾਂਗ ਗਰਜਦੇ ਨੇ ਤੇ ਨਾ ਹੀ ਪਹਿਲਾਂ ਵਾਂਗ ਵਰ੍ਹਦੇ ਨੇ। ਵਰ੍ਹਿਆਂ ਤੋਂ ਪਿਆਸੀ ਧਰਤੀ ‘ਤੇ ਹੋਈ ਕਿਣਮਿਣ ਫ਼ਿਜ਼ਾ ਨੂੰ ਭੜਾਸ ਨਾਲ਼ ਭਰ ਦਿੰਦੀ ਏ।
ਪੁਲ਼ ਲੰਘਦਿਆਂ, ਮੈਂ ਇਨ੍ਹਾਂ ਸੋਚਾਂ ‘ਚ ਡੁੱਬਿਆ ਪਿਆ ਹਾਂ ਕਿ ਖੂਹੀ ਵਾਲਾ ਮੋੜ ਆ ਗਿਆ। ਬਚਪਨ ਫਿਰ ਤੋਂ ਯਾਦ ਆ ਗਿਆ ਏ। ਸੁਣਿਆ ਹੈ ਕਿ ਸੰਤਾਲ਼ੀ ਤੋਂ ਪਹਿਲਾਂ ਇਹ ਅਰਾਂਈਆਂ ਦੀ ਖੂਹੀ ਹੁੰਦੀ ਸੀ। ਉਹ ਤੁਰ ਗਏ। ਉਨ੍ਹਾਂ ਦੇ ਖੂਹ ਤੇ ਜ਼ਮੀਨਾਂ ਸਾਂਭਣ ਲਈ ‘ਪਨਾਹਗੀਰ ਆ ਗਏ। ਇਹ ਖੂਹੀ ਉਂਝ ਹੀ ਗਿੜਦੀ ਰਹੀ। ਰਾਹਗੀਰ ਇਸ ਖੂਹੀ ਤੋਂ ਪਾਣੀ ਪੀਂਦੇ। ਮੂੰਹ ਹੱਥ ਧੋਂਦੇ। ਕੋਈ ਵਿਰਲਾ-ਟਾਂਵਾਂ ਨਹਾ ਵੀ ਲੈਂਦਾ। ਇਸ ਖੂਹੀ ‘ਤੇ ਇਕ ਨਿੱਕਾ ਜਿਹਾ ਮੇਲਾ ਲੱਗਿਆ ਰਹਿੰਦਾ।
ਮੈਂ ਸਕੂਟਰ ਰੋਕਿਆ। ਉੱਜੜੀ ਖੂਹੀ ਦੇ ਅੰਦਰ ਝਾਤ ਮਾਰੀ। ਦੂਰ ਤੱਕ ਪਾਣੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ। ਮੈਂ ਹਉਕਾ ਭਰਿਆ ਤੇ ਅਗਾਂਹ ਤੁਰ ਪਿਆ। ਇਸ ਸੁੱਕੀ ਤੇ ਉੱਜੜੀ ਖੂਹੀ ਤੋਂ ਸੱਜੇ ਵੱਲ ਮੁੜਦਿਆਂ ਤਾਰਾਗੜ੍ਹ ਪਿੰਡ ਤੋਂ ਅਗਾਂਹ ਰੰਧਾਵਾ ਬਰੋਟਾ ਪਿੰਡ ਆ ਗਿਆ ਏ। ਇੱਥੋਂ ਖੱਬੇ ਹੱਥ ਮੁੜਦਿਆਂ ਮਸ਼ਹੂਰ ਕਸਬਾ ਸ਼ਾਮ ਚੁਰਾਸੀ ਆ ਜਾਂਦਾ ਏ! ਇੱਥੋਂ ਉੱਤਰ ਵੱਲ ਕੋਈ ਡੇਢ ਕੁ ਮੀਲ ਦੀ ਵਿੱਥ ‘ਤੇ ਘੁੱਗ ਵੱਸਦਾ ਪਿੰਡ ਏ; ਤਲਵੰਡੀ ਅਰਾਈਆਂ।
ਇਸ ਪਿੰਡ ਨਾਲ਼ ਅਰਾਂਈਆਂ ਤਾਂ ਪੱਕੇ ਤੌਰ ‘ਤੇ ਨੱਥੀ ਹੋ ਚੁੱਕਾ ਏ।
ਉਂਝ ਹੁਣ ਇਸ ਪਿੰਡ ‘ਚ ਇਕ ਵੀ ਅਰਾਈਂ ਨਹੀਂ ਵੱਸਦਾ।
ਸੂਰਜ ਦੀ ਟਿੱਕੀ ਉਗਮਣ ਦੇ ਨਾਲ਼ ਮੈਂ ਹਰਨਾਮ ਦੇ ਘਰ ਮੂਹਰੇ ਪਹੁੰਚ ਗਿਆਂ ਹਾਂ।
ਹਰਨਾਮ ਦਾ ਪਤਲਾ ਪਤੰਗ ਬਾਪੂ ਸਹਿਜਤਾ ਨਾਲ਼ ਕਦਮ ਪੁੱਟਦਾ ਮੇਰੇ ਕੋਲ ਆਇਆ। ਪੈਰੀਂ ਹੱਥ ਲਗਾਉਂਦਿਆਂ, ਮੈਂ ਆਪਣੇ ਬਾਰੇ ਦੱਸਿਆ ਤਾਂ ਉਹ ਠਰੰਮੇ ਨਾਲ਼ ਬੋਲਿਆ- ਆਓ, ਬੈਠੋ।
ਬਜ਼ੁਰਗ ਦੇ ਸਹਿਜ ਵਿਹਾਰ ਨੂੰ ਵੇਖਦਿਆਂ, ਮੈਂ ਅੰਦਾਜ਼ਾ ਲਗਾ ਲਿਆ ਕਿ ਕਰੜੀ ਮਿਹਨਤ ਤੇ ਦੁੱਖਾਂ ਦੀ ਕੁਠਾਲੀ ‘ਚ ਪਏ ਬਗ਼ੈਰ ਕੋਈ ਇਸ ਤਰ੍ਹਾਂ ਦਾ ‘ਮੁਲਾਇਮ’ ਨਹੀਂ ਹੋ ਸਕਦਾ।
“ਈਸਰੀ ਨਾਂ ਸੀ ਉਹਦਾ। …”
ਬਜ਼ੁਰਗ ਨੇ ਥੋੜ੍ਹਾ ਝਿਜਕਦਿਆਂ, ਆਪਣੀ ਮਾਂ ਵਾਲ਼ੀ ਕਹਾਣੀ ਛੋਹ ਲਈ!
“…ਬੜੀ ਲੜਾਈ ਰਹਿੰਦੀ ਸੀ, ਘਰ ਵਿਚ। ਮੈਂ ਤਾਂ ਛੋਟਾ ਜਿਹਾ ਸਾਂ! ਪੰਜ-ਸੱਤ ਵਰ੍ਹਿਆਂ ਦਾ। ਬਾਪੂ ਮੇਰਾ ਭੋਲ਼ਾ-ਭਾਲਾ ਸੀ। ਮਾਂ ਕੰਮ ਦੀ ਬੜੀ ਕਰਿੰਦੀ ਸੀ। ਦਿਨ-ਰਾਤ ਭੰਬੀਰੀ ਬਣੀ ਰਹਿੰਦੀ। ਹਮੀਦੇ ਤੇ ਅਕਬਰੇ ਹੋਰਾਂ ਦੇ ਘਰਾਂ ਦਾ ਗੋਹਾ-ਕੂੜਾ ਵੀ ਕਰਦੀ । ਬੰਦਿਆਂ ਵਾਂਗ ਚੁੱਭਿਆਂ ‘ਤੇ ਬਾਲਣ ਝੋਕਦੀ। ਵੱਡੀ ਰਾਤੇ ਰੋਟੀਆਂ ਤੇ ਗੁੜ ਦੀ ਝੋਲੀ ਭਰੀ ਘਰ ਪਰਤਦੀ। ਪਹਿਲਾਂ ਤਾਈ ਬੋਲ ਚੁੱਕਦੀ। ਫਿਰ ਤਾਇਆ ਬੁੜ-ਬੁੜ ਕਰਨ ਲੱਗ ਜਾਂਦਾ। ਬਾਪੂ ਕਈ ਦੇਰ ਗੱਲਾਂ ਸੁਣਦਾ, ਮਾਂ ਨੂੰ ਖ਼ਾਮੋਸ਼ ਘੁਰਦਾ ਰਹਿੰਦਾ। ਫਿਰ ਕਮਲ਼ਿਆਂ ਵਾਂਗੂੰ ਵਿਹੜੇ ‘ਚੋਂ ਕੋਈ ਡੰਡਾ ਲੱਭ ਲਿਆਉਂਦਾ। ਭਾਂਤ-ਸੁਭਾਂਤੀਆਂ ਤੁਹਮਤਾ ਲਾਉਂਦਾ, ਉਹ ਮਾਂ ਨੂੰ ਛੱਲੀਆਂ ਵਾਂਗੂੰ ਕੁੱਟਣ ਲੱਗ ਜਾਂਦਾ। ਉਹ ਵਿਚਾਰੀ ਕਿਸੇ ਖੂੰਜੇ ਲੱਗ ਰੋਣ ਲੱਗ ਜਾਂਦੀ ਤੇ ਸਾਰਾ ਲਾਣਾ ਉਹਦੀਆਂ ਲਿਆਂਦੀਆਂ ਰੋਟੀਆਂ ਖਾਣ ਲੱਗ ਜਾਂਦਾ…” ਬਾਪੂ ਨਾਜ਼ਰ ਨੇ ਕੌੜਾ ਜਿਹਾ ਮੁਸਕਰਾਉਂਦਿਆਂ ਸਾਰਾ ਗ਼ਮ ਛੱਡ ਦਿੱਤਾ।
“…ਹੁਣ ਸਾਡੇ ਘਰ ਇਹ ਕੁੱਤ-ਪੌਅ ਰੋਜ਼ ਈ ਹੋਣ ਲੱਗ ਪਿਆ ਸੀ। ਮਿਹਣੇ ਸੁਣ-ਸੁਣ ਮਾਂ ਵਿਲਕਦੀ ਰਹਿੰਦੀ। ਫਿਰ ਇਕ ਦਿਨ ਮਾਮਾ ਆਇਆ ਤੇ ਉਹਨੂੰ ਲੈ ਗਿਆ। ਲੈਲਪੁਰ। ਸਮੁੰਦਰੀ ਕੋਲ਼। ਚੱਕ ਨੰਬਰ ਇਕ ਸੌ ਨੜਿਨੱਬੇਂ ਬਿੱਚ! ਸੰਢਿਆਂਵਾਲੇ ਟੇਸ਼ਣ ਦੇ ਕੋਲ਼!” ਗੁਆਚੀ ਮਾਂ ਦਾ ਪਤਾ ਦੱਸ ਕੇ ਉਹ ਪਲ ਕੁ ਲਈ ਗੁਆਚਿਆ ਰਿਹਾ।
“ਜਾਣ ਲੱਗਿਆਂ ਉਹ ਤੁਹਾਨੂੰ ਮਿਲ਼ ਕੇ ਗਈ ਸੀ?” ਇਹ ਸਵਾਲ ਕਿਤੇ ਦੂਰ ਗੁਆਚੇ ਬਜ਼ੁਰਗ ਨੂੰ ਆਵਾਜ਼ ਮਾਰਨ ਦਾ ਬਹਾਨਾ ਸੀ।
“ਬਹੁਤ ਵਿਲਕੀ ਸੀ ਵਿਚਾਰੀ! ਤਾਈ-ਤਾਇਆ ਤਾਂ ਚਾਹੁੰਦੇ ਸਨ ਕਿ ਧੀਆਂ ਨੂੰ ਨਾਲ਼ ਲੈ ਕੇ ਜਾਏ ਪਰ ਸਾਡਾ ਮਾਮਾ ਨਈਂ ਸੀ ਮੰਨਿਆਂ। ਮੈਨੂੰ ਤਾਈ ਨੇ ਆਪਣੇ ਢਾਰੇ ‘ਚ ਲੁਕੋ ਲਿਆ ਸੀ। ਉਹ ਵਿਲਕੀ ਗਈ- ਨੀ ਕੇਸ਼ੋ, ਮੈਨੂੰ ਆਖਰੀ ਵਾਰ ਆਪਣਾ ਨਾਜ਼ਰ ਵੇਖ ਲੈਣ ਦੇ। ਬਸ ਆਖ਼ਰੀ ਵਾਰ। ਸਿਰਫ਼ ਇਕ ਵਾਰ।
ਮਾਂ ਨੂੰ ਗਾਲ਼ ਕੱਢਦਿਆਂ ਤਾਏ ਨੇ ਉਹਦੀ ਬਾਂਹ ਫੜੀ ਤੇ ਉਹਨੂੰ ਘੜੀਸਦਾ ਹੋਇਆ ਮੇਰੇ ਸਾਹਵੇਂ ਲੈ ਆਇਆ ਸੀ। ਮਾਂ ਨੇ ਮੈਨੂੰ ਘੁੱਟ ਕੇ ਹਿੱਕ ਨਾਲ਼ ਲਾਇਆਂ। ਮੇਰਾ ਮੁੱਖ ਚੁੰਮਿਆ। ਉਹਦੇ ਤੱਤੇ-ਤੱਤੇ ਹੰਝੂ ਮੇਰੀਆਂ ਅੱਖਾਂ ‘ਤੇ ਆਣ ਡੁੱਲ੍ਹੇ। ਕੋਠੜੀ ਵਿਚ ਹਨੇਰਾ ਸੀ। ਮੈਂ ਉਹਨੂੰ ਵੇਖ ਵੀ ਨਈਂ ਸਾਂ ਸਕਿਆ। ਫਿਰ ਉਹ ਤੁਰ ਗਈ। ਉਹਦੀਆਂ ਸਿਸਕੀਆਂ ਕੁਝ ਦੇਰ ਤੱਕ ਮੈਨੂੰ ਸੁਣਦੀਆਂ ਰਹੀਆਂ ਤੇ ਉਹ ਫਿਰ ਦੂਰ ਤੇ ਹੋਰ ਦੂਰ ਹੁੰਦੀਆਂ ਗਈਆਂ!!…” ਬਾਪੂ ਨਾਜ਼ਰ ਨੇ ਲੰਮਾ-ਠੰਢਾ ਹਉਕਾ ਭਰਦਿਆਂ ਗੱਲ ਮੁਕਾ ਦਿੱਤੀ।
“ਵੰਡ ਤੋਂ ਕਿੰਨੇ ਕੁ ਵਰ੍ਹੇ ਪਹਿਲਾਂ ਦੀ ਗੱਲ ਏ?” ਮੈਂ ਗੱਲ ਨੂੰ ਅਗਾਂਹ ਤੋਰਨ ਲਈ ਸਵਾਲ ਕੀਤਾ।
“ਵੰਡ ਤੋਂ ਕੋਈ ਸੱਤ ਕੁ ਸਾਲ ਪਹਿਲਾਂ ਦੀ ਗੱਲ ਹੋਣੀ ਏ! ਮਾਂ ਚਲੀ ਗਈ ਤੇ ਅਸੀਂ ਕਈ ਦਿਨ ਵਿਲਕਦੇ ਰਹੇ। ਤਾਈ ਨੇ ਸਾਨੂੰ ਗਲ਼ੀਆਂ ਦੇ ਕੱਖਾਂ ਵਾਂਗੂੰ ਰੋਲ਼ਿਆ। ਉਹ ਸਾਨੂੰ ਤੜਕੇ ਘਰੋਂ ਤੋਰ ਦਿੰਦੀ। ਅਸੀਂ ਪਿੰਡ ਦੇ ਵਸੀਵੇਂ ਤੱਕ ਗੋਹਟੇ ਚੁੱਗਦੇ। ਤਾਈ ਦਾ ਆਪਣਾ ਕੋਈ ਬੱਚਾ ਨਹੀਂ ਸੀ। ਅਗਰ ਉਹ ਚਾਹੁੰਦੀ ਤਾਂ ਸਾਨੂੰ ਆਪਣੇ ਬੱਚਿਆਂ ਵਾਂਗੂੰ ਮੋਹ ਕਰਦੀ, ਪਰ ਕਿੱਥੇ? ਬਾਪੂ ਸਵੇਰੇ ਕੰਮ ਉੱਤੇ ਤੁਰ ਜਾਂਦਾ ਤੇ ਦਿਨ ਢਲ਼ੇ ਮੁੜਦਾ! ਇਕ ਰਾਤ ਉਹ ਉੱਖੜੀ ਜਿਹੀ ਚਾਲ ਨਾਲ਼ ਘਰ ਮੁੜਿਆ ਤੇ ਸਾਨੂੰ ਬਾਹਵਾਂ ਵਿਚ ਲੈ ਕੇ ਡੁਸਕਣ ਲੱਗਾ। ਫਿਰ ਹੱਥ ਜੋੜ ਕੇ ਸਾਥੋਂ ਮੁਆਫ਼ੀਆਂ ਮੰਗਣ ਲੱਗ ਪਿਆ। ਅਸੀਂ ਮਾਂ ਦੇ ਜਾਣ ਪਿੱਛੋਂ ਪਹਿਲੀ ਵਾਰ ਉਹਦੇ ਮੂੰਹੋਂ ਮਾਂ ਦਾ ਨਾਂ ਸੁਣਿਆ ਸੀ। ਜਦੋਂ ਬਾਪੂ ਨੇ ਮਾਂ ਦਾ ਨਾਂ ਲੈ ਕੇ ਉੱਚੀ-ਉੱਚੀ ‘ਵਾਜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆ ਤਾਂ ਤਾਈ ਵੀ ਬੁੜ-ਬੁੜ ਕਰਦੀ ਪਹੁੰਚ ਗਈ ਸੀ। ‘ਅੱਜ ਬੜਾ ਹੇਜ ਜਾਗਿਐ, ਓਸ ਕੰਜਰੀ ਦਾ।’ ਤਾਈ ਦੀ ਇਸ ਗੱਲ ’ਤੇ ਬਾਪੂ ਭੜਕ ਪਿਆ ਸੀ- ਤੁਸੀਂ ਮੇਰਾ ਘਰ ਉਜਾੜ ਤਾ! ਹਰਾਮਜ਼ਾਦੀਏ, ਤੂੰ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ। ਅਸੀਂ ਹੈਰਾਨ ਸਾਂ ਕਿ ਤਾਈ ਚੁੱਪ-ਚਾਪ ਆਪਣੇ ਢਾਰੇ ਵੱਲ ਮੁੜ ਗਈ ਸੀ।
ਸਵੇਰੇ ਉੱਠਿਆ ਤਾਂ ਮੈਂ ਬੜਾ ਖੁਸ਼ ਸਾਂ। ਇਉਂ ਲੱਗਿਆ ਸੀ ਜਿਉਂ ਬਾਪੂ ਅੱਜ ਹੀ ਮਾਂ ਨੂੰ ਮੋੜ ਲਿਔਣ ਲਈ ਲੈਲਪੁਰ ਦੀ ਗੱਡੀ ਚੜ ਜਾਵੇਗਾ। ਅਸੀਂ ਉਦੋਂ ਬਹੁਤ ਹੈਰਾਨ ਹੋਏ ਜਦੋਂ ਬਾਪੂ ਚੁੱਪ-ਚਾਪ ਤਾਏ ਹੋਰਾਂ ਦੇ ਕਮਰੇ ਵਿਚ ਵੜ ਗਿਆ ਸੀ। ਤਾਈ ਨੇ ਉਹਨੂੰ ਰੱਜ ਕੇ ਮਿਹਣੇ ਮਾਰੇ। ਗਾਲ੍ਹਾਂ ਕੱਢੀਆਂ। ਬਾਪੂ ਨੂੰ ਵੀ ਤੇ ਪੇਕੇ ਤੁਰ ਗਈ ਸਾਡੀ ਮਾਂ ਨੂੰ ਵੀ। ਬਾਪੂ ਮੂਹਰਿਓ ਕੁਝ ਨਹੀਂ ਸੀ ਬੋਲਿਆ!” ਬਜ਼ੁਰਗ ਨੇ ਹਉਕਾ ਭਰਿਆ ਤੇ ਕੁਝ ਚਿਰ ਖ਼ਾਲੀ-ਖ਼ਾਲੀ ਅੱਖਾਂ ਨਾਲ਼ ਕੰਧ ਨੂੰ ਘੂਰਦਾ ਰਿਹਾ।
“…ਸਾਡਾ ਬਾਪੂ…” ਉਹ ਬੋਲਿਆ।
“…ਫਿਰ ਤੋਂ ਸਭ ਕੁਝ ਭੁਲ-ਭੁਲਾ ਗਿਆ ਸੀ! ਅਸੀਂ ਭੈਣ-ਭਾਈ ਕਦੇ-ਕਦਾਈ ਮਾਂ ਦੀਆਂ ਗੱਲਾਂ ਕਰਦੇ! ਬਾਪੂ ਤੇ ਤਾਈ ਤਾਏ ਤੋਂ ਚੋਰੀ-ਚੋਰੀ। ਛੋਟੀ ਭੈਣ ਨੂੰ ਤਾਂ ਮਾਂ ਦੇ ਨਕਸ਼ ਵੀ ਯਾਦ ਨਹੀਂ ਸਨ। ਸਾਡੇ ਕੋਲ਼ ਮਾਂ ਦੀ ਤਸਵੀਰ ਵੀ ਕੋਈ ਨਈਂ ਸੀ। ਜਦੋਂ ਮੈਂ ਥੋੜ੍ਹਾ ਹੁੰਦਲਹੇੜ ਹੋਇਆ ਤਾਂ ਮੈਂ ਬਾਪੂ ਕੋਲ਼ੋਂ ਮਾਂ ਬਾਰੇ ਪੁੱਛਣਾ ਸ਼ੁਰੂ ਕੀਤਾ। ਉਹ ਮੂਹਰਿਉਂ ‘ਹੂੰਅ-ਹਾਂਅ’ ਕਰ ਛੱਡਦਾ। ਅਸੀਂ ਤਿੰਨੋਂ ਜਣਿਆਂ ਨੇ ਸਲਾਹ ਕਰਕੇ ਇਕ ਦਿਨ ਬਾਪੂ ਦੇ ਪੈਰ ਫੜ ਲਏ। ਛੱਡੇ ਉਦੋਂ ਜਦੋਂ ਬਾਪੂ ਮਾਂ ਨੂੰ ਲਿਔਣ ਲਈ ਮੰਨ ਗਿਆ। ਤਾਏ ਤਾਈ ਕੋਲੋਂ ਚੋਰੀ ਉਹ ਲੈਲਪੁਰ ਜਾਣ ਲਈ ਮੇਰੇ ਕੋਲ਼ ਥੋੜ੍ਹੇ-ਥੋੜ੍ਹੇ ਰੁਪਏ ਵੀ ਜਮ੍ਹਾਂ ਕਰਨ ਲੱਗ ਗਿਆ। ਅਸੀਂ ਮਾਂ ਦੀ ਉਡੀਕ ‘ਚ ਗਿਣ-ਗਿਣ ਕੇ ਦਿਨ ਲੰਘਾਉਣ ਲੱਗੇ।
ਬਾਪੂ ਜਾਣ ਦਾ ਦਿਨ ਪੱਕਾ ਕਰਨ ਬਾਰੇ ਸੋਚ ਰਿਹਾ ਸੀ ਕਿ ਵੱਢ-ਵਢਾਂਗੇ ਸ਼ੁਰੂ ਹੋ ਗਏ। ਪਾਕਸਤਾਨ ਬਣ ਗਿਆ। ਘੁੱਗ ਵੱਸਦਾ ਪਿੰਡ ਅੱਖਾਂ ਸਾਹਵਿਓਂ ਉੱਠ ਕੇ ਚਲਾ ਗਿਆ। ਮੈਂ ਇਨ੍ਹਾਂ ਅੱਖਾਂ ਨਾਲ਼ ਰੱਬ ਅਰਗੇ ਚੌਧਰੀਆਂ ਦੀਆਂ ਲੋਥਾਂ ਕੁੱਤਿਆਂ ਨੂੰ ਘੜੀਸਦੇ ਵੇਖਿਆ। ਸੱਤ-ਸੱਤ ਪਰਦਿਆਂ ਵਿਚ ਰਹਿਣ ਵਾਲੀਆਂ ਅਰੈਣਾ ਨੂੰ ਧਾੜਵੀ ਲੇਲਿਆਂ ਵਾਂਗੂੰ ਧੂਹ ਕੇ ਲੈ ਗਏ। ਮਹਿਲਾਂ ਵਰਗੇ ਘਰ ਮਲਬੇ ਹੋ ਗਏ। ਲਹੂ ਦੇ ਪਰਨਾਲ਼ੇ ਚੱਲ ਪਏ। ਮੁਕਦੀ ਗੱਲ ਕਿ ਰੱਬ ਮਰ ਗਿਆ। ..” ਉਹਨੇ ਖੰਗੂਰਾ ਮਾਰਦਿਆਂ ਓਪਰੀ ਜਿਹੀ ਨਜ਼ਰ ਨਾਲ਼ ਆਲ਼ੇ-ਦੁਆਲ਼ੇ ਨੂੰ ਘੂਰਿਆ।
“…ਸੁਣਿਆ ਸੀ ਕਿ ਸਾਰੇ ਹਿੰਦੂ-ਸਿੱਖ ਏਧਰ ਆ ਜਾਣਗੇ ਤੇ ਮੁਸਲਮਾਨ ਓਧਰ ਚਲੇ ਜਾਣਗੇ। ਅਸੀਂ ਖ਼ੁਸ਼ ਸਾਂ। ਸੋਚਦੇ ਕਿ ਪਾਕਸਤਾਨ ਸਾਡੀ ਮਾਂ ਨੂੰ ਮੋੜ ਕੇ ਲਿਔਣ ਵਾਸਤੇ ਹੀ ਬਣਿਆ ਏ। ਦਿਨ, ਮਹੀਨੇ, ਸਾਲ ਗੁਜ਼ਰਦੇ ਗਏ। ਨਾ ਮਾਂ ਮੁੜੀ, ਨਾ ਮਾਸੀਆਂ ਤੇ ਨਾ ਹੀ ਮਾਮੇ। ਖੌਰੇ ਕਿਸੇ ਨੇ ਉਨ੍ਹਾਂ ਨੂੰ ਗੌਲਿਆ ਹੀ ਨਹੀਂ ਸੀ। ਸ਼ਾਇਦ ਉਹ ਨਾ ਹਿੰਦੂ ਸਨ ਤੇ ਨਾ ਸਿੱਖ। …” ਇਹ ਕਹਿੰਦਿਆਂ ਉਹ ਆਪ-ਮੁਹਾਰੇ ਹੱਸ ਪਿਆ। ਉਸ ਦੇ ਹਾਸੇ ਵਿੱਚੋਂ ਸਦੀਆਂ ਦੇ ਆਰ-ਪਾਰ ਫ਼ੈਲੀ ਪੀੜ ਨੂੰ ਮਹਿਸੂਸਿਆ ਜਾ ਸਕਦਾ ਸੀ।
“…ਕਈ ਵਰ੍ਹਿਆਂ ਬਾਅਦ ਧੋਗੜੀ ਵਾਲੀ ਮਾਸੀ ਆਈ। ਮੈਂ ਉਦੋਂ ਤੱਕ ਕਦੇ-ਕਦਾਈਂ ਦਿਹਾੜੀ ਜਾਣ ਲੱਗ ਪਿਆ ਸਾਂ । ਅਸੀਂ ਮਾਸੀ ਨਾਲ਼ ਮਾਂ ਦੀਆਂ ਰੱਜ-ਰੱਜ ਗੱਲਾਂ ਕੀਤੀਆਂ। ਜਦੋਂ ਉਸ ਨੇ ਮਾਂ ਦੀ ਸਖ਼ਤ ਮਿਹਨਤ ਤੇ ਨਿੱਤ ਰੋਣ-ਵਿਲਕਣ ਦੀ ਗੱਲ ਸੁਣਾਈ ਤਾਂ ਅਸੀਂ ਵੀ ਰੋ ਪਏ। ਉਸ ਦਿਨ ਤਾਂ ਬਾਪੂ ਦੀਆਂ ਅੱਖਾਂ ਵੀ ਛਲਕ ਗਈਆਂ।
ਰਾਤ ਵੇਲੇ ਮੈਂ ਬਾਪੂ ਨੂੰ ਥੋੜ੍ਹਾ ਰੋਹਬ ਨਾਲ਼ ਕਿਹਾ- ਮੈਂ ਮਾਂ ਨੂੰ ਮਿਲਣ ਜਾਣਾ।
ਬਾਪੂ ਖ਼ਾਮੋਸ਼ ਰਿਹਾ। ਦੋ ਦਿਨ ਬਾਅਦ ਮੈਨੂੰ ਕੁੜੀ ਵਾਲ਼ੇ ਦੇਖਣ ਆ ਗਏ। ਪੰਦਰਾਂ ਦਿਨਾਂ ‘ਚ ਮੇਰਾ ਵਿਆਹ ਬੱਝ ਗਿਆ। ਮੇਰੇ ਘਰ ਵਹੁਟੀ ਆ ਗਈ। ਆਉਣ ਵਾਲੇ ਵਕਤ ‘ਚ ਬੱਚੇ ਵੀ ਹੋ ਗਏ। ਮੇਰੀ ਜ਼ਿੰਦਗੀ ‘ਲੂਣ – ਤੇਲ – ਲੱਕੜੀਆਂ’ ਦੇ ਚੱਕਰ ਵਿਚ ਫਸ ਕੇ ਰਹਿ ਗਈ। ਮਾਂ ਨੂੰ ਮਿਲਣ ਦੀ ਤਾਂਘ ਮੱਠੀ ਪੈਂਦੀ ਗਈ। ਜਦੋਂ ਮੈਂ ਪੂਰੀ ਤਰ੍ਹਾਂ ਕਬੀਲਦਾਰੀ ਦੀ ਦਲਦਲ ਵਿਚ ਫਸ ਗਿਆ ਤਾਂ ਇਕ ਸ਼ਾਮ ਬਾਪੂ ਬੋਲਿਆ- ਲੈ ਬਈ ਨਾਜ਼ਰਾ, ਬਣਾ ਲੈ ਹੁਣ ਕਾਰਟ ਪਾਕਸਤਾਨ ਜਾਣ ਲਈ। ਮਿਲ਼ ਆ, ਆਪਣੀ ਮਾਂ ਨੂੰ। …” ਉਹ ਫਿੱਕਾ ਜਿਹਾ ਹੱਸ ਕੇ ਚੁੱਪ ਹੋ ਗਿਆ।
ਕੁਝ ਛਿਣ ਲਈ ਵਿਹੜਾ ਚੁੱਪ ਨਾਲ਼ ਭਰਿਆ ਰਿਹਾ।
“…ਮੈਂ ਆਪਣੇ ਪਿੰਡ ਦੇ ਜੀਤ ਨੂੰ ਲੰਬੜ ਨੂੰ ਮਿਲ਼ਿਆਂ। ਉਹ ਇਕ-ਦੋ ਵਾਰ ਨਨਕਾਣਾ ਸਾਹਿਬ ਜਾ ਆਇਆ ਸੀ। ਮੈਂ ਕਾਰਟ ਬਣਵਾਇਆ। ਦਿੱਲੀ ਗਿਆ। ਉਨ੍ਹਾਂ ਮੈਨੂੰ ਦੋ-ਚਾਰ ਗੱਲਾਂ ਪੁੱਛੀਆਂ। ਮਾਂ ਵਾਲੀ ਗੱਲ ਸੁਣ ਕੇ ਉਨ੍ਹਾਂ ਠਾਹ ਕਰ ਕੇ ਮੋਹਰ ਲਗਾ ਦਿੱਤੀ। …” ਬਾਬੇ ਨਾਜ਼ਰ ਨੇ ਸੱਜੇ ਹੱਥ ਦੀ ਮੁੱਠੀ ਬਣਾਉਂਦਿਆਂ, ਖੱਬੇ ਹੱਥ ਦੀ ਤਲੀ ‘ਤੇ ‘ਮੋਹਰ’ ਲਗਾਉਣ ਦੀ ਨਕਲ ਲਾਈ।
“…ਫਿਰ ਭੈਣਾਂ ਨੇ ਕਲੇਸ਼ ਪਾ ਲਿਆ।…” ਅਗਲੇ ਛਿਣ ਉਹ ਥੋੜ੍ਹਾ ਉਦਾਸ ਹੁੰਦਿਆਂ ਬੋਲਿਆ।
“…ਉਹ ਆਖਣ, ਸਾਨੂੰ ਵੀ ਨਾਲ਼ ਲੈ ਕੇ ਚੱਲ! ਸਾਡੀ ਵੀ ਮਾਂ ਲੱਗਦੀ ਆ ਉਹ। ਸਾਡਾ ਵੀ ਮਿਲ਼ਣ ਨੂੰ ਦਿਲ ਕਰਦੈ। ਮੈਂ ਉਨ੍ਹਾਂ ਨੂੰ ਕਿਹਾ- ਮੈਂ ਪਤਾ ਨਈਂ ਮੰਗ ਪਿੰਨ ਕੇ ਕਿਵੇਂ ਚੱਲਾਂ! ਇਕ ਵਾਰ ਮੈਨੂੰ ਜਾ ਲੈਣ ਦਿਓ। ਮੈਂ ਮਾਂ ਨੂੰ ਇੱਥੇ ਹੀ ਲੈ ਔਣਾ। ਬਲਾਵਾਂ ਮਸਾਂ ਟਲ਼ੀਆਂ ਸੀ। ਤੁਰਨ ਲੱਗਾ ਤਾਂ ਤਾਈ ਆ ਗਈ। ਮੇਰਾ ਕਲਾਵਾ ਭਰ ਕੇ ਡੁਸਕੀ ਜਾਵੇ। ਫਿਰ ਲੀਰ ਜਿਹੀ ‘ਚ ਬੱਧੀ ਕੋਈ ਸ਼ੈਅ ਫੜਾਉਂਦਿਆਂ ਆਖਣ ਲੱਗੀ-ਆਹ ਈਸਰੋ ਨੂੰ ਦੇ ਦਈਂ। ਇਹ ਅਮਾਨਤ ਆ ਓਹਦੀ। ਮਾਫ਼ੀ ਵੀ ਮੰਗ ਲਈਂ, ਸਾਡੇ ਪਾਪੀਆਂ ਵਲੋਂ। ਨਾਲ਼ੇ ਆਖੀਂ ਹੁਣ ਆਪਣੇ ਪਿੰਡ ਮੁੜ ਆਵੇ!” ਰਤਾ ਕੁ ਸਾਹ ਲੈਣ ਲਈ ਬਾਬਾ ਨਾਜ਼ਰ ਚੁੱਪ ਹੋ ਗਿਆ ਸੀ।
“…ਬਾਪੂ ਮੈਨੂੰ ਅੱਡੇ ਤੱਕ ਟਾਂਗੇ ‘ਤੇ ਚੜਾਉਣ ਆਇਆ ਸੀ। ਨਿਰੰਤਰ ਪਛਤਾਵੇ ਜਿਹੇ ‘ਚ ਸਿਰ ਮਾਰਦਾ। ਮੈਂ ਉਹਦੇ ਬੋਲ ਉਡੀਕੀ ਗਿਆ। ਪੈਰੀਂ ਹੱਥ ਲਗਾ ਕੇ ਜਦੋਂ ਮੈਂ ਟਾਂਗੇ ਵਿਚ ਬੈਠਣ ਲੱਗਾ ਤਾਂ ਉਹ ਬਹੁਤ ਧੀਮੀਂ ਅਵਾਜ਼ ‘ਚ ਬੋਲਿਆ ਸੀ- ਓਸ ਜ਼ਿੱਦਣ ਨੂੰ ਆਖੀਂ ਕਿ ਹੁਣ ਤਾਂ ਦੇਸ਼ ਵੀ ਦੋ ਬਣ ਗਏ। ਹੁਣ ਤਾਂ ਮੁੜ ਆਵੇ। ਮੈਂ ਰੋ ਪਿਆ। ਕਠਾਰ ਵਾਲੇ ਅੱਡੇ ਤੱਕ ਮੂੰਹ ਸਿਰ ਵਲ੍ਹੇਟ ਕੇ ਬੈਠਾ ਮੁੜ-ਮੁੜ ਮਾਂ ਬਾਰੇ ਸੋਚਦਾ ਰਿਹਾ। ਫਿਰ ਮੈਂ ਕੁੜਤੇ ਦੀ ਜੇਬ ਵਿੱਚੋਂ ਤਾਈ ਵਾਲ਼ੀ ਪੋਟਲੀ ਕੱਢ ਲਈ। ਜਦੋਂ ਖੋਹਲੀ ਤਾਂ ਵਿਚ ਮੁਰਕੀਆਂ ਸਨ। ਮੈਨੂੰ ਯਾਦ ਆਇਆ ਕਿ ਇਹ ਤਾਂ ਮੈਂ ਮਾਂ ਦੇ ਕੰਨਾਂ ਵਿਚ ਵੇਖਦਾ ਰਿਹਾ ਸਾਂ। ਤਾਈ ਕੋਲ਼ ਕਿਵੇਂ ਆਈਆਂ? ਇਸ ਸਵਾਲ ਦਾ ਜਵਾਬ ਨਹੀਂ ਸੀ ਮੇਰੇ ਕੋਲ਼।”
ਸੂਰਜ ਕੰਧਾਂ ਤੋਂ ਉਤਾਂਹ ਉੱਠ ਗਿਆ। ਬਾਪੂ ਨਾਜ਼ਰ ਦੇ ਚਿਹਰੇ ‘ਤੇ ਧੁੱਪ ਆ ਗਈ। ਮੈਂ ਛਾਵੇਂ ਹੋਣ ਦੀ ਗੱਲ ਆਖੀ ਤਾਂ ਉਹ ਮੁਸਕਾਉਂਦਿਆਂ ਬੋਲਿਆ, “ਮੈਂ ਸਾਰੀ ਉਮਰ ਧੁੱਪਾਂ ਹੀ ਸਹੀਆਂ ਨੇ ਪੁੱਤਰਾ!” ਉਹ ਠੰਢਾ ਜਿਹਾ ਹਉਕਾ ਭਰ ਕੇ ਫਿਰ ਤੋਂ ਚੁੱਪ ਕਰ ਗਿਆ। ਮੈਂ ਕੁਝ ਵੀ ਕਹਿਣਾ ਮੁਨਾਸਿਬ ਨਾ ਸਮਝਿਆ।
“…ਉਦੋਂ ਮੇਰੇ ਜਲੰਧਰੋ ਦਿੱਲੀ ਜਾਣ ਦੇ ਸਾਰੇ ਤੇਰਾਂ ਰੁਪਏ ਲੱਗੇ ਸੀ। …” ਉਹਨੇ ਆਪਣੀ ਮਰਜ਼ੀ ਨਾਲ਼ ਗੱਲ ਸ਼ੁਰੂ ਕੀਤੀ ਸੀ।
“…ਅਗਾਂਹ ਜਲੰਧਰੋਂ ਅੰਬਰਸਰ ਦੇ ਵੀ ਤੇਰਾਂ ਈ ਰੁਪਏ ਲੱਗੇ ਸੀ। ਅੰਬਰਸਰੋਂ ਬਾਡਰ ਦੇ ਲੱਗੇ ਸੀ ਚੌਦਾਂ ਆਨੇ ਤੇ ਐਨੇ ਈ ਲੱਗੇ ਅੱਗੇ ਬਾਡਰ ਤੋਂ ਲਹੌਰ ਦੇ। ਮੈਂ ਬਾਡਰ ਤੋਂ ਪੈਸੇ ਬਦਲਾਏ। ਸੌ ਦੇ ਮਿਲ਼ੇ ਸਵਾ ਸੌ। ਬੱਸਾਂ ਲੱਗੀਆਂ ਸੀ। ਲਹੌਰ ਪਹੁੰਚ ਗਿਆ। ਲਹੌਰੋਂ ਰੇਲ ਫੜੀ ਤਾਂ ਸਿੱਧਾ ਲੈਲਪੁਰ। ਲੈਲਪੁਰ ਪਹੁੰਚਦਿਆਂ ਮੈਨੂੰ ‘ਨ੍ਹੇਰਾ ਹੋ ਗਿਆ ਸੀ। ਮਸਲਾ ਇਹ ਸੀ ਕਿ ਰਾਤ ਕਿੱਥੇ ਕੱਟਾਂ? ਓਥੇ ਅੱਡਿਆਂ ‘ਚ ‘ਵਾਜਾਂ ਮਾਰਦੇ ਆ ਕਿ ਆ ਜਾਓ, ਰਾਤ ਰਹਿਣੇ ਵਾਲੇ। ਓਨ੍ਹਾਂ ਮੇਰੇ ਕੋਲੋਂ ਚਾਰ ਰੁਪਏ ਲਏ ਤੇ ਕਮਰਾ ਖੋਲ੍ਹ ਦਿੱਤਾ। ਮੈਂ ਓਥੇ ਨਜ਼ਾਰੇ ਨਾਲ਼ ਰਾਤ ਕੱਟੀ। ਸਵੇਰੇ ਉੱਠਿਆ। ਤਾਲ਼ਾ ਲਗਾਇਆ, ਚਾਬੀ ਫੜਾਈ ਤੇ ਤੁਰ ਪਿਆ। ਫਿਰ ਮੈਂ ਸੋਚਿਆ-ਆਇਓਂ ਤਾਂ ਹੈਗੇ ਈ ਆਂ, ਚਲੋ ਮਾੜਾ ਜਿਹਾ ਲੈਲਪੁਰ ਹੀ ਘੁੰਮ ਕੇ ਦੇਖ ਲਈਏ। ਨਾਂ ਬੜਾ ਸੁਣਿਆ ਸੀ, ਬਜ਼ੁਰਗਾਂ ਕੋਲ਼ੋਂ। ਲੈਲਪੁਰ ਵਾਲੀ ਕਟਾਈ ਵਾਕਿਆ ਨਈਂ ਹੈਗੀ, ਕਿਸੇ ਸ਼ਹਿਰ ਦੀ। ਸੱਤ ਸੜਕਾਂ, ਵਿੱਚਕਾਰ ਘੰਟਾ-ਘਰ। ਮੈਂ ਸਾਰਾ ਦਿਨ ਘੁੰਮਦਾ ਰਿਹਾ। ਇੱਥੋਂ ਵਾਹਵਾ ਦਿਨ ਢਲ਼ੇ ‘ਤੇ ਤੁਰਿਆ। ਸੰਢਿਆਂਵਾਲੇ ‘ਟੇਸ਼ਣ ‘ਤੇ ਉੱਤਰ ਗਿਆ। ਓਥੇ ਫਿਰ ‘ਨੇਰਾ ਹੋ ਗਿਆ। ਫਿਰ ਮੈਂ ਟੇਸ਼ਣ ‘ਤੇ ਚਾਦਰ ਵਿਛਾਈ ਤੇ ਲੰਮਾ ਪੈ ਗਿਆ। ਦਿਨ ਚੜਿਆ। ਓਥੋਂ ਮੈਂ ਕਿੰਨੂ ਤੇ ਕੁਝ ਮਠਿਆਈ ਖਰੀਦੀ। ਓਥੋਂ ਚੱਕ ਇਕ ਸੌ ਨੜਿਨੰਬੇਂ ਸੱਤ ਮੁਰੱਬੇ ਦੂਰ। ਸਾਧਨ ਕੋਈ ਹੈ ਨਹੀਂ ਸੀ। ਰਾਹ ਵਿਚ ਇਕ ਗੱਡੇ ਵਾਲਾ ਮਿਲ਼ ਗਿਆ।…” ਇੱਥੇ ਆ ਕੇ ਬਾਪੂ ਨਾਜ਼ਰ ਖਿੜ ਗਿਆ।
“…ਉਹ ਪੁੱਛਦਾ-ਕਿੱਥੋਂ ਆਇਆ? ਜਦੋਂ ਮੈਂ ਹੁਸ਼ਿਆਰਪੁਰ ਦਾ ਨਾਂ ਲਿਆ ਤਾਂ ਉਹ ਕੂਕ ਪਿਆ। ਮੈਨੂੰ ਜੱਫੀ ਪਾ ਲਈ। ਲੱਗ ਪਿਆ ਰੋਣ। ਰੋਈ ਜਾਵੇ। ਰੋਈ ਜਾਵੇ। ਮੈਨੂੰ ਕੁਝ ਸਮਝ ਨਾ ਆਇਆ! ਫਿਰ ਅੱਖਾਂ ਪੂੰਝਦਿਆਂ ਉਹਨੇ ਮੈਥੋਂ ਮੇਰਾ ਪਿੰਡ ਪੁੱਛਿਆ। ਉਹ ਬਰੋਟੀ ਪਿੰਡ ਦਾ ਗੁੱਜਰ ਸੀ। ਮੈਂ ਉਹ ਪਿੰਡ ਕਈ ਵਾਰ ਵੇਖਿਐ। ਮੈਥੋਂ ਉਹਨੇ ਪੁੱਛਿਆ ਕਿ ਚੌਹਾਲ ਵਲੋਂ ਜਾਂਦਿਆਂ, ਸਰਾਈਂ ਵਾਲੇ ਮੋੜ ‘ਤੇ ਦਾੜ੍ਹੀ ਵਾਲ਼ਾ ਬੋਹੜ ਹੁਣ ਹੈ ਕਿ ਨਹੀਂ। ਮੈਂ ਹਾਂ ਵਿਚ ਸਿਰ ਮਾਰਿਆ ਤਾਂ ਉਹ ਫਿਰ ਤੋਂ ਰੋਣ ਲੱਗ ਪਿਆ। ਰੌਲ਼ਿਆ ਵੇਲੇ ਪਿੰਡੋਂ ਨਿਕਲਦਿਆਂ, ਚੋਅ ਕੰਢੇ ਉਨ੍ਹਾਂ ‘ਤੇ ਹਮਲਾ ਹੋ ਗਿਆ ਸੀ। ਆਪਣੇ ਬਿਮਾਰ ਬਾਪ ਨੂੰ ਉਹ ਓਸ ਬੋਹੜ ਥੱਲ੍ਹੇ ਛੱਡ ਆਇਆ ਸੀ। ਉਹ ਫਿਰ ਤੋਂ ਕੂਕਿਆ- ਉਵੇਂ ਦਿਸਦਾ ਬਾਪੂ ਮੈਨੂੰ ਅੱਜ ਵੀ। ਸੱਜੇ ਹੱਥ ਨਾਲ਼ ਬਚ ਕੇ ਦੂਰ ਦੌੜ ਜਾਣ ਦਾ ਇਸ਼ਾਰਾ ਕਰਦਾ। ਫਿਰ ਉਹ ਬਹੁਤੀ ਗੱਲ ਨਾ ਕਰ ਸਕਿਆ। ਬੱਸ ਰੋਈ ਗਿਆ। ਮੱਲੋ-ਜ਼ੋਰੀ ਮੈਨੂੰ ਇਕ ਸੌਂ ਨੜਿੰਨਵੇਂ ਦੀ ਜੂਹ ਤੱਕ ਛੱਡ ਗਿਆ।”
ਇੱਥੇ ਪਹੁੰਚ ਕੇ ਬਾਪੂ ਨਾਜ਼ਰ ਦਾ ਚਿਹਰਾ ਲਾਲ ਹੋ ਗਿਆ।
“ਪਿੰਡ ‘ਚ ਵੜਦਿਆਂ, ਮੈਂ ਇਕ ਬੁੜੀ ਨੂੰ ‘ਈਸਰੀ’ ਦਾ ਘਰ ਪੁੱਛਿਆ। ਉਹ ਪੁੱਛਣ ਲੱਗੀ-ਤੂੰ ਉਹਦਾ ਪੁੱਤ ਤੇ ਨਹੀਂ? ਜਦੋਂ ਮੈਂ ‘ਹਾਂਜੀ’ ਕਿਹਾ ਤਾਂ ਉਹ ਬੋਲੀ-ਹੈ!ਹੈ!! ਉਹ ਤਾਂ ਤੈਨੂੰ ਰੋਂਦੀ ਮਰ ਗਈ! ਮੈਂ ਧੁਰ ਅੰਦਰ ਤੱਕ ਕੰਬ ਉੱਠਿਆ। ਇਕ ਛਿਣ ਲਈ ਲੱਗਿਆ ਕਿ ਮਾਂ ਸੱਚੀਉਂ ਮਰ ਗਈ ਹੋਣੀ ਏਂ। ਉਹ ਮੈਨੂੰ ਮਾਂ ਦੇ ਘਰ ਵੱਲ ਲੈ ਤੁਰੀ। ਮਾਂ ਵਿਚਾਰੀ ਕਿਧਰੇ ਕੰਮ ‘ਤੇ ਗਈ ਹੋਈ ਸੀ । ਗਵਾਂਢੀ ਵੀ ਸਾਡੀ ਬਰਾਦਰੀ ਦੇ ਸੀ। ਉਨ੍ਹਾਂ ਦਾ ਮੁੰਡਾ ਮੈਨੂੰ ਆਪਣੇ ਘਰ ਲੈ ਗਿਆ। ਮੂਹਰੇ ਰੋਟੀ ਲਿਆ ਰੱਖੀ। ਮੈਂ ਮਸੀਂ ਇਕ ਰੋਟੀ ਖਾਧੀ। ਬੜੀ ਤਾਂਘ ਸੀ, ਮਾਂ ਨੂੰ ਮਿਲ਼ਣ ਦੀ। ਲਓ ਜੀ ਫਿਰ ਮਾਂ ਹੋਰੀਂ ਵੀ ਆ ਗਏ। ਉਹਨੇ ਆਉਂਦਿਆਂ, ਮੇਰਾ ਕਲ਼ਾਵਾ ਭਰ ਲਿਆ। ਓਹ ਹੋ ਹੋ! ਰੋਏ ਫਿਰ ਮਾਂ-ਪੁੱਤ ਧਾਹਾਂ ਮਾਰ-ਮਾਰ ਕੇ!! ਪੱਚੀ ਸਾਲਾਂ ਵਿਚ ਸ਼ਕਲਾਂ ਵੀ ਤਾਂ ਬਦਲ ਹੀ ਜਾਂਦੀਆਂ ਨੇ। ਉਨ੍ਹਾਂ ਮੈਨੂੰ ਬੁੱਲ ਦੇ ਇਸ ਨਿਸ਼ਾਨ ਤੋਂ ਪਛਾਣਿਆ ਸੀ। ਨਿੱਕੇ ਹੁੰਦਿਆਂ ਕਿਤੇ ਨਿਆਣਿਆਂ ਨਾਲ਼ ਖੇਲਦਿਆਂ ਕੱਚ ਲੱਗ ਗਿਆ ਸੀ। …” ਉਹ ਮਾਂ ਦੀ ਯਾਦ ‘ਚ ਸਰੂਰਿਆ ਸਿਰ ਮਾਰੀ ਗਿਆ ਸੀ।
“…ਮੇਰਾ ਤਾਂ ਸਾਰੇ ਪਿੰਡ ਨੂੰ ਚਾਅ ਸੀ। ਘਰ ਤਾਂ ਮੈਂ ਘੱਟ ਈ ਰੋਟੀ ਖਾਧੀ। ਕਦੇ ਕਿਸੇ ਘਰ, ਕਦੇ ਕਿਸੇ ਘਰ। ਮੁਸਲਮਾਨਾਂ ਨੇ ਕਹਿਣਾ-ਮਾਈ ਅੱਜ ਮੁੰਡੇ ਨੂੰ ਸਾਡੇ ਵੱਲ ਲੈ ਕੇ ਆਈਂ। ਬੜੀ ਆਓ-ਭਗਤ ਕੀਤੀ ਸਾਰਿਆਂ ਨੇ। ਮੈਂ ਪੂਰਾ ਮਹੀਨਾ ਸਾਰੇ ਪਿੰਡ ਦਾ ਮਹਿਮਾਨ ਬਣਿਆਂ ਰਿਹਾਂ!” ਮਾਣੇ ਹੋਏ ਮੋਹ-ਸਤਿਕਾਰ ਨੂੰ ਯਾਦ ਕਰਦਿਆਂ, ਹਰਨਾਮ ਦੇ ਬਾਪੂ ਦੇ ਚਿਹਰੇ ‘ਤੇ ਅਨੰਦ ਫੈਲ਼ ਗਿਆ।
“ਤੁਹਾਡੀ ਮਾਂ ਨੇ ਬਾਪੂ ਦਾ ਹਾਲ ਵੀ ਪੁੱਛਿਆ ਸੀ ਕਿ ਨਹੀਂ?” ਮੈਂ ਪੁੱਛਿਆ।
“ਸੰਗਦੀ-ਸੰਗਦੀ ਪੁੱਛਣ ਲੱਗੀ- ਉਹ ਨਹੀਂ ਸੀ ਕਹਿੰਦੇ, ਔਣ ਲਈ!” ਇਹ ਗੱਲ ਕਰਦਿਆਂ ਬਾਪੂ ਨਾਜ਼ਰ ਦੀ ਜ਼ੁਬਾਨ ਥਿੜਕ ਗਈ।
“ਮੈਂ ਕਿਹਾ ਜਿੱਦਾਂ ਤੁਸੀਂ ਇੱਥੇ ਬੈਠੇ ਆਂ, ਉੱਦਾਂ ਈ ਉਹ ਗੁੱਸੇ ‘ਚ ਓਥੇ ਬੈਠੇ ਆ।…” ਉਹਦੇ ਫਿੱਕੇ ਜਿਹੇ ਹਾਸੇ ਵਿਚ ਪੌਣੀ ਸਦੀ ਦੀ ਵੈਰਾਨੀ ਪਸਰ ਗਈ।
“…ਫਿਰ ਕੁਝ ਦਿਨਾਂ ਬਾਅਦ ਮੈਂ ਗੁਆਂਢੀਆਂ ਦਾ ਮੁੰਡਾ ਨਾਲ਼ ਲਿਆ ਤੇ ਲੈਲਪੁਰ ਜਾ ਕੇ ਮਾਂ ਦਾ ਪਾਸਪੋਰਟ ਅਪਲਾਈ ਕਰ ਆਇਆ। ਮਾਂ ਮੰਨ ਵੀ ਗਈ ਸੀ, ਏਧਰ ਔਣ ਲਈ। ਮੈਂ ਕਿਹਾ ਜਦੋਂ ਪਾਸਪੋਰਟ ਬਣ ਕੇ ਆ ਗਿਆ ਤਾਂ ਮੈਨੂੰ ਚਿੱਠੀ ਪਾ ਦਿਓ। ਮੈਂ ਆ ਕੇ ਲੈ ਜਾਊਂਗਾ। ਫਿਰ ਸਾਡੀ ਮਾਸੀ ਦੇ ਪੁੱਤ ਨੂੰ ਪਤਾ ਲੱਗ ਗਿਆ। ਉਹ ਜਾ ਕੇ ਪਾਸਪੋਰਟ ਦੀ ਦਰਖ਼ਾਸਤ ਕੈਂਸਲ ਕਰਵਾ ਆਇਆ।” ਇਹ ਗੱਲ ਉਹਨੇ ਨਿਰਾਸ਼ਾਤਾ ਵਿਚ ਸਿਰ ਮਾਰਦਿਆਂ ਕਹੀ।
“ਐਨਾ ਪਿਆਰ ਸੀ ਉਹਨੂੰ ਮਾਸੀ ਨਾਲ਼?” ਮੈਂ ਸਵਾਲ ਕੀਤਾ।
ਉਹ ਹੱਸ ਪਿਆ।
“ਪਿਆਰ ਕਾਹਨੂੰ ਸੀ! ਕੀ ਮਸੇਰ ਤੇ ਮਮੇਰ! ਸਾਰੇ ਮੇਰੀ ਮਾਂ ਦੀ ਕਮਾਈ ਨੂੰ ਪਏ ਹੋਏ ਸੀ। ਆਪ ਤਾਂ ਵਿਹਲੜ ਸਨ। ਮਾਂ ਮੇਰੀ ਨੇ ਕਿਸੇ ਬੁੜੀ ਦਾ ਪੇਟ ਮਲ਼ ਦੇਣਾ। ਕਿਸੇ ਦਾ ਸਿਰ ਝੱਸ ਦੇਣਾ। ਲੋੜ ਵੇਲੇ ਕਿਸੇ ਦਾ ਗੋਹਾ-ਕੂੜਾ ਵੀ ਕਰ ਦੇਣਾ! ਮਾੜਾ-ਮੋਟਾ ਦਾਈਪੁਣਾ ਵੀ ਆਉਂਦਾ ਸੀ, ਉਹਨੂੰ। ਵਿਆਹ-ਸ਼ਾਦੀ ‘ਤੇ ਭਾਂਡੇ ਵੀ ਮਾਂਜ ਲੈਂਦੀ। ਓਸ ਵਿਚਾਰੀ ਦੀ ਕਿਸਮਤ ‘ਚ ਹੀ ਟੁੱਟ-ਟੁੱਟ ਮਰਨਾ ਲਿਖਿਆ ਸੀ।” ਹਰਨਾਮ ਦੇ ਬਾਪੂ ਨੇ ਅੱਖਾਂ ਮੀਟਦਿਆਂ ਹਉਕਾ ਭਰਿਆ।
“ਪਾਕਿਸਤਾਨ ‘ਚ ਕਿੰਨ੍ਹਾਂ ਕੁ ਘੁੰਮੇ-ਫਿਰੇ?” ਉਹਦੀ ਸੋਚ ਨੂੰ ਹੋਧਰੇ ਪਾਉਣ ਲਈ ਮੈਂ ਇਹ ਸਵਾਲ ਕੀਤਾ।
“…ਫਿਰ ਮੈਨੂੰ ਮੇਰਾ ਆੜੀ ਸਮੈਲ ਮਿਲ਼ਣ ਆ ਗਿਆ। ਅਸੀਂ ਤਲਵੰਡੀ ’ਕੱਠੇ ਪੜ੍ਹਦੇ ਰਹੇ ਸਾਂ। ਅਸੀ ਦੋ ਦਿਨ ਪਿੰਡ ਦੀਆਂ ਗੱਲਾਂ ਕਰਦੇ ਰਹੇ। ਇਕ ਦਿਨ ਨੀਵੀਂ ਪਾਈ ਪੁੱਛਣ ਲੱਗਾ-ਨਾਜ਼ਰਾ, ਮੇਰੀ ਮਾਂ ਕਿਸ ਪਿੰਡ ‘ਚ ਵੱਸਦੀ ਏ? ਸਾਡੇ ਪਿੰਡ ਦੀਆਂ ਤਿੰਨ ਅਰੈਣਾਂ ਸੰਤਾਲ਼ੀ ਵੇਲੇ ਚੁੱਕੀਆਂ ਗਈਆਂ ਸਨ। ਮੈਂ ਉਸ ਪਿੰਡ ਦਾ ਨਾਂ ਲਿਆ ਤਾਂ ਉਹ ਬੜੀ ਦੇਰ ਚੁੱਪ-ਚਾਪ ਜ਼ਮੀਨ ਵੱਲ ਵੇਖਦਾ ਰਿਹਾ। ਉਹਦੀਆਂ ਅੱਖਾਂ ‘ਚੋਂ ਹੰਝੂ ਪਰਲ-ਪਰਲ ਵਗਦੇ ਰਹੇ। ਫਿਰ ਬੋਲਿਆ-ਕਦੇ ਮੇਰੀ ਮਾਂ ਨੂੰ ਮਿਲ਼ ਸਕੇ ਤਾਂ ਕਹਿਣਾਂ ਕਿ ਇਸਮਾਈਲ ਨੇ ਭੁਲਾਇਆ ਨਈਂ ਉਹਨੂੰ। ਮੈਂ ਆਪਣੀ ਧੀ ਦਾ ਨਾਂ ਰੱਖਿਆ, ਉਹਦੇ ਵਾਲਾ। ਜੈਨਬ ਬੀਬੀ! ..” ਇਹ ਦੱਸਦਿਆਂ ਬਾਪੂ ਨਾਜ਼ਰ ਦੇ ਬੋਲ ਕੰਬਣ ਲੱਗੇ।
“…ਫਿਰ ਉਹ ਮੈਨੂੰ ਆਪਣੇ ਪਿੰਡ ਲੈ ਗਿਆ। ਡਿਜ਼ਕੋਟ ਕਸਬੇ ਵੱਲ ਚੱਕ ਸੀ ਉਹਦਾ।
ਪਿੰਡ ਦੀ ਜੂਹ ਵਿਚ ਵੜਦਿਆਂ ਕਹਿਣ ਲੱਗਾ- ਤੂੰ ਪਿੰਡ ਵਾਲ਼ਿਆਂ ਨੂੰ ਇਹੋ ਦੱਸਣਾ ਕਿ ਮੇਰੀ ਮਾਂ ਪਿੰਡ ‘ਚ ਹੀ ਕਤਲ ਹੋ ਗਈ ਸੀ। ਇਹ ਵੀ ਆਖਣਾ ਕਿ ਤੂੰ ਉਹਦੀ ਲਾਸ਼ ਆਪ ਵੇਖੀ ਸੀ। ਭਾਵੇਂ ਇਹ ਵੀ ਆਖ ਦਈਂ ਕਿ ਤੂੰ ਉਹਦੀ ਲਾਸ਼ ਨੂੰ ਦਫ਼ਨਾਉਣ ਵਾਲਿਆਂ ‘ਚ ਸ਼ਾਮਿਲ ਸੀ। ਇਹ ਕਹਿੰਦਿਆਂ ਉਹ ਮੇਰੇ ਗਲ਼ ਲੱਗ ਕੇ ਬੜਾ ਰੋਇਆ। ਮੇਰਾ ਕੇਹੜਾ ਜ਼ੋਰ ਲੱਗਦਾ ਸੀ। ਮੈਂ ਓਥੇ ਚਾਰ ਕੁ ਦਿਨ ਰਿਹਾ। ਆਨੇ-ਬਹਾਨੇ ਇਹ ਗੱਲ ਮੈਂ ਪਤਾ ਨਈਂ ਪੰਜਾਹ ਬੰਦਿਆਂ ਨੂੰ ਦੱਸੀ ਹੋਣੀ ਏਂ। ਅਸੀਂ ਸਮੈਲ ਹੋਰਾਂ ਦੇ ਘਰੋਂ ਬੜਾ ਖਾਧਾ ਸੀ। ਮਾਂ ਦੇ ਜਾਣ ਬਾਅਦ ਉਹਦੀ ਮਾਂ ਸਮੈਲ ਹੱਥ ਮੇਰੇ ਲਈ ਵੀ ਸਕੂਲੇ ਦੋ ਰੋਟੀਆਂ ਭੇਜ ਦਿੰਦੀ ਹੁੰਦੀ ਸੀ। ਚਲੋ ਥੋੜ੍ਹਾ ਹੀ ਸਹੀ, ਮੈਂ ਕੁਝ ਕਰਜ਼ ਤਾਂ ਉਤਾਰ ਹੀ ਆਇਆ ਸਾਂ।” ਇਹ ਆਖ ਉਹ ਉਦਾਸ ਜਿਹਾ ਮੁਸਕਰਾਇਆ ਸੀ।
“ਓਧਰ ਕਿੰਨੇ ਕੁ ਬੰਦੇ ਮਿਲ਼ੇ ਤੁਹਾਡੇ ਵਾਲ਼ੀ ਤਲਵੰਡੀ ਦੇ?” ਮੈਂ ਪੁੱਛਿਆ।
“ਬੜੇ ਮਿਲ਼ੇ। ਓਸ ਚੱਕ ’ਚ ਬਹੁਤੇ ਸਾਡੇ ਪਿੰਡ ਵਾਲੇ ਈ ਬੈਠੇ ਸੀ। ਕਈ ਤਾਂ ਬੜੇ ਔਖੇ ਹੋਏ। ਕਹਿਣ ਲੱਗੇ ਕਿ ਤੁਸੀਂ ਸਾਨੂੰ ਵੱਢ-ਟੁੱਕ ਕੇ ਕੱਢਿਆ। ਕਈ ਗਲ਼ ਲੱਗ ਕੇ ਧਾਹਾਂ ਮਾਰਨ ਵਾਲ਼ੇ ਵੀ ਮਿਲ਼ੇ। ਕਈਆਂ ਨੇ ਕਬਰਾਂ ਤੇ ਕਈਆਂ ਨੇ ਘਰਾਂ ਦਾ ਹਾਲ ਪੁੱਛਿਆ। ਬੁੜੀ ਬਸਰੀ ਵੀ ਮਿਲੀ। ਉਹ ਚੱਕ ਸਾਦੂ ਦੀ ਸੀ। ਮੇਰੀ ਤਾਈ ਵੀ ਓਥੋਂ ਦੀ ਸੀ। ਬੜਾ ਸਹੇਲਪੁਣਾ ਸੀ, ਉਨ੍ਹਾਂ ਦਾ। ਕਹਿੰਦੀ ਸਾਨੂੰ ਤਾਂ ਉੱਜੜਿਆ ਈ ਚਾਹੁੰਦੀ ਸੀ, ਤਾਈ ਤੇਰੀ। ਹਾਲੇ ਅਸੀਂ ਘਰੇ ਈ ਬੈਠੇ ਸਾਂ ਤਾਂ ਉਹ ਭੈਣ ਬਣ ਕੇ ਸਮਾਨ ਲੈਣ ਆ ਗਈ ਸੀ।” ਇਸ ਗੱਲ ਤੋਂ ਬਾਅਦ ਫਿਰ ਤੋਂ ਚੁੱਪ ਪੱਸਰ ਗਈ।
“ਉਦੋਂ ਤੁਹਾਡੀ ਬਰਾਦਰੀ ਦੇ ਲੋਕ ਓਥੇ ਕਿਹੜੇ ਧਰਮ ਨੂੰ ਮੰਨਦੇ ਸੀ?” ਮੈਂ ਗੱਲ ਨੂੰ ਮੋੜਦਿਆਂ ਪੁੱਛਿਆ।
“ਸਾਡੇ ਲੋਕ!” ਬਾਪੂ ਨਾਜ਼ਰ ਖਿੜ-ਖਿੜਾ ਕੇ ਹੱਸਿਆ।
“…ਉਨ੍ਹਾਂ ਗਰੀਬਾਂ ਦਾ ਕੇੜ੍ਹਾ ਧਰਮ! ਬਸ ਮੁਸਲਮਾਨ ਹੋ ਗਏ ਸੀ! ਵੱਟੇ ਦੇ ਵਿਆਹ ਹੁੰਦੇ ਸੀ, ਓਧਰ। ਏਧਰ ਤਾਂ ਮੁੰਡਾ ਜੰਮੇ ਦੀ ਖੁਸ਼ੀ ਕਰਦੇ ਆ ਪਰ ਉਨ੍ਹਾਂ ਦੇ ਕੁੜੀ ਜੰਮੇ ਤਾਂ ਸੋਚਦੇ ਆ ਕਿ ਚਲੋ ਕੋਈ ਮੁੰਡਾ ਈ ਵਿਆਹਿਆ ਜਾਊਗਾ। ਮੁਸਲਮਾਨ ਵੀ ਨੀਵਾਂ ਈ ਸਮਝਦੇ ਸੀ, ਸਾਡਿਆਂ ਨੂੰ! ਇਨ੍ਹਾਂ ਦੀ ਕੁੜੀ ਲੈ ਲੈਂਦੇ ਸੀ ਪਰ ਆਪਣੀ ਨਹੀਂ ਸੀ ਦਿੰਦੇ। ਉਹ ਵਿਚਾਰੇ ਕੀ ਕਰਦੇ? ਮਜ਼ਬੂਰੀ-ਵੱਸ ਦੀਨਦਾਰ ਹੋ ਗਏ। ਮੈਂ ਜਿਹਨਾਂ ਦੇ ਘਰ ਪਹਿਲੇ ਦਿਨ ਰੋਟੀ ਖਾਧੀ ਸੀ, ਉਹ ਸੱਤ ਭਰਾ ਸਨ। ਇਕ ਕਹਿਣ ਲੱਗਾ ਕਿ ਸਾਡੇ ਵਿਆਹ ਹੀ ਨਹੀਂ ਹੁੰਦੇ। …” ਉਸ ਛਿਣ ਮੈਂ ਬਾਬੇ ਨਾਜ਼ਰ ਦੇ ਬੋਲਾਂ ‘ਚੋਂ ਮਜ਼ਬੂਰੀ-ਵੱਸ ਦੀਨਦਾਰ ਹੋਏ ਹਜ਼ਾਰਾਂ ਲੋਕਾਂ ਦੇ ਦਰਦ ਨੂੰ ਮਹਿਸੂਸ ਕੀਤਾ।
“ਮਾਂ ਨੇ ਫਿਰ ਕਿੱਦਾਂ ਤੋਰਿਆ ਤੁਹਾਨੂੰ?” ਮੈਂ ਗੱਲ ਨੂੰ ਸਮੇਟਣ ਦੇ ਖਿਆਲ ਨਾਲ਼ ਪੁੱਛਿਆ।
“ਮੇਰੇ ਗਲ਼ ਵਿਚ ਤਵੀਤੜੀ ਪਾ ਕੇ ਭੇਜੀ। ਮੇਰੇ ਬੱਚਿਆਂ ਤੇ ਆਪਣੀਆਂ ਦੋਵੇਂ ਧੀਆਂ ਲਈ ਵੀ ਸੂਟ ਭੇਜੇ। ਆਪਣੀ ਨੂੰਹ ਲਈ ਸੂਟਾਂ ਦੇ ਨਾਲ਼ ਥੋੜ੍ਹਾ ਗਹਿਣਾ ਵੀ ਭੇਜਿਆ। ਮੈਂ ਨਾਂਹ ਕੀਤੀ ਤਾਂ ਆਖਣ ਲੱਗੀ- ਮੈਂ ਸੱਸ ਆਂ, ਮੇਰਾ ਇਹ ਵਿਹਾਰ ਬਣਦਾ। ਮਨ ‘ਚ ਆਇਆ ਕਿ ਪੁੱਛਾਂ ਕਿ ਕਿਹੜੇ-ਕਿਹੜੇ ਰਿਸ਼ਤੇ ਦਾ ਕਿਹੜਾ-ਕਿਹੜਾ ਵਿਹਾਰ ਹੁੰਦੈ। ਫਿਰ ਸੋਚਿਆ ਕਿ ਉਹ ਤਾਂ ਪਹਿਲਾਂ ਹੀ ਬਹੁਤ ਦੁਖੀ ਏ। ਐਵੇਂ ਹੋਰ ਦੁਖੀ ਹੋਊ। ਮੈਂ ਚੁੱਪ ਰਿਹਾ।”
“ਤੁਹਾਡੇ ਬਾਪੂ ਲਈ ਵੀ ਕੁਝ ਭੇਜਿਆ ਸੀ ..?” ਮੈਂ ਵਿੱਚ-ਵਿਚਾਲੇ ਇਹ ਸਵਾਲ ਕਰ ਦਿੱਤਾ।
“ਐਵੇਂ ਮੈਂ ਝੂਠ ਬੋਲਾਂ, ਉਨ੍ਹਾਂ ਲਈ ਕੁਝ ਨਹੀਂ ਸੀ ਭੇਜਿਆ। ਮੈਂ ਓਥੇ ਪੈਂਤੀ-ਚਾਲ਼ੀ ਦਿਨ ਰਿਹਾ। ਅਸੀਂ ਰੱਜ-ਰੱਜ ਦੁੱਖ ਫਰੋਲ਼ੇ। ਮਾਂ ਨੇ ਮੇਰੇ ਕੋਲੋ ਮਾਫ਼ੀ ਵੀ ਮੰਗੀ। ਆਖਣ ਲੱਗੀ-ਮੈਂ ਤਾਡਾ ਬਚਪਨ ਰੋਲ਼ ਦਿੱਤਾ। ਪੇਕਿਆਂ ਨੂੰ ਵੀ ਕੰਮ ਪਿਆਰਾ ਸੀ, ਚੰਮ ਨਹੀਂ! ਚੰਗਾ ਹੋਇਆ ਜੋ ਤੂੰ ਮਿਲ਼ ਚੱਲਿਆਂ। ਆਹ ਦੁੱਖ ਮੈਂ ਹੋਰ ਕੇਹਨੂੰ ਸੁਣਾ ਸਕਦੀ ਸਾਂ।” ਬਾਬੇ ਨਾਜ਼ਰ ਨੂੰ ਇਸ ਗੱਲ ਦਾ ਸਕੂਨ ਸੀ ਕਿ ਉਹ ਮਾਂ ਦਾ ਮਨ ਹੌਲ਼ਾ ਕਰ ਆਇਆ ਸੀ।
“…ਮੁੜ ਛੇਤੀ ਤੁਰ ਗਈ ਵਿਚਾਰੀ!” ਉਹਨੇ ਹਉਕਾ ਭਰਦਿਆਂ ਆਖਿਆ।
“ਉਹ ਤਾਈ ਵਾਲ਼ੀਆਂ ਮੁਰਕੀਆਂ!” ਮੈਨੂੰ ਚਾਣਚਕ ਯਾਦ ਆਇਆ।
“ਮੁਰਕੀਆਂ ਨਈਂ ਰੱਖੀਆਂ ਸੀ ਮਾਂ ਨੇ! ਬਿਨਾ ਦੇਖੇ ਮੋੜ ਦਿੱਤੀਆਂ! ਕਹਿਣ ਲੱਗੀ- ਮੈਂ ਇਹ ਤੇਰੀ ਤਾਈ ਨੂੰ ਕੋਈ ਮੁਫ਼ਤ ਨਹੀਂ ਸੀ ਦਿੱਤੀਆਂ। ਬਹੁਤ ਵੱਡਾ ਮੁੱਲ ਤਾਰਿਆ ਸੀ।” ਬਜ਼ੁਰਗ ਦੀਆਂ ਖ਼ੁਸ਼ਕ ਅੱਖਾਂ ‘ਚ ਸਮਿਆਂ ਦੇ ਆਰ-ਪਾਰ ਫ਼ੈਲੀ ਪੀੜ ਪ੍ਰਤੱਖ ਪ੍ਰਗਟ ਹੋ ਗਈ।
“ਤਾਈ ਨੂੰ ਮੁਰਕੀਆਂ ਮੋੜਦਿਆਂ ਮੈਂ ਮਾਂ ਵਾਲੀ ਪੂਰੀ ਗੱਲ ਸੁਣਾਈ ਤਾਂ ਉਹ ਵਿਲਕ ਉੱਠੀ। ਕਹਿਣ ਲੱਗੀ- ਪੁੱਤਰਾ, ਜਿਸ ਦਿਨ ਉਹਦਾ ਭਰਾ ਲੈਣ ਆਇਆ, ਉਹ ਤੈਨੂੰ ਦੇਖਣ ਲਈ ਵਿਲਕਦੀ ਪਈ ਸੀ। ਤੇਰਾ ਤਾਇਆ ਆਖਣ ਲੱਗਾ- ਈਸਰੀਏ, ਜੇ ਪੁੱਤ ਦਾ ਮੂੰਹ ਵੇਖਣਾ ਏ ਤਾਂ ਆਹ ਮੁਰਕੀਆਂ ਕੰਨ੍ਹਾਂ ਵਿੱਚੋਂ ਲਾਹ ਕੇ ਮੈਨੂੰ ਫੜਾ ਦੇਅ। ਓਸ ਪਾਪੀ ਨੇ ਏਹਦੇ ਕੰਨ੍ਹਾਂ ਵਿੱਚੋਂ ਮੁਰਕੀਆਂ ਧੂਹ ਲਈਆਂ ਸਨ। ਉਹ ਵੀ ਮਰਨ ਤੱਕ ਪਛਤਾਉਂਦਾ ਰਿਹਾ। ਤੁਰਨ ਲੱਗਾ ਮੈਨੂੰ ਮੁਰਕੀਆਂ ਮੋੜਨ ਤੇ ਮਾਫੀ ਮੰਗਣ ਦੀ ਤਾਕੀਦ ਕਰ ਕੇ ਗਿਆ ਸੀ। ਆਪਣੀ ਅਮਾਨਤ ਰੱਖ ਲੈਂਦੀ ਤਾਂ ਚਲੋ ਸਾਡੇ ਵੀ ਥੋੜ੍ਹੇ ਜਿਹੇ ਗੁਨਾਹ ਬਖ਼ਸ਼ੇ ਜਾਂਦੇ। ਲੱਗਦੈ ਈਸਰੀ ਨੇ ਮੈਨੂੰ ਵੀ ਚੈਨ ਨਾਲ਼ ਮਰਣ ਨਹੀਓਂ ਦੇਣਾ। ਏਨਾਂ, ਆਖ ਤਾਈ ਧਾਹਾਂ ਮਾਰਨ ਲੱਗ ਪਈ ਸੀ। ਲਓ ਜੀ, ਐਨੀ ਕੁ ਆ ਮੇਰੀ ਮਾਂ ਦੀ ਕਹਾਣੀ!!” ਹਰਨਾਮ ਦਾ ਬਾਪੂ ਚੁੱਪ ਹੋ ਗਿਆ।
ਮੈਂ ਪੈਰੀਂ ਹੱਥ ਲਗਾ ਕੇ ਉੱਠ ਤੁਰਿਆ।
ਹਰਨਾਮ ਮੈਨੂੰ ਗਲ਼ੀ ਦੇ ਮੋੜ ਤੱਕ ਤੋਰਨ ਆਇਆ।
ਅਸੀਂ ਰਾਹ ‘ਚ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਰਹੇ।
“ਤੁਹਾਡੇ ਬਾਪੂ ਦਾ ਵੀ ਬਹੁਤ ਜੇਰਾ। ਐਡੀ ਦਰਦ-ਭਰੀ ਕਹਾਣੀ ਪਰ ਅੱਖ ਵਿਚ ਕੋਈ ਅੱਥਰੂ ਨਹੀਂ ਆਇਆ।” ਮੈਂ ਆਖਿਆ।
“ਭਾਈ ਸਾਹਿਬ! ਹੁਣ ਪਾਣੀ ਬੜੇ ਡੂੰਘੇ ਹੋ ਗਏ ਨੇ!!” ਇਹ ਆਖ ਹਰਨਾਮ ਖਿੜ੍ਹ-ਖਿੜਾ ਕੇ ਹੱਸ ਪਿਆ ਸੀ।
ਮੇਰੇ ਕੋਲ਼ ਉਹਦੀ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ।
Niranjan Boha, Darshan Joga