ਦੋ-ਤਿੰਨ ਗੇੜੇ ਦੇਣ ਮਗਰੋਂ, ਢੁੱਡ ਮਾਰਨ ਵਾਂਗ ਇੱਕ ਜ਼ੋਰਦਾਰ ਝਟਕਾ ਉਸ ਮਾਰਿਆ- ਤੇ ਰੱਸੇ ਦੇ ਦੋ ਟੁਕੜੇ ਕਰਕੇ ਰੱਖ ਦਿੱਤੇ। ਰੋਜ਼ ਵਾਂਗ ਉਹ ਸਿੱਧੀ ਜਾ ਕੇ ਸਾਹਮਣੇ ਵਾਲੀ ਬਰਸੀਮ ਦੇ ਖੇਤ ਵਿੱਚ ਬਿਨਾਂ ਕਿਸੇ ਡਰ-ਭੈ ਦੇ ਬਰਸੀਮ ਚਰਨ ਲੱਗ ਪਈ। ਭੁੱਖ ਦੀ ਤ੍ਰਿਪਤੀ ਨਾਲੋਂ ਬਿਗਾਨੀ ਫ਼ਸਲ ਵਿੱਚ ਟੱਪਣ-ਨੱਚਣ ਅਤੇ ਥੋੜ੍ਹੀ ਦੇਰ ਆਜ਼ਾਦ ਫਿਰਨ ਵਿੱਚ ਜ਼ਿਆਦਾ ਹੀ ਤਸੱਲੀ ਮਿਲਦੀ ਹੋਵੇ ਸ਼ਾਇਦ; ਏਸੇ ਲਈ ਹੀ ਤਾਂ ਉਹ ਰੋਜ਼ ਆਪਣੇ ਪਿੰਡੇ ‘ਤੇ ਖੜ੍ਹੀਆਂ ਲਾਸਾਂ ਨੂੰ ਭੁਲਾ ਕੇ ਰੱਸਾ ਤੁੜਾ ਲੈਂਦੀ ਸੀ।
ਗੁਆਂਢੀਆਂ ਦੀ ਵੱਛੀ ਦੀ ਇਸ ਹਰਕਤ ਨੂੰ ਥਾਂ ਸਾਫ਼ ਕਰਦੀ ਕੰਸੋ ਕਈ ਦਿਨਾਂ ਤੋਂ ਵੇਖਦੀ ਆ ਰਹੀ ਸੀ। ਆਪਣੇ ਘਰ ਦਾ ਪਿਛਲਾ ਬਾਗਲਾ ਸਵੇਰੇ ਸਾਫ਼ ਕਰਦੀ ਲੱਕ-ਕੁ ਜਿੰਨੀ ਚਾਰ-ਦੀਵਾਰੀ ਉੱਤੋਂ ਦੀ ਉਹ ਗੁਆਂਢੀਆਂ ਦੀ ਇਸ ਵੱਛੀ ਨੂੰ ਇਸ ਤਰ੍ਹਾਂ ਕਰਦਿਆਂ ਤੱਕਦੀ ਸੀ।
ਪਹਿਲਾਂ ਪਹਿਲਾਂ ਤਾਂ ਕੰਨਸੋ ਨੂੰ ਇਸ ਵੱਛੀ ਦੀ ਮੂਰਖਤਾ ‘ਤੇ ਗੁੱਸਾ ਆਉਂਦਾ ਰਿਹਾ। ਉਹ ਸੋਚਦੀ; “ਪਸ਼ੂ ਆਖ਼ਰ ਪਸ਼ੂ ਹੀ ਰਿਹਾ ਨਾ, ਇੰਨੀ ਮਾਰ ਪੈਂਦੀ ਐ ਪਰ ਅਗਲੇ ਦਿਨ ਰੱਸੀ ਦੇ ਫੇਰ ਦੋ ਟੁਕੜੇ..।”
ਪਰ ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਵੱਛੀ ਦੇ ਇੰਝ ਕਰਨ ’ਤੇ ਗੁੱਸੇ ਦੀ ਥਾਂ ਤਰਸ ਆਉਣ ਲੱਗ ਪਿਆ ਸੀ। ਉਨ੍ਹਾਂ ਦੇ ਗੁਆਂਢੀਆਂ ਨੇ ਉਸ ਨੂੰ ਸਵੇਰੇ ਸਾਝਰੇ ਹੀ ਇੱਥੇ ਬੰਨ੍ਹ ਕੇ ਮੁੜ ਦਿਨ ਢਲੇ ਤੀਕ ਕਦੇ ਖ਼ਬਰ ਨਹੀਂ ਸੀ ਲਈ। ਕਦੀ ਵੱਗ ਨਹੀਂ ਸੀ ਛੱਡਿਆ। ਹੁਣ ਇਹ ਸੀ ਵੀ ਭਰ-ਜਵਾਨ। ਕੀਲੇ ਨਾਲ ਚੁੱਪ-ਚਾਪ ਹੁਣ ਉਸ ਤੋਂ ਖਲੋਇਆ ਵੀ ਨਾ ਜਾਂਦਾ । ਰੱਸਾ ਤੁੜਾਣ ਦਾ ਬੱਲ ਉਸ ਵਿੱਚ ਥੋੜ੍ਹੇ ਚਿਰ ਦਾ ਆ ਗਿਆ ਸੀ।
ਕੰਸੋ ਨੂੰ ਇਸ ਵੱਛੀ ਦਾ ਬਚਪਨ ਉਂਝ ਦਾ ਉਂਝ ਚੇਤੇ ਸੀ। ਪੜ੍ਹਨ ਜਾਂਦੇ ਸ਼ਰਾਰਤੀ ਮੁੰਡੇ ਇਸ ਦੀ ਪੂਛ-ਖਿੱਚਦੇ- ਕੋਈ ਪਿੱਠ ‘ਤੇ ਧੱਫ਼ਾ ਮਾਰਦਾ- ਗੱਲ ਕੀ ਕੋਈ ਕੁਝ ਕਰਦਾ ਤੇ ਕੋਈ ਕੁਝ- ਪਰ ਇਹ ਉਦੋਂ ਪੂਰੀ ਅਸੀਲ ਹੁੰਦੀ ਸੀ- ਕਿਸੇ ਨੂੰ ਹੂਰਦੀ ਤੀਕ ਵੀ ਨਹੀਂ ਸੀ।
ਤੇ ਹੁਣ, ਸ਼ਾਇਦ ਇਹ ਕੀਲੇ ‘ਤੇ ਖਲੋ-ਖਲੋ ਕੇ ਅੱਕ ਗਈ ਸੀ। ਬਰਸੀਮ ਦੇ ਮਾਲਕ ਨੂੰ ਜਦ ਪਤਾ ਲਗਦਾ ਤਾਂ ਉਹ ਸ਼ਹਿ-ਸ਼ਹਿ ਆਉਂਦਾ ਤੇ ਇਕਦਮ ਹੀ ਉਸ ਦੀ ਪਿੱਠ ‘ਤੇ ਸੋਟੀਆਂ ਦਾ ਮੀਂਹ ਵਰ੍ਹਾ ਦਿੰਦਾ। ਇਸ ਦੇ ਮਾਲਕਾਂ ਨੂੰ ਉਲਾਂਭਾ ਦਿੰਦਾ, ਤਾਂ ਉਹ ਚੰਗਾ ਨਰੋਆ ਰੱਸਾ ਪਾ ਕੇ ਬੰਨ੍ਹਦੇ ਪਰ ਅਗਲੇ ਦਿਨ ਉਸ ਰੱਸੇ ਦੇ ਭੀ ਦੋ ਟੁਕੜੇ ਹੋਏ ਪਏ ਹੁੰਦੇ।
ਇਸ ਵੱਛੀ ਦੇ ਸੋਟੀਆਂ ਪੈਂਦੀਆਂ ਵੇਖ ਕੇ ਕੰਸੋ ਦੇ ਲੂਈ ਕੰਡਿਆਂ ਜਾਂਦੀ। ਉਸ ਦਾ ਦਿਲ ਹਮਦਰਦੀ ਨਾਲ ਪਸੀਜ਼ ਕੇ ਰਹਿ ਜਾਂਦਾ। ਉਸ ਨੂੰ ਆਪਣੀ ਹਾਲਤ ਕੁਝ ਦਿਨ ਤੋਂ ਇੰਨ-ਬਿੰਨ ਗੁਆਂਢੀਆਂ ਦੀ ਵੱਛੀ ਵਰਗੀ ਲੱਗਣ ਲੱਗ ਪਈ ਸੀ। ਅੱਜ ਵੀ ਉਹ ਆਪਦਾ ਬਾਗਲਾ ਸਾਫ਼ ਕਰ ਰਹੀ ਸੀ। ਦੋ-ਤਿੰਨ ਗੇੜੇ ਦੇ ਕੇ- ਢੁੱਡ ਮਾਰਨ ਵਾਂਗ ਇੱਕ ਜ਼ੋਰਦਾਰ ਝਟਕਾ ਵੱਛੀ ਨੇ ਮਾਰਿਆ- ਤੇ ਰੱਸੇ ਦੇ ਦੋ ਟੁਕੜੇ ਕਰਕੇ ਰੱਖ ਦਿੱਤੇ। ਤੇ ਰੋਜ਼ ਵਾਂਗ ਉਹ ਸਿੱਧੀ ਸਾਹਮਣੇ ਵਾਲੇ ਬਰਸੀਮ ਦੇ ਖੇਤ ਵਿਚ ਚਰਨ ਲੱਗ ਪਈ।
ਇਹ ਵੇਖ ਕੇ ਕੰਸੋ ਦਾ ਪਿੰਡਾ ਤਪਣ ਲੱਗ ਪਿਆ। ਜਿਵੇਂ ਵੱਛੀ ਦੇ ਨਹੀਂ ਸਗੋਂ ਉਸ ਦੇ ਆਪਣੇ ਪਿੰਡੇ ‘ਤੇ ਸੋਟੀਆਂ ਵਰ੍ਹਨ ਵਾਲੀਆਂ ਸਨ । ਆਪਣਾ ਧਿਆਨ ਬਦਲਨ ਲਈ ਉਸ ਨੀਵੀਂ ਪਾ ਕੇ ਫੇਰ ਥਾਂ ਸਾਫ਼ ਕਰਨਾ ਸ਼ੁਰੂ ਕਰ ਦਿੱਤਾ। ਅਗਲੇ ਹੀ ਪਲ ਸੋਟੀਆਂ ਦੀ ਚੀਖਵੀਂ ਸ਼ੂਕ ਨੇ ਉਸ ਦਾ ਧਿਆਨ ਫੇਰ ਖਿੱਚ ਲਿਆ।
ਬਰਸੀਮ ਦੇ ਖੇਤ ਦਾ ਮਾਲਕ ਅੱਜ ਫੇਰ ਉਸੇ ਤਰ੍ਹਾਂ ਵੱਛੀ ਨੂੰ ਸੋਟੀਆਂ ਮਾਰਦਾ ਆ ਰਿਹਾ ਸੀ। ਦੋਹਾਂ ਦਾ ਸਾਹ ਨਾਲ ਸਾਹ ਨਹੀਂ ਸੀ ਰਲ਼ਦਾ। ਕੰਸੋ ਦੇ ਦਿਲ ‘ਤੇ ਇਕ ਬੋਝ ਜਿਹਾ ਪੈ ਗਿਆ- ਸੂਹਣ ਸੁੱਟ ਉਹ ਕੰਧ ਨਾਲ ਢੋਹ ਲਾ ਕੇ ਬੈਠ ਗਈ।
ਇੱਕ ਜ਼ਬਰਦਸਤ ਕਸ਼ਮ-ਕਸ਼ ਦਾ ਮੁੱਢ ਬੱਝ ਗਿਆ ਸੀ। ਉਨ੍ਹਾਂ ਦੇ ਬਾਗਲੇ ਤੋਂ ਪੰਜਾਹ ਕੁ ਗਜ ਦੀ ਵਿੱਥ ‘ਤੇ ਪਿੰਡ ਦਾ ਸਕੂਲ ਸੀ। ਇਸ ਸਕੂਲ ਵਿੱਚ ਪੰਜ-ਛੇ ਕੁ ਮਹੀਨੇ ਹੋਏ ਸਨ- ਉਸ ਦਾ ਹਮ-ਉਮਰ ਇੱਕ ਮਾਸਟਰ ਪੜ੍ਹਾਉਣ ਲੱਗ ਪਿਆ ਸੀ। ਪਹਿਲੀ ਤੱਕਣੀ ਨਾਲ ਹੀ ਉਸ ਇਸ ਮਾਸਟਰ ਤੋਂ ਆਪਾ ਵਾਰ ਦਿੱਤਾ ਸੀ। ਆਪਣੇ ਘੱਟ-ਪੜ੍ਹੇ ਲਿਖੇ ਪਿੰਡ ਵਿੱਚ ਉਸ ਪਹਿਲੀ ਵਾਰ ਕੋਈ ਪੜ੍ਹਿਆ- ਲਿਖਿਆ ਆਪਣਾ ਹਾਣੀ ਤੱਕਿਆ ਸੀ- ਉਸ ਦਿਨੋਂ ਦਿਨ ਨੇੜਤਾ ਵਧਾਉਣੀ ਸ਼ੁਰੂ ਕਰ ਦਿੱਤੀ ਸੀ।
ਜਦੋਂ ਮਾਸਟਰ ਦਾ ਸਕੂਲ ਆਉਣ ਦਾ ਸਮਾਂ ਹੁੰਦਾ ਤਾਂ ਉਹ ਆਪਣਾ ਬਾਗਲਾ ਸਾਫ਼ ਕਰਨ ਦੇ ਬਹਾਨੇ ਉਸ ਦੀ ਉਡੀਕ ਕਰਦੀ। ਕਿੰਨਾ-ਕਿੰਨਾ ਚਿਰ ਉਹ ਬੁੱਤ ਬਣੀ ਤੱਕਦੀ ਰਹਿੰਦੀ। ਦਿਨ ਵਿੱਚ ਕਈ ਕਈ ਵਾਰ ਕਿਸੇ ਨਾ ਕਿਸੇ ਬਹਾਨੇ ਉਹ ਬਾਗਲੇ ਵਿੱਚੋਂ ਸਕੂਲ ਵੱਲ ਤੱਕਦੀ- ਇੱਧਰ-ਉਧਰ ਘੁੰਮਦੀ ਰਹਿੰਦੀ। ਉਹ ਮਾਸਟਰ ਸੀ ਕਿ… ਇੱਕ ਦੋ ਵਾਰ ਤੋਂ ਵਧੀਕ ਇੱਧਰ-ਉੱਧਰ ਸਾਰਾ ਸਮਾਂ ਤੱਕਦਾ ਨਹੀਂ ਸੀ। ਇੱਕ ਰੁੱਖੀ ਜਿਹੀ ਤੇ ਗੰਭੀਰ ਤੱਕਣੀ ਸੁੱਟਦਾ, ਉਹ ਉਸ ਕੋਲੋਂ ਦੀ ਦੋ ਵੇਲੇ ਲੰਘ ਜਾਂਦਾ ਸੀ।
ਉਹ ਮਾਯੂਸ ਜਿਹੀ ਹੋਣ ਲੱਗ ਪਈ ਸੀ । ਮੁੰਡਾ ਉਹ ਅਜੀਬ ਸੀ। ਉਹ ਜਦੋਂ ਵੇਖਦੀ ਜਾਂ ਤਾਂ ਉਹ ਆਪਣੀ ਕੋਈ ਕਿਤਾਬ ਪੜ੍ਹਦਾ ਹੁੰਦਾ ਤੇ ਜਾਂ ਮੁੰਡਿਆਂ ਨੂੰ ਪੜ੍ਹਾਉਂਦਾ ਹੁੰਦਾ। ਨਾਲ ਵਾਲੇ ਮਾਸਟਰ ਨਾਲ ਕੰਸੋ ਨੇ ਉਸ ਨੂੰ ਕਦੀ ਗੱਪਾਂ ਮਾਰਦਿਆਂ ਨਹੀਂ ਸੀ ਵੇਖਿਆ।
ਇੱਕ ਗੱਲ ਜ਼ਰੂਰ ਸੀ ਕਿ ਉਹ ਆਪਣੀ ਜਮਾਤ ਦੇ ਮੁੰਡਿਆਂ ਨਾਲ ਪਿਆਰ ਬੜਾ ਕਰਦਾ ਸੀ- ਉਨ੍ਹਾਂ ਨਾਲ ਥੋੜ੍ਹਾ-ਬਹੁਤਾ ਹੱਸਦਾ ਵੀ ਸੀ। ਕਦੀ ਕਿਸੇ ਨੂੰ ਨਹੀਂ ਸੀ ਮਾਰਦਾ। ਇਹ ਗੱਲਾਂ ਕੰਸੋ ਨੇ ਆਪਣੇ ਉਸ ਅੱਗੇ ਪੜ੍ਹਦੇ ਭਰਾ ਤੋਂ ਸੁਣੀਆਂ ਸਨ।
ਕੁਝ ਦਿਨਾਂ ਬਾਅਦ ਉਹ ਸ਼ਾਮ ਨੂੰ ਛੁੱਟੀ ਦੇ ਸਮੇਂ ਤੋਂ ਕੁਝ ਕੁ ਮਿੰਟ ਪਹਿਲਾਂ ਮਾਸਟਰ ਵਾਲੇ ਰਾਹ ਜਾਣਾ ਸ਼ੁਰੂ ਕਰ ਦਿੱਤਾ ਸੀ। ਘਰੋਂ ਉਹ ਸਾਗ ਲੈਣ ਦੇ ਬਹਾਨੇ ਆ ਜਾਂਦੀ। ਹਰ ਸ਼ਾਮ ਮਾਸਟਰ ਉਸ ਨੂੰ ਰਾਹ ਵਿੱਚ ਹੀ ਮਿਲਦਾ- ਤੇ ਬਿਲਕੁਲ ਬੇਖ਼ਬਰ ਉਸ ਕੋਲੋਂ ਦੀ ਲੰਘ ਜਾਂਦਾ।
ਲੰਘੇ ਜਾਂਦੇ ਹਾਣੀ ਦੀ ਪਿੱਠ ਵੇਖ ਕੇ ਤੇ ਉਸ ਦੀ ਬੇਰੁਖ਼ੀ ਵੇਖ ਕੇ ਕੰਸੋ ਪਾਣੀ ਪਾਣੀ ਹੋ ਕੇ ਰਹਿ ਜਾਂਦੀ। “ਆਖ਼ਰ ਕਿਹੜੀ ਚੀਜ਼ ਹੈ ਜੋ ਇਸ ਮੁੰਡੇ ਨੂੰ ਇਸ ਉਮਰ ਵਿੱਚ ਮੌਨਧਾਰੀ ਬਣਾ ਗਈ! ਮੈਂ ਇਸ ‘ਤੇ ਇੰਨੀ ਜਲਦੀ ਕਿਉਂ ਮਰ ਮਿਟੀ ਆਂ। ਕਹਿੰਦੇ ਨੇ ਮੁੰਡੇ ਕੁੜੀਆਂ ਮਗਰ ਮਾਰੇ-ਮਾਰੇ ਫਿਰਦੇ ਹੁੰਦੇ ਆ…। ਤੇ ਹੈ ਵੀ ਠੀਕ, ਮੈਂ ਨਹੀਂ ਪਿੰਡ ਦੇ ਦੋ ਮੁੰਡਿਆਂ ਦੀ ਕੰਡ-ਝਾੜ ਕੀਤੀ ਸੀ ਉਦੋਂ ਤੋਂ ਨੀਵੀਂ ਪਾ ਕੇ ਲੰਘਦੇ ਨੇ। ਪਰ ਆਹ ਮੈਨੂੰ ਕੀ ਉਲਟੀ ਮਾਰ ਵਗ ਪਈ। ਹੁਣ ਮੈਂ ਮਾਸਟਰ ਮਗਰ… !” ਇਸ ਤਰ੍ਹਾਂ ਉਹ ਆਪਣੇ ਆਪ ਸਵਾਲ-ਜਵਾਬ ਕਰਦੀ ਹੋਈ ਸਾਗ ਤੋੜ ਕੇ ਸੱਖਣੀ ਪਰਤ ਆਉਂਦੀ ਸੀ।
“ਬਹੁਤ ਸੋਚਦੀ ਕਿ ਅੱਜ ਨਹੀਂ ਜਾਣਾ- ਪਰ ਛੁੱਟੀ ਹੋਣ ਦੇ ਸਮੇਂ ਪਤਾ ਨਹੀਂ ਉਸ ਦੇ ਅੰਦਰ ਕੀ ਮਚਲਣ ਲੱਗ ਪੈਂਦਾ ਸੀ- ਠੀਕ ਉਸੇ ਸਮੇਂ ਰਾਹ ਪੈ ਗਈ ਹੁੰਦੀ। ਜਾਣ ਲੱਗੀ ਦੇ ਦਿਲ ਵਿੱਚ ਲੋਹੜੇ ਦਾ ਬਲ- ਤੇ ਚਾਅ ਹੁੰਦਾ ਸੀ । ਬਿਲਕੁਲ ਗੁਆਂਢੀਆਂ ਦੀ ਵੱਛੀ ਦੇ ਰੱਸਾ ਤੁੜਾਨ ਜਿੰਨਾ ਹੈ। ਤੇ ਜਦੋਂ ਉਹ ਸੱਖਣੀ ਮੁੜਦੀ ਹੁੰਦੀ ਤਾਂ ਉਸ ਨੂੰ ਆਪਣੇ ਪਿੰਡੇ ‘ਤੇ ਵੱਛੀ ਜਿੰਨੀਆਂ ਹੀ ਸੋਟੀਆਂ ਪੈਂਦੀਆਂ ਮਹਿਸੂਸ ਹੁੰਦੀਆਂ। ਜਿਵੇਂ ਉਹ ਵੀ ਪਰਾਈ ਫ਼ਸਲ ਦੀ ਚਰਾਈ ਕਰਨ ਵਰਗੀ ਗਲਤੀ ਕਰ ਕੇ ਆਈ ਹੁੰਦੀ।
ਅੱਜ ਤਾਂ ਉਸ ਦੇ ਦਿਲ ਦਾ ਬੋਝ ਜ਼ਿਆਦਾ ਵਧ ਗਿਆ ਸੀ। ਅੱਜ ਉਹੀ ਤਾਰੀਖ਼ ਸੀ ਜਿਸ ਤਾਰੀਖ ਨੂੰ ਉਸ ਦੇ ਭਰਾ ਨੇ ਇਸ ਮਾਸਟਰ ਦੀ ਬਦਲੀ ਹੋ ਜਾਣੀ ਦੱਸੀ ਸੀ। ਜਿਸ ਦਿਨ ਤੋਂ ਉਸ ਨੇ ਇਹ ਖ਼ਬਰ ਸੁਣੀ ਸੀ- ਉਸ ਦਿਨ ਤੋਂ ਉਸ ਨੂੰ ਆਪਣੇ ਤੇ ਗੁਆਂਢੀਆਂ ਦੀ ਵੱਛੀ ਵਿੱਚੋਂ ਕੋਈ ਫਰਕ ਨਹੀਂ ਸੀ ਲੱਗ ਰਿਹਾ।
ਮਾਸਟਰ ਦਾ ਚੇਤਾ ਆਉਂਦਿਆਂ ਹੀ ਉਹ ਨਸ਼ਿਆ ਕੇ ਰਹਿ ਜਾਂਦੀ ਸੀ- ਤੇ ਪਰ ਜਦੋਂ ਉਸ ਦੀ ਪੱਥਰ ਵਰਗੀ ਖ਼ਾਮੋਸ਼ੀ ਨੂੰ ਚੇਤੇ ਕਰਦੀ ਤਾਂ ਇਕਦਮ ਜਿਵੇਂ ਉਸ ਦੇ ਪਿੰਡੇ ‘ਤੇ ਵੱਛੀ ਜਿੰਨੀਆਂ ਹੀ ਲਾਸਾਂ ਖੜ੍ਹ ਜਾਂਦੀਆਂ।
ਅੱਜ ਉਹ ਕੰਧ ਨਾਲ ਢੋ ਲਾਈ ਆਪਣੇ ਆਪ ਵਿੱਚ ਗੁਆਚੀ ਬੈਠੀ ਸੀ । ਇਨੀ ਗੰਭੀਰ ਆਪਦੀ ਉਮਰ ਵਿੱਚ ਸ਼ਾਇਦ ਉਹ ਪਹਿਲੀ ਵਾਰ ਹੀ ਹੋਈ ਸੀ। ਵੱਛੀ ਦੇ ਰੱਸਾ ਤੁੜਾਉਣ ਜਿੰਨਾ ਬਲ ਹੀ ਨਹੀਂ ਸਗੋਂ ਇਸ ਤੋਂ ਦੁੱਗਣਾ ਬਲ ਉਹ ਆਪਣੇ ਵਿੱਚ ਮਹਿਸੂਸ ਕਰਨ ਲੱਗ ਪਈ ਸੀ।
“ਅੱਜ ਮੇਰੀ ਹਾਰ-ਜਿੱਤ ਦਾ ਦਿਨ ਹੈ। ਨਹੀਂ ਨਹੀਂ ਮੇਰੀ ਹੀ ਹਾਰ ਜਿੱਤ ਦਾ ਨਹੀਂ- ਸਗੋਂ ਸਾਰੀਆਂ ਜਵਾਨ ਕੁੜੀਆਂ ਦੀ ਜਵਾਨ ਮੁੰਡਿਆਂ ਅੱਗੇ ਹਾਰ ਹੋਵੇਗੀ- ਜੇ ਅੱਜ ਵੀ ਮੈਂ ਇਸ ‘ਆਪਣੇ ਮਾਸਟਰ’ ਦੀ ਚੁੱਪ ਨਾ ਤੋੜ ਸਕੀ।”
“ਆਪਣੇ… ।” ਉਸ ਨੂੰ ਆਪੇ ਹੀ ਆਖੇ ਸ਼ਬਦ ਆਪਣੇ ‘ਤੇ ਹੈਰਾਨੀ ਹੋਈ। ਤੇ ਹੋਰ ਨਾ ਵੀ। ਮੈਂ ਉਸ ਨੂੰ ਬੁਲਾ ਕੇ ਨਾ ਛੱਡਿਆ ਤਾਂ …!”
“ਮੈਨੂੰ ਅੱਜ ਸ਼ਾਮ ਨੂੰ ਜ਼ਰੂਰ ਇਸ ਦੇ ਅੱਗੇ ਜਾਣਾ ਚਾਹੀਦਾ ਹੈ। ਪਰ ਅੱਗੇ ਵੀ ਮੈਂ ਰੋਜ਼ ਜਾਂਦੀ ਹੀ ਹਾਂ ਤੇ ਜੇ ਅੱਜ ਵੀ ਇਹ ਉਸੇ ਤਰ੍ਹਾਂ ਲੰਘ ਗਿਆ ਤਾਂ…! ਮੇਰਾ ਖ਼ਿਆਲ ਹੈ ਕਿ.. ਕਿ.. ਕਿ.. ਹੂੰ.. ਹੂੰ.. ਇਹ ਬਿਲਕੁਲ ਠੀਕ ਐ।”
ਸਾਈਕਲ ਦੀ ਟੱਲੀ ਨੇ ਉਸ ਦੀ ਸੋਚ ਦਾ ਕੀਮਾ ਕਰ ਦਿੱਤਾ। ਝੱਟ ਉਸ ਖੜ੍ਹੀ ਹੋ ਕੇ ਵੇਖਿਆ ਤਾਂ ਉਸ ਦਾ ਆਪਣਾ ਹੀ ਮਾਸਟਰ ਸਕੂਲ ਵੱਲ ਜਾ ਰਿਹਾ ਸੀ। ਲਗਾਤਾਰ ਉਹ ਕਿੰਨਾ ਹੀ ਚਿਰ ਲੰਘੋ ਜਾਂਦੇ ਮਾਸਟਰ ਦੀ ਪਿੱਠ ਵੇਖਦੀ ਰਹੀ। ਅੱਗੇ ਮਾਸਟਰ ਦੀ ਪਿੱਠ ਵੇਖ ਕੇ ਉਹ ਆਪਣੇ-ਆਪ ਅੰਦਰ ਹਲਕਾ ਜਿਹਾ ਸਰੂਰ ਮਹਿਸੂਸ ਕਰਿਆ ਕਰਦੀ ਸੀ- ਪਰ ਅੱਜ ਸਰੂਰ ਨਾਲ ਸਹਿਮ ਕੁਝ ਵਧੀਕ ਹੀ ਸੀ।
ਅੱਜ ਛੇਤੀ ਉਸ ਨੂੰ ਇਸ ਤਰ੍ਹਾਂ ਕਰਨਾ ਅਕੇਵਾਂ ਜਿਹਾ ਲੱਗਾ- ਤੇ ਮਣਾਂਮੂੰਹੀ ਬੋਝ ਉਸ ਨੂੰ ਆਪਣੇ ਦਿਲ ‘ਤੇ ਮਹਿਸੂਸ ਹੋਇਆ ਤੇ ਉਹ ਅੰਦਰਲੇ ਘਰ ਚਲੀ ਗਈ।
ਸ਼ਾਮ ਨੂੰ ਛੁੱਟੀ ਮਿਲਣ ਤੋਂ ਅੱਧਾ-ਪੌਣਾ ਘੰਟਾ ਪਹਿਲਾਂ ਹੀ ਉਸ ਕਿਸੇ ਮੁੰਡੇ ਨੂੰ ਭੇਜ ਕੇ ਆਪਣੇ ਭਰਾ ਨੂੰ ਛੁੱਟੀ ਦਿਵਾ ਲਈ। ਸਾਗ ਵਾਲਾ ਕੱਪੜਾ ਉਸ ਆਪਣੇ ਭਰਾ ਨੂੰ ਫੜਾਂਦਿਆਂ ਕਿਹਾ, “ਲੈ ਬਿੱਲੂ ਚੱਲ ਆਪਾਂ ਸਾਗ ਲੈਣ ਚੱਲੀਏ।” ਰਸਤੇ ਵਿੱਚ ਉਸ ਸਵੇਰ ਵਾਲੀ ਬਣਾਈ ਵਿਉਂਤ ਅਨੁਸਾਰ ਆਪਣੇ ਭਰਾ ਨੂੰ ਦੱਸਣਾ ਸ਼ੁਰੂ ਕੀਤਾ, “ਬਿੱਲੂ ਤੂੰ ਰਾਹ ‘ਤੇ ਹੀ ਬੈਠ ਜਾਵੀਂ। ਮੈਂ ਸੁਣਿਆਂ ਤੂੰ ਪੜ੍ਹਦਾ ਥੋੜ੍ਹਾ ਏ- ਇਸ ਲਈ ਤੇਰੇ ਮਾਸਟਰ ਨੂੰ ਕਹੂਗੀ ਕਿ ਇਸ ਨੂੰ ਬਹੁਤਾ ਪੜ੍ਹਾਇਆ ਕਰੋ। ਫੇਰ ਤੂੰ ਜਮਾਤ ਦਾ ਮਾਨੀਟਰ ਬਣ ਜਾਵੇਗਾ, ਹੈ ਨਾ ਠੀਕ ਆ ਨਾ?”
“ਹੂੰ ਠੀਕ ਆ। ਭੈਣੇ ਨਾਲੇ ਤੂੰ ਸਾਡੇ ਮਾਸਟਰ ਨੂੰ ਕਹੀ ਕਿ ਮੈਨੂੰ ਕੁੱਟਿਆ ਨਾ ਕਰਨ … ਕਹੇਗੀ ਨਾ? “
“ਹੋਰ ਕੀ ਇਹੀ ਤਾਂ ਮੈਂ ਕਹਿਣਾ।”
“ਚੰਗਾ, ਮੈਂ ਜਦੋਂ ਮਾਸਟਰ ਲੰਘੇ ਹਾਕ ਮਾਰੀ ਦੁੰਗਾ।”
ਆਪਣੇ ਖੇਤ ਕੋਲ ਪਹੁੰਚ ਕੇ ਕੋਸੇ ਨੇ ਆਪਣੇ ਭਰਾ ਨੂੰ ਰਾਹ ‘ਤੇ ਹੀ ਬੈਠਾ ਦਿੱਤਾ ਤੇ ਆਪ ਥੋੜ੍ਹੀ ਦੂਰ ਸਰ੍ਹੋਂ ਵਾਲੇ ਖੇਤ ਵਿੱਚੋਂ ਸਾਗ ਤੋੜਨ ਲੱਗ ਪਈ।
“ਚਲੋ ਬਿੱਲੂ ਉਸ ਨੂੰ ਰੋਕ ਲਏਗਾ। ਜਦ ਨੂੰ ਮੈਂ ਚਲੀ ਹੀ ਜਾਵਾਂਗੀ। ਗੱਲ ਦਾ ਸ਼ੁਰੂ ਤਾਂ ਇਸ ਤਰ੍ਹਾਂ ਹੋ ਹੀ ਜਾਵੇਗਾ ਕਿ ਤੁਸੀਂ ਜੀ ਬਿੱਲੂ ਨੂੰ ਬਹੁਤਾ ਪੜ੍ਹਾਇਆ ਕਰੋ- ਬੇਸ਼ੱਕ ਘੂਰਿਆ ਕਰੋ- ਸਾਨੂੰ ਇਹੋ ਜੇਹਾ ਬਈ…।
“ਤਾਂ ਫੇਰ ਉਹ ਕੋਈ ਤਾਂ ਜਵਾਬ ਦੇਊਗਾ ਹੀ… ਬੱਸ ਇਉਂ ਗੱਲ ਚਲਦੀ ਚਲਦੀ….ਨ੍ਹੀ ਮੈਂ ਕੋਈ ਚੰਗੀ ਜਿਹੀ ਚੀਜ਼ ਹੀ ਮੰਗ ਲਊਂ… ਹੋਰ ਨਾ ਸਹੀ।” ਇਸ ਤਰ੍ਹਾਂ ਸੋਚਦੀ-ਸੋਚਦੀ ਉਹ ਗਦ ਗਦ ਹੋ ਗਈ।
ਉਸ ਨੂੰ ਗੁਆਂਢੀਆਂ ਦੀ ਵੱਛੀ ਦਾ ਨਿੱਤ ਰੋਸਾ ਤੁੜਾਣਾ ਜੱਦੀ ਪੁਸ਼ਤੀ ਹੱਕ ਲੱਗਿਆ ਜਿਵੇਂ ਉਹ ਪਰਾਈ ਫਸਲ ਨਹੀਂ ਸਗੋਂ ਆਪਣੀ ਮਲਕੀਅਤ ਵਿੱਚ ਚਰਦੀ ਹੋਵੇ। ਅੱਜ ਉਸ ਨੂੰ ਸਾਗ ਤੋੜਨ ਵਿੱਚ ਬੜਾ ਅਨੰਦ ਆਉਣ ਲੱਗ ਪਿਆ मी।
ਸਿੱਧੀ ਹੋ ਕੇ ਜਦ ਉਸ ਵੇਖਿਆ ਤਾਂ ਮਾਸਟਰ ਬਿੱਲੂ ਦੇ ਨੇੜੇ ਹੀ ਆ ਗਿਆ ਸੀ। ਦੂਰੋਂ ਹੀ ਉਸ ਨੇ ਬਿੱਲੂ ਦੇ ਹੱਥ ਸਤਿ ਸ੍ਰੀ ਅਕਾਲ ਲਈ ਜੁੜਦੇ ਵੇਖੋ। ਫਿਰ ਪਤਾ ਨਹੀਂ ਉਸ ਨੇ ਕੀ ਆਖਿਆ ਮਾਸਟਰ ਦਾ ਸਾਈਕਲ ਇਕਦਮ ਰੁਕ ਗਿਆ।
ਲੰਬੇ ਕਦਮੀਂ ਕੰਸੇ ਝੱਟ ਉਨ੍ਹਾਂ ਕੋਲ ਜਾ ਖਲੋਈ। ਤੇ ਜਾਂਦਿਆਂ ਹੀ ਉਸ ਫ਼ਤਿਹ ਆਖੀ- ਜਿਸ ਦਾ ਜਵਾਬ ਮਾਸਟਰ ਨੇ ਉਸੇ ਪੁਰਾਣੀ ਗੰਭੀਰਤਾ ਨਾਲ ਦਿੱਤਾ।
“ਕਿਉਂ ਬਈ ਬਿੱਲੂ? ਖੂਬ ਪੜ੍ਹੀ.. ਅੱਛਾ! ਸਿਆਣਾ ਮੁੰਡਾ ਬਣੀਂ ਵੱਡਾ ਹੋ ਕੇ… ਘਰਦਿਆਂ ਦਾ ਕਹਿਣਾ ਮੰਨੀਦਾ .. ਠੀਕ ਐ ਨਾ? ਜਿਹੜਾ ਮੇਰੀ ਥਾਂ ਮਾਸਟਰ ਆਇਆ ਉਸ ਨੂੰ ਵੀ ਮੇਰੇ ਵਰਗਾ ਹੀ ਸਮਝੀ ਤੇ ਅੱਛਾ ਫੇਰ ।” ਇਹ ਆਖ ਕੇ ਉਹ ਤੁਨ ਹੀ ਲੱਗਾ ਸੀ- ਤਾਂ ਝੱਟ ਕੰਸੋ ਬੋਲ ਪਈ।
“ਮਾਸਟਰ ਜੀ ਸਾਡਾ ਬਿੱਲੂ ਤਾਂ ਥੋਡਾ ਬੜਾ ਹੀ ਮੋਹ ਕਰਦਾ ਸੀ- ਤੁਸੀਂ ਝੱਟ ਬਦਲੀ ਵੀ ਕਰਾ…”
“ਅਸਲ ਵਿੱਚ ਥੋਡਾ ਪਿੰਡ ਬੜਾ ਖ਼ੁਸ਼ਕ ਜਿਹਾ ਗੁੱਡੀਏ- ਏਥੇ ਤਾਂ ਬੱਸ ਮੇਰਾ ਦਿਲ ਲੱਗਿਆ ਹੀ ਨਾ- ਹੁਣ !” ਇਸ ਤੋਂ ਅੱਗੇ ਸਾਈਕਲ ‘ਤੇ ਚੜ੍ਹ ਜਾਂਦੇ ਮਾਸਟਰ ਦੇ ਬੋਲ ਕੰਸੋ ਦੇ ਕੰਨੀਂ ਨਾ ਪਏ।
“ਗੁੱਡੀਏ” ਸ਼ਬਦ ਨੇ ਉਸ ਦੇ ਸਾਰੇ ਅਰਮਾਨਾਂ ਦਾ ਕੀਮਾ ਕਰਕੇ ਰੱਖ ਦਿੱਤਾ ਸੀ। ਇਕ ਪਲ ਵਿੱਚ ਹੀ ਉਸ ਨੂੰ ਆਪਣੀ ਉਮਰ ਤੋਂ ਪੂਰੇ ਅਠਾਰ੍ਹਾਂ ਸਾਲ ਛੋਟੀ ਕਰ ਦਿੱਤਾ ਸੀ। ਤੇ ਉਸ ਨੂੰ ਇੰਜ ਜਾਪਿਆ ਜਿਵੇਂ ਗੁਆਂਢੀਆਂ ਦੀ ਵੱਛੀ ਦੀ ਥਾਂ ਉਸ ਦੇ ਆਪਣੇ ਹੀ ਪਿੰਡੇ ‘ਤੇ ਅਣਗਿਣਤ ਲਾਸਾਂ ਉੱਭਰ ਆਈਆਂ ਹੋਣ।