ਅਧਿਆਪਕਾਂ ਦੀ ਇੱਛਾ ਜਾਣੇ ਬਿਨਾਂ ਬਦਲੀਆਂ ਕਰਨਾ ਗੈਰ ਵਾਜਬ: ਡੀ.ਟੀ.ਐੱਫ.
ਡਾਈਟਾਂ ਵਿੱਚ ਸਟਾਫ ਦੀ ਘਾਟ ਦੀ ਪੂਰਤੀ ਨਵੀਂ ਭਰਤੀ ਨਾਲ ਕੀਤੀ ਜਾਵੇ: ਡੀਟੀਐੱਫ
06 ਜੁਲਾਈ, ਦੇਸ ਪੰਜਾਬ ਬਿਊਰੋ: ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 6 ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਨੂੰ ਸੈਂਟਰ ਆਫ ਐਕਸੀਲੈਂਸ ਬਣਾਉਣ ਦੇ ਚੱਕਰਾਂ ਵਿੱਚ ਅਧਿਆਪਕਾਂ ਦੀਆਂ ਜ਼ਬਰੀ ਕੀਤੀਆਂ ਬਦਲੀਆਂ ਬਾਰੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਕਿਹਾ ਕਿ ਪਹਿਲਾਂ ਤੋਂ ਹੀ ਅਧਿਆਪਕਾਂ ਦੀ ਕਮੀ ਨਾਲ ਜੂਝ ਰਹੇ ਸਕੂਲਾਂ ਵਿੱਚ ਨਵੀਂ ਭਰਤੀ ਕਰਨ ਦੀ ਥਾਂ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਵਿੱਚ ਸ਼ਿਫਟ ਕਰਨ ਨਾਲ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਵਿੱਚ ਹੋਰ ਨਿਘਾਰ ਆਵੇਗਾ। ਉਨ੍ਹਾਂ ਦੱਸਿਆ ਕਿ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਪਿਛਲੇ ਸਮੇਂ ਵਿੱਚ ਡਾਈਟਾਂ ਵਿੱਚ ਸਟਾਫ ਦੀ ਘਾਟ ਦਾ ਮੁੱਦਾ ਵੱਡੇ ਪੱਧਰ ਤੇ ਉਠਾਇਆ ਗਿਆ ਸੀ,ਜਿਸਨੂੰ ਹੱਲ ਕਰਨ ਲਈ ਸਰਕਾਰ ਵੱਲੋਂ ਅਧਿਆਪਕਾਂ ਦੀ ਇੱਧਰੋਂ-ਉਧਰੋਂ ਜਾਅਲੀ ਸ਼ਿਫਟਿੰਗ ਕਰਕੇ ਡੰਗ ਟਪਾਊ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਸਲੀਅਤ ਇਹ ਹੈ ਕਿ ਸਰਕਾਰੀ ਸਕੂਲਾਂ ਵਿੱਚ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਹੈ ਅਤੇ ਹੁਣ ਇੰਨ੍ਹਾਂ ਸਕੂਲਾਂ ਵਿੱਚੋਂ ਅਧਿਆਪਕਾਂ ਨੂੰ ਬਦਲ ਕੇ ਡਾਈਟਾਂ ਵਿੱਚ ਭੇਜਿਆ ਜਾ ਰਿਹਾ ਹੈ ਅਤੇ ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਅੱਖੋਂ ਪਰੋਖੇ ਕਰਕੇ ਹੋਰ ਪਿਛਾੜਿਆ ਜਾ ਰਿਹਾ ਹੈ।
ਇੱਥੇ ਇਹ ਵੀ ਖਾਸ ਤੌਰ ‘ਤੇ ਜ਼ਿਕਰਯੋਗ ਹੈ ਕਿ ਜਿੰਨ੍ਹਾਂ ਅਧਿਆਪਕਾਂ ਨੂੰ ਬਦਲੀ ਕਰਕੇ ਡਾਇਟਾਂ ਵਿੱਚ ਡੈਪੂਟਾਸ਼ਨ ‘ਤੇ ਲਗਾਇਆ ਗਿਆ ਹੈ, ਉਹਨਾਂ ਵਿੱਚੋਂ ਬਹੁ-ਗਿਣਤੀ ਅਧਿਆਪਕ ਜਾਂ ਤਾਂ ਵਿਭਾਗ ਵੱਲੋਂ ਦਿੱਤੇ ਗਏ ਇਸ਼ਤਿਹਾਰ ਮੁਤਾਬਕ ਸ਼ਰਤਾਂ ਨਹੀਂ ਪੂਰੀਆਂ ਕਰਦੇ ਜਾਂ ਫ਼ਿਰ ਉਹਨਾਂ ਨੇ ਇਸ ਬਦਲੀ ਲਈ ਅਪਲਾਈ ਹੀ ਨਹੀਂ ਕੀਤਾ ਸੀ। ਵਿਭਾਗ ਨੇ ਸਿਰਫ਼ ਰਾਤੋਂ- ਰਾਤ ਕੇਂਦਰ ਸਰਕਾਰ ਅਤੇ ਸਿੱਖਿਆ ਮਨਿਸਟਰੀ ਪਾਸੋਂ ਡਾਇਟ ਆੱਫ ਐਕਸੀਲੈਂਸ ਦੀਆਂ ਗਰਾਂਟਾਂ ਜਾਰੀ ਕਰਵਾਉਣ ਖਾਤਿਰ ਅਜਿਹੀਆਂ ਅਨਿਯਮੀਆਂ ਭਰੀਆਂ ਬਦਲੀਆਂ ਕੀਤੀਆਂ ਹਨ।ਲਿਸਟ ਵਿੱਚ ਨਾਮ ਆਉਣ ਵਾਲੇ ਅਧਿਆਪਕ ਵੀ ਇਹ ਵੇਖ ਕੇ ਹੈਰਾਨ ਹਨ ਕਿ ਬਿਨਾਂ ਅਪਲਾਈ ਕੀਤਿਆਂ ਉਹਨਾਂ ਦੀ ਬਦਲੀ ਕਿਵੇਂ ਹੋ ਗਈ!ਇਸ ਤੋਂ ਇਲਾਵਾ ਜਿੰਨ੍ਹਾਂ ਸਕੂਲਾਂ ਵਿੱਚੋਂ ਇਹ ਬਦਲੀਆਂ ਕੀਤੀਆਂ ਗਈਆਂ ਹਨ, ਉਨ੍ਹਾਂ ਸਕੂਲਾਂ ਵਿੱਚ ਇਸ ਵਿਸ਼ੇ ਦਾ ਇੱਕੋ ਇੱਕ ਅਧਿਆਪਕ ਬਦਲ ਜਾਣ ਤੋਂ ਬਾਅਦ ਇੰਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਇੰਨ੍ਹਾਂ ਦਾ ਵਿਸ਼ਾ ਕੌਣ ਪੜ੍ਹਾਏਗਾ? ਜੇ ਉਹ ਵਿਸ਼ਾ ਕਿਸੇ ਹੋਰ ਅਧਿਆਪਕ ਨੂੰ ਦਿੱਤਾ ਵੀ ਜਾਂਦਾ ਹੈ ਤਾਂ ਕੀ ਉਹ ਅਧਿਆਪਕ ਵਿਸ਼ੇ ਨਾਲ ਅਤੇ ਵਿਦਿਆਰਥੀਆਂ ਨਾਲ ਨਿਆਂ ਕਰ ਸਕੇਗਾ?
ਆਗੂਆਂ ਨੇ ਮੰਗ ਕੀਤੀ ਕਿ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਇਹ ਫ਼ਰਜੀ ਬਦਲੀਆਂ ਤੁਰੰਤ ਰੱਦ ਕੀਤੀਆਂ ਜਾਣ ਅਤੇ ਪੰਜਾਬ ਭਰ ਦੇ ਸਕੂਲਾਂ ਅਤੇ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ ਵਿੱਚ ਵੱਡੀ ਗਿਣਤੀ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ।
ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਅਤੇ ਲੈਕਚਰਾਰਾਂ ਦੀਆਂ ਡਾਈਟਾਂ ਵਿੱਚ ਜਬਰੀ ਅਤੇ ਜਾਅਲੀ ਬਦਲੀਆਂ ਦਾ ਸਖ਼ਤ ਵਿਰੋਧ
Leave a comment