ਮਸ਼ਹੂਰ ਪੰਜਾਬੀ ਅਦਾਕਾਰ ਰਣਦੀਪ ਭੰਗੂ ਦੀ ਅਚਾਨਕ ਮੌਤ ਨਾਲ ਪੰਜਾਬੀ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ। ਹਾਲਾਂਕਿ ਉਨ੍ਹਾਂ ਦੀ ਮੌਤ ਕਿਸ ਤਰ੍ਹਾਂ ਹੋਈ ਇਸ ਬਾਰੇ ਖੁਲਾਸਾ ਨਹੀਂ ਹੋਇਆ ਸੀ। ਪਰ ਹੁਣ ਅਦਾਕਾਰ ਦੀ ਮੌਤ ਦੀ ਅਸਲ ਵਜ੍ਹਾ ਸਾਹਮਣੇ ਆ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ 32 ਸਾਲਾ ਪੰਜਾਬੀ ਅਦਾਕਾਰ ਰਣਦੀਪ ਸਿੰਘ ਭੰਗੂ ਦੀ ਮੌਤ ਉਸਦੀ ਆਪਣੀ ਇੱਕ ਵੱਡੀ ਗਲਤੀ ਕਾਰਨ ਹੋਈ ਹੈ।
ਦੱਸ ਦੇਈਏ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਯਾਨੀ ਅੱਜ ਦੁਪਹਿਰ 12 ਵਜੇ ਪਿੰਡ ਚੂਹੜ ਮਾਜਰਾ ਦੇ ਸ਼ਮਸ਼ਾਨਘਾਟ ਨੇੜੇ ਸ੍ਰੀ ਚਮਕੌਰ ਸਾਹਿਬ (ਰੋਪੜ) ਵਿਖੇ ਕੀਤਾ ਜਾਵੇਗਾ। ਸਾਹਮਣੇ ਆਈਆਂ ਹੈਰਾਨ ਕਰਨ ਵਾਲੀਆਂ ਖਬਰਾਂ ਦੀ ਮੰਨੀਏ ਤਾਂ ਰਣਦੀਪ ਸਿੰਘ ਭੰਗੂ ਦੀ ਮੌਤ ਬਾਰੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਭੁਲੇਖੇ ਵਿੱਚ ਕੀਟਨਾਸ਼ਕ ਪੀ ਲਈ।
ਰਣਦੀਪ ਸਿੰਘ ਭੰਗੂ ਦੀ ਮੌਤ ਕਿਵੇਂ ਹੋਈ?
ਰਿਪੋਰਟਾਂ ਦੀ ਮੰਨੀਏ ਤਾਂ ਰਣਦੀਪ ਨੇ ਕੀਟਨਾਸ਼ਕ ਨੂੰ ਸ਼ਰਾਬ ਸਮਝ ਕੇ ਪੀ ਲਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਹਾਲਾਂਕਿ, ਉਸਦੀ ਮੌਤ ਦੇ ਅਸਲ ਕਾਰਨਾਂ ਦਾ ਅਜੇ ਅਧਿਕਾਰਤ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ ਹੈ। ਇਸ ਵਿਚਾਲੇ ਪੁਲਿਸ ਰਣਦੀਪ ਸਿੰਘ ਭੰਗੂ ਦੀ ਮੌਤ ਦੀ ਜਾਂਚ ਕਰ ਰਹੀ ਹੈ। ਪੁਲਿਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਸ਼ਰਾਬ ਪੀਂਦੇ ਸਨ। ਸ਼ਰਾਬ ਦੇ ਨਸ਼ੇ ‘ਚ ਉਨ੍ਹਾਂ ਗਲਤੀ ਨਾਲ ਆਪਣੀ ਜਾਨ ਲੈ ਲਈ। ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੀ ਹਾਲਤ ‘ਚ ਉਸ ਨੇ ਖੇਤਾਂ ‘ਚ ਮੋਟਰ ‘ਤੇ ਰੱਖੇ ਕੀਟਨਾਸ਼ਕ ਨੂੰ ਸ਼ਰਾਬ ਸਮਝ ਕੇ ਪੀ ਲਿਆ। ਇਸ ਤੋਂ ਬਾਅਦ ਉਸ ਦੀ ਹਾਲਤ ਅਚਾਨਕ ਵਿਗੜ ਗਈ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਨ੍ਹਾਂ ਹਸਤੀਆਂ ਨੇ ਜਤਾਇਆ ਸੋਗ
ਰਣਦੀਪ ਸਿੰਘ ਭੰਗੂ ਦੇ ਅਚਾਨਕ ਦੇਹਾਂਤ ਨਾਲ ਪੰਜਾਬੀ ਫਿਲਮ ਇੰਡਸਟਰੀ ‘ਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਰਣਦੀਪ ਸਿੰਘ ਭੰਗੂ ਦਾ ਫਿਲਮ ਇੰਡਸਟਰੀ ਵਿੱਚ ਸ਼ਾਨਦਾਰ ਕਰੀਅਰ ਸੀ। ਉਨ੍ਹਾਂ ਦੇ ਕਰੀਅਰ ਵਿੱਚ ਗੁਰਪ੍ਰੀਤ ਕੌਰ ਭੰਗੂ, ਕਰਮਜੀਤ ਅਨਮੋਲ, ਮਲਕੀਤ ਰੌਣੀ ਵਰਗੇ ਸਿਤਾਰਿਆਂ ਨੇ ਵੀ ਅਹਿਮ ਭੂਮਿਕਾ ਨਿਭਾਈ। ਭੰਗੂ ਦੇ ਦੇਹਾਂਤ ਦੀ ਖਬਰ ਸਭ ਤੋਂ ਪਹਿਲਾਂ ਉਨ੍ਹਾਂ ਦੇ ਕੋ-ਸਟਾਰ ਕਰਮਜੀਤ ਅਨਮੋਲ ਨੇ ਫੇਸਬੁੱਕ ‘ਤੇ ਸਾਂਝੀ ਕੀਤੀ ਸੀ। ਸੋਗ ਪ੍ਰਗਟ ਕਰਦੇ ਹੋਏ ਉਨ੍ਹਾਂ ਲਿਖਿਆ- ਅਲਵਿਦਾ ਰਣਦੀਪ ਭੰਗੂ ਵੀਰ ਵਾਹਿਗੁਰੂ ਤੈਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ।