–ਚੋਣ ਅਮਲੇ ਨੇ ਵੋਟਰਾਂ ਦੀ ਘਰ ਜਾ ਕੇ ਪਵਾਈ ਵੋਟ
–ਆਪਣੇ ਮਤਦਾਨ ਦੀ ਵਰਤੋਂ ਕਰਕੇ ਬਜ਼ੁਰਗਾਂ, ਦਿਵਿਆਂਗਜਨਾਂ ਨੇ ਵਧਾਇਆ ਲੋਕਤੰਤਰ ਦਾ ਮਾਣ, ਜ਼ਿਲ੍ਹਾ ਚੋਣ ਅਫ਼ਸਰ
–27 ਮਈ ਨੂੰ ਬਾਕੀ ਰਹਿੰਦੇ ਬਜ਼ੁਰਗਾਂ, ਦਿਵਿਆਂਗਜਨਾਂ ਦੀਆਂ ਵੋਟਾਂ ਪਵਾਈਆਂ ਜਾਣਗੀਆਂ
25 ਮਈ (ਗਗਨਦੀਪ ਸਿੰਘ) ਬਰਨਾਲਾ: ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਰਨਾਲਾ ‘ਚ ਅੱਜ 85 ਸਾਲ ਦੀ ਉਮਰ ਤੋਂ ਵੱਧ ਦੇ ਬਜ਼ੁਰਗ ਅਤੇ 40 ਫ਼ੀਸਦੀ ਤੋਂ ਵੱਧ ਅਪੰਗ ਦਿਵਿਆਂਗਜਨਾਂ ਦੀਆਂ ਵੋਟਾਂ ਉਨ੍ਹਾਂ ਦੇ ਘਰ ਜਾ ਕੇ ਪਵਾਈਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹਾ ਬਰਨਾਲਾ ‘ਚ 427 ਬੁਜ਼ੁਰਗ (85 ਸਾਲ ਤੋਂ ਵੱਧ ਉਮਰ ਦੇ) ਅਤੇ 172 ਦਿਵਿਆਂਗ (40 ਫ਼ੀਸਦੀ ਤੋਂ ਅਪੰਗਤਾ ਵਾਲੇ) ਵੋਟਰਾਂ ਨੂੰ ਘਰ ਤੋਂ ਵੋਟ ਪਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ । ਇਸ ਤਹਿਤ ਅੱਜ ਮਹਿਲ ਕਲਾਂ, ਬਰਨਾਲਾ ਅਤੇ ਭਦੌੜ ਵਿਧਾਨ ਸਭਾ ਖੇਤਰ ‘ਚ ਮਾਈਕਰੋ ਆਬਜ਼ਰਵਰਾਂ ਦੀ ਨਿਗਰਾਨੀ ਹੇਠਾਂ ਟੀਮਾਂ ਬਣਾ ਕੇ ਹਰ ਇਨ੍ਹਾਂ ਵੋਟਰਾਂ ਦੇ ਘਰ ਜਾ ਕੇ ਵੋਟ ਪਵਾਈ ਗਈ।
ਉਨ੍ਹਾਂ ਦੱਸਿਆ ਕਿ ਵੋਟਰਾਂ ਨੇ ਚੋਣ ਕਮਿਸ਼ਨ ਦੇ ਇਸ ਉਪਰਾਲੇ ਅਤੇ ਸਹੂਲਤ ਦੀ ਸ਼ਲਾਘਾ ਕੀਤੀ ਅਤੇ ਇਨ੍ਹਾਂ ਲੋਕਾਂ ਨੇ ਆਪਣੇ ਮਤਦਾਨ ਦੇ ਅਧਿਕਾਰ ਦੀ ਵਰਤੋਂ ਕਰਕੇ ਲੋਕਤੰਤਰ ਦਾ ਮਾਣ ਵਧਾਇਆ। ਇਹ ਸਹੂਲਤ ਉਨ੍ਹਾਂ ਲੋਕਾਂ ਲਈ ਖ਼ਾਸਕਰ ਸਹਾਈ ਰਹੀ ਜਿਹੜੇ ਤੁਰਨ ਫਿਰਨ ‘ਚ ਅਸਮਰੱਥ ਹਨ ਅਤੇ ਪੋਲਿੰਗ ਸਟੇਸ਼ਨਾਂ ਤਕ ਨਹੀਂ ਸੀ ਜਾ ਸਕਦੇ। 91 ਸਾਲ ਦੇ ਮਾਤਾ ਦਲੀਪ ਕੌਰ, ਵਾਸੀ ਗੁਰੂ ਨਾਨਕ ਨਗਰ, ਬਰਨਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਆਪਣੇ ਮਤਦਾਨ ਦੀ ਵਰਤੋਂ ਕਰ ਸਕੇ। ਇਸੇ ਤਰ੍ਹਾਂ ਬਰਨਾਲਾ ਦੇ 85 ਸਾਲ ਦੇ ਹਰਨੇਕ ਸਿੰਘ ਅਤੇ 43 ਸਾਲ ਦੇ ਦਿਵਿਆਂਗ ਵੋਟਰ ਹਰਜੀਤ ਸਿੰਘ ਨੇ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਇਹ ਸਹੂਲਤ ਦਿੱਤੀ ਗਈ ਹੈ।
ਵਧੇਰੀ ਜਾਣਕਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬਰਨਾਲਾ ਵਿਧਾਨ ਸਭਾ ਖੇਤਰ ‘ਚ ਕੁਲ 204 ਵੋਟਰ ਹਨ ਜਿਨ੍ਹਾਂ ਦੀ ਉਮਰ 85 ਸਾਲਾਂ ਤੋਂ ਵੱਧ ਹੈ। ਇਸੇ ਤਰ੍ਹਾਂ ਮਹਿਲ ਕਲਾਂ ਖੇਤਰ ‘ਚ 75 ਅਤੇ ਭਦੌੜ ਵਿਧਾਨ ਸਭਾ ਖੇਤਰ ‘ਚ 148 ਵੋਟਰ ਹਨ।
ਨਾਲ ਹੀ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 40 ਫ਼ੀਸਦੀ ਅਪੰਗਤਾ ਤੋਂ ਵੱਧ ਵਾਲੇ ਦਿਵਿਆਂਗਜਨਾਂ ਲਈ ਵੀ ਘਰ ਜਾ ਕੇ ਵੋਟ ਪਵਾਉਣ ਦੀ ਵਿਸ਼ੇਸ਼ ਸਹੂਲਤ ਦਿੱਤੀ ਜਾ ਰਹੀ ਹੈ ਜਿਸ ਤਹਿਤ 172 ਦਿਵਿਆਂਗ ਵੋਟਰ ਆਪਣੀ ਵੋਟ ਪਾਉਣਗੇ। ਬਰਨਾਲਾ ਵਿਧਾਨ ਸਭਾ ਖੇਤਰ ‘ਚ 69 , ਮਹਿਲ ਕਲਾਂ ਵਿਧਾਨ ਖੇਤਰ ‘ਚ 22 ਅਤੇ ਭਦੌੜ ਵਿਧਾਨ ਸਭਾ ਖੇਤਰ ‘ਚ ਕੁਲ 81 ਦਿਵਿਆਂਗ ਵੋਟਰਾਂ ਨੂੰ ਇਹ ਸਹੂਲਤ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 118 ਵੋਟਰ 100 ਸਾਲ ਤੋਂ ਵੱਧ ਉਮਰ ਦੇ ਹਨ ਜਿਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਤੋਂ ਵੋਟ ਪਵਾਈ ਜਾ ਰਹੀ ਹੈ। ਜਿੰਨ੍ਹਾਂ ਵਿੱਚ ਸਭ ਤੋਂ ਵੱਧ (46) ਵੋਟਰ ਮਹਿਲ ਕਲਾਂ ‘ਚ ਹਨ ਜਿਨ੍ਹਾਂ ‘ਚ 21 ਮਰਦ ਅਤੇ 25 ਔਰਤਾਂ ਸ਼ਾਮਿਲ ਹਨ। ਇਸੇ ਤਰ੍ਹਾਂ ਬਰਨਾਲਾ ‘ਚ ਇਸ ਤਰ੍ਹਾਂ ਦੇ ਕੁੱਲ 39 ਵੋਟਰ ਹਨ ਜਿਨ੍ਹਾਂ ‘ਚ 18 ਮਰਦ ਅਤੇ 21 ਔਰਤਾਂ ਸ਼ਾਮਿਲ ਹਨ ਅਤੇ ਭਦੌੜ ‘ਚ ਕੁੱਲ 33 ਵੋਟਰ ਹਨ ਜਿਨ੍ਹਾਂ ‘ਚ 9 ਮਰਦ ਅਤੇ 24 ਔਰਤਾਂ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅੱਜ ਵੋਟ ਨਹੀਂ ਪਾ ਸਕੇ ਉਨ੍ਹਾਂ ਦੀ ਵੋਟ 27 ਮਈ ਨੂੰ ਪਵਾਈ ਜਾਵੇਗੀ।