ਡਾ.ਗੁਰਦੇਵ ਸਿੰਘ ਸਿੱਧੂ ਦੀ ਪੁਸਤਕ ਗਿਆਨੀ ਊਧਮ ਸਿੰਘ ਜਦੋ ਜਹਿਦ ਦੀ ਦਾਸਤਾਂ
ਉਜਾਗਰ ਸਿੰਘ
ਡਾ.ਗੁਰਦੇਵ ਸਿੰਘ ਸਿੱਧੂ ਦੀ ਪੁਸਤਕ ‘ਅਣਗੌਲਿਆ ਆਜ਼ਾਦੀ ਘੁਲਾਟੀਆ ਗਿਆਨੀ ਊਧਮ ਸਿੰਘ’ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ਅਣਗੌਲੇ
ਆਜ਼ਾਦੀ ਘੁਲਾਟੀਆਂ ਬਾਰੇ ਪੁਸਤਕਾਂ ਪ੍ਰਕਾਸ਼ਤ ਕਰਵਾਉਣ ਦੀ ਲੜੀ ਦੀ ਇਹ ਤੀਜੀ ਪੁਸਤਕ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦੋ ਪੁਸਤਕਾਂ
‘ਬਾਬਾ ਧਿਆਨ ਸਿੰਘ ਮਹੇਸਰੀ’ ਅਤੇ ‘ਮਾਸਟਰ ਗੱਜਣ ਸਿੰਘ ਗੋਬਿੰਦਗੜ੍ਹ’ ਪ੍ਰਕਾਸ਼ਤ ਕੀਤੀਆਂ ਹਨ। ਇਨ੍ਹਾਂ ਪੁਸਤਕਾਂ ਦੀ ਲੜੀ ਸ਼ੁਰੂ
ਕਰਨਾ ਡਾ.ਗੁਰਦੇਵ ਸਿੰਘ ਸਿੱਧੂ ਦੀ ਪੰਜਾਬੀਆਂ ਖਾਸ ਤੌਰ ‘ਤੇ ਸਿੱਖਾਂ ਦੀ ਆਜ਼ਾਦੀ ਦੀ ਜਦੋਜਹਿਦ ਦੀ ਵਿਰਾਸਤ ਨੂੰ ਇਤਿਹਾਸ ਦਾ ਹਿੱਸਾ
ਬਣਾਉਣ ਦੀ ਕੋਸ਼ਿਸ਼ ਹੈ ਤਾਂ ਜੋ ਪੰਜਾਬੀਆਂ/ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੀ ਵਿਰਾਸਤ ਤੇ ਪਹਿਰਾ ਦੇਣ ਦੀ ਕੋਸ਼ਿਸ਼ ਅਤੇ
ਮਾਣ ਕਰ ਸਕਣ ਕਿ ਉਨ੍ਹਾਂ ਦੇ ਪੁਰਖੇ ਕਿਤਨੇ ਦੇਸ਼ ਭਗਤ ਅਤੇ ਸਿਰੜ੍ਹੀ ਸਨ। ਡਾ.ਗੁਰਦੇਵ ਸਿੰਘ ਸਿੱਧੂ ਵਿਦਵਾਨ ਸਾਹਿਤਕਾਰ ਤੇ
ਇਤਿਹਾਸਕਾਰ ਹਨ। ਉਨ੍ਹਾਂ ਦੀਆਂ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਮਰਾਠੀ ਵਿੱਚ ਚਾਰ ਦਰਜਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ।
ਡਾ.ਗੁਰਦੇਵ ਸਿੰਘ ਸਿੱਧੂ ਨੂੰ ਇਸ ਗੱਲ ਦਾ ਦੁੱਖ ਹੈ ਕਿ ਭਾਰਤ ਦੇ ਇਤਿਹਾਸਕਾਰਾਂ ਨੇ ਤਾਂ ਉਨ੍ਹਾਂ ਦੇ ਪੁਰਖਿਆਂ ਨੂੰ ਅਣਡਿਠ ਕੀਤਾ ਹੀ ਸੀ
ਪ੍ਰੰਤੂ ਪੰਜਾਬ ਦੇ ਨਾਮਵਰ ਇਤਿਹਾਸਕਾਰਾਂ ਨੇ ਇਨ੍ਹਾਂ ਸੁਤੰਤਰਤਾ ਸੰਗਰਾਮੀਆਂ ਦੇ ਯੋਗਦਾਨ ਨੂੰ ਅਣਡਿਠ ਕਰਕੇ ਪੰਜਾਬੀਆਂ/ਸਿੱਖਾਂ ਨਾਲ
ਧਰੋਹ ਕਮਾਇਆ ਹੈ। ਡਾ.ਫੌਜਾ ਸਿੰਘ ਇਤਿਹਾਸਕਾਰ ਦੀ ਅਗਵਾਈ ਵਿੱਚ ਇਤਿਹਾਸਕਾਰਾਂ ਦੀ ਟੀਮ ਵੱਲੋਂ ਪੰਜਾਬ ਦੇ ਸੁਤੰਤਰਤਾ
ਸੰਗਰਾਮੀਆਂ ਦੀ ਤਿਆਰ ਕੀਤੀ ਨਾਮਵਲੀ “Who’s Who Punjab 6reedom 6ighters” ਵੱਡ-ਆਕਾਰੀ ਪੁਸਤਕ ਵਿੱਚ
ਗਿਆਨੀ ਊਧਮ ਸਿੰਘ ਦਾ ਨਾਮ ਹੀ ਨਹੀਂ। ਇਥੋਂ ਤੱਕ ਕਿ ਉਨ੍ਹਾਂ ਦੇ ਪਿੰਡ ਦੇ ਜਥੇਦਾਰ ਅਮਰ ਸਿੰਘ ਨੇ ਕਿਤਾਬਚਾ ‘ ਇਤਿਹਾਸ ਪਿੰਡ
ਖਣਿਆਣ’ ਪ੍ਰਕਾਸ਼ਤ ਕਰਵਾਇਆ, ਜਿਸ ਵਿੱਚ ਪਿੰਡ ਦੇ 14 ਜਲਾਵਤਨੀਆਂ ਦੇ ਨਾਮ ਹਨ ਪ੍ਰੰਤੂ ਗਿਆਨੀ ਊਧਮ ਸਿੰਘ ਦਾ ਨਾਮ ਨਹੀਂ
ਲਿਖਿਆ। ਲੇਖਕ ਨੇ ਪੁਸਤਕ ਨੂੰ 10 ਅਧਿਆਇ ਵਿੱਚ ਵੰਡਿਆ ਹੈ। ਪਹਿਲੇ ਅਧਿਆਇ ਵਿੱਚ ਲੇਖਕ ਨੇ ਗਿਆਨੀ ਊਧਮ ਸਿੰਘ ਦੀ
ਜੀਵਨੀ ਲਿਖਣ ਲਈ ਨੈਸ਼ਨਲ ਆਰਕਾਈਵ ਦਿੱਲੀ ਅਤੇ ਗਿਆਨੀ ਊਧਮ ਸਿੰਘ ਦੇ ਪਿੰਡ, ਉਨ੍ਹਾਂ ਦੇ ਸਹੁਰਿਆਂ ਅਤੇ ਅੱਗੋਂ ਉਨ੍ਹਾਂ ਵੱਲੋਂ ਦੱਸੇ
ਗਏ ਹੋਰ ਬਹੁਤ ਸਾਰੇ ਲੋਕਾਂ ਨੂੰ ਮਿਲ ਕੇ ਬੜੀ ਜਦੋਜਹਿਦ ਤੋਂ ਬਾਅਦ ਇਹ ਪੁਸਤਕ ਲਿਖੀ ਹੈ। ਬੀਬਾ ਬਲਵੰਤ ਕੌਰ ਪੰਧੇਰ ਕੋਲ
ਗਿਆਨੀ ਊਧਮ ਸਿੰਘ ਦੀ ਲਿਖੀ ਸਵੈ-ਜੀਵਨੀ ਦਾ ਪਹਿਲਾ ਭਾਗ ਸੀ, ਜਿਹੜੀ ਉਨ੍ਹਾਂ ਲੇਖਕ ਨੂੰ ਦੇ ਦਿੱਤੀ। ਬੀਬਾ ਬਲਵੰਤ ਕੌਰ ਦੇ ਪਿਤਾ
ਦੁਰਲਭ ਸਿੰਘ ਗਿਆਨੀ, ਊਧਮ ਸਿੰਘ ਦੇ ਸਾਥੀ ਰਹੇ ਸਨ। ਉਸ ਜੀਵਨੀ ਅਨੁਸਾਰ ਗਿਆਨੀ ਊਧਮ ਸਿੰਘ ਦਾ ਜਨਮ ਨਾਭਾ ਰਿਆਸਤ
ਦੇ ਪਿੰਡ ਖਣਿਆਣ ਵਿੱਚ ਪਿਤਾ ਵਜ਼ੀਰ ਸਿੰਘ ਅਤੇ ਮਾਤਾ ਦੌਲਤਾਂ ਦੀ ਕੁੱਖੋਂ 1898 ਦੇ ਨੇੜੇ ਤੇੜੇ ਹੋਇਆ। ਹੁਣ ਇਹ ਪਿੰਡ ਫ਼ਤਿਹਗੜ੍ਹ
ਸਾਹਿਬ ਜਿਲ੍ਹੇ ਵਿੱਚ ਹੈ। ਉਹ ਗੁਜਰ ਬਰਾਦਰੀ ਵਿੱਚੋਂ ਸੀ। ਪਲੇਗ ਦੀ ਬਿਮਾਰੀ ਕਰਕੇ ਮਾਤਾ ਪਿਤਾ ਛੋਟੀ ਉਮਰ ਵਿੱਚ ਹੀ ਸਵਰਗਵਾਸ
ਹੋ ਗਏ। ਉਸ ਦੇ ਚਾਚੇ ਗਿਰਦੇ ਨੇ ਦੋਵੇਂ ਭੈਣ ਭਰਾ ਦਾ ਪਾਲਣ ਪੋਸ਼ਣ ਕੀਤਾ। 1914 ਵਿੱਚ ਉਹ ਅੰਗਰੇਜ਼ ਫ਼ੌਜ ਵਿੱਚ ਭਰਤੀ ਹੋ ਗਏ।
ਪਹਿਲੀ ਸੰਸਾਰ ਜੰਗ ਵਿੱਚ ਹਿੱਸਾ ਲਿਆ ਤੇ ਦੋ ਵਾਰ ਲੜਾਈ ਵਿੱਚ ਜਖ਼ਮੀ ਹੋਇਆ। 1920 ਵਿੱਚ ਫ਼ੌਜ ਦੀ ਨਫਰੀ ਘਟਾਉਣ ਸਮੇਂ ਉਨ੍ਹਾਂ
ਨੂੰ ਨੌਕਰੀ ‘ਚੋਂ ਵਾਪਸ ਭੇਜ ਦਿੱਤਾ ਗਿਆ। ਦੂਜੇ ਅਧਿਆਇ ਦਾ ਸਿਰਲੇਖ ‘ਬਾਬੂ ਸਿੰਘ ਤੋਂ ਊਧਮ ਸਿੰਘ ਅਤੇ ਅਕਾਲੀ ਲਹਿਰ ਵਿੱਚ
ਯੋਗਦਾਨ’ ਹੈ। ਫ਼ੌਜ ‘ਚੋਂ ਵਾਪਸ ਆ ਕੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ। ਉਸ ਦਾ ਲੁਧਿਆਣਾ ਜਿਲ੍ਹੇ ਦੇ ਪਾਇਲ ਕਸਬੇ ਦੇ ਨੇੜੇ ਪਿੰਡ
ਧਮੋਟ ਦੀ ਨਿਰੰਜਣ ਕੌਰ ਨਾਲ ਵਿਆਹ ਹੋ ਗਿਆ। ਫਿਰ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ। ਉਸਦਾ ਬਚਪਨ ਦਾ ਨਾਮ ਬਾਬੂ
ਸਿੰਘ ਸੀ, ਇਸੇ ਨਾਮ ਨਾਲ ਫ਼ੌਜ ਵਿੱਚ ਭਰਤੀ ਹੋਇਆ ਸੀ, ਅੰਮਿ੍ਰਤ ਛੱਕਣ ਤੋਂ ਬਾਅਦ ਊਧਮ ਸਿੰਘ ਰੱਖਿਆ ਗਿਆ। 1923 ਵਿੱਚ ਜਦੋਂ
ਅੰਗਰੇਜ਼ਾਂ ਨੇ ਮਹਾਰਾਜਾ ਨਾਭਾ ਰਿਪੁਦਮਣ ਸਿੰਘ ਨੂੰ ਗੱਦੀ ਤੋਂ ਹਟਾ ਦਿੱਤਾ ਤਾਂ ਉਨ੍ਹਾਂ ਮਹਾਰਾਜੇ ਦੇ ਹੱਕ ਵਿੱਚ ਨਾਭਾ ਵਿਖੇ ਦੀਵਾਨ
ਸਜਾਇਆ। ਸਰਕਾਰ ਨੇ ਉਸ ਨੂੰ ਗਿ੍ਰਫ਼ਤਾਰ ਕਰਕੇ ਇਕ ਸਾਲ ਦੀ ਸਜ਼ਾ ਸੁਣਾਈ। 1924 ਵਿੱਚ ਜੇਲ੍ਹ ‘ਚੋਂ ਰਿਹਾਈ ਤੋਂ ਬਾਅਦ
ਅੰਮਿ੍ਰਤਸਰ ਜਾ ਕੇ ਗਿਆਨਂੀ ਅਮੀਰ ਸਿੰਘ ਦੇ ਡੇਰੇ ਵਿੱਚੋਂ ਗੁਰਬਾਣੀ ਤੇ ਗੁਰਮਤਿ ਦਾ ਗਿਆਨ ਪ੍ਰਾਪਤ ਕੀਤਾ। ਤੀਜਾ ਅਧਿਆਇ
‘ਪਾਇਲ ਗੁਰਦੁਆਰਾ ਵਿੱਚ ਗ੍ਰੰਥੀ ਵਜੋਂ ਸੇਵਾ’ ਹੈ। ਇਸ ਅਧਿਆਇ ਵਿੱਚ ਦੱਸਿਆ ਗਿਆ ਹੈ ਕਿ 1926 ਤੋਂ ਆਪਣੀ ਪਤਨੀ ਦੇ ਪਿੰਡ ਧਮੋਟ
ਰਹਿਣਾ ਸ਼ੁਰੂ ਕਰ ਦਿੱਤਾ ਅਤੇ ਥੋੜ੍ਹਾ ਸਮਾਂ ਪਾਇਲ ਦੇ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਵਜੋਂ ਸੇਵਾ ਕਰਨ ਲੱਗੇ। 1926 ਵਿੱਚ ਸੇਵਾ ਸਿੰਘ
ਠੀਕਰਵਾਲਾ ਨਾਲ ਰਲਕੇ ਪਟਿਆਲਾ ਰਿਆਸਤ ਵਿੱਚ ਅਕਾਲੀ ਦਲ ਸਥਾਪਤ ਕੀਤਾ, ਜਿਸ ਕਰਕੇ ਉਨ੍ਹਾਂ ਨੂੰ ਤਿੰਨ ਸਾਲ ਦੀ ਸਜ਼ਾ ਹੋਈ।
1929 ਵਿੱਚ ਰਿਹਾਈ ਤੋਂ ਬਾਅਦ ਦੁਬਾਰਾ ਪਾਇਲ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਵਜੋਂ ਸੇਵਾ ਸ਼ੁਰੂ ਕੀਤੀ। ਏਥੇ 20 ਰੁਪਏ ਮਹੀਨਾ
ਮਿਲਦਾ ਸੀ। 1933 ਤੱਕ ਚਾਰ ਸਾਲ ਇਹ ਸੇਵਾ ਕਰਦੇ ਰਹੇ। ਉਹ 1933 ਵਿੱਚ ਫ਼ੌਜ ਦੀ ਤੀਜੀ ਇੰਡੀਅਨ ਡਵੀਜ਼ਨਲ ਸਿਗਨਲ ਕੋਰ
ਵਿੱਚ ਮੇਰਠ ਵਿਖੇ ਗ੍ਰੰਥੀ ਨਿਯੁਕਤ ਹੋ ਗਏ। 4 ਅਧਿਆਇ ‘ਕਿਰਤੀ ਪਾਰਟੀ ਦਾ ਕੇਂਦਰ ਮੇਰਠ’ ਸਿਰਲੇਖ ਵਿੱਚ ਦੱਸਿਆ ਗਿਆ ਕਿ ਮੇਰਠ
ਵਿੱਚ ਨਿਯੁਕਤੀ ਸਮੇਂ ਉਹ ਸਿਆਸੀ ਸਰਗਰਮੀਆਂ ਵਿੱਚ ਸ਼ਾਮਲ ਹੁੰਦਾ ਰਿਹਾ। ਉਹ ਰਸਭਿੰਨਾ ਕੀਰਤਨ ਕਰਦਾ ਅਤੇ ਬਹੁਤ ਹੀ
ਪ੍ਰਭਾਵਸ਼ਾਲੀ ਭਾਸ਼ਣਕਾਰ ਵੀ ਸੀ। ਪੰਜਵੇਂ ਅਧਿਆਇ ‘ ਮੇਰਠ ਛਾਉਣੀ ਵਿੱਚ ਕਿਰਤੀ ਪ੍ਰਚਾਰ’ ਸਿਰਲੇਖ ਵਿੱਚ ਦੱਸਿਆ ਗਿਆ ਕਿ
ਗਿਆਨੀ ਊਧਮ ਸਿੰਘ ਮੇਰਠ ਛਾਉਣੀ ਵਿੱਚ ਕਿਰਤੀ ਪਾਰਟੀ ਦਾ ਪ੍ਰਚਾਰ ਕਰਦਾ ਸੀ ਤੇ ਸ਼ਹਿਨਸ਼ਾਹ ਵਿਰੁੱਧ ਜੰਗ ਛੇੜਨ ਦਾ ਦੋਸ਼ੀ
ਪਾਇਆ ਗਿਆ। ਇਸ ਕਰਕੇ ਉਸ ਖਿਲਾਫ਼ ਮੁਕੱਦਮਾ ਕਰਕੇ ਪੁੱਛ ਪੜਤਾਲ ਕੀਤੀ ਜਾਵੇ। ਇਸ ਦੌਰਾਨ 1940 ਵਿੱਚ ਉਸ ਦੀ ਪਤਨੀ
ਨਿਰੰਜਣ ਕੌਰ ਦੀ ਮੌਤ ਹੋ ਗਈ। ਛੇਵੇਂ ਅਧਿਆਇ ‘ਗਿਆਨੀ ਊਧਮ ਸਿੰਘ ਦੀ ਗਿ੍ਰਫ਼ਤਾਰੀ ਅਤੇ ਬੰਦੀ ਜੀਵਨ’ ਵਿੱਚ ਜਾਣਕਾਰੀ ਦਿੱਤੀ
ਗਈ ਹੈ ਕਿ ਗਿਆਨੀ ਊਧਮ ਸਿੰਘ ਨੂੰ ਬਗ਼ਾਬਤ ਫੈਲਾਉਣ, ਫ਼ੌਜੀਆਂ ਨੂੰ ਭੜਕਾਉਣ ਦੇ ਦੋਸ਼ ਵਿੱਚ 22 ਮਾਰਚ 1941 ਨੂੰ ਗਿ੍ਰਫ਼ਤਾਰ
ਕਰਕੇ ਲਾਹੌਰ ਕਿਲ੍ਹੇ ਵਿੱਚ ਬੰਦ ਕਰਕੇ ਤਸ਼ੱਦਦ ਕੀਤਾ। ਉਸ ਨੂੰ ਸ਼ਾਹੀ ਕੈਦੀ ਵਜੋਂ ਜੇਲ੍ਹ ਵਿੱਚ ਰੱਖਿਆ ਗਿਆ ਸੀ। ਇਸ ਅਧਿਆਇ ਵਿੱਚ
ਊਧਮ ਸਿੰਘ ਦੇ ਜੇਲ੍ਹ ਨਿਯਮਾ ਦੀ ਪੂਰੀ ਜਾਣਕਾਰੀ ਹੋਣ ਦਾ ਪ੍ਰਮਾਣ ਵੀ ਮਿਲਦਾ ਹੈ। ਬਾਕੀ ਕੈਦੀ 1944 ਵਿੱਚ ਛੱਡ ਦਿੱਤੇ ਗਏ ਪ੍ਰੰਤੂ ਊਧਮ
ਸਿੰਘ ਦੀ ਨਜ਼ਰਬੰਦੀ ਵਧਾ ਦਿੱਤੀ ਗਈ। ਸੱਤਵਾਂ ਅਧਿਆਇ ‘ਗਿਆਨੀ ਊਧਮ ਸਿੰਘ ਦੀ ਰਿਹਾਈ ਬਾਰੇ ਅਧਿਕਾਰੀਆਂ ਵਿੱਚ ਅਸਹਿਮਤੀ’
ਵਿੱਚ ਦੱਸਿਆ ਗਿਆ ਕਿ ਊਧਮ ਸਿੰਘ ਨੂੰ ਰਿਹਾ ਕਰਨ ਲਈ ਸਾਰੇ ਅਧਿਕਾਰੀ ਸਹਿਮਤੀ ਨਹੀਂ ਸੀ। ਫਿਰ ਉਸ ਨੂੰ ਲਾਇਲਪੁਰ ਜੇਲ੍ਹ ਭੇਜ
ਦਿੱਤਾ ਗਿਆ। ਜੇਲ੍ਹ ਵਿੱਚ ਉਸ ਨੂੰ ਏ.ਸ਼੍ਰੇਣੀ ਦਿੱਤੀ ਗਈ, ਉਸ ਦੀ ਰਿਹਾਈ ਚਾਰ ਸਾਲ ਸਿਕੰਦਰਾਬਾਦ, ਮੀਆਂਵਾਲੀ, ਮੁਜੱਫ਼ਰਗੜ੍ਹ ਅਤੇ
ਲਾਇਲਪੁਰ ਜੇਲ੍ਹ ਵਿੱਚ ਕੈਦ ਰਹਿਣ ਤੋਂ ਬਾਅਦ 23 ਅਪ੍ਰੈਲ 1945 ਨੂੰ ਹੋਈ। ਅੱਠਵਾਂ ਅਧਿਆਇ ‘ਗਿਆਨੀ ਊਧਮ ਸਿੰਘ:ਅੰਤਲਾ ਸਮਾਂ’
ਵਿੱਚ ਦੱਸਿਆ ਗਿਆ ਹੈ ਕਿ ਉਹ ਧਮੋਟ ਆ ਕੇ ਪਿੰਡ ਦੀਆਂ ਲੜਕੀਆਂ ਨੂੰ ਗੁਰਮੁੱਖੀ ਪੜ੍ਹਾਉਣ ਲੱਗ ਗਿਆ। ਉਸ ਦਾ ਵੱਡਾ ਲੜਕਾ ਹਿੰਮਤ
ਸਿੰਘ ਫ਼ੌਜ ਵਿੱਚ ਭਰਤੀ ਹੋ ਗਿਆ, ਅਜੇ ਅਣਵਿਆਹਿਆ ਹੀ ਸੀ ਪ੍ਰੰਤੂ 1959 ਵਿੱਚ ਇਕ ਦੁਰਘਟਨਾ ਵਿੱਚ ਸਵਰਗਵਾਸ ਹੋ ਗਿਆ। ਛੋਟਾ
ਲੜਕਾ ਸਿਕੰਦਰ ਸਿੰਘ ਬਾਗਬਾਨੀ ਵਿਭਾਗ ਵਿੱਚ ਨੌਕਰੀ ਕਰਦਾ ਸੀ। 1960 ਵਿੱਚ ਊਧਮ ਸਿੰਘ ਨੂੰ ਅਧਰੰਗ ਹੋ ਗਿਆ। ਫਿਰ ਉਨ੍ਹਾਂ ਨੂੰ
ਉਸ ਦੀ ਭੈਣ ਨੰਦ ਕੌਰ ਆਪਣੇ ਕੋਲ ਕੂਹਲੀ ਕਲਾਂ ਲੈ ਗਈ। 20 ਨਵੰਬਰ 1964 ਨੂੰ ਉਹ ਸਵਰਗਵਾਸ ਹੋ ਗਏ। ਨੌਵਾਂ ਅਧਿਆਇ
‘ਸਾਹਿਤਕਾਰ ਗਿਆਨੀ ਊਧਮ ਸਿੰਘ’ ਵਿੱਚ ਲੇਖਕ ਨੇ ਦੱਸਿਆ ਕਿ ਬੀਬਾ ਬਲਵੰਤ ਕੌਰ ਪੰਧੇਰ ਨੇ ਜਿਹੜੀ ਅਧੂਰੀ ਗਿਆਨੀ ਊਧਮ ਸਿੰਘ
ਦੀ ਸਵੈ-ਜੀਵਨੀ ਦਿੱਤੀ ਹੈ ਉਸ ਤੋਂ ਸਾਬਤ ਹੁੰਦਾ ਹੈ ਕਿ ਉਹ ਕਵੀ ਅਤੇ ਵਾਰਤਕਾਰ ਵੀ ਸਨ। ਦਸਵੇਂ ਅਧਿਆਇ ‘ਗਿਆਨੀ ਊਧਮ ਸਿੰਘ
ਦੀਆਂ ਯਾਦ-ਨਿਸ਼ਾਨੀਆਂ’ ਵਿੱਚ ਬਾਬਾ ਬਲਵੰਤ ਸਿੰਘ ਸਿਹੋੜੇ ਵਾਲਿਆਂ ਵਲੋਂ ਗਿਆਨੀ ਊਧਮ ਸਿੰਘ ਦੀਆਂ ਬਣਾਈਆਂ ਯਾਦਗਾਰਾਂ ਦਾ
ਜ਼ਿਕਰ ਹੈ, ਜਿਨ੍ਹਾਂ ਵਿੱਚ ਕੂਹਲੀ ਕਲਾਂ ਤੋਂ ਸਿਹੋੜਾ ਨੂੰ ਜਾਣ ਵਾਲੀ ਸੜਕ ਉਤੇ ਸ਼ਾਨਦਾਰ ਦਰਵਾਜਾ, ਅਮਲੋਹ ਤੋਂ ਖਣਿਆਣ ਨੂੰ ਜਾਣ
ਵਾਲੀ ਸੜਕ ਦਾ ਨਾਮ ਗਿਆਨੀ ਊਧਮ ਸਿੰਘ ਮਾਰਗ, ਅਮਲੋਹ ਵਿੱਚ ਇਕ ਜਲਾਵਤਨੀ ਦੇਸ਼ ਭਗਤਾਂ ਦੇ ਨਾਵਾਂ ਵਾਲਾ ਬੋਰਡ
ਲਗਾਇਆ, ਜਿਸ ‘ਤੇ ਊਧਮ ਸਿੰਘ ਦਾ ਨਾਮ ਹੈ ਅਤੇ ਕੂਹਲੀ ਕਲਾਂ ਵਿਖੇ ਹਰ ਸਾਲ ਗਿਆਨੀ ਊਧਮ ਸਿੰਘ ਦੀ ਯਾਦ ਵਿੱਚ ਦਿਹਾੜਾ
ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਯਾਦਗਾਰਾਂ ਦੀਆਂ ਰੰਗਦਾਰ ਤਸਵੀਰਾਂ ਵੀ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਬੀਬਾ
ਬਲਵੰਤ ਕੌਰ ਪੰਧੇਰ ਰਾਹੀਂ ‘ਮਾਤਾ ਗੁਜਰੀ ਸਰਾਇ ਫ਼ਤਿਹਗੜ੍ਹ ਸਾਹਿਬ’ ਦੀ ਸੰਚਾਲਿਕਾ ਬੀਬਾ ਮਨਜੀਤ ਕੌਰ ਨਾਲ ਮੇਲ ਹੋਇਆ ਤੇ
ਉਨ੍ਹਾਂ ਇਸ ਪੁਸਤਕ ਦੀ ਪ੍ਰਕਾਸ਼ਨਾ ਦਾ ਸਾਰਾ ਖ਼ਰਚਾ ਕੀਤਾ।
80 ਪੰਨਿਆਂ, 160 ਰੁਪਏ ਕੀਮਤ, ਸਚਿਤਰ ਰੰਗਦਾਰ ਮੁੱਖ ਕਵਰ ਤੇ ਤਸਵੀਰਾਂ ਵਾਲੀ ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ
ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com