–ਸਵੀਪ ਗਤੀਵਿਧੀ ਤਹਿਤ ਦੁਕਾਨਦਾਰਾਂ, ਰਿਕਸ਼ੇ ਵਾਲੀਆਂ ਨੂੰ 1 ਜੂਨ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ
08 ਮਈ (ਗਗਨਦੀਪ ਸਿੰਘ) ਬਰਨਾਲਾ: ਡਿਪਟੀ ਕਮਿਸ਼ਨਰ ਬਰਨਾਲਾ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਵਿੱਚ ਜ਼ਿਲ੍ਹਾ ਸਵੀਪ ਟੀਮ ਵੱਲੋਂ ਲੋਕਾਂ ਨੂੰ ਲੋਕ ਸਭਾ ਚੋਣਾਂ 2024 ਦੇ ਮੱਦੇਨਜਰ ਵੋਟ ਦੇ ਅਧਿਕਾਰ ਦੀ ਸੁਵਰਤੋਂ ਕਰਨ ਅਤੇ ਚੋਣਾਂ ਸਬੰਧੀ ਹੋਰ ਜਾਣਕਾਰੀ ਮੁਹੱਈਆ ਕਰਾਉਣ ਲਈ ਆਏ ਦਿਨ ਵੱਖ-ਵੱਖ ਥਾਵਾਂ ‘ਤੇ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਸਵੀਪ ਟੀਮ ਵੱਲੋਂ ਕ੍ਰਿਸ਼ਨਾ ਗਾਰਮੈਂਟਸ ਬਰਨਾਲਾ ਦੇ ਸਟਾਫ ਵਰਕਰਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਵੱਧ ਤੋਂ ਵੱਧ ਭਾਗੀਦਾਰੀ ਵਧਾਉਣ ਲਈ ਅਤੇ ਬਿਨਾਂ ਕਿਸੇ ਲਾਲਚ ਦੇ ਵੋਟ ਪਾਉਣ ਲਈ ਜਾਗਰੂਕ ਕੀਤਾ ਗਿਆ ।
ਇਸ ਮੌਕੇ ਸਵੀਪ ਟੀਮ ਨੇ ਦੱਸਿਆ ਕਿ ਵੋਟ ਪਾਉਣਾ ਸਭ ਦਾ ਕਾਨੂੰਨੀ ਅਧਿਕਾਰ ਹੈ, ਵੋਟ ਸਮਝ ਨਾਲ ਬਿਨ੍ਹਾਂ ਕਿਸੇ ਲਾਲਚ ਤੋਂ ਪਾਉਣ ਅਤੇ ਹੋਰ ਲੋਕਾਂ ਨੂੰ ਮਤਦਾਨ ਕਰਨ ਪ੍ਰਤੀ ਜਾਗਰੂਕ ਕਰਨ ਲਈ ਪ੍ਰੇਰਿਆ ਗਿਆ। ਟੀਮ ਨੇ ਦੱਸਿਆ ਕਿ ਲੋਤਤੰਤਰ ਲੋਕਾਂ ਦਾ ਲੋਕਾਂ ਦੁਆਰਾ ਅਤੇ ਲੋਕਾਂ ਲਈ ਚੁਣਿਆ ਜਾਣ ਵਾਲਾ ਹੈ। ਇਸ ਦੌਰਾਨ ਸਮੂਹ ਲੋਕਾਂ ਵੱਲੋਂ ਵੋਟਾਂ ਦੇ ਤਿਉਹਾਰ ਦੌਰਾਨ ਭਰਵੀਂ ਸ਼ਮੂਲੀਅਤ ਕਰਨ ਅਤੇ ਕਰਵਾਉਣ ਉੱਪਰ ਤਸੱਲੀ ਪ੍ਰਗਟਾਈ ਗਈ।
ਇਸ ਤੋਂ ਇਲਾਵਾ ਲਾਲ ਬਹਾਦੁਰ ਸ਼ਾਸਤਰੀ ਮਹਿਲਾ ਕਾਲਜ ‘ਚ ਵਿਦਿਆਰਥੀਆਂ ਨੂੰ ਵੋਟਰ ਪ੍ਰਣ ਚੁਕਾਇਆ ਗਿਆ ਜਿਸ ਤਹਿਤ ਉਨ੍ਹਾਂ ਦੀ ਅਧਿਆਪਿਕਾ ਅਰਚਨਾ ਨੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਆਪਣੇ ਆਸ ਪਾਸ ਦੇ ਲੋਕਾਂ ਨੂੰ ਵੀ ਵੋਟ ਪਾਉਣ ਲਈ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਚੰਗੀ ਸਰਕਾਰ ਚੁਣ ਕੇ ਆਪਣੇ ਭਵਿੱਖ ਨੂੰ ਉੱਜਵਲ ਬਣਾਇਆ ਜਾਵੇ।

