05 ਅਪ੍ਰੈਲ (ਸੁਖਪਾਲ ਸਿੰਘ ਬੀਰ) ਭੀਖੀ: ਇੱਥੋਂ ਨੇੜਲੇ ਪਿੰਡ ਬੀਰ ਖ਼ੁਰਦ ਵਿਖੇ ਅੱਜ ਸਰੀਰ ਦਾਨੀ ਸ੍ਰ ਜਗਰੂਪ ਸਿੰਘ ਜੀ ਦਾ ਭੋਗ ਪਾਇਆ ਗਿਆ ਤੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪਹਿਲਾਂ ਹਜ਼ੂਰੀ ਰਾਗੀ ਸ੍ਰ ਸੇਵਾ ਸਿੰਘ ਸ਼ਾਨ ਜੀ ਨੇ ਉਚੇਚੇ ਤੌਰ ਤੇ ਪਹੁੰਚ ਕੇ ਬਹੁਤ ਹੀ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਭੋਗ ਤੋਂ ਬਾਅਦ ਤਰਕਸ਼ੀਲ ਆਗੂ ਭੁਪਿੰਦਰ ਫੌਜੀ ਅਤੇ ਜੁਝਾਰ ਸਿੰਘ ਲੋਂਗੋਵਾਲ ਨੇ ਤਰਕਸ਼ੀਲ ਜ਼ਾਬੀਏ ਤੋਂ ਵਿਚਾਰ ਚਰਚਾ ਕਰਦਿਆਂ ਬੀਰ ਪਰਿਵਾਰ ਦੀ ਭਰਪੂਰ ਸਲਾਘਾ ਕੀਤੀ ਕਿ ਉਨ੍ਹਾਂ ਦੁਆਰਾ ਅਪਣੇ ਮੁੱਖੀ ਸ੍ਰ ਜਗਰੂਪ ਸਿੰਘ ਦੀ ਦੇਹ ਡਾਕਟਰੀ ਖੋਜ ਕਾਰਜਾਂ ਲਈ ਦਾਨ ਕਰਕੇ ਵਡਮੁਲਾ ਯੋਗਦਾਨ ਪਾਇਆ ਗਿਆ ਹੈ। ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਕਲੀਪੁਰ ਨੇ ਆਪਣੇ ਸਾਥੀਆਂ ਸਮੇਤ ਸ਼ਰਧਾਂਜਲੀ ਸਮਾਰੋਹ ਵਿੱਚ ਹਾਜ਼ਰੀ ਲਗਵਾਈ ਅਤੇ ਪਰਿਵਾਰ ਦੀ ਇਸ ਪਹਿਲਕਦਮੀ ਦੀ ਸਲਾਘਾ ਕਰਦੇ ਹੋਏ ਆਪਣੇ ਕੀਰਤਨ ਰਾਹੀਂ ਮੰਤਰ ਮੁਗ਼ਧ ਕਰਨ ਵਾਲੇ ਗਿਆਨੀ ਸੇਵਾ ਸਿੰਘ ਸ਼ਾਨ ਜੀ ਦਾ ਵੀ ਧੰਨਵਾਦ ਕੀਤਾ।
ਇਸ ਸਮਾਗਮ ਦੀ ਇੱਕ ਹੋਰ ਖ਼ਾਸ ਗੱਲ ਇਹ ਰਹੀ ਕਿ ਪਰਿਵਾਰ ਦੇ ਤਰਕਸ਼ੀਲ ਆਗੂ ਸੁਖਵਿੰਦਰ ਸਿੰਘ ਬੀਰ ਤੇ ਸਮਾਜ ਸੇਵੀ, ਜਰਨਾਲਿਸਟ ਸੁਖਪਾਲ ਸਿੰਘ ਬੀਰ ਨੇ ਅਪਣੀ ਅਗਾਂਹਵਧੂ ਸੋਚ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਰਸਮੀ ਲੰਗਰ ਦੇ ਨਾਲ ਨਾਲ ਬੂਟੇ ਵੰਡਣ ਦਾ ਲੰਗਰ ਵੀ ਲਗਾਇਆ ਤੇ ਸਮਾਗਮ ਤੇ ਆਉਣ ਵਾਲੇ ਹਰ ਇਸਤਰੀ ਪੁਰਸ਼ ਨੂੰ ਉਸਦੀ ਇੱਛਾ ਅਨੁਸਾਰ ਪੌਦੇ ਵੰਡੇ ਗਏ। ਤਾਂ ਜੋ ਵਾਤਾਵਰਨ ਸ਼ੁੱਧਤਾ ਵਿੱਚ ਵੀ ਸਦੀਵੀ ਯੋਗਦਾਨ ਪਾਇਆ ਜਾ ਸਕੇ। ਪ੍ਰੋਗਰਾਮ, ਵਿੱਚ ਤਰਕਸ਼ੀਲ ਸੁਸਾਇਟੀ ਦੇ ਜਸਪਾਲ ਅਤਲਾ, ਅੰਮ੍ਰਿਤ ਰਿਸ਼ੀ, ਕ੍ਰਿਸ਼ਨ ਮਾਨਬੀਬੜੀਆਂ, ਨਿੰਦਰ ਕੌਰ ਬੁਰਜ਼ ਹਮੀਰਾ, ਹਰਮੇਸ਼ ਮੱਤੀ, ਅਸ਼ੋਕ ਬੁਢਲਾਡਾ, ਹਰਦੀਪ ਸਿੱਧੂ, ਬੂਟਾ ਗਿੱਲ ਬੀਰ, ਜਸਵੀਰ ਮਾਨ ਬਾਅਲਾ, ਰਿੰਕੂ ਸੇਠ, ਜੀਤ ਮਾਸਟਰ ਤੇ ਕੁਲਵਿੰਦਰ ਪਿੰਟਾ ਨੇ ਵੀ ਤਨਦੇਹੀ ਨਾਲ ਕੰਮ ਕੀਤਾ।
ਸਰੀਰ ਦਾਨੀ ਸ੍ਰ ਜਗਰੂਪ ਸਿੰਘ ਜੀ ਦਾ ਭੋਗ ਪਾਇਆ ਗਿਆ ਤੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ
Leave a comment