27 ਅਪ੍ਰੈਲ (ਰਿੰਪਲ ਗੋਲਣ) ਭਿੱਖੀਵਿੰਡ: ਦੇਸ਼ ਵਿਰੋਧੀ ਤਾਕਤਾਂ ਅਤੇ ਸਮਾਜ ‘ਚ ਉਥਲ-ਪੁਥਲ ਮਚਾਉਣ ਵਾਲਿਆਂ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਲਈ ਬੀਐੱਸਐੱਫ਼ ਅਤੇ ਪੰਜਾਬ ਪੁਲਸ ਵੱਲੋਂ ਸਾਂਝੇ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਹਨ। ਇਸੇ ਲੜ੍ਹੀ ਤਹਿਤ ਜਦੋਂ ਅੱਜ ਬੀਐੱਸਐੱਫ ‘ਤੇ ਖੇਮਕਰਨ ਪੁਲਸ ਵੱਲੋਂ ਸ਼ੱਕੀ ਡਰੋਨ ਦੀ ਗਤੀਵਿਧੀਆਂ ਸੰਬੰਧੀ ਸੂਚਨਾ ਮਿਲਣ ਮਗਰੋਂ ਮਿਤੀ 27 ਅਪ੍ਰੈਲ ਦੀ ਸਵੇਰ ਖੇਮਕਰਨ ਸਰਹੱਦ ਦੀ ਬੀਓਪੀ ਨੂਰਵਾਲਾ ਬੈਰੀਅਰ ‘ਤੇ ਪਿੰਡ ਮਨਾਵਾਂ ਨੇੜੇ ਸਰਚ ਅਭਿਆਨ ਚਲਾਇਆ ਗਿਆ ਤਾਂ ਉਨ੍ਹਾਂ ਨੂੰ ਉਥੋਂ ਚੀਨ ਦਾ ਬਣਿਆ ਪਾਕਿਸਤਾਨੀ ਡਹੋਨ ਬਰਾਮਦ ਹੋਇਆ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਬ ਡਵੀਜ਼ਨ ਭਿੱਖੀਵਿੰਡ ਦੇ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਖੇਮਕਰਨ ਪੁਲਸ ਨੇ ਗੁਪਤ ਸੋਰਸਿਜ਼ ਤੋਂ ਮਿਲੀ ਸੂਚਨਾ ਦੇ ਅਧਾਰ ‘ਤੇ ਜਦੋਂ ਸਰਹੱਦੀ ਪਿੰਡ ਮਨਾਵਾਂ ਵਿਖੇ ਬੀਐੱਸਐੱਫ਼ ਦੇ ਸਹਿਯੋਗ ਨਾਲ ਸਰਚ ਅਭਿਆਨ ਚਲਾਇਆ ਤਾਂ ਉਨ੍ਹਾਂ ਨੂੰ ਬਲਵੰਤ ਸਿੰਘ ਪੁੱਤਰ ਬੀਰ ਸਿੰਘ ਵਾਸੀ ਮਨਾਵਾਂ ਦੇ ਖੇਤਾਂ ‘ਚੋਂ ਚੀਨ ਦਾ ਬਣਿਆ ਪਾਕਿ ਬਰਾਮਦ ਹੋਇਆ, ਜਿਸ ਸੰਬੰਧੀ ਥਾਣਾ ਖੇਮਕਰਨ ਵਿਖੇ ਮੁਕਦਮਾ ਨੰਬਰ 51 ਮਿਤੀ 27/04/2024 ਧਾਰਾ 10,11,12 ਏਅਰ ਕਰਾਫਟ 1934 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਡੀਐੱਸਪੀ ਭਿੱਖੀਵਿੰਡ ਨੇ ਦੱਸਿਆ ਕਿ ਡਰੋਨ ਨੂੰ ਕਬਜੇ ਵਿੱਚ ਲੈ ਕੇ ਕੀਤੀ ਗਈ ਇਨਵੈਸਟੀਗੇਸ਼ਨ ‘ਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਾਬੰਦੀਸ਼ੁਦਾ ਸਮੱਗਰੀ ਬਰਾਮਦਗੀ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸ਼ੱਕੀ ਇਲਾਕੇ ਵਿੱਚ ਸਰਚ ਅਭਿਆਨ ਹਾਲੇ ਵੀ ਜਾਰੀ ਹੈ।