19 ਅਪ੍ਰੈਲ (ਗਗਨਦੀਪ ਸਿੰਘ) ਬਰਨਾਲਾ:
ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਵੱਲੋਂ ਟੀਕਾਕਰਣ ਦੀ 50ਵੀਂ ਵਰੇਗੰਢ ’ਤੇ ਵਿਸ਼ੇਸ਼ ਕੈਂਪਾਂ ਰਾਹੀਂ 24 ਅਪ੍ਰੈਲ ਤੋ 30 ਅਪ੍ਰੈਲ ਤੱਕ ਸਪੈਸ਼ਲ ਟੀਕਾਕਰਨ ਹਫ਼ਤਾ ਮਨਾਇਆ ਜਾ ਰਿਹਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹਾ ਪ੍ਰੋਗਰਾਮ ਅਫਸਰ, ਸੀਨੀਅਰ ਮੈਡੀਕਲ ਅਫਸਰ ਅਤੇ ਅਧਿਕਾਰੀ/ਕਰਮਚਾਰੀਆਂ ਦੀ ਮੀਟਿੰਗ ਚ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ ਵੱਲੋਂ ਕੀਤਾ ਗਿਆ। ਇਹ ਮੁਹਿੰਮ ਪੂਰੇ ਬਰਨਾਲਾ ਜ਼ਿਲ੍ਹੇ ਦੇ ਝੁੱਗੀ ਝੌਂਪੜੀ, ਸਲੱਮ ਅਤੇ ਅਰਬਨ ਏਰੀਏ ਵਿੱਚ ਚਲਾਈ ਜਾ ਰਹੀ ਹੈ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਗੁਰਬਿੰਦਰ ਕੌਰ ਨੇ ਦੱਸਿਆ ਕਿ ਦੇਸ਼ ਵਿਚ ਟੀਕਾਕਰਨ ਪ੍ਰੋਗਰਾਮ ਦੇ 50 ਸਾਲ ਪੂਰੇ ਹੋ ਗਏ ਹਨ। ਵਿਸ਼ੇਸ਼ ਕੈਂਪ ਲਗਾ ਕੇ ਟੀਕਾਕਰਨ ਪ੍ਰੋਗਰਾਮ ਦੀ ਗੋਲਡਨ ਜੁਬਲੀ ਮਨਾਈ ਜਾਵੇਗੀ। ਟੀਕਾਕਰਨ ਨਾਲ ਬਹੁਤ ਸਾਰੀਆਂ ਬੀਮਾਰੀਆਂ ਜਿਵੇਂ ਕਿ ਪੋਲਿਓ ਆਦਿ ਤੋਂ ਮੁਕਤੀ ਪਾਈ ਗਈ ਹੈ। ਟੀਕਾਕਰਨ ਨਾਲ ਹੀ ਬੀਮਾਰੀਆਂ ਦੀ ਰੋਕਥਾਮ ਕੀਤੀ ਜਾ ਰਹੀ ਹੈ। ਵਿਸ਼ੇਸ਼ ਟੀਕਾਕਰਨ ਹਫ਼ਤੇ ਦੌਰਾਨ ਉਨ੍ਹਾਂ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਜਾਵੇਗਾ ਜੋ ਕਿਸੇ ਕਾਰਨ ਟੀਕਾਕਰਨ ਤੋ ਵਾਂਝੇ ਰਹਿ ਗਏ ਸਨ। ਇਸ ਤੋਂ ਇਲਾਵਾ ਪ੍ਰਵਾਸੀ ਅਬਾਦੀ ਦੇ ਵਾਂਝੇ ਰਹਿ ਗਏ ਲਾਭਪਾਤਰੀਆਂ ਦਾ ਟੀਕਾਕਰਨ ਵੀ ਕੀਤਾ ਜਾਵੇਗਾ।
ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ , ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਹਰਜੀਤ ਸਿੰਘ, ਗੁਰਦੀਪ ਸਿੰਘ ਟੀਕਾਕਰਨ ਸਹਾਇਕ ਅਤੇ ਸਿਵਾਨੀ ਅਰੋੜਾ ਬਲਾਕ ਐਕਸਟੈਨਸ਼ਨ ਐਜੂਕੇਟਰ ਨੇ ਦੱਸਿਆ ਕਿ ਟੀਕਾਕਰਨ ਦੀ ਸਫਲਤਾ ਲਈ ਵਿਸ਼ੇਸ਼ ਸ਼ੈਸ਼ਨ ਲਾਏ ਜਾਣਗੇ।
ਜ਼ਿਲ੍ਹਾ ਬਰਨਾਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਹੋਣ ਅਤੇ ਕਿਸੇ ਕਾਰਨ ਟੀਕਾਕਰਨ ਤੋ ਵਾਂਝੇ ਰਹਿ ਗਏ ਬੱਚਿਆਂ ਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਜਰੂਰ ਕਰਵਾਇਆ ਜਾਵੇ।ਤਾਂ ਜੋ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਇਸ ਵਿਸ਼ੇਸ਼ ਹਫ਼ਤੇ ਸੰਬਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਸੈਮੀਨਾਰ, ਜਾਗਰੂਕਤਾ ਰੈਲੀ ਅਤੇ ਇੰਟਰ ਸਕੂਲ ਕੁਇੱਜ਼ ਮੁਕਾਬਲੇ ਕਰਵਾਏ ਜਾ ਰਹੇ ਹਨ।