ਵਲੰਟੀਅਰਾਂ ਨੂੰ ਤਕੜੇ ਹੋ ਕੇ ਹੰਬਲਾ ਮਾਰਨ ਲਈ ਕਿਹਾ
19 ਅਪ੍ਰੈਲ (ਰਾਜਦੀਪ ਜੋਸ਼ੀ) ਬਠਿੰਡਾ: ਬਠਿੰਡਾ ਲੋਕ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿਚ ਉਨ੍ਹਾਂ ਦੇ ਸਪੁੱਤਰ ਸੁਮੀਤ ਖੁੱਡੀਆਂ ਵੱਲੋਂ ਭੁੱਚੋ ਮੰਡੀ ਵਿਧਾਨ ਸਭਾ ਹਲਕੇ ਦੇ 10 ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕੀਤੀਆਂ। ਉਨ੍ਹਾਂ ਹਲਕੇ ਦੇ ਪਿੰਡਾਂ ਕਲਿਆਣ ਸੁੱਖਾ, ਕਲਿਆਣ ਮਲਕੀ, ਕਲਿਆਣ ਸੱਦਾ, ਨਥਾਣਾ, ਭੈਣੀ, ਮਾੜੀ, ਬੱਜੋਆਣਾ ਆਦਿ ਪਿੰਡਾ ਦਾ ਦੌਰਾ ਕੀਤਾ। ਇਸ ਮੌਕੇ ਲੋਕਾਂ ਦੇ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਆਪਣੇ 50 ਸਾਲਾਂ ਦੇ ਰਾਜ ਦੌਰਾਨ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਕੋਈ ਕਦਮ ਨਹੀਂ ਉਠਾਇਆ, ਜਿਸ ਕਾਰਨ ਬੇਰੁਜ਼ਗਾਰੀ ਵਧੀ ਅਤੇ ਉਸ ਨਾਲ ਨਸ਼ਿਆਂ ਵਰਗੀਆਂ ਅਲਾਮਤਾਂ ਵਿਚ ਵਾਧਾ ਹੋਇਆ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਤੁਸੀਂ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਜਿਤਾ ਕੇ ਪਾਰਲੀਮੈਂਟ ਵਿਚ ਭੇਜਦੇ ਹੋ ਤਾਂ ਉਹ ਤੁਹਾਡੇ ਅਜਿਹੇ ਮਸਲਿਆਂ ਨੂੰ ਉਠਾ ਕੇ ਉਨ੍ਹਾਂ ਦਾ ਹੱਲ ਕਰਨ ਲਈ ਸਦਾ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਤੁਹਾਡੇ ਬੱਚਿਆਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਹਰ ਸੰਭਵ ਯਤਨ ਕਰਨਗੇ। ਸੁਮੀਤ ਖੁੱਡੀਆਂ ਨੇ ਕਿਹਾ ਕਿ ਰੁਜ਼ਗਾਰ ਲਈ ਇੰਡਸਟਰੀ ਦੀ ਵੱਡੀ ਲੋੜ ਹੁੰਦੀ ਹੈ ਪਰ ਪਿਛਲੇ ਸਮੇਂ ਦੌਰਾਨ ਰਵਾਇਤੀ ਪਾਰਟੀਆਂ ਦੇ ਆਗੂਆਂ ਵੱਲੋਂ ਇੰਡਸਟਰੀਆਂ ਵਿਚ ਧੱਕੇ ਨਾਲ ਆਪਣੇ ਹਿੱਸੇ ਰੱਖਣ ਕਾਰਨ ਸਨਤਕਾਰ ਡਰ ਗਏ ਸਨ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਨਤਕਾਰ ਮੁੜ ਪੰਜਾਬ ਅੰਦਰ ਇੰਡਸਟਰੀ ਲਾਉਣ ਲਈ ਸੋਚ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ ਤਾਂ ਜੋ ਉਹ ਪਹਿਲਾਂ ਦੀ ਤਰ੍ਹਾਂ ਲੋਕ ਪੱਖੀ ਸਿਆਸਤ ਕਰਦਿਆਂ ਲੋਕ ਮਸਲਿਆਂ ਦਾ ਹੱਲ ਕਰ ਸਕਣ। ਇਸ ਮੌਕੇ ਆਮ ਲੋਕਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਲੰਟੀਅਰ ਵੱਡੀ ਗਿਣਤੀ ਹਾਜ਼ਰ ਸਨ।