18 ਅਪ੍ਰੈਲ (ਰਾਜਦੀਪ ਜੋਸ਼ੀ) ਬਠਿੰਡਾ: ਸ਼੍ਰੀ ਦੀਪਕ ਪਾਰੀਕ ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਤੇ ਸੇਫ ਵਾਹਨ ਪਾਲਿਸੀ ਤਹਿਤ ਟ੍ਰੈਫਿਕ ਪੁਲਿਸ ਬਠਿੰਡਾ ਵੱਲੋਂ ਜਿਲ੍ਹਾ ਬਠਿੰਡਾ ਵਿਖੇ ਸ਼੍ਰੀ ਪਰਵੇਸ਼ ਚੋਪੜਾ ਪੀ.ਪੀ.ਐੱਸ ਡੀ.ਐੱਸ.ਪੀ ਟ੍ਰੈਫਿਕ ਬਠਿੰਡਾ ਦੀ ਅਗਵਾਈ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਸੈਂਟ ਜੌਸਫ ਕਾਨਵੈਂਟ ਸਕੂਲ ਬਠਿੰਡਾ,ਸੈਂਟ ਜੇਵੀਅਰ ਕਾਨਵੈਂਟ ਸਕੂਲ ਬਠਿੰਡਾ, ਦਿੱਲੀ ਪਬਲਿਕ ਸਕੂਲ ਬਠਿੰਡਾ ਵਿੱਚ ਜਾ ਕੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ।ਟੀਮਾਂ ਵੱਲੋਂ ਅਧੂਰੇ ਦਸਤਾਵੇਜ ਵਾਲੀਆਂ 26 ਸਕੂਲ ਬੱਸਾਂ ਦੇ ਚਲਾਣ ਕੀਤੇ ਗਏ 2 ਬੱਸਾਂ ਨੂੰ ਬੰਦ ਕੀਤਾ ਗਿਆ।
ਸ਼੍ਰੀ ਪਰਵੇਸ਼ ਚੋਪੜਾ ਡੀ.ਐੱਸ.ਪੀ ਟ੍ਰੈਫਿਕ ਬਠਿੰਡਾ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਬਹੁਤ ਲਾਜਮੀ ਹੈ।ਇਸ ਲਈ ਵੈਨ/ਬੱਸ ਵਿੱਚ ਮੁੱਢਲੀਆ ਸਹੂਲਤਾਂ ਜਿਵੇਂ ਕਿ ਫਸਟ ਏਡ ਬਾਕਸ, ਅੱਗ ਬੁਝਾਊ ਯੰਤਰ, ਸੀ.ਸੀ.ਟੀ.ਵੀ ਕੈਮਰਾ, ਆਦਿ ਹੋਣਾ ਚਾਹੀਦਾ ਹੈ।ਇਸ ਤੋਂ ਇਲਾਵਾ ਸਰਕਾਰੀ ਨੰਬਰ ਪਲੇਟ , ਫਿਟਨੈਸ ਸਰਟੀਫਿਕੇਟ, ਹੈਲਪਰ, ਸਪੀਡ ਗਵਰਨਰ ਆਦਿ ਸਹੂਲਤਾਂ ਹੋਣੀਆਂ ਲਾਜਮੀ ਹਨ।ਉਹਨਾ ਕਿਹਾ ਕਿ ਬੱਚਿਆਂ ਦੇ ਮਾਪੇ ਵੀ ਸਕੂਲ ਵੈਨਾਂ/ਬੱਸਾਂ ਅੰਦਰ ਇਹਨਾਂ ਸਹੂਲਤਾਂ ਦੀ ਨਜ਼ਰਸਾਨੀ ਕਰਨ ਅਤੇ ਕਿਸੇ ਪ੍ਰਕਾਰ ਦੀ ਕਮੀ ਹੋਣ ਤੇ ਸਬੰਧਿਤ ਸਕੂਲ ਦੇ ਧਿਆਨ ਵਿੱਚ ਲਿਆਉਣ। ਉਹਨਾਂ ਕਿਹਾ ਕਿ ਜਿਲ੍ਹਾ ਬਠਿੰਡਾ ਦੇ ਹਰ ਇੱਕ ਸਕੂਲ ਨੂੰ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਜੇਕਰ ਕੋਈ ਇਹਨਾਂ ਨਿਯਮਾਂ ਦੀ ਪਾਲਣਾਂ ਨਹੀ ਕਰਦਾ ਤਾਂ ਉਸ ਸਕੂਲ ਦੇ ਪ੍ਰਬੰਧਕਾਂ ਨੂੰ ਜੁਰਮਾਨਾ ਕੀਤਾ ਜਾਵੇਗਾ, ਅਤੇ ਵਾਹਨਾਂ ਨੂੰ ਜਬਤ ਕੀਤਾ ਜਾਵੇਗਾ, ਇਸਦੇ ਨਾਲ ਹੀ ਸਕੂਲੀ ਵਾਹਨਾਂ ਦੇ ਡਰਾਈਵਰਾਂ ਨੂੰ ਇਹ ਗੱਲ ਸਪਸ਼ਟ ਕੀਤੀ ਕਿ ਸੇਫ ਵਾਹਨ ਪਾਲਿਸੀ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਵਾਹਨਾਂ ਨੂੰ ਬਖਸ਼ਿਆਂ ਨਹੀ ਜਾਵੇਗਾ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਯਕੀਨੀ ਬਣਾਈ ਜਾਵੇਗੀ।ਇਸ ਮੌਕੇ ਇੰਸਪੈਕਟਰ ਗੁਰਦੀਪ ਸਿੰਘ ਇੰਚਾਰਜ ਟ੍ਰੈਫਿਕ ਬਠਿੰਡਾ, ਸਹਾਇਕ ਇੰਚਾਰਜ ਸਬ ਇੰਸਪੈਕਟਰ ਅਮਰੀਕ ਸਿੰਘ ਅਤੇ ਟ੍ਰੈਫਿਕ ਪੁਲਿਸ ਦੇ ਮੁਲਾਜਮ ਮੌਜੂਦ ਸਨ।
ਟ੍ਰੈਫਿਕ ਪੁਲਿਸ ਬਠਿੰਡਾ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਕੀਤੀ ਚੈਕਿੰਗ
Leave a comment