ਮੁਲਜ਼ਮਾਂ ਪਾਸੋਂ ਇੱਕ ਖਿਡਾਉਣਾ ਪਿਸਤੌਲ,ਇੱਕ ਬਿਨਾਂ ਨੰਬਰੀ ਮੋਟਰਸਾਈਕਲ ਤੇ ਚਾਰ ਮੋਬਾਈਲ ਫੋਨ ਹੋਏ ਬਰਾਮਦ
17 ਅਪ੍ਰੈਲ (ਰਿੰਪਲ ਗੋਲਣ) ਭਿੱਖੀਵਿੰਡ: ਗੈਂਗਸਟਰ ਗੋਲਡੀ ਬਰਾੜ ਦੇ ਨਾਂਅ ‘ਤੇ ਵੀਹ ਲੱਖ ਦੀ ਫਿਰੌਤੀ ਮੰਗਣ ਵਾਲੇ ਤਿੰਨ ਮੁਲਜ਼ਮਾਂ ਨੂੰ ਖੇਮਕਰਨ ਪੁਲਸ ਨੇ ਇੱਕ ਖਿਡੌਣਾ ਪਿਸਤੌਲ,ਇੱਕ ਬਿਨਾਂ ਨੰਬਰੀ ਮੋਟਰਸਾਈਕਲ ਤੇ ਚਾਰ ਮੋਬਾਈਲ ਫੋਨਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪੰਕਜ ਬਜਾਜ ਪੁੱਤਰ ਬਲਰਾਮ ਬਜਾਜ ਵਾਸੀ ਖੇਮਕਰਨ,ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਪੁੱਤਰ ਗੁਰਨਾਮ ਸਿੰਘ ਵਾਸੀ ਖੇਮਕਰਨ ਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਗੁਰਵੇਲ ਸਿੰਘ ਵਾਸੀ ਖੇਮਕਰਨ ਵਜੋਂ ਹੋਈ ਹੈ। ਇਸ ਸੰਬੰਧੀ ਰੱਖੀ ਗਈ ਪ੍ਰੈਸ ਕਾਨਫਰੰਸ ਦੌਰਾਨ ਐੱਸਐੱਸਪੀ ਤਰਨ ਤਾਰਨ ਅਸ਼ਵਨੀ ਕਪੂਰ ਨੇ ਦੱਸਿਆ ਕਿ ਬੀਤੀ 14 ਅਪ੍ਰੈਲ ਨੂੰ ਖੇਮਕਰਨ ਦੇ ਵਸਨੀਕ ਅਮਿਤ ਕੁਮਾਰ ਪੁੱਤਰ ਪ੍ਰੇਮਪਾਲ ਨਾਮਕ ਵਿਅਕਤੀ ਨੇ ਪੁਲਸ ਸਟੇਸ਼ਨ ਖੇਮਕਰਨ ਨੂੰ ਦਰਖ਼ਾਸਤ ਰਾਹੀਂ ਸੂਚਿਤ ਕੀਤਾ ਸੀ ਕਿ ਉਸ ਦੇ ਲੜਕੇ ਕੋਲੋਂ ਗੋਲਡੀ ਬਰਾੜ ਨਾਮਕ ਗੈਂਗਸਟਰ ਨੇ ਫੋਨ ਕਰਕੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ।ਐੱਸਐੱਸਪੀ ਨੇ ਦੱਸਿਆ ਕਿ ਇਹ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਖੇਮਕਰਨ ਪੁਲਸ ਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਖੇਮਕਰਨ ਪੁਲਸ ਤੇ ਸੀਆਈਏ ਸਟਾਫ ਤਰਨ ਤਾਰਨ ਦੀ ਟੀਮ ਵੱਲੋਂ ਨਾਕਾਬੰਦੀ ਦੌਰਾਨ ਪੰਕਜ ਬਜਾਜ ਪੁੱਤਰ ਬਲਰਾਮ ਬਜਾਜ ਵਾਸੀ ਵਾਰਡ ਨੰਬਰ ਛੇ ਖੇਮਕਰਨ, ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਪੁੱਤਰ ਗੁਰਨਾਮ ਸਿੰਘ ਵਾਸੀ ਵਾਰਡ ਨੰਬਰ ਪੰਜ ਖੇਮਕਰਨ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਗੁਰਵੇਲ ਸਿੰਘ ਵਾਸੀ ਪ੍ਰੇਮ ਨਗਰ ਵਾਰਡ ਨੰਬਰ ਪੰਜ ਖੇਮਕਰਨ ਨਾਮਕ ਤਿੰਨ ਮੁਲਜ਼ਮਾਂ ਨੂੰ ਇੱਕ ਖਿਡਾਉਣਾ ਪਿਸਤੌਲ, ਇੱਕ ਬਿਨਾਂ ਨੰਬਰੀ ਹੀਰੋ ਡੀਲਕਸ ਮੋਟਰਸਾਈਕਲ ਤੇ ਵਾਰਦਾਤ ਸਮੇਂ ਵਰਤੇ ਗਏ ਚਾਰ ਮੋਬਾਈਲ ਫੋਨਾਂ ਸਮੇਤ ਕਾਬੂ ਕਰ ਲਿਆ ਗਿਆ। ਐੱਸਐੱਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਗੋਲਡੀ ਬਰਾੜ ਦੱਸ ਕੇ ਅਮਿਤ ਕੁਮਾਰ ਪੁੱਤਰ ਪ੍ਰੇਮਪਾਲ ਪਾਸੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਇਸ ਮੌਕੇ ਐੱਸਐੱਸਪੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ‘ਚੋਂ ਇੱਕ ਮੁਲਜ਼ਮ ਜਿਸ ਦਾ ਨਾਂਅ ਪੰਕਜ ਬਜਾਜ (20) ਹੈ,ਨੇ ਕਰੀਬ 20 ਸਾਲ ਅਮਿਤ ਕੁਮਾਰ ਦੀ ਆੜਤ ‘ਤੇ ਬਤੌਰ ਮੁਨੀਮ ਕੰਮ ਕੀਤਾ ਸੀ। ਉਨ੍ਹਾਂ ਦੱਸਿਆ ਕਿ ਅਮਿਤ ਕੁਮਾਰ ਦੇ ਕਾਰੋਬਾਰ ਪ੍ਰਤੀ ਭੇਤੀ ਹੋਣ ਕਰਕੇ ਪੰਕਜ ਬਜਾਜ ਨੇ ਆਪਣੇ ਸਾਥੀਆਂ ਸਮੇਤ ਫਿਰੌਤੀ ਦੀ ਯੋਜਨਾ ਬਣਾਈ ਸੀ। ਐੱਸਐੱਸਪੀ ਨੇ ਦੱਸਿਆ ਕਿ ਮੁਕੱਦਮਾ ਨੰਬਰ 45 ਤਹਿਤ ਤਿੰਨਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।