16 ਅਪ੍ਰੈਲ (ਨਾਨਕ ਸਿੰਘ ਖੁਰਮੀ) ਮਾਨਸਾ: ਦੇ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਨੇ ਦਾ ਰੈਨੇਸਾਂ ਸਕੂਲ ਦੇ ਬੱਚਿਆਂ ਨੂੰ ਐਮਰਜੈਂਸੀ ਹਾਲਾਤਾਂ ਵਿੱਚ ਅੱਗ ਬੁਝਾਉਣ ਦੇ ਸਹੀ ਢੰਗ ਦੀ ਜਾਣਕਾਰੀ ਪ੍ਰਦਾਨ ਕੀਤੀ। ਇਸ ਜਾਣਕਾਰੀ ਨੂੰ ਪ੍ਰਦਾਨ ਕਰਨ ਲਈ ਬੱਚਿਆਂ ਦੀ ਸਪੈਸ਼ਲ ਅਸੈਂਬਲੀ ਕੀਤੀ ਗਈ।ਅਸੈਂਬਲੀ ਦੇ ਸ਼ੁਰੂਆਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਵਿੰਦਰ ਵੋਹਰਾ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਆਉਣ ਵਾਲੀਆਂ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਸਾਨੂੰ ਸਿੱਖਿਅਤ ਹੋਣਾ ਬਹੁਤ ਜਰੂਰੀ ਹੈ ਤਾਂ ਕਿ ਅਸੀਂ ਪਰਿਵਾਰ ਅਤੇ ਸਮਾਜ ਵਿੱਚ ਹੋਣ ਵਾਲਿਆਂ ਦੁਰਘਟਨਾਵਾਂ ਤੋਂ ਸਹੀ ਜਾਣਕਾਰੀ ਦੇ ਨਾਲ ਬਚ ਸਕੀਏ।ਫਾਇਰ ਬ੍ਰਿਗੇਡ ਮਾਨਸਾ ਸਬ-ਸਟੇਸ਼ਨ ਦੇ ਫ਼ਾਇਰ ਅਫਸਰ ਹਰਿੰਦਰਪਾਲ ਸਿੰਘ,ਫ਼ਾਇਰ ਕੰਸਲਟੈਂਟ ਸ਼ੁਭਮ ਗੋਇਲ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਬੱਚਿਆਂ ਨੂੰ ਸਮਝਾਇਆ ਕਿ ਅੱਗ ਲੱਗਣ ਦੇ ਮੁੱਖ ਤਿੰਨ ਕਾਰਨ ਹਨ:ਜਿਵੇਂ ਕਿ ਆਕਸੀਜਨ ਦੀ ਹੋਂਦ,ਤਾਪਮਾਨ ਦਾ ਵਾਧਾ ਅਤੇ ਬਾਲਣ ਦਾ ਹੋਣਾ।ਜਦੋਂ ਵੀ ਕੋਈ ਐਮਰਜੈਂਸੀ ਹਾਲਾਤ ਬਣਦੇ ਹਨ ਤਾਂ ਅੱਗ ਬੁਝਾਉਣ ਦੇ ਸਹੀ ਤਰੀਕੇ ਨਾਲ ਹੀ ਅਸੀਂ ਇਸ ‘ਤੇ ਕਾਬੂ ਪਾ ਸਕਦੇ ਹਾਂ। ਉਹਨਾਂ ਦੱਸਿਆ ਕਿ ਪੈਟਰੋਲੀਅਮ, ਗੈਸਾਂ ਅਤੇ ਬਿਜਲੀ ਸਰਕਟਾਂ ਦੁਆਰਾ ਲੱਗਣ ਵਾਲੀ ਅੱਗ ਨੂੰ ਬੁਝਾਉਣ ਦੇ ਵੱਖ- ਵੱਖ ਢੰਗ ਹਨ। ਇਸ ਨੂੰ ਸਮਝਣ ਲਈ ਬੱਚਿਆਂ ਨੇ ਵੀ ਅੱਗ ਬੁਝਾਊ ਯੰਤਰਾਂ ਦੀ ਵਰਤੋਂ ਕਰਕੇ ਜਾਣਿਆ ਕਿ ਅੱਗ ‘ਤੇ ਸਹੀ ਤਰੀਕੇ ਨਾਲ ਕਿਵੇਂ ਪਾ ਕਾਬੂ ਪਾਇਆ ਜਾ ਸਕਦਾ ਹੈ।ਬੱਚੇ ਇਸ ਜਾਣਕਾਰੀ ਨੂੰ ਸਿੱਖਣ ਵਿੱਚ ਬਹੁਤ ਉਤਸਕ ਸਨ।ਉਹਨਾਂ ਦੀ ਇਸ ਉਤਸੁਕਤਾ ਤੋਂ ਇਸ ਗੱਲ ਦਾ ਅਹਿਸਾਸ ਵੀ ਹੋ ਰਿਹਾ ਸੀ ਕਿ ਬੱਚਿਆਂ ਅੰਦਰ ਇਵੇਂ ਦੀਆਂ ਸਿੱਖਿਆਵਾਂ ਨਾਲ ਸਮਾਜ ਸੇਵੀ ਭਾਵਨਾ, ਮੁਸ਼ਕਲਾਂ ਦਾ ਸਾਹਮਣਾ ਕਰਨ ਦਾ ਹੌਂਸਲਾ ਆਦਿ ਪੈਦਾ ਹੁੰਦਾ ਹੈ। ਸਵੇਰ ਦੀ ਇਸ ਸਭਾ ਦੇ ਅਖੀਰ ਵਿੱਚ ਰਾਸ਼ਟਰੀ ਗੀਤ ਦਾ ਗਾਇਨ ਕੀਤਾ ਗਿਆ।