–ਸਕੂਲਾਂ ਨੂੰ ਆਪਣੇ ਆਪਣੇ ਬੱਸਾਂ, ਵੈੱਨਾਂ, ਰਿਕਸ਼ਾ ਆਦਿ ਦੀ ਦੇਖ ਰੇਖ ਵਾਹਨ ਪਾਲਸੀ ਅਨੁਸਾਰ ਕਰਨ ਦੇ ਹੁਕਮ
15 ਅਪ੍ਰੈਲ (ਗਗਨਦੀਪ ਸਿੰਘ) ਬਰਨਾਲਾ: ਸਕੂਲੀ ਵਾਹਨਾਂ ਦੀ ਚੈਕਿੰਗ ਲਈ ਜ਼ਿਲ੍ਹਾ ਬਰਨਾਲਾ ‘ਚ 8 ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਵੱਲੋਂ ਸਕੂਲਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੀ ਬੱਚਿਆਂ ਨੂੰ ਲੈ ਕੇ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਨਿਯਮਾਂ ਮੁਤਾਬਿਕ ਕੀਤੀ ਜਾਵੇਗੀ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵੱਖ ਵੱਖ ਅਧਿਕਾਰੀਆਂ ਦੀ ਅਹਿਮ ਬੈਠਕ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇੱਕ ਟੀਮ ਮਹਿਲ ਕਲਾਂ ‘ਚ, ਦੋ ਟੀਮਾਂ ਤਪਾ ਤਹਿਸੀਲ ਪੱਧਰ ਉੱਤੇ ਅਤੇ ਪੰਜ ਟੀਮਾਂ ਬਰਨਾਲਾ ਪੱਧਰ ਉੱਤੇ ਬਣਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜ਼ਰੂਰੀ ਹੈ ਕਿ ਸਕੂਲਾਂ ਦੇ ਬੱਚਿਆਂ ਦੀ ਆਵਾਜਾਈ ‘ਚ ਲੱਗੀਆਂ ਗੱਡੀਆਂ ਨਿਯਮਾਂ ਦੀ ਪਾਲਣਾ ਕਰਨ। ਸਿੱਖਿਆ ਵਿਭਾਗ, ਟਰਾਂਸਪੋਰਟ ਵਿਭਾਗ ਅਤੇ ਪੁਲਿਸ ਵਿਭਾਗ ਵੱਲੋਂ ਇਹ ਚੈਕਿੰਗ ਕੀਤੀ ਜਾਵੇਗੀ।
ਬੈਠਕ ‘ਚ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਨੁਪ੍ਰਿਤਾ ਜੌਹਲ, ਉੱਪ ਮੰਡਲ ਮੈਜਿਸਟਰੇਟ ਮਹਿਲ ਕਲਾਂ ਸ਼੍ਰੀ ਸਤਵੰਤ ਸਿੰਘ, ਉੱਪ ਮੰਡਲ ਮੈਜਿਸਟਰੇਟ ਤਪਾ ਡਾ. ਪੂਨਮਪ੍ਰੀਤ ਕੌਰ, ਖੇਤਰੀ ਟਰਾਂਸਪੋਰਟ ਅਫ਼ਸਰ ਸ੍ਰੀ ਕੇ.ਐੱਸ. ਛੀਨਾ, ਉੱਪ ਮੰਡਲ ਮੈਜਿਸਟਰੇਟ ਬਰਨਾਲਾ ਸ੍ਰੀ ਵਰਿੰਦਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰ ਪਾਲ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਵਸੁੰਧਰਾ ਕਪਿਲਾ, ਸਹਾਇਕ ਖ਼ੇਤਰੀ ਟਰਾਂਸਪੋਰਟ ਅਫ਼ਸਰ ਸ੍ਰੀ ਰਾਜਨ ਅਤੇ ਹੋਰ ਅਫ਼ਸਰ ਹਾਜ਼ਰ ਸਨ।