31 ਮਾਰਚ (ਗਗਨਦੀਪ ਸਿੰਘ) ਕੋਟੜਾ ਕੌੜਾ: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕੋਟੜਾ ਕੌੜਾ ਜ਼ਿਲ੍ਹਾ ਬਠਿੰਡਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਪਿੰਡ ਦੇ ਪਤਵੰਤੇ ਸੱਜਣ ਸਰਦਾਰ ਬਿੰਦਰ ਸਿੰਘ ਜੀ ਜਰਮਨੀ ਵਾਲੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਕੂਲ ਦੀ ਸਵਾਗਤੀ ਕਮੇਟੀ ਅਤੇ ਭਾਰਤ ਸਕਾਊਟਸ ਐਂਡ ਗਾਈਡਸ ਕੱਬ ਬੁਲਬੁਲ ਯੂਨਿਟ ਦੀ ਬੈਂਡ ਟੀਮ ਵੱਲੋਂ ਉਹਨਾਂ ਦਾ ਹਾਰਦਿਕ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਦੂਸਰੀ ਜਮਾਤ ਦੇ ਬੱਚੇ ਰਾਜਵੀਰ ਸਿੰਘ ਵੱਲੋਂ ਮੂਲ ਮੰਤਰ ਦਾ ਜਾਪ ਕਰਕੇ ਕੀਤੀ ਗਈ। ਉਸ ਤੋਂ ਬਾਅਦ ਚੌਥੀ ਅਤੇ ਪੰਜਵੀਂ ਜਮਾਤ ਦੀਆਂ ਬੱਚੀਆਂ ਵੱਲੋਂ ਮਾਲਵੇ ਦੀ ਪ੍ਰਸਿੱਧ ਕਵੀਸ਼ਰੀ ਕਲਾ ਦਾ ਨਮੂਨਾ ਪੇਸ਼ ਕੀਤਾ ਗਿਆ। ਬੱਚਿਆਂ ਵੱਲੋਂ ਲੋਕ ਗੀਤ ਅਤੇ ਲੋਕ ਨਾਚ ਰਾਹੀਂ ਪੁਰਾਤਨ ਸੱਭਿਆਚਾਰਕ ਵਿਰਸੇ ਦੀ ਝਲਕ ਪੇਸ਼ ਕੀਤੀ ਗਈ। ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੇ ਵੀ ਆਪਣੀਆਂ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਚੌਥੀ ਅਤੇ ਪੰਜਵੀਂ ਜਮਾਤ ਦੇ ਲੜਕਿਆਂ ਵੱਲੋਂ ਪੰਜਾਬ ਦਾ ਲੋਕ ਨਾਚ ਭੰਗੜਾ ਪੇਸ਼ ਕੀਤਾ, ਜਿਸ ਦੀ ਪੇਸ਼ਕਾਰੀ ਬਾਕਮਾਲ ਸੀ। ਚੌਥੀ ਅਤੇ ਪੰਜਵੀਂ ਜਮਾਤ ਦੀਆਂ ਲੜਕੀਆਂ ਵੱਲੋਂ ਹਰਿਆਣਵੀ ਡਾਂਸ ਪੇਸ਼ ਕੀਤਾ ਗਿਆ। ਤੀਸਰੀ ਜਮਾਤ ਦੇ ਬੱਚਿਆਂ ਵੱਲੋਂ ਫੈਂਸੀ ਡਰੈਸ ਦੀ ਝਲਕ ਪੇਸ਼ ਕੀਤੀ ਗਈ। ਚੌਥੀ ਅਤੇ ਪੰਜਵੀਂ ਜਮਾਤ ਦੀਆਂ ਬੱਚੀਆਂ ਵੱਲੋਂ ਕਿਕਲੀ ਗੀਤ ਰਾਹੀਂ ਪੁਰਾਤਨ ਸਮੇਂ ਦੀਆਂ ਪੰਜਾਬੀ ਲੋਕ ਖੇਡਾਂ ਕਿਕਲੀ, ਕੋਟਲਾ ਛਪਾਕੀ, ਭੰਡਾ ਭੰਡਾਰੀਆ ਆਦਿ ਦੀਆਂ ਯਾਦਾਂ ਤਾਜ਼ਾ ਕੀਤੀਆਂ।ਜਸ਼ਨਪ੍ਰੀਤ ਕੌਰ ਅਤੇ ਜੈਸਮੀਨ ਕੌਰ ਨੇ ਪੁਰਾਤਨ ਪੰਜਾਬੀ ਲੋਕ ਗੀਤ ‘ ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਹੀਂ ਬਹਿੰਦੀ’ ਰਾਹੀਂ ਖੂਬ ਰੰਗ ਬੰਨ੍ਹਿਆ। ਪ੍ਰੋਗਰਾਮ ਦੀ ਸਮਾਪਤੀ ਤੇ ਪੰਜਾਬੀ ਮੁਟਿਆਰਾਂ ਦਾ ਪ੍ਰਸਿੱਧ ਪੰਜਾਬੀ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ ਜਿਸ ਦੀ ਪਿੰਡ ਵਾਸੀਆਂ ਤੇ ਮਾਪਿਆਂ ਵੱਲੋਂ ਖੂਬ ਪ੍ਰਸ਼ੰਸਾ ਕੀਤੀ ਗਈ।ਇਸ ਮੌਕੇ ਬੱਚਿਆਂ ਦੀਆਂ ਪੇਸ਼ਕਾਰੀਆਂ ਤੋਂ ਖੁਸ਼ ਹੋ ਕੇ ਸਰਦਾਰ ਬਿੰਦਰ ਸਿੰਘ ਜੀ ਮੁੱਖ ਮਹਿਮਾਨ ਜਰਮਨੀ ਵਾਲੇ ਜੀ ਦੀ ਧਰਮ ਪਤਨੀ ਸ਼੍ਰੀਮਤੀ ਮਨਜੀਤ ਕੌਰ ਜੀ ਵੱਲੋਂ ਸਕੂਲ ਨੂੰ 20 ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ। ਇਸ ਮੌਕੇ ਵੱਖ ਵੱਖ ਸਮਿਆਂ ਤੇ ਸਕੂਲ ਨੂੰ ਦਾਨ ਦੇਣ ਵਾਲੇ ਦਾਨੀ ਸੱਜਣਾਂ ਦਾ ਸਨਮਾਨ ਕੀਤਾ ਗਿਆ। ਭਾਰਤ ਸਕਾਊਟਸ ਐਂਡ ਗਾਈਡਜ਼ ਕੱਬ /ਬੁਲਬੁਲ ਯੁਨਿਟ ਦੇ ਰਾਸ਼ਟਰਪਤੀ ਅਵਾਰਡ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਵਿੱਚ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਬੱਚਿਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਖੁਸ਼ਪ੍ਰੀਤ ਕੌਰ ਜਮਾਤ ਪੰਜਵੀਂ ਨੂੰ ਬੈਸਟ ਲੜਕੀ ਅਤੇ ਇਮਰਾਨ ਜਮਾਤ ਪੰਜਵੀਂ ਨੂੰ ਬੈਸਟ ਲੜਕੇ ਵਜੋਂ ਸਨਮਾਨਿਤ ਕੀਤਾ ਗਿਆ। ਪਿਛਲੇ ਸਾਲ ਵਿਦਿਅਕ ਪੱਖ ਤੋਂ ਪਹਿਲੇ ਦੂਸਰੇ ਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਬੱਚਿਆਂ ਦਾ ਵੀ ਸਨਮਾਨ ਕੀਤਾ ਗਿਆ। ਸਕੂਲ ਦੇ ਅਧਿਆਪਕ ਰਘਵੀਰ ਸਿੰਘ ਜੀ ਦੇ ਬੇਟੇ ਸ਼ੁਭਦੀਪ ਸਿੰਘ ਵੱਲੋਂ ਭੰਗੜੇ ਦੀ ਬਾਕਮਾਲ ਪੇਸ਼ਕਾਰੀ ਪੇਸ਼ ਕੀਤੀ ਗਈ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸਰਦਾਰ ਰਜਿੰਦਰ ਸਿੰਘ ਜੀ ਵੱਲੋਂ ਸਕੂਲ ਦੀਆਂ ਪ੍ਰਾਪਤੀਆਂ ਦੱਸਦੇ ਹੋਏ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਦਾਖਲੇ ਸਰਕਾਰੀ ਸਕੂਲ ਵਿੱਚ ਕਰਵਾਉਣ ਦੀ ਅਪੀਲ ਕੀਤੀ ਗਈ। ਮੁੱਖ ਅਧਿਆਪਕਾ ਮੈਡਮ ਮੰਜੂ ਬਾਲਾ ਜੀ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ।ਸਟੇਜ ਦੀ ਕਾਰਵਾਈ ਸਰਦਾਰ ਰਘਬੀਰ ਸਿੰਘ ਈਟੀਟੀ ਅਧਿਆਪਕ ਵੱਲੋਂ ਬਖੂਬੀ ਨਿਭਾਈ ਗਈ। ਇਸ ਮੌਕੇ ਸੁਨਹਿਰੀ ਜਨ ਸੇਵਾ ਕਲੱਬ ਦੇ ਮੈਂਬਰ ਸਾਹਿਬਾਨ,ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਅਹੁਦੇਦਾਰ, ਸਮੂਹ ਐਸਐਮਸੀ ਕਮੇਟੀ ਮੈਂਬਰ, ਰਿਟਾਇਰਡ ਅਧਿਆਪਕਾ ਮੈਡਮ ਹਰਵਿੰਦਰ ਕੌਰ, ਗੁਰਤੇਜ ਸਿੰਘ ਨਹਿਰੂ, ਮਾਸਟਰ ਜਸਵੀਰ ਸਿੰਘ ਸੈਂਬਰ ਸਿੰਘ ਡੀਜੇ ਸਰਵਿਸ,ਗੋਬਿੰਦ ਸਿੰਘ, ਦਰਸ਼ਨ ਸਿੰਘ ਮਿਸਤਰੀ, ਸਮੂਹ ਸਕੂਲ ਸਟਾਫ ਮੈਡਮ ਹਰਕੇਸ਼ ਕੌਰ, ਸ਼ਰਨਜੀਤ ਕੌਰ,ਅਮਰਜੀਤ ਕੌਰ, ਰਣਜੀਤ ਕੌਰ, ਰਾਮਭਜਨ ਸਿੰਘ, ਕੱਬ ਮਾਸਟਰ ਗੁਰਪਿਆਰ ਸਿੰਘ ਪਿੰਡ ਦੇ ਪਤਵੰਤੇ ਸੱਜਣ, ਸਕੂਲ ਦੇ ਮਿਡ ਡੇ ਮੀਲ ਵਰਕਰ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।