28 ਮਾਰਚ (ਕਰਨ ਭੀਖੀ) ਮਾਨਸਾ: ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਨਿਰਮਲ ਓਸੇਪਚਨ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਵਿੱਚ ਰਾਤ ਸਮੇਂ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ।
ਹੁਕਮ ਵਿੱਚ ਉਨ੍ਹਾਂ ਕਿਹਾ ਕਿ ਕਣਕ ਦੀ ਕਟਾਈ ਦਾ ਸੀਜ਼ਨ ਸਾਲ 2024 ਸ਼ੁਰੂ ਹੋਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਫਸਲ ਦੀ ਕਟਾਈ ਆਮ ਤੌਰ ’ਤੇ ਕਿਸਾਨਾਂ ਵੱਲੋਂ ਕੰਬਾਈਨਾਂ ਨਾਲ ਕਰਵਾਈ ਜਾਂਦੀ ਹੈ। ਫਸਲ ਦੀ ਕਟਾਈ ਵਾਸਤੇ ਦਿਨ ਰਾਤ ਕੰਬਾਈਨਾਂ ਚਲਾਈਆਂ ਜਾਂਦੀਆਂ ਹਨ। ਇਹ ਕੰਬਾਈਨਾਂ, ਜੋ ਕਣਕ ਚੰਗੀ ਤਰ੍ਹਾਂ ਸੁੱਕੀ ਨਹੀਂ ਹੁੰਦੀ, ਵੀ ਕੱਟ ਦਿੰਦੀਆਂ ਹਨ ਜਿਸ ਨਾਲ ਕਿਸਾਨਾਂ ਨੂੰ ਸਿੱਧਾ ਨੁਕਸਾਨ ਪਹੁੰਚਦਾ ਹੈ।
ਇਸ ਤੋਂ ਇਲਾਵਾ ਕੰਬਾਈਨਾਂ ਸੜ੍ਹਕ ਰਾਹੀਂ ਖੇਤਾਂ ਵਿੱਚ ਜਾਂਦੀਆਂ ਹਨ ਜਿਸ ਕਰਕੇ ਆਮ ਟਰੈਫ਼ਿਕ ਵਿੱਚ ਕਾਫ਼ੀ ਵਿਘਨ ਪੈਂਦਾ ਹੈ ਅਤੇ ਐਕਸੀਡੈਂਟ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕਈ ਵਾਰ ਰਾਤ ਦਾ ਹਨੇ੍ਹਰਾ ਹੋਣ ਕਾਰਨ ਕੰਬਾਈਨਾਂ ਬਿਜਲੀ ਦੀਆਂ ਤਾਰਾਂ ਨਾਲ ਅਚਾਨਕ ਟਕਰਾ ਜਾਂਦੀਆਂ ਹਨ ਤੇ ਸ਼ਾਰਟ ਸਰਕਟ ਹੋਣ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਤ ਨੂੰ ਨਮੀ ਹੋਣ ਕਾਰਨ ਕਣਕ ਸੁੱਕੀ ਨਹੀਂ ਹੁੰਦੀ ਅਤੇ ਨਮੀ ਵਾਲੀ ਕਣਕ ਨਿਲਾਮੀ ਹੋਣ ਵਿੱਚ ਦੇਰੀ ਹੋ ਜਾਂਦੀ ਹੈ। ਜਿਸ ਕਰਕੇ ਕਿਸਾਨਾਂ ਨੂੰ ਕਈ-ਕਈ ਦਿਨ ਮੰਡੀਆਂ ਵਿੱਚ ਖੱਜਲ-ਖ਼ੁਆਰ ਹੋਣਾ ਪੈਂਦਾ ਹੈ। ਇਸ ਲਈ ਆਮ ਪਬਲਿਕ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰਾਤ ਸਮੇਂ ਕੰਬਾਇਨਾਂ ਚਲਾਉਣ ’ਤੇ ਪਾਬੰਦੀ ਲਗਾਈ ਜਾਂਦੀ ਹੈ।
ਇਹ ਹੁਕਮ 01 ਅਪ੍ਰੈਲ ਤੋਂ 31 ਮਈ 2024 ਤੱਕ ਲਾਗੂ ਰਹੇਗਾ।
ਰਾਤ 7 ਵਜੇ ਤੋਂ ਸਵੇਰੇ 6 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪਾਬੰਦੀ
Highlights
- #mansanews
Leave a comment