ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ 116 ਖ਼ੂਨਦਾਨੀਆਂ ਨੇ ਕੀਤਾ ਖ਼ੂਨਦਾਨ
23 ਮਾਰਚ (ਨਾਨਕ ਸਿੰਘ ਖੁਰਮੀ) ਬੁਢਲਾਡਾ: ਬੀਤੇ ਦਿਨੀਂ ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਊਂਡੇਸ਼ਨ ਬੁਢਲਾਡਾ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖ਼ੂਨਦਾਨ ਕੈੰਪ ਸਥਾਨਕ ਡੀ.ਪੀ. ਜਿੰਮ ਵਿਖੇ ਲਗਾਇਆ ਗਿਆ। ਕੈੰਪ ਦੀ ਸ਼ਮਾ ਰੌਸ਼ਨ ਦੀ ਰਸਮ ਡੀ ਪੀ ਜਿੰਮ ਦੇ ਸੁਨੀਤ ਗਰਗ ਅਤੇ ਉੱਥੇ ਮੌਜੂਦ ਖ਼ੂਨਦਾਨੀਆਂ ਵੱਲੋਂ ਮਿਲਕੇ ਕੀਤੀ ਗਈ। 116 ਨੌਜਵਾਨਾਂ ਅਤੇ ਔਰਤਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ ਅਤੇ ਖ਼ੂਨਦਾਨ ਕਰਕੇ ਸ਼ਰਧਾਂਜਲੀ ਦਿੱਤੀ ਗਈ। ਗੱਲਬਾਤ ਕਰਦੇ ਹੋਏ ਨੇਕੀ ਫਾਉਂਡੇਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਹਰ ਸਾਲ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਅਤੇ ਜਨਮਦਿਨ ਮੌਕੇ ਖ਼ੂਨਦਾਨ ਕੈੰਪ ਲਗਾਏ ਜਾਂਦੇ ਹਨ। ਇਸ ਵਾਰ ਵੀ ਸੰਸਥਾ ਵੱਲੋਂ ਲਗਾਤਾਰ ਦੋ ਖ਼ੂਨਦਾਨ ਕੈੰਪ ਲਗਾਏ ਗਏ ਹਨ, ਜਿੱਥੇ ਨੌਜਵਾਨਾਂ ਨੇ ਵਧ ਚੜਕੇ ਹਿੱਸਾ ਲਿਆ। ਸੰਸਥਾ ਵੱਲੋਂ ਹਰ ਸਾਲ 40 ਦੇ ਕਰੀਬ ਕੈੰਪ ਲਗਾਏ ਜਾਂਦੇ ਹਨ ਅਤੇ ਜ਼ਿਲ੍ਹਾ ਮਾਨਸਾ ਅਤੇ ਬਠਿੰਡਾ ਦੇ ਸਰਕਾਰੀ ਬਲੱਡ ਬੈਂਕਾਂ ਵਿੱਚ ਖੂਨ ਦੀ ਪੂਰਤੀ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਸੰਸਥਾ ਨੂੰ ਪੰਜਾਬ ਸਰਕਾਰ ਵੱਲੋਂ ਲਗਾਤਾਰ ਤਿੰਨ ਸਾਲਾਂ ਤੋਂ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਸੰਸਥਾ ਵੱਲੋਂ ਕੈੰਪ ਦਾ ਪ੍ਰਬੰਧ ਕਰਨ ਵਾਲੇ ਅਦਾਰਾ ਡੀ ਪੀ ਜਿੰਮ ਅਤੇ ਸਾਰੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ। ਸਾਰੇ ਹੀ ਖ਼ੂਨਦਾਨੀਆਂ ਨੂੰ ਸ਼ਹੀਦਾਂ ਦੇ ਯਾਦਗਾਰੀ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।