ਕਿਹਾ ਕਿ ਈ ਡੀ ਜਿਹੜੀ ਦਿੱਲੀ ਆਬਕਾਰੀ ਨੀਤੀ ਦੀ ਜਾਂਚ ਕਰ ਰਹੀ ਹੈ, ਉਹੀ ਪੰਜਾਬ ਵਿਚ ਵੀ ਲਾਗੂ ਕੀਤੀ ਗਈ
23 ਮਾਰਚ (ਰਾਜਦੀਪ ਜੋਸ਼ੀ) ਬਠਿੰਡਾ: ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਦਿੱਲੀ ਆਬਕਾਰੀ ਨੀਤੀ ਵਾਂਗੂ ਪੰਜਾਬ ਆਬਕਾਰੀ ਨੀਤੀ ਦੀ ਵੀ ਕੇਂਦਰੀ ਜਾਂਚ ਦੀ ਮੰਗ ਕੀਤੀ ਅਤੇ ਕਿਹਾ ਕਿ ਦੋਵਾਂ ਨੀਤੀਆਂ ਦੇ ਮਾਮਲੇ ਵਿਚ ਲਾਭਪਾਤਰੀ ਇਕੋ ਹਨ।
ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਅਖੌਤੀ ਕੱਟੜ ਇਮਾਨਦਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਦਿੱਲੀ ਆਬਕਾਰੀ ਘੁਟਾਲੇ ਵਿਚ ਗ੍ਰਿਫਤਾਰੀ ਮਗਰੋਂ ਹੁਣ ਸਮਾਂ ਆ ਗਿਆ ਹੈ ਕਿ ਜਿਹਨਾਂ ਨੇ ਇਹੀ ਨੀਤੀ ਪੰਜਾਬ ਵਿਚ ਲਾਗੂ ਕਰ ਕੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਕੀਤੀ, ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ।ਉਹਨਾਂ ਕਿਹਾ ਕਿ ਪੰਜਾਬ ਵਿਚ ਸ਼ਰਾਬ ਆਬਕਾਰੀ ਨੀਤੀ ਬਿਲਕੁਲ ਹੂ ਬ ਹੂ ਦਿੱਲੀ ਆਬਕਾਰੀ ਨੀਤੀ ਵਰਗੀ ਸੀ ਕਿਉਂਕਿ ਇਸ ਵਿਚ ਲਾਭਪਾਤਰੀ ਵੀ ਉਹੀ ਵਿਅਕਤੀ ਸਨ ਜਿਹਨਾਂ ਨੂੰ ਦਿੱਲੀ ਵਿਚ ਲਾਭ ਮਿਲਿਆ। ਉਹਨਾਂ ਕਿਹਾ ਕਿ ਕਿਉਂਕਿ ਕੇਸ ਵਿਚ ਕੇਜਰੀਵਾਲ ਨੂੰ ਅਦਾਲਤਾਂ ਨੇ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਹੈ ਤਾਂ ਸਪਸ਼ਟ ਹੈ ਕਿ ਪੰਜਾਬ ਵਿਚ ਵੀ ਭ੍ਰਿਸ਼ਟਾਚਾਰ ਦਾ ਇਹੋ ਜਿਹਾ ਮਾਮਲਾ ਹੀ ਬਣਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਸੰਸਦ ਵਿਚ ਵੀ ਇਹ ਮਾਮਲਾ ਚੁੱਕਿਆ ਸੀ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਤੁਰੰਤ ਕਾਰਵਾਈ ਕਰੇ ਅਤੇ ਪੰਜਾਬ ਵਿਚੋਂ ਵੀ ਉਪਰੋਂ ਹੇਠਾਂ ਤੱਕ ਗ੍ਰਿਫਤਾਰੀਆਂ ਕੀਤੀਆਂ ਜਾਣ।
ਸਰਦਾਰਨੀ ਬਾਦਲ ਨੇ ਆਪ ਨੂੰ ਇਹ ਵੀ ਆਖਿਆ ਕਿ ਉਹ ਇਹ ਦੱਸੇ ਕਿ ਜੇਕਰ ਅਰਵਿੰਦ ਕੇਜਰੀਵਾਲ ਬੇਕਸੂਰ ਸੀ ਤਾਂ ਉਸਨੇ ਈ ਡੀ ਦੇ 9 ਸੰਮਨਾਂ ਨੂੰ ਅਣਡਿੱਠ ਕਿਉਂ ਕੀਤਾ ? ਉਹਨਾਂ ਕਿਹਾ ਕਿ ਜਿਸ ਤਰੀਕੇ ਹਾਈ ਕੋਰਟ ਨੇ ਕੇਜਰੀਵਾਲ ਨੂੰ ਜ਼ਮਾਨਤ ਦੇਣ ਤੋਂ ਨਾਂਹ ਕੀਤੀ ਤੇ ਜਿਸ ਤਰੀਕੇ ਕੇਜਰੀਵਾਲ ਨੇ ਸੁਪਰੀਮ ਕੋਰਟ ਤੋਂ ਅਰਜ਼ੀ ਵਾਪਸ ਲਈ, ਉਸ ਤੋਂ ਸਪਸ਼ਟ ਹੈ ਕਿ ਉਹ ਬਹੁਤ ਕੁਝ ਛੁਪਾ ਰਹੇ ਹਨ।ਸਰਦਾਰਨੀ ਬਾਦਲ ਨੈ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਿਰਫ ਦੇਸ਼ ਹੀ ਨਹੀਂ ਬਲਕਿ ਪੰਜਾਬੀਆਂ ਨਾਲ ਵੀ ਝੂਠ ਬੋਲਿਆ ਹੈ। ਉਹਨਾਂ ਕਿਹਾ ਕਿ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿਚ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ ਜਦੋਂ ਕਿ ਅਸਲੀਅਤ ਇਹ ਹੈ ਕਿ ਲੋਕਾਂ ਨੂੰ 10 ਤੋਂ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੱਕ ਬਿਜਲੀ ਬਿੱਲ ਆ ਰਹੇ ਹਨ ਜਦੋਂ ਕਿ ਉਹਨਾਂ ਨੇ ਇੰਨੀ ਬਿਜਲੀ ਖਪਤ ਵੀ ਨਹੀਂ ਕੀਤੀ।
ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਔਰਤਾਂ ਨਾਲ ਵੀ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਦੋ ਸਾਲ ਬੀਤਣ ’ਤੇ ਵੀ ਔਰਤਾਂ ਨੂੰ ਇਕ ਫੁੱਟੀ ਕੌਡੀ ਵੀ ਨਹੀਂ ਦਿੱਤੀ ਗਈ ਤੇ ਅੱਜ ਹਰ ਇਕ ਔਰਤ ਦਾ ਸਰਕਾਰ ਵੱਲ 24-24 ਹਜ਼ਾਰ ਰੁਪਏ ਬਕਾਇਆ ਹੈ। ਉਹਨਾਂ ਮੰਗ ਕੀਤੀ ਕਿ ਇਹ ਰਾਸ਼ੀ ਛੇਤੀ ਤੋਂ ਛੇਤੀ ਲਾਭਪਾਤਰੀਆਂ ਨੂੰ ਦਿੱਤੀ ਜਾਵੇ ਤੇ ਅੱਗੇ ਤੋਂ ਨਿਯਮਿਤ ਅਦਾਇਗੀ ਕੀਤੀ ਜਾਵੇ।
ਕਾਂਗਰਸ ਤੇ ਆਪ ਗਠਜੋੜ ’ਤੇ ਵਰ੍ਹਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਦੋਵਾਂ ਪਾਰਟੀਆਂ ਨੇ ਸਰਕਾਰੀ ਖ਼ਜ਼ਾਨੇ ਨੂੰ ਲੁੱਟਣ ਵਾਸਤੇ ਆਪਸੀ ਸਮਝੌਤਾ ਕੀਤਾ ਹੈ ਅਤੇ ਉਹਨਾਂ ਨੇ ਪੰਜਾਬ ਨੂੰ ਛੱਡ ਕੇ ਦੇਸ਼ ਦੇ ਹਰ ਹਿੱਸੇ ਵਾਸਤੇ ਗਠਜੋੜ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬੀ ਪਹਿਲਾਂ ਹੀ ਇਹਨਾਂ ਦਾ ਲੁਕਵਾਂ ਏਜੰਡਾ ਸਮਝ ਗਏ ਹਨ ਅਤੇ ਉਹ ਆਉਂਦੀਆਂ ਸੰਸਦੀ ਚੋਣਾਂ ਵਿਚ ਦੋਵਾਂ ਪਾਰਟੀਆਂ ਨੂੰ ਕਰਾਰਾ ਸਬਕ ਸਿਖਾਉਣਗੇ।