ਆਗੂਆਂ ਨੇ ਅੰਦੋਲਨ 2.0 ਨੂੰ ਮਜ਼ਬੂਤ ਕਰਨ ਦਾ ਲਿਆ ਅਹਿਦ
16 ਮਾਰਚ (ਰਿੰਪਲ ਗੋਲਣ) ਭਿੱਖੀਵਿੰਡ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਜਥੇਬੰਦੀ ਦੇ ਸੂਬਾਈ ਆਗੂ ਸਤਨਾਮ ਸਿੰਘ ਪੰਨੂ ਤੇ ਹਰਪ੍ਰੀਤ ਸਿੰਘ ਸਿੱਧਵਾਂ ਦੀ ਅਗਵਾਈ ਹੇਠ ਪਿੰਡ ਮਨਿਹਾਲਾ ਜੈ ਸਿੰਘ ਵਾਲਾ ਵਿਖੇ ਹੋਈ,ਜਿਸ ‘ਚ ਵੱਡੀ ਗਿਣਤੀ ਵਿੱਚ ਕਿਸਾਨਾਂ,ਮਜ਼ਦੂਰਾਂ ਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂਆਂ ਵੱਲੋਂ ਮਤਾ ਪਾਸ ਕਰਦਿਆਂ ਕਿਸਾਨੀ ਅੰਦੋਲਨ 2.0 ਨੂੰ ਮਜ਼ਬੂਤ ਕਰਨ ਦਾ ਅਹਿਦ ਲੈਣ ਤੋਂ ਇਲਾਵਾ ਭਾਜਪਾ ਨਾਲ ਗੱਠਜੋੜ ਕਰਨ ਵਾਲੀ ਰਾਜਨੀਤਿਕ ਪਾਰਟੀ ਦਾ ਡਟ ਕੇ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸਤਨਾਮ ਸਿੰਘ ਪੰਨੂ ਤੇ ਹਰਪ੍ਰੀਤ ਸਿੰਘ ਸਿੱਧਵਾਂ ਨੇ ਕਿਹਾ ਕਿ ਕਿਸਾਨਾਂ ‘ਤੇ ਅਣਮਨੁੱਖੀ ਤਸ਼ੱਦਦ ਢਾਹ ਰਹੀ ਭਾਜਪਾ ਨਾਲ ਹੱਥ ਮਿਲਾਉਣ ਵਾਲੀ ਪਾਰਟੀ ਦਾ ਸੂਬੇ ਵਿੱਚ ਹਰ ਥਾਂ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਇਲੈਕਟੋਰਲ ਬਾਂਡ ਦੇ ਨਾਂਅ ‘ਤੇ ਕਾਰਪੋਰੇਟਾਂ ਵੱਲੋਂ ਭਾਜਪਾ ਨੂੰ ਦਿੱਤੇ ਗਏ ਹਜ਼ਾਰਾਂ ਕਰੋੜਾਂ ਰੁਪਏ ਦੇ ਫੰਡ ਇਸ ਗੱਲ ਦਾ ਸਬੂਤ ਹਨ ਕਿ ਮੋਦੀ ਸਰਕਾਰ ਤੇ ਕਾਰੋਬਾਰੀ ਰਲ-ਮਿਲ ਕੇ ਦੇਸ ਵਾਸੀਆਂ ਨੂੰ ਬੇਵਕੂਫ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਰਪੋਰੇਟਾਂ ਨਾਲ ਗੂੜੀ ਸਾਂਝ ਕਾਰਨ ਹੀ ਭਾਜਪਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਗੌਰ ਕਰਨ ਨੂੰ ਤਿਆਰ ਨਹੀਂ। ਆਗੂਆਂ ਨੇ ਕਿਹਾ ਕਿ 77 ਸਾਲ ਤੋਂ ਚੱਲ ਰਹੇ ਇਸ ਗੋਰਖ ਧੰਦੇ ਨੇ 1 ਪ੍ਰਤੀਸ਼ਤ ਅਮੀਰ ਲੋਕਾਂ ਦਾ ਦੇਸ਼ ਦੇ 73 ਪ੍ਰਤੀਸ਼ਤ ਧਨ ‘ਤੇ ਕਬਜ਼ਾ ਕਰਵਾ ਦਿੱਤਾ ਹੈ ਤੇ 87 ਪ੍ਰਤੀਸ਼ਤ ਲੋਕ ਗਰੀਬੀ ਨਾਲ ਲੜ ਰਹੇ ਹਨ। ਇਸ ਮੌਕੇ ਆਗੂਆਂ ਨੇ ਦੇਸ਼ ਭਰ ਦੇ ਕਿਰਤੀ ਕਾਮਿਆਂ ਨੂੰ ਜਾਗਣ ਦਾ ਸੱਦਾ ਦਿੰਦਿਆਂ ਚੀਫ਼ ਜਸਟਿਸ ਆਫ ਇੰਡੀਆ ਡੀ.ਵਾਈ. ਚੰਦਰਚੂੜ ਨੂੰ ਸੁਪਰੀਮ ਕੋਰਟ ਦੇ ਸਿਟਿੰਗ ਜੱਜਾਂ ਦੀ ਉੱਚ-ਪੱਧਰੀ ਕਮੇਟੀ ਬਣਾ ਕੇ ਭਾਜਪਾ ਦੇ ਮੰਤਰੀਆਂ, ਰਾਜਨੀਤਿਕ ਪਾਰਟੀਆਂ ਦੇ ਆਗੂਆਂ,ਕਾਰਪੋਰੇਟਾਂ, ਮਾਫ਼ੀਆ ਗਰੁੱਪਾਂ ਵੱਲੋਂ ਦੇਸ਼ ਦਾ ਧਨ ਲੁੱਟ ਕੇ ਹਜ਼ਾਰਾਂ ਕਰੋੜ ਦੀਆਂ ਬਣਾਈਆਂ ਜਾਇਦਾਦਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਇਨਸਾਫ਼ ਪਸੰਦ ਲੋਕਾਂ ਨੂੰ ਲੋਕਤੰਤਰ ਬਚਾਉਣ ਲਈ ਲਾਮਬੰਦ ਹੋ ਕੇ ਸੰਘਰਸ਼ਾਂ ਦੇ ਪਿੜ ਮੱਲਣ ਦੀ ਅਪੀਲ ਵੀ ਕੀਤੀ। ਇਸ ਮੌਕੇ ਮੇਹਰ ਸਿੰਘ ਤਲਵੰਡੀ,ਦਿਲਬਾਗ ਸਿੰਘ ਪਹੂਵਿੰਡ ਦਲਬੀਰ ਸਿੰਘ ਭੂਰਾ,ਰਣਜੀਤ ਸਿੰਘ ਚੀਮਾ,ਸਵਰਨ ਸਿੰਘ ਹਰੀਕੇ, ਸੁਖਦੇਵ ਸਿੰਘ ਦੁੱਬਲੀ,ਪੂਰਨ ਸਿੰਘ ਮੱਦਰ ,ਗੁਰਜੰਟ ਸਿੰਘ ਭੱਗੂਪੁਰ, ਰਣਜੀਤ ਸਿੰਘ ਸ਼ਾਹਬਾਜ਼ਪੁਰ, ਦਲਜੀਤ ਸਿੰਘ ਕੈਰੋਂ, ਬੀਬੀ ਹਰਪ੍ਰੀਤ ਕੌਰ, ਸਿਮਰਨਜੀਤ ਕੌਰ,ਦਲਜੀਤ ਕੌਰ ਮੱਦਰ ਆਦਿ ਹਾਜ਼ਰ ਸਨ।