- ਪੰਜਾਬ ਸਪੋਰਟਸ ਇੰਸਟੀਚਿਊਟ ਅਕੈਡਮੀ ਦੀਆਂ ਖਿਡਾਰਣਾਂ ਨੂੰ ਵੰਡੀਆਂ 89 ਹਾਕੀ ਕਿੱਟਾਂ
14 ਮਾਰਚ (ਗਗਨਦੀਪ ਸਿੰਘ) ਬਠਿੰਡਾ: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਦੇ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਨ ਲਈ ਵਚਨਵੱਧ ਤੇ ਯਤਨਸ਼ੀਲ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਵਿਧਾਇਕ (ਬਠਿੰਡਾ ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਨੇ ਸਥਾਨਕ ਸਰਕਾਰੀ ਰਜਿੰਦਰਾ ਕਾਲਜ ਵਿਖੇ ਸਥਿਤ ਹਾਕੀ ਸਟੇਡੀਅਮ ਵਿਖੇ ਪੰਜਾਬ ਸਪੋਰਟਸ ਇੰਸਟੀਚਿਊਟ ਅਕੈਡਮੀ ਦੀਆਂ ਖਿਡਾਰਣਾਂ ਨੂੰ 89 ਹਾਕੀ ਕਿੱਟਾਂ ਵੰਡਣ ਉਪਰੰਤ ਕੀਤਾ।
ਇਸ ਦੌਰਾਨ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਤੋਂ ਇਲਾਵਾ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦੇ ਮੱਦੇਨਜ਼ਰ ਵਿਸ਼ੇਸ਼ ਉਪਰਾਲੇ ਤੇ ਨਿਵੇਕਲੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖਿਡਾਰੀਆਂ ਨੇ ਨੈਸ਼ਨਲ ਪੱਧਰ ਤੇ ਖੇਡਣ ਜਾਣਾ ਸੀ ਉਨ੍ਹਾਂ ਖਿਡਾਰੀਆਂ ਨੂੰ ਪੰਜਾਬ ਸਰਕਾਰ ਨੇ 8-8 ਲੱਖ ਰੁਪਏ ਤਿਆਰੀ ਲਈ ਦਿੱਤਾ ਤਾਂ ਜੋ ਉਹ ਆਪੋਂ-ਆਪਣੀਆਂ ਖੇਡਾਂ ਚ ਚੰਗਾ ਨਾਮਣਾ ਖੱਟ ਕੇ ਆਪਣੇ ਮਾਤਾ-ਪਿਤਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।
ਇਸ ਤੋਂ ਪਹਿਲਾਂ ਵਿਧਾਇਕ (ਬਠਿੰਡਾ ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਮਰੀਜਾਂ ਅਤੇ ਮਰੀਜਾਂ ਦੇ ਨਾਲ ਆਉਣ ਵਾਲੇ ਰਿਸ਼ਤੇਦਾਰਾਂ ਤੇ ਸਕੇ ਸਬੰਧੀਆ ਲਈ ਨਵੇ ਬਣੇ ਲੰਗਰ ਹਾਲ ਤੇ ਵੇਟਿੰਗ ਏਰੀਏ ਦੀ ਰਸਮੀ ਸੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਕਿਹਾ ਕਿ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਵੱਧ ਤੇ ਯਤਨਸ਼ੀਲ ਹੈ। ਮੁੱਖ ਮੰਤਰੀ ਦੀ ਦੂਰਅੰਦੇਸ਼ੀ ਸੋਚ ਸਦਕਾ ਆਮ ਲੋਕਾਂ ਦੀ ਸਿਹਤ ਭਲਾਈ ਦੇ ਮੰਤਵ ਨਾਲ ਉਨ੍ਹਾਂ ਦੇ ਘਰਾਂ ਨਜ਼ਦੀਕ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੈ।
ਇਸ ਦੌਰਾਨ ਸ. ਗਿੱਲ ਨੇ ਕਿਹਾ ਕਿ ਹਸਪਤਾਲ ਚ ਇਸ ਲੰਗਰ ਹਾਲ ਦੇ ਸੁਰੂ ਹੋਣ ਨਾਲ ਲੰਗਰ ਅਤੇ ਆਰਾਮ ਜਾ ਇੰਤਜਾਰ ਆਦਿ ਕਰਨ ਸੁਖਾਲਾ ਹੋ ਜਾਵੇਗਾ। ਇਸ ਹਾਲ ਵਿੱਚ 300 ਤੋ 400 ਤੱਕ ਦੇ ਵਿਅਕਤੀਆ ਦੇ ਬੈਠਣ ਦਾ ਪ੍ਰਬੰਧ, ਬਿਜਲੀ, ਬਰਤਨ ਧੌਣ ਲਈ ਥਾਂ, ਪੀਣ ਦਾ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੱਥੇ ਮਰਦਾਂ ਅਤੇ ਔਰਤਾਂ ਲਈ ਵੱਖੋਂ-ਵੱਖਰੇ ਪਖਾਨਿਆਂ ਆਦਿ ਵੀ ਬਣਾਏ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ ਵੀ ਮਰੀਜ਼ਾਂ ਦੀ ਸਹੂਲਤ ਲਈ ਫਰੀ ਲੰਗਰ ਦੀ ਸੇਵਾ ਕਈ ਸੰਸਥਾਵਾਂ ਵੱਲੋਂ ਕੀਤੀ ਜਾਂਦੀ ਹੈ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋ, ਸੀਨੀਅਰ ਮੈਡੀਕਲ ਅਫਸਰ ਡਾ. ਸਤੀਸ਼ ਜਿੰਦਲ, ਐਮਸੀ ਸ਼੍ਰੀ ਸੁਖਦੀਪ ਸਿੰਘ ਢਿੱਲੋਂ ਅਤੇ ਹੋਰ ਡਾਕਟਰ ਸਾਹਿਬਾਨ ਆਦਿ ਹਾਜ਼ਰ ਸਨ।