13 ਮਾਰਚ (ਰਿੰਪਲ ਗੋਲਣ) ਭਿੱਖੀਵਿੰਡ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਲਾਕੇ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ‘ਤੇ ਸਮਾਜ ਵਿਰੋਧੀ ਅਨਸਰਾਂ ‘ਤੇ ਨਕੇਲ ਕੱਸਣ ਦੇ ਮਕਸਦ ਨਾਲ ਐੱਸ.ਐੱਚ.ਓ ਭਿੱਖੀਵਿੰਡ ਮੋਹਿਤ ਕੁਮਾਰ ਵੱਲੋਂ ਪੈਰਾ ਮਿਲਟਰੀ ਫੋਰਸ ਦੇ ਸਹਿਯੋਗ ਨਾਲ ਭਿੱਖੀਵਿੰਡ ਚੌਕ ‘ਚ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਐੱਚ.ਓ ਮੋਹਿਤ ਕੁਮਾਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਲਾਕੇ ਵਿੱਚ ਅਮਨ ਸ਼ਾਂਤੀ ਬਰਕਰਾਰ ਰੱਖਣ ‘ਤੇ ਮਾੜੇ ਅਨਸਰਾਂ ਨੂੰ ਦਬੋਚਣ ਲਈ ਐੱਸ.ਐੱਸ.ਪੀ ਤਰਨ ਤਾਰਨ ਅਸ਼ਵਨੀ ਕਪੂਰ ‘ਤੇ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ.ਐੱਸ.ਪੀ ਪ੍ਰੀਤਇੰਦਰ ਸਿੰਘ ਵੱਲੋਂ ਜਾਰੀ ਹਦਾਇਤਾਂ ਤਹਿਤ ਸਖ਼ਤੀ ਨਾਲ ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਸ਼ਾਂਤੀ ਪੂਰਵਕ ਨੇਪਰੇ ਚਾੜ੍ਹਨ ‘ਤੇ ਇਲਾਕੇ ਵਿੱਚ ਵਧ ਰਹੀਆਂ ਲੁੱਟ,ਖੋਹ ‘ਤੇ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੁਲਸ ਅਤੇ ਅਰਧ ਸੈਨਿਕ ਬਲਾਂ ਵੱਲੋਂ ਗਸ਼ਤ ਦੇ ਨਾਲ-ਨਾਲ ਨਾਕਾਬੰਦੀ ਮੁਹਿੰਮ ਜਾਰੀ ਰਹੇਗੀ। ਇਸ ਮੌਕੇ ਟ੍ਰੈਫਿਕ ਇੰਚਾਰਜ ਸ਼ੇਰ ਸਿੰਘ, ਏ.ਐੱਸ.ਆਈ ਬਲਬੀਰ ਸਿੰਘ, ਏ.ਐੱਸ.ਆਈ ਰੇਸ਼ਮ ਸਿੰਘ,ਹੈੱਡ ਕਾਂਸਟੇਬਲ ਪ੍ਰਦੀਪ ਕੁਮਾਰ, ਹੈੱਡ ਕਾਂਸਟੇਬਲ ਗੁਰਪਾਲ ਸਿੰਘ,ਆਦਿ ਮੁਲਾਜ਼ਮ ਹਾਜ਼ਰ ਸਨ।