ਮਾਨਸਾ,16 ਦਸੰਬਰ-ਕਰਨ ਭੀਖੀ
ਸਰਕਾਰੀ ਸੈਕੰਡਰੀ ਸਕੂਲ ਬੁਰਜਹਰੀ ਦੇ ਵਿਦਿਆਰਥੀਆਂ ਨੇ ਲਗਾਇਆ ਵਿੱਦਿਅਕ ਟੂਰ
ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰੀ ਸੈਕੰਡਰੀ ਸਕੂਲ, ਬੁਰਜ ਹਰੀ ( ਮਾਨਸਾ ) ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਲਿਜਾਇਆ ਗਿਆ । ਇਸ ਟੂਰ ਦੀ ਅਗਵਾਈ ਸਕੂਲ ਇੰਚਾਰਜ ਸ੍ਰ. ਗੁਰਤੇਜ ਸਿੰਘ ਨੇ ਕੀਤੀ । ਮਿਤੀ 06/12/23 ਨੂੰ ਵਿਦਿਆਰਥੀ ਆਗਰਾ ਲਈ ਰਵਾਨਾ ਹੋਏ ਅਤੇ ਬੱਸ ਨੂੰ ਝੰਡੀ ਦੇਣ ਦੀ ਰਸਮ ਸੀਨੀਅਰ ਅਧਿਆਪਕ ਸ਼੍ਰੀ ਸੰਦੀਪ ਢੰਡ ਨੇ ਅਦਾ ਕੀਤੀ । ਵਿਦਿਆਰਥੀਆਂ ਦੇ ਨਾਲ ਸਕੂਲ ਦੇ ਮੈਥ ਮਾਸਟਰ ਸ਼੍ਰੀ ਰੋਹਿਤ ਕੁਮਾਰ, ਸ.ਸ. ਅਧਿਆਪਕ ਸ਼੍ਰੀ ਰਾਜ ਸਿੰਘ, ਸਾਇੰਸ ਮਿਸਟ੍ਰੈਸ ਮੈਡਮ ਪਿੰਕਲ, ਕੰਪਿਊਟਰ ਫੈਕਲਟੀ ਮੈਡਮ ਹਰਭਿੰਦਰ ਕੌਰ ਅਤੇ ਸ੍ਰ ਨਰਿੰਦਰ ਸਿੰਘ ਵੀ ਨਾਲ ਸਨ ।
ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਪਹਿਲੇ ਦਿਨ 07/12/2023 ਨੂੰ ਆਗਰਾ ਵਿਖੇ ਤਾਜ ਮਹਿਲ ਦੇਖਿਆ ਅਤੇ ਉੱਥੋਂ ਦੇ ਗਾਈਡ ਸਾਹਿਬਾਨ ਨੇ ਤਾਜ ਮਹਿਲ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਵਿਦਿਆਰਥੀਆਂ ਨੂੰ ਦਿੱਤੀ । ਇਸ ਤੋਂ ਬਾਅਦ ਵਿਦਿਆਰਥੀਆਂ ਨੇ ਆਗਰੇ ਦਾ ਕਿਲਾ ਵੇਖਿਆ ਅਤੇ ਉਥੇ ਮੁਗਲ ਬਾਦਸ਼ਾਹ ਅਕਬਰ, ਜਹਾਂਗੀਰ ਅਤੇ ਸ਼ਾਹਜਹਾਂ ਦੇ ਮਹਿਲ ਦੇਖੇ । ਅਗਲੀ ਸਵੇਰ ਵਿਦਿਆਰਥੀਆਂ ਨੇ ਫਤਿਹਪੁਰ ਸਿਕਰੀ ਦਾ ਦੌਰਾ ਕਰਦੇ ਹੋਏ ਕਿਲਾ ਦੇਖਿਆ ਜਿੱਥੇ ਰਾਜਾ ਅਕਬਰ ਅਤੇ ਰਾਣੀਆਂ ਦੇ ਮਹਿਲ, ਦੀਵਾਨ- ਏ ਆਮ, ਦੀਵਾਨ – ਏ ਖਾਸ, ਬੁਲੰਦ ਦਰਵਾਜਾ, ਪੰਚ ਮਹਿਲ, ਸੂਫ਼ੀ ਸੰਤ ਹਜ਼ਰਤ ਸ਼ੇਖ ਸਲੀਮ ਚਿਸਤੀ ਜੀ ਦੀ ਦਰਗਾਹ ਦੇਖੀ ਅਤੇ ਜਾਣਕਾਰੀ ਹਾਸਿਲ ਕੀਤੀ । ਫਤਿਹਪੁਰ ਸਿਕਰੀ ਤੋਂ ਵਾਪਸੀ ਸਮੇਂ ਆਗਰਾ ਵਿਖੇ ਸਿਕੰਦਰਾ ਵਿਖੇ ਅਕਬਰ ਦਾ ਮਕਬਰਾ ਵੀ ਦੇਖਿਆ । ਤੀਜੇ ਦਿਨ ਵਾਪਸੀ ਸਮੇਂ ਵਿਦਿਆਰਥੀਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਜਨਮ ਭੂਮੀ ਮਥੁਰਾ ਅਤੇ ਫ਼ਿਰ ਵਰਿੰਦਾਵਨ ਧਾਮ ਦੇ ਦਰਸ਼ਨ ਕਰਕੇ ਇਹ ਵਿੱਦਿਅਕ ਟੂਰ ਬੁਰਜ ਹਰੀ ਵਾਪਿਸ ਆ ਗਿਆ । ਇਸ ਟੂਰ ਸਮੇਂ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ ਅਤੇ ਯਾਦਗਾਰੀ ਤਸਵੀਰਾਂ ਖਿੱਚੀਆਂ । ਇਸ ਵਿੱਦਿਅਕ ਟੂਰ ਬਾਰੇ ਸਕੂਲ ਇੰਚਾਰਜ ਸ੍ਰ. ਗੁਰਤੇਜ ਸਿੰਘ ਜੀ ਦਾ ਕਹਿਣਾ ਸੀ ਕਿ ਅਜਿਹੇ ਟੂਰ ਵਿਦਿਆਰਥੀਆਂ ਦੀ ਜਾਣਕਾਰੀ ਦੇ ਵਾਧੇ ਵਿੱਚ ਇੱਕ ਮੀਲ ਪੱਥਰ ਸਿੱਧ ਹੁੰਦੇ ਹਨ ਅਤੇ ਇਹਨਾਂ ਰਾਹੀਂ ਵਿਦਿਆਰਥੀ ਪ੍ਰਤੱਖ ਹੋ ਕੇ ਜਾਣਕਾਰੀ ਹਾਸਿਲ ਕਰਦੇ ਹਨ ਜਿਹੜੀ ਕਿ ਵਿਦਿਆਰਥੀਆਂ ਦੇ ਮਨਾਂ ਉੱਪਰ ਚਿਰ ਸਥਾਈ ਪ੍ਰਭਾਵ ਛੱਡ ਜਾਂਦੀ ਹੈ । ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਸਕੂਲ ਵਿੱਚ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਕਿ ਵਿੱਦਿਅਕ ਮੁਕਾਬਲੇ, ਸੱਭਿਆਚਾਰਕ ਮੁਕਾਬਲੇ ਅਤੇ ਵੱਖ-ਵੱਖ ਤਰ੍ਹਾਂ ਦੇ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਸਕੇ ।