ਮਾਤਾ ਗੁਜਰੀ ਜੀ ਸਿਦਕ ਸਾਹਸ ਤੇ ਸ਼ਹਿਨਸ਼ੀਲਤਾ ਦੀ ਮੂਰਤ ਸਨ | ਆਪ ਸਿੱਖ ਇਤਿਹਾਸ ਦੀ ਪਹਿਲੀ ਇਸਤਰੀ ਜੋ ਸ਼ਹੀਦ ਹੋਏ ਸਨ |ਜਦੋਂ ਉਹ ਸ਼ਹੀਦ ਹੋਏ ਉਸ ਵੇਲੇ ਉਹਨਾਂ ਦੀ ਉਮਰ 80 ਸਾਲ ਸੀ |ਮਾਤਾ ਗੁਜਰੀ ਜੀ ਦਾ ਸੇਵਾ ਸਿਮਰਨ ਤੇ ਕੁਰਬਾਨੀ ਦੇ ਖੇਤਰ ਵਿੱਚ ਸਿੱਖ ਇਤਿਹਾਸ ਵਿੱਚ ਬਹੁਤ ਉੱਚਾ ਸਥਾਨ ਹੈ | ਮਾਤਾ ਗੁਜਰੀ ਜੀ ਦਾ ਜਨਮ ਪਿਤਾ ਭਾਈ ਲਾਲ ਚੰਦ ਜੀ ਤੇ ਮਾਤਾ ਬਿਸ਼ਨ ਕੌਰ ਜੀ ਦੇ ਘਰ 1622 ਈ. ਨੂੰ ਕਰਤਾਰਪੁਰ ਜਿਲਾ ਜਲੰਧਰ ਵਿਖੇ ਹੋਇਆ ਪਿਤਾ ਲਾਲ ਚੰਦ ਜੀ ਲਖਨੌਰ ਜ਼ਿਲਾ ਅੰਬਾਲਾ ਦੇ ਰਹਿਣ ਵਾਲੇ ਸਨ। ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਤਾਰਪੁਰ ਵਸਾਇਆ ਤਾਂ ਆਪ ਪਰਿਵਾਰ ਸਮੇਤ ਕਰਤਾਰਪੁਰ ਆ ਕੇ ਵਸ ਗਏ | ਮਾਤਾ ਗੁਜਰੀ ਜੀ ਆਪਣੇ ਮਾਤਾ ਪਿਤਾ ਜੀ ਦੇ ਨਾਲ ਗੁਰੂ ਹਰਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਜਾਇਆ ਕਰਦੇ ਸਨ | ਗੁਰੂ ਅਰਜਨ ਦੇਵ ਜੀ ਦੀ ਪੋਤ ਨੂੰ ਗੁਰੂ ਤੇਗ ਬਹਾਦਰ ਜੀ ਦੀ ਪਤਨੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਤੇ ਚਾਰੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ,ਬਾਬਾ ਜੁਝਾਰ ਸਿੰਘ ਜੀ,ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਦਾਦੀ ਆਪਣੇ ਪੋਤਰਿਆਂ ਦੇ ਨਾਲ ਜੀਵਨ ਦੇ ਆਖਰੀ ਪਲ ਬਿਤਾ ਕੇ ਆਪਣੇ ਦੋ ਛੋਟੇ ਪੋਤਰਿਆਂ ਨਾਲ ਸਰਹਿੰਦ ਵਿੱਚ ਸ਼ਹੀਦ ਹੋਏ | ਸਰਹੰਦ ਵਿੱਚ ਆਪ ਦੀਆਂ ਯਾਦਾਂ ਦੇ ਨਿਸ਼ਾਨ ਅੱਜ ਵੀ ਮੌਜੂਦ ਹਨ | ਮਾਤਾ ਗੁਜਰੀ ਜੀ ਬਹੁਤ ਹੀ ਨਿੱਘੇ ਸੁਭਾਅ ਵਾਲੇ ਪ੍ਰਸੰਨ ਚਿੱਤ ਆਤਮਾ ਸਨ |ਆਪ ਪ੍ਰੇਮ,ਸੇਵਾ, ਸਬਰ,ਸੰਤੋਖ ਵਾਲੇ ਸੁਭਾ ਵਾਲੇ ਸਨ | ਪਰਿਵਾਰ ਵਿੱਚ ਪ੍ਰਚਲਿਤ ਗੁਰੂ ਮਰਿਆਦਾ ਅਨੁਸਾਰ ਬਾਣੀ ਦਾ ਪਾਠ ਕਰਨਾ ਨਾਮ ਸਿਮਰਨ ਕਰਕੇ ਫਿਰ ਸਾਰਾ ਦਿਨ ਸੇਵਾ ਵਿੱਚ ਮਗਰ ਰਹਿਣਾ ਉਹਨਾਂ ਦੀ ਨਿਤਕਾਰ ਸੀ | ਆਪ ਬਹੁਤ ਲੰਮੇ ਸਮੇਂ ਤੱਕ ਬਕਾਲੇ ਪਿੰਡ ਵਿੱਚ ਵੀ ਰਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਗੱਦੀ ਮਿਲਣ ਉਪਰੰਤ ਉਹਨਾਂ ਨਾਲ ਬਾਬਾ ਬਕਾਲਾ ਤੋਂ ਤੁਰ ਪਏ | ਗੁਰੂ ਤੇਗ ਬਹਾਦਰ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਲਈ ਗਏ ਤਦ ਵੀ ਮਾਤਾ ਗੁਜਰੀ ਜੀ ਉਹਨਾਂ ਨਾਲ ਸਨ |ਇਵੇਂ ਵੱਖ ਵੱਖ ਸਥਾਨਾਂ ਤੋਂ ਹੁੰਦੇ ਹੋਏ ਆਪ ਕੀਰਤਪੁਰ ਸਾਹਿਬ ਪੁੱਜ ਗਏ | ਇੱਥੇ ਨਜ਼ਦੀਕ ਹੀ ਗੁਰੂ ਤੇਗ ਬਹਾਦਰ ਜੀ ਦੁਆਰਾ ਮਾਤਾ ਨਾਨਕੀ ਜੀ ਦੇ ਨਾਮ ਤੇ ” ਚੱਕ ਨਾਨਕੀ ਨਾਮ ਦਾ ਨਗਰ ਵਸਾਇਆ ਜੋ ਹੁਣ ਦੁਨੀਆਂ ਦੇ ਨਕਸ਼ੇ ਉੱਪਰ ਖਾਲਸੇ ਦੀ ਜਨਮ ਭੂਮੀ ਵਜੋਂ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਨਾਮ ਨਾਲ ਪ੍ਰਸਿੱਧ ਹੈ | ਪੂਰਬ ਵੱਲ ਜਾਂਦੇ ਸਮੇਂ ਸ਼੍ਰੀ ਗੁਰੂ ਸਾਹਿਬ ਮਾਤਾ ਗੁਜਰੀ ਤੇ ਮਾਤਾ ਨਾਨਕੀ ਜੀ ਨੂੰ ਪਟਨਾ ਸਾਹਿਬ ਛੱਡ ਗਏ ਇਸੇ ਹੀ ਪਾਵਨ ਧਰਤੀ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਇਸੇ ਖੁਸ਼ੀ ਵਿੱਚ ਬੇਅੰਤ ਚਾਉ ਮਲਾਰ ਕੀਤੇ ਗਏ ਲਗਭਗ ਪੰਜ ਸਾਲ ਬਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਰਹੇ | ਇਸ ਸਮੇਂ ਪਿਤਾ ਦੀ ਗੈਰ ਹਾਜ਼ਰੀ ਵਿੱਚ ਮਾਤਾ ਗੁਜਰੀ ਜੀ ਨੇ ਬਾਲਕ ਦੀ ਪਰਵਰਿਸ਼ ਵੱਲ ਉਚੇਚਾ ਧਿਆਨ ਦਿੱਤਾ |ਜਦੋਂ ਨੌਵੇਂ ਪਾਤਸ਼ਾਹ ਪੰਜਾਬ ਨੂੰ ਵਾਪਸ ਮੁੜੇ ਤਾਂ ਆਪ ਨੇ ਪਰਿਵਾਰ ਨੂੰ ਵੀ “ਚੱਕ ਨਾਨਕੀ “ਪਰਤਣ ਦਾ ਸੁਨੇਹਾ ਭੇਜ ਦਿੱਤਾ ਜਿਸ ਤੇ ਆਪ ਲਖਨੋਰ ਹੁੰਦੇ ਹੋਏ “ਚੱਕ ਨਾਨਕੀ” ਪਹੁੰਚ ਗਏ | 1675 ਈ. ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਮਾਤਾ ਗੁਜਰੀ ਜੀ ਲਈ ਇਹ ਇਮਤਿਹਾਨ ਦੀ ਘੜੀ ਸੀ ਜਿਸ ਨੂੰ ਬੜੇ ਹੌਸਲੇ ਨਾਲ ਪਾਸ ਕੀਤਾ ਅਤੇ ਵੱਡੀ ਜਿੰਮੇਵਾਰੀ ਸੰਭਾਲਦੇ ਹੋਏ ਜਿੱਥੇ ਉਹ ਨੇ ਪਰਿਵਾਰਿਕ ਮੈਂਬਰਾਂ ਤੇ ਸੰਗਤਾਂ ਨੂੰ ਧੀਰਜ ਦੇ ਦਿਲਾਸਾ ਦਿੰਦੇ ਰਹੇ ਉੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਤੇ ਸਿੱਖ ਲਹਿਰ ਦੀ ਯੋਗ ਅਗਵਾਈ ਕੀਤੀ | ਆਪ ਜੀ ਨੇ ਖਾਲਸਾ ਪੰਥ ਦੀ ਸਾਜਨਾ ਤੇ ਵੀ ਸਿੱਖਾਂ ਦੇ ਪ੍ਰਸ਼ਨਾਂ ਦੇ ਉੱਤਰ ਤਸੱਲੀ ਬਖਸ਼ ਦੇ ਕੇ ਸੰਤੁਸ਼ਟ ਕੀਤਾ ਸੀ | ਅਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ, ਸਿੱਖ ਸੇਵਕ ਬਹਾਦਰੀ ਨਾਲ ਮੁਕਾਬਲਾ ਕਰਦੇ ਰਹੇ ਦੁਸ਼ਮਣ ਸੈਨਾ ਬਹੁਤ ਗਿਣਤੀ ਵਿੱਚ ਸੀ ਪਰ ਸਿੱਖ ਬਹਾਦਰ ਮਰਜੀਵੜੇ ਉਹੀ ਸਨ ਜੋ ਹਰ ਰੋਜ਼ ਆਪਣੀ ਤਾਕਤ ਗੁਰੂ ਜੀ ਤੋਂ ਹਾਸਲ ਕਰਦੇ ਸਨ | ਕੁਝ ਸਮੇਂ ਬਾਅਦ ਹਾਲਾਤ ਜਿਆਦਾ ਭਿਆਨਕ ਬਣ ਗਏ ਤਾਂ ਕੁਝ ਸਿੰਘਾਂ ਨੇ ਰਲ ਕੇ ਬੇਨਤੀ ਕੀਤੀ ਕਿ ਉਹ ਗੁਰੂ ਜੀ ਨੂੰ ਕਿਲਾ ਛੱਡਣ ਲਈ ਕਹਿਣ | ਕਿਲਾ ਛੱਡਣ ਉਪਰੰਤ ਗੁਰੂ ਪਰਿਵਾਰ ਨੂੰ ਬਹੁਤ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ | ਇਸ ਹਫੜਾ ਦਫੜੀ ਵਿੱਚ ਦੁਸ਼ਮਣਾਂ ਦਾ ਟਾਕਰਾ ਕਰਦੇ ਹੋਏ ਪਰਿਵਾਰ ਨਿਖੜ ਗਿਆ ਤੇ ਮੁੜ ਕਦੇ ਇਕੱਠਾ ਨਾ ਹੋਇਆ | ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਨਾਲ ਚਮਕੌਰ ਦੀ ਗੜੀ ਵੱਲ ਚਲੇ ਗਏ | ਦੋ ਛੋਟੇ ਸਾਹਿਬਜ਼ਾਦਿਆਂ ਨਾਲ ਮਾਤਾ ਗੁਜਰੀ ਜੀ ਗੰਗੂ ਤੇ ਵਿਸ਼ਵਾਸ ਕਰਕੇ ਉਸ ਦੇ ਘਰ ਪਹੁੰਚੇ |ਉਸ ਦੇ ਮਨ ਵਿੱਚ ਖੋਟ ਤੇ ਲਾਲਚ ਆ ਗਿਆ | ਉਸ ਨੇ ਭਾਰੀ ਇਨਾਮ ਹਾਸਿਲ ਕਰਕੇ ਸਰਹਿੰਦ ਦੇ ਸੂਬੇ ਕੋਲ ਸ਼ਿਕਾਇਤ ਕਰਕੇ ਮਾਤਾ ਗੁਜਰੀ ਜੀ ਅਤੇ ਦੋਨੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਨੂੰ ਸਪੁਰਦ ਕਰਕੇ ਕੈਦ ਕਰਾ ਦਿੱਤਾ। ਮਾਤਾ ਗੁਜਰੀ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਪੋਹ ਦੇ ਮਹੀਨੇ,ਅੰਤਾਂ ਦੀ ਠੰਡ,ਕਕਰੀਲੀਆਂ ਰਾਤਾਂ ਤੇ ਉੱਪਰ ਲੈਣ ਲਈ ਕੋਈ ਉਹੜਾਨ ਨਹੀਂ, ਸਰਹਿੰਦ ਸ਼ਹਿਰ ਤੋਂ ਬਾਹਰਵਾਰ ਠੰਡੇ ਬੁਰਜ ਵਿੱਚ ਬੱਚਿਆਂ ਨੂੰ ਕੇਵਲ ਦਾਦੀ ਦੀ ਗੋਦ ਦਾ ਨਿੱਘ ਸੀ | ਮਾਤਾ ਗੁਜਰੀ ਜੀ ਨਾਲ ਉਹਨਾਂ ਨੂੰ ਭੁੱਖੇ ਪਿਆਸੇ ਰੱਖਿਆ ਗਿਆ ਤੇ ਤਸੀਹੇ ਦਿੱਤੇ ਗਏ| ਇਸਲਾਮ ਕਬੂਲ ਕਰਨ ਲਈ ਲਾਲਚ ਦਿੱਤੇ ਗਏ ਡਰਾਇਆ ਧਮਕਾਇਆ ਗਿਆ | ਮਾਤਾ ਗੁਜਰੀ ਜੀ ਦਾ ਸਿਖਾਇਆ ਤੇ ਦ੍ਰਿੜਾਇਆ ਹੋਇਆ ਸਿਦਕ ਤੇ ਹੌਸਲੇ ਦਾ ਸਬਕ ਹੁਣ ਅਮਲ ਵਿੱਚ ਆ ਰਿਹਾ ਸੀ | ਸਾਹਿਬਜ਼ਾਦੇ ਡੋਲੇ ਨਹੀਂ ਸਗੋਂ ਉਹਨਾਂ ਦੇ ਉੱਤਰ ਸੁਣ ਕੇ ਅਧਿਕਾਰੀ ਗੁੱਸੇ ਵਿੱਚ ਆ ਰਹੇ ਸਨ | ਅਖੀਰ ਸੂਬਾ ਸਰਹੰਦ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਤੇ ਬਾਅਦ ਵਿੱਚ ਮਾਤਾ ਗੁਜਰੀ ਜੀ ਨੂੰ ਵੀ ਸ਼ਹਾਦਤ ਪ੍ਰਾਪਤ ਹੋਈ | ਸੂਬਾ ਸਰਹੰਦ ਨੇ ਇਹਨਾਂ ਤਿੰਨਾਂ ਦੇ ਸਸਕਾਰ ਲਈ ਜ਼ਮੀਨ ਵੀ ਨਾ ਦਿੱਤੀ ਤਾਂ ਦੀਵਾਨ ਟੋਡਰਮਲ ਨੇ ਜਮੀਨ ਤੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦ ਇਹਨਾਂ ਦਾ ਅੰਤਿਮ ਸੰਸਕਾਰ ਕੀਤਾ | ਮਾਤਾ ਗੁਜਰੀ ਜੀ ਜੋ ਸਿੱਖ ਧਰਮ ਦੇ ਪਹਿਲੇ ਸ਼ਹੀਦ ਇਸਤਰੀ ਹੋਏ ਆਪ ਜੀ ਦੀ ਸ਼ਹੀਦੀ ਨੇ ਇਸਤਰੀਆਂ ਵਿੱਚ ਵੀਰਤਾ,ਹੌਸਲਾ,ਨਿਡਰਤਾ, ਦ੍ਰਿੜਤਾ, ਸਵੈਮਾਨ ਭਰਿਆ ਅਤੇ ਉਤਸਾਹ ਪੈਦਾ ਕੀਤਾ | ਮਾਤਾ ਗੁਜਰੀ ਜੀ ਦਾ ਸੰਦੇਸ਼ ਸਾਰੀਆਂ ਦਾਦੀਆਂ ਨੂੰ ਦ੍ਰਿੜ ਕਰਾਉਂਦਾ ਹੈ ਕਿ ਦਾਦੀਆਂ ਆਪਣੇ ਵਾਰਸਾਂ ਵਿੱਚ ਆਪਣਾ ਵਿਰਸਾ, ਇਤਿਹਾਸ ਤੇ ਪੁਰਖਾਂ ਦੇ ਕਾਰਨਾਮੇ ਵੀ ਆਪਣੀ ਅਗਲੀ ਪੀੜੀ ਵਿੱਚ ਸਿੰਜਰਨ | ਮਾਤਾ ਗੁਜਰੀ ਜੀ ਦੀ ਸ਼ਹਾਦਤ ਜਜ਼ਬੇ ਤੇ ਦਲੇਰੀ ਨੂੰ ਸਦਾ ਨਮਨ |
ਸੰਦੀਪ ਕੁਮਾਰ (ਹਿੰਦੀ ਅਧਿਆਪਕ )
9464310900
ਸੇਵਾ ਸਿਮਰਨ ਤੇ ਕੁਰਬਾਨੀ ਦੀ ਮੂਰਤ – ਮਾਤਾ ਗੁਜਰੀ ਜੀ
Leave a comment