ਇਕ ਦਿਨ ਮੈਂ ਫੇਸਬੁਕ ਉੱਤੇ
ਮਾਈ ਸਟੋਰੀ ਵਿੱਚ
ਇੱਕ ਪੋਸਟ ਪਾਈ
ਤੇ ਦੂਜੇ ਦਿਨ ਵੇਖਣ ਲੱਗੀ
ਸਟੋਰੀ ਗਾਇਬ ਹੋ ਚੁੱਕੀ ਸੀ
ਕਿਉਂਕਿ ਬਾਰਾਂ ਘੰਟੇ
ਬੀਤ ਚੁੱਕੇ ਸਨ..
ਮੈਂ ਸੋਚਣ ਲੱਗੀ
ਕਿੰਨਾ ਤੇਜ਼ ਤਰਾਰ
ਤੇ ਦਿਮਾਗ ਵਾਲਾ ਹੋਵੇਗਾ
ਜਿਸ ਨੇ ਇਹ ਫੋਨ ਸਿਸਟਮ
ਚਲਾਇਆ ਹੋਵੇਗਾ
ਕਿ ਬਾਰਾਂ ਘੰਟਿਆਂ ਤੋਂ
ਬਾਅਦ ਪਾਈ ਸਟੋਰੀ
ਆਪਣੇ ਆਪ ਗਾਇਬ ਹੋ ਜਾਵੇ
ਫਿਰ ਸੋਚਦੀ ਹਾਂ…
ਉਸ ਨਾਲੋਂ ਵੱਡੇ ਕਲਾਕਾਰ ਬਾਰੇ
ਉਸ ਦੁਨੀਆਂ ਨੂੰ ਸਿਰਜਣ ਵਾਲੇ ਬਾਰੇ
ਜੋ ਗਿਣੇ ਮੱਥੇ ਸਮੇਂ ਲਈ
ਸਾਹਾਂ ਦੀ ਪੂੰਜੀ ਦੇ ਕੇ
ਹਰ ਇਨਸਾਨ ਨੂੰ ਦੁਨੀਆ ਚ ਭੇਜਦਾ ਹੈ
ਤੇ ਮਿਥੇ ਸਮੇਂ ਤੋਂ ਬਾਅਦ
ਉਹ ਇਨਸਾਨ ਨੂੰ ਇਸ ਦੁਨੀਆ ਤੋਂ
ਗਾਇਬ ਕਰ ਦਿੰਦਾ ਹੈ…
ਭਾਵੇਂ ਕੋਈ ਲੱਖ ਯਤਨ ਕਰੇ
ਰੋਵੇ ਵਿਲਕੇ ਜਾਂ ਕਲਪੇ
ਉਹ ਪਿਆਰਾ ਨਜ਼ਰ ਨਹੀਂ ਆਉਂਦਾ
ਪਰ ਉਸ ਨੂੰ ਚਾਹੁਣ ਵਾਲੇ
ਕਲਪਦੇ ਹਨ ਵਿਲਕਦੇ ਹਨ
ਤੇ ਬਹੁਤ ਤੜਫਦੇ ਵੀ ਹਨ
ਇਸੇ ਤਰ੍ਹਾਂ ਮੇਰੇ ਸੀਨੇ ਚ ਵੀ
ਹਮੇਸ਼ਾ ਸੁਲਘਦੀ ਰਹੇਗੀ
ਯਾਦ ਉਸ ਪਿਆਰੀ ਧੀਅ ਦੀ
ਜਿਸਨੇ ਮੇਰੀ ਕੁੱਖ ਨੂੰ
ਸੁਲੱਖਣੀ ਕੀਤਾ ਸੀ..
ਕੁਲਵਿੰਦਰ ਕੌਰ ਕਿਰਨ (ਲੁਧਿਆਣਾ)